ਬਿਜਲੀ ਮੰਤਰਾਲਾ
ਭਾਰਤ ਨੇ ਬਿਮਸਟੈਕ ਊਰਜਾ ਕੇਂਦਰ (ਬੀਈਸੀ) ਦੇ ਗਵਰਨਿੰਗ ਬੋਰਡ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕੀਤੀ
Posted On:
01 MAR 2023 11:41AM by PIB Chandigarh
ਭਾਰਤ ਨੇ 27 ਫ਼ਰਵਰੀ, 2023 ਨੂੰ ਬੈਂਗਲੁਰੂ ਸਥਿਤ ਸ਼ਾਂਗੀ-ਲਾ ਹੋਟਲ ਵਿੱਚ ਬਿਮਸਟੈਕ ਊਰਜਾ ਕੇਂਦਰ (ਬੀਈਸੀ) ਦੇ ਗਵਰਨਿੰਗ ਬੋਰਡ ਦੀ ਪਹਿਲੀ ਬੈਠਕ ਦੀ ਮੇਜ਼ਬਾਨੀ ਕੀਤੀ। ਬਿਜਲੀ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਬੀਈਸੀ ਦੇ ਗਵਰਨਿੰਗ ਬੋਰਡ ਦੇ ਚੇਅਰਪਰਸਨ ਸ਼੍ਰੀ ਅਜੈ ਤਿਵਾੜੀ ਨੇ ਬਿਮਸਟੈਕ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਬਿਮਸਟੈਕ ਦੇਸ਼ਾਂ ਦੇ ਦਰਮਿਆਨ ਮੌਜੂਦਾ ਸਹਿਯੋਗ ਦੇ ਪਿਛੋਕੜ ਦੇ ਬਾਰੇ ਵਿੱਚ ਇੱਕ ਸੰਖੇਪ ਜਾਣਕਾਰੀ ਦਿੱਤੀ।
ਇਸ ਬੈਠਕ ਵਿੱਚ ਬਿਮਸਟੈਕ ਸਕੱਤਰੇਤ ਦੇ ਨਾਲ਼ ਸਾਰੇ ਬਿਮਸਟੈਕ ਦੇਸ਼ਾਂ ਯਾਨੀ ਬੰਗਲਾਦੇਸ਼, ਭੂਟਾਨ, ਭਾਰਤ, ਮਿਆਂਮਾਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ ਨੇ ਆਪਣੀ ਸਰਗਰਮ ਭਾਗੀਦਾਰੀ ਕੀਤੀ ਹੈ। ਇਸ ਦੇ ਸਾਰੇ ਮੈਂਬਰ ਦੇਸ਼ਾਂ ਨੇ ਇੱਕ ਲੰਬੇ ਅੰਤਰਾਲ ਤੋਂ ਬਾਅਦ ਇਸ ਬੈਠਕ ਨੂੰ ਆਯੋਜਿਤ ਕਰਨ ਦੀ ਸ਼ਲਾਘਾ ਕੀਤੀ।
ਇਸ ਬੈਠਕ ਦੇ ਦੌਰਾਨ ਭਾਰਤ ਦੀਆਂ “ਗੁਆਂਢੀ ਪਹਿਲਾਂ” ਅਤੇ “ਐਕਟ ਈਸਟ” ਨੀਤੀਆਂ ਨੂੰ ਉਜਾਗਰ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਖੇਤਰਾਂ ਦਾ ਇੱਕ ਸਨੈਪਸ਼ਾਟ ਵੀ ਪੇਸ਼ ਕੀਤਾ ਗਿਆ,ਜਿਸ ਵਿੱਚ ਬਿਮਸਟੈਕ ਦੇ ਦੇਸ਼ ਇੱਕ-ਦੂਜੇ ਤੋਂ ਸਿੱਖ ਸਕਦੇ ਹਨ।
ਬਿਮਸਟੈਕ ਊਰਜਾ ਕੇਂਦਰ ਦੇ ਮੇਜ਼ਬਾਨ ਦੇ ਰੂਪ ਵਿੱਚ ਭਾਰਤ ਨੇ ਆਪਣੇ ਇੱਥੇ ਬਿਮਸਟੈਕ ਊਰਜਾ ਕੇਂਦਰ (ਬੀਈਸੀ) ਦੀ ਸਥਾਪਨਾ ਬਾਰੇ ਇੱਕ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਮੈਂਬਰ ਦੇਸ਼ਾਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਕਿ ਬੈਂਗਲੁਰੂ ਸਥਿਤ ਕੇਂਦਰੀ ਬਿਜਲੀ ਖੋਜ ਸੰਸਥਾਨ (ਸੀਪੀਆਰਆਈ) ਦੇ ਕੈਂਪਸ ਵਿੱਚ ਬੀਈਸੀ ਨੂੰ ਸਥਾਪਤ ਕੀਤਾ ਜਾਵੇਗਾ।
ਕੇਂਦਰੀ ਬਿਜਲੀ ਅਥਾਰਟੀ (ਸੀਈਏ) ਦੇ ਚੇਅਰਪਰਸਨ ਸ਼੍ਰੀ ਘਨਸ਼ਯਾਮ ਪ੍ਰਸਾਦ ਨੂੰ ਬਿਮਸਟੈਕ ਊਰਜਾ ਕੇਂਦਰ ਦੇ ਪਹਿਲੇ ਕਾਰਜਕਾਰੀ ਨਿਰਦੇਸ਼ਕ ਵਜੋਂ ਨਾਮਜ਼ਦ ਕੀਤਾ ਗਿਆ। ਇਸ ਬੈਠਕ ਵਿੱਚ “ਭਾਰਤ ਸਰਕਾਰ ਅਤੇ ਬਿਮਸਟੈਕ ਸਕੱਤਰੇਤ ਦੇ ਦਰਮਿਆਨ ਮੇਜ਼ਬਾਨ ਦੇਸ਼ ਸਮਝੌਤੇ” ਨੂੰ ਲੈ ਕੇ ਟਿੱਪਣੀ ’ਤੇ ਵਿਚਾਰ ਕੀਤਾ ਅਤੇ ਉਸ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸਦੇ ਨਾਲ਼ ਹੀ, ਬਿਮਸਟੈਕ ਸਥਾਈ ਕਾਰਜ ਕਮੇਟੀ ਦੀ ਸੱਤਵੀਂ ਬੈਠਕ ਵਿੱਚ ਵਿਚਾਰ ਦੇ ਲਈ ਇਸਦੀ ਸਿਫ਼ਾਰਸ਼ ਕੀਤੀ ਗਈ।
ਬਿਮਸਟੈਕ ਖੇਤਰ ਵਿੱਚ ਮੌਜੂਦਾ ਊਰਜਾ ਦ੍ਰਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬੈਠਕ ਵਿੱਚ ਬੀਈਸੀ ਦੀਆਂ ਵਿਸ਼ੇਸ਼ ਸ਼ਾਖਾਵਾਂ ਦੇ ਤਹਿਤ ਵਾਧੂ ਖੇਤਰਾਂ ਨੂੰ ਜੋੜਨ ਦੀ ਸਿਫ਼ਾਰਸ਼ ਕੀਤੀ ਗਈ। ਇਨ੍ਹਾਂ ਵਿੱਚ (1) ਸਾਈਬਰ ਸੁਰੱਖਿਆ, (2) ਗ੍ਰੀਨ ਹਾਈਡ੍ਰੋਜਨ ਅਤੇ (3) ਊਰਜਾ ਰੂਪਾਂਤਰਣ ਹਨ।
ਮੈਂਬਰ ਦੇਸ਼ਾਂ ਨੇ ਬਿਮਸਟੈਕ ਊਰਜਾ ਕੇਂਦਰ ਦੇ ਗਵਰਨਿੰਗ ਬੋਰਡ ਦੀ ਪਹਿਲੀ ਬੈਠਕ ਆਯੋਜਿਤ ਕਰਨ ਦੇ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸਾਰੇ ਦੇਸ਼ਾਂ ਨੇ ਬਿਮਸਟੈਕ ਦੀਆਂ ਅਜਿਹੀਆਂ ਬੈਠਕਾਂ ਨੂੰ ਨਿਯਮਿਤ ਅੰਤਰਾਲ ’ਤੇ ਆਯੋਜਿਤ ਕਰਨ ਦੀ ਸੰਭਾਵਨਾ ਨੂੰ ਵੀ ਵਿਅਕਤ ਕੀਤਾ।
**********
ਏਐੱਮ/ ਆਈਜੀ
(Release ID: 1903390)
Visitor Counter : 167