ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਟੈਕਨੋਲੋਜੀ ਦੀ ਵਰਤੋਂ ਕਰਦਿਆਂ ਈਜ਼ ਆਵੑ ਲਿਵਿੰਗ’ ਬਾਰੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ



"ਅੱਜ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਦਾ ਸਕਾਰਾਤਮਕ ਪ੍ਰਭਾਵ ਜਿੱਥੇ ਸਭ ਤੋਂ ਵੱਧ ਲੋੜ ਹੈ ਉੱਥੇ ਦਿਖਾਈ ਦੇ ਰਿਹਾ ਹੈ"

“ਅੱਜ ਲੋਕ ਸਰਕਾਰ ਨੂੰ ਰਸਤੇ ਦੀ ਰੁਕਾਵਟ ਨਹੀਂ ਸਮਝਦੇ; ਇਸ ਦੀ ਬਜਾਏ, ਲੋਕ ਸਾਡੀ ਸਰਕਾਰ ਨੂੰ ਨਵੇਂ ਮੌਕਿਆਂ ਲਈ ਉਤਪ੍ਰੇਰਕ ਵਜੋਂ ਦੇਖਦੇ ਹਨ। ਯਕੀਨਨ, ਟੈਕਨੋਲੋਜੀ ਨੇ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ"

"ਨਾਗਰਿਕ ਅਸਾਨੀ ਨਾਲ ਆਪਣੇ ਵਿਚਾਰ ਸਰਕਾਰ ਤੱਕ ਪਹੁੰਚਾ ਸਕਦੇ ਹਨ ਅਤੇ ਉਨ੍ਹਾਂ ਦਾ ਤੁਰੰਤ ਸਮਾਧਾਨ ਕਰਵਾ ਸਕਦੇ ਹਨ"

"ਅਸੀਂ ਭਾਰਤ ਵਿੱਚ ਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਬਣਾ ਰਹੇ ਹਾਂ ਅਤੇ ਇਹ ਵੀ ਯਕੀਨੀ ਬਣਾ ਰਹੇ ਹਾਂ ਕਿ ਡਿਜੀਟਲ ਕ੍ਰਾਂਤੀ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚ ਸਕਣ"

"ਕੀ ਅਸੀਂ ਸਮਾਜ ਦੀਆਂ 10 ਅਜਿਹੀਆਂ ਸਮੱਸਿਆਵਾਂ ਦੀ ਪਹਿਚਾਣ ਕਰ ਸਕਦੇ ਹਾਂ ਜਿਨ੍ਹਾਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ (ਏਆਈ) ਦੁਆਰਾ ਹੱਲ ਕੀਤਾ ਜਾ ਸਕਦਾ ਹੈ"

"ਸਰਕਾਰ ਅਤੇ ਲੋਕਾਂ ਵਿੱਚ ਵਿਸ਼ਵਾਸ ਦੀ ਕਮੀ ਗੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ"

"ਸਾਨੂੰ ਸਮਾਜ ਦੇ ਨਾਲ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਗਲੋਬਲ ਉੱਤਕ੍ਰਿਸ਼ਟ ਵਿਵਹਾਰਾਂ ਤੋਂ ਸਿੱਖਣ ਦੀ ਲੋੜ ਹੈ"

Posted On: 28 FEB 2023 11:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਟੈਕਨੋਲੋਜੀ ਦੀ ਵਰਤੋਂ ਕਰਦਿਆਂ ਈਜ਼ ਆਵੑ ਲਿਵਿੰਗ’ ਵਿਸ਼ੇ ‘ਤੇ ਇੱਕ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਕੇਂਦਰੀ ਬਜਟ 2023 ਵਿੱਚ ਘੋਸ਼ਿਤ ਕੀਤੀਆਂ ਪਹਿਲਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵਿਚਾਰਾਂ ਅਤੇ ਸੁਝਾਵਾਂ ਦੀ ਮੰਗ ਕਰਨ ਲਈ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਦੀ ਲੜੀ ਵਿੱਚੋਂ ਇਹ ਪੰਜਵਾਂ ਹੈ।

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਟੈਕਨੋਲੋਜੀ ਦੀ ਵਰਤੋਂ ਨਾਲ ਆਪਣੇ ਨਾਗਰਿਕਾਂ ਨੂੰ ਲਗਾਤਾਰ ਸਸ਼ਕਤ ਕਰ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਹਰ ਬਜਟ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਰ੍ਹੇ ਦੇ ਬਜਟ ਵਿੱਚ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਟੈਕਨੋਲੋਜੀ ਅਤੇ ਮਾਨਵੀ ਅਹਿਸਾਸ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ।

 

ਪਿਛਲੀਆਂ ਸਰਕਾਰਾਂ ਦੀਆਂ ਪ੍ਰਾਥਮਿਕਤਾਵਾਂ ਵਿੱਚ ਵਿਰੋਧਾਭਾਸ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਲੋਕਾਂ ਦਾ ਇੱਕ ਵਿਸ਼ੇਸ਼ ਵਰਗ ਹਮੇਸ਼ਾ ਸਰਕਾਰੀ ਦਖਲਅੰਦਾਜ਼ੀ ਦੀ ਆਸ ਰੱਖਦਾ ਸੀ ਅਤੇ ਇਸ ਤੋਂ ਲੋਕਾਂ ਦੇ ਭਲੇ ਦੀ ਉਮੀਦ ਕਰਦਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਦੀ ਅਣਹੋਂਦ ਵਿੱਚ ਉਨ੍ਹਾਂ ਦਾ ਸਾਰਾ ਜੀਵਨ ਬੀਤ ਗਿਆ। ਉਨ੍ਹਾਂ ਲੋਕਾਂ ਦੇ ਇੱਕ ਹੋਰ ਵਰਗ ਨੂੰ ਵੀ ਉਜਾਗਰ ਕੀਤਾ ਜੋ ਅੱਗੇ ਵਧਣਾ ਚਾਹੁੰਦੇ ਸਨ ਪਰ ਦਬਾਅ ਅਤੇ ਸਰਕਾਰੀ ਦਖਲਅੰਦਾਜ਼ੀ ਦੁਆਰਾ ਪੈਦਾ ਕੀਤੀਆਂ ਰੁਕਾਵਟਾਂ ਦੁਆਰਾ ਪਿੱਛੇ ਕਰ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨੇ ਆਈਆਂ ਤਬਦੀਲੀਆਂ ਨੂੰ ਨੋਟ ਕੀਤਾ ਅਤੇ ਕਿਹਾ ਕਿ ਨੀਤੀਆਂ ਅਤੇ ਉਨ੍ਹਾਂ ਦੇ ਸਕਾਰਾਤਮਕ ਪ੍ਰਭਾਵ ਉਨ੍ਹਾਂ ਸਥਿਤੀਆਂ ਵਿੱਚ ਦੇਖੇ ਗਏ ਹਨ ਜਿੱਥੇ ਜੀਵਨ ਨੂੰ ਸਾਦਾ ਬਣਾਉਣ ਅਤੇ ਈਜ਼ ਆਵੑ ਲਿਵਿੰਗ ਨੂੰ ਵਧਾਉਣ ਲਈ ਇਹ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਦਖਲਅੰਦਾਜ਼ੀ ਘੱਟ ਗਈ ਹੈ ਅਤੇ ਨਾਗਰਿਕ ਸਰਕਾਰ ਨੂੰ ਰੁਕਾਵਟ ਨਹੀਂ ਸਮਝਦੇ। ਇਸ ਦੀ ਬਜਾਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕ ਸਰਕਾਰ ਨੂੰ ਇੱਕ ਉਤਪ੍ਰੇਰਕ ਵਜੋਂ ਦੇਖ ਰਹੇ ਹਨ ਜਿੱਥੇ ਟੈਕਨੋਲੋਜੀ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ।

 

ਪ੍ਰਧਾਨ ਮੰਤਰੀ ਨੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਅਤੇ ਜੇਏਐੱਮ (ਜਨ ਧਨ-ਆਧਾਰ-ਮੋਬਾਈਲ) ਤ੍ਰਿਏਕ, ਅਰੋਗਿਯ ਸੇਤੂ ਅਤੇ ਕੋਵਿਨ ਐਪ, ਰੇਲਵੇ ਰਿਜ਼ਰਵੇਸ਼ਨ ਅਤੇ ਸਾਂਝੇ ਸੇਵਾ ਕੇਂਦਰਾਂ ਦੀਆਂ ਉਦਾਹਰਣਾਂ ਦੇ ਕੇ ਇਸ ਵਿੱਚ ਟੈਕਨੋਲੋਜੀ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਿਆ। ਇਨ੍ਹਾਂ ਫੈਸਲਿਆਂ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਾਗਰਿਕਾਂ ਦੇ ਰਹਿਣ-ਸਹਿਣ ਦੀ ਸੁਵਿਧਾ ਨੂੰ ਵਧਾਇਆ ਹੈ।

 

ਪ੍ਰਧਾਨ ਮੰਤਰੀ ਨੇ ਸਰਕਾਰ ਨਾਲ ਸੰਚਾਰ ਦੀ ਅਸਾਨੀ ਬਾਰੇ ਲੋਕ ਭਾਵਨਾਵਾਂ ਨੂੰ ਵੀ ਉਜਾਗਰ ਕੀਤਾ ਕਿਉਂਕਿ ਗੱਲਬਾਤ ਅਸਾਨ ਹੋ ਗਈ ਹੈ ਅਤੇ ਲੋਕਾਂ ਨੂੰ ਜਲਦੀ ਸਮਾਧਾਨ ਮਿਲ ਰਹੇ ਹਨ। ਉਨ੍ਹਾਂ ਨੇ ਇਨਕਮ ਟੈਕਸ ਪ੍ਰਣਾਲੀ ਨਾਲ ਸਬੰਧਿਤ ਸ਼ਿਕਾਇਤਾਂ ਦੇ ਫੇਸਲੈਸ ਨਿਪਟਾਰੇ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ "ਹੁਣ ਤੁਹਾਡੀਆਂ ਸ਼ਿਕਾਇਤਾਂ ਅਤੇ ਨਿਪਟਾਰੇ ਦੇ ਦਰਮਿਆਨ ਕੋਈ ਵਿਅਕਤੀ ਨਹੀਂ, ਸਿਰਫ ਟੈਕਨੋਲੋਜੀ ਹੈ।” ਪ੍ਰਧਾਨ ਮੰਤਰੀ ਨੇ ਵਿਭਿੰਨ ਵਿਭਾਗਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਅਤੇ ਗਲੋਬਲ ਪੱਧਰ 'ਤੇ ਪਹੁੰਚਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਬਾਰੇ ਸਮੂਹਿਕ ਤੌਰ 'ਤੇ ਸੋਚਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ "ਇੱਕ ਕਦਮ ਹੋਰ ਅੱਗੇ ਵਧਦੇ ਹੋਏ, ਅਸੀਂ ਉਨ੍ਹਾਂ ਖੇਤਰਾਂ ਦੀ ਪਛਹਿਚਾਣ ਕਰ ਸਕਦੇ ਹਾਂ ਜਿੱਥੇ ਸਰਕਾਰ ਨਾਲ ਗੱਲਬਾਤ ਨੂੰ ਹੋਰ ਅਸਾਨ ਬਣਾਇਆ ਜਾ ਸਕਦਾ ਹੈ।”

 

ਪ੍ਰਧਾਨ ਮੰਤਰੀ ਨੇ ਮਿਸ਼ਨ ਕਰਮਯੋਗੀ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਨੂੰ ਵਧੇਰੇ ਨਾਗਰਿਕ-ਕੇਂਦ੍ਰਿਤ ਬਣਨ ਦੇ ਉਦੇਸ਼ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਟ੍ਰੇਨਿੰਗ ਪ੍ਰਕਿਰਿਆ ਨੂੰ ਅੱਪਡੇਟ ਕਰਦੇ ਰਹਿਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਨਾਗਰਿਕਾਂ ਦੇ ਫੀਡਬੈਕ ਦੇ ਅਧਾਰ 'ਤੇ ਸੋਧਾਂ ਨਾਲ ਮਹੱਤਵਪੂਰਨ ਸੁਧਾਰ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇੱਕ ਅਜਿਹੀ ਪ੍ਰਣਾਲੀ ਬਣਾਉਣ ਦਾ ਸੁਝਾਅ ਦਿੱਤਾ ਜਿੱਥੇ ਟ੍ਰੇਨਿੰਗ ਨੂੰ ਬਿਹਤਰ ਬਣਾਉਣ ਲਈ ਫੀਡਬੈਕ ਅਸਾਨੀ ਨਾਲ ਪੇਸ਼ ਕੀਤਾ ਜਾ ਸਕੇ।

 

ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਦੁਆਰਾ ਸਭ ਨੂੰ ਪ੍ਰਦਾਨ ਕੀਤੇ ਜਾ ਰਹੇ ਬਰਾਬਰ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਸਰਕਾਰ ਟੈਕਨੋਲੋਜੀ ਵਿੱਚ ਭਾਰੀ ਨਿਵੇਸ਼ ਕਰ ਰਹੀ ਹੈ।ਆਧੁਨਿਕ ਡਿਜੀਟਲ ਬੁਨਿਆਦੀ ਢਾਂਚਾ ਬਣਾਉਣ ਦੇ ਨਾਲ, ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਡਿਜੀਟਲ ਬੁਨਿਆਦੀ ਢਾਂਚੇ ਦੇ ਲਾਭ ਸਾਰਿਆਂ ਤੱਕ ਬਰਾਬਰ ਪਹੁੰਚ ਸਕਣ। ਉਨ੍ਹਾਂ ਜੀਈਐੱਮ (GeM) ਪੋਰਟਲ ਬਾਰੇ ਗੱਲ ਕਰਦਿਆਂ ਇਸਦੀ ਉਦਾਹਰਣ ਦਿੱਤੀ ਜੋ ਸਰਕਾਰੀ ਖਰੀਦ ਵਿੱਚ ਛੋਟੇ ਕਾਰੋਬਾਰੀਆਂ ਅਤੇ ਇੱਥੋਂ ਤੱਕ ਕਿ ਸਟ੍ਰੀਟ ਵਿਕਰੇਤਾਵਾਂ ਨੂੰ ਵੀ ਮੌਜੂਦਗੀ ਪ੍ਰਦਾਨ ਕਰ ਰਿਹਾ ਹੈ। ਇਸੇ ਤਰ੍ਹਾਂ ਈ-ਨਾਮ ਕਿਸਾਨਾਂ ਨੂੰ ਵੱਖੋ-ਵੱਖ ਥਾਵਾਂ 'ਤੇ ਖਰੀਦਦਾਰਾਂ ਨਾਲ ਜੁੜਨ ਦੀ ਸੁਵਿਧਾ ਦੇ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ 5ਜੀ ਅਤੇ ਏਆਈ ਦਾ ਵੀ ਜ਼ਿਕਰ ਕੀਤਾ ਅਤੇ ਉਦਯੋਗ, ਮੈਡੀਸਿਨ, ਸਿੱਖਿਆ ਅਤੇ ਖੇਤੀਬਾੜੀ 'ਤੇ ਉਨ੍ਹਾਂ ਦੇ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਕੁਝ ਲਕਸ਼ ਨਿਰਧਾਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਮ ਨਾਗਰਿਕਾਂ ਦੀ ਭਲਾਈ ਅਤੇ ਧਿਆਨ ਕੇਂਦਰਿਤ ਕਰਨ ਵਾਲੇ ਖੇਤਰਾਂ ਲਈ ਇਨ੍ਹਾਂ ਟੈਕਨੋਲੋਜੀਆਂ ਨੂੰ ਲਾਗੂ ਕਰਨ ਦੇ ਤਰੀਕਿਆਂ ਬਾਰੇ ਪੁੱਛਿਆ। ਉਨ੍ਹਾਂ ਕਿਹਾ “ਕੀ ਅਸੀਂ ਸਮਾਜ ਦੀਆਂ 10 ਅਜਿਹੀਆਂ ਸਮੱਸਿਆਵਾਂ ਦੀ ਪਹਿਚਾਣ ਕਰ ਸਕਦੇ ਹਾਂ ਜਿਨ੍ਹਾਂ ਨੂੰ ਏਆਈ ਦੁਆਰਾ ਹੱਲ ਕੀਤਾ ਜਾ ਸਕਦਾ ਹੈ।”

 

ਸਰਕਾਰ ਵਿੱਚ ਟੈਕਨੋਲੋਜੀ ਦੀ ਵਰਤੋਂ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਕਾਈਆਂ ਲਈ ਡਿਜੀਲੌਕਰ ਸੇਵਾਵਾਂ ਦਾ ਜ਼ਿਕਰ ਕੀਤਾ ਜਿੱਥੇ ਕੰਪਨੀਆਂ ਅਤੇ ਸੰਸਥਾਵਾਂ ਆਪਣੇ ਦਸਤਾਵੇਜ਼ਾਂ ਨੂੰ ਸਟੋਰ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਏਜੰਸੀਆਂ ਨਾਲ ਵੀ ਸਾਂਝਾ ਕਰ ਸਕਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਸੇਵਾਵਾਂ ਦਾ ਵਿਸਤਾਰ ਕਰਨ ਦੇ ਤਰੀਕਿਆਂ ਦਾ ਪਤਾ ਲਗਾਉਣ ਦਾ ਸੁਝਾਅ ਦਿੱਤਾ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਸਕਣ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈ) ਨੂੰ ਸਮਰਥਨ ਦੇਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ ਅਤੇ ਐੱਮਐੱਸਐੱਮਈ’ਸ ਨੂੰ ਦਰਪੇਸ਼ ਰੁਕਾਵਟਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਬਾਰੇ ਸੋਚਣ-ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ।  ਵਪਾਰਕ ਦ੍ਰਿਸ਼ਟੀ ਵਿੱਚ ਸਮਾਂ ਪੈਸਾ ਹੈ, ਇਸ ਗੱਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਛੋਟੇ ਉਦਯੋਗਾਂ ਲਈ ਅਨੁਪਾਲਣ ਲਾਗਤ ਨੂੰ ਘਟਾਉਣ ਲਈ ਸਰਕਾਰ ਦੇ ਪ੍ਰਯਾਸਾਂ ਵੱਲ ਇਸ਼ਾਰਾ ਕੀਤਾ ਜਿਸ ਨਾਲ ਸਮਾਂ ਘਟਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਬੇਲੋੜੀਆਂ ਅਨੁਪਾਲਣਾਂ ਦੀ ਸੂਚੀ ਬਣਾਉਣ ਦਾ ਇਹ ਸਹੀ ਸਮਾਂ ਹੈ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਚਾਲੀ ਹਜ਼ਾਰ ਤੋਂ ਵੱਧ ਅਨੁਪਾਲਣਾਂ ਨੂੰ ਖ਼ਤਮ ਕਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ “ਸਰਕਾਰ ਅਤੇ ਲੋਕਾਂ ਦਰਮਿਆਨ ਭਰੋਸੇ ਦੀ ਕਮੀ ਗੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ।” ਉਨ੍ਹਾਂ ਕਿਹਾ ਕਿ ਸਰਕਾਰ ਨੇ ਛੋਟੇ-ਮੋਟੇ ਅਪਰਾਧਾਂ ਨੂੰ ਗੈਰ-ਅਪਰਾਧਕ (decriminalizing) ਕਰਾਰ ਦੇ ਕੇ ਅਤੇ ਐੱਮਐੱਸਐੱਮਈ’ਜ਼ ਲਈ ਕਰਜ਼ੇ ਦੀ ਗਰੰਟਰ ਬਣ ਕੇ ਨਾਗਰਿਕਾਂ ਦਾ ਭਰੋਸਾ ਜਿੱਤ ਲਿਆ ਹੈ। ਉਨ੍ਹਾਂ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਵਿਸ਼ਵਾਸ ਪੈਦਾ ਕਰਨ ਲਈ ਦੂਸਰੇ ਦੇਸ਼ਾਂ ਵਿੱਚ ਕੀਤੇ ਗਏ ਕੰਮ ਦੇ ਸਬੰਧ ਵਿੱਚ ਦੁਨੀਆ ਭਰ ਦੇ ਸਰਵੋਤਮ ਵਿਵਹਾਰਾਂ ਤੋਂ ਤਜ਼ਰਬਾ ਲੈਣ 'ਤੇ ਵੀ ਜ਼ੋਰ ਦਿੱਤਾ।

 

ਟੈਕਨੋਲੋਜੀ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਟੈਕਨੋਲੋਜੀ ਇੱਕ ਮੁਕੰਮਲ ਉਤਪਾਦ ਬਣਾਉਣ ਵਿੱਚ ਮਦਦ ਕਰ ਸਕਦੀ ਹੈ ਜੋ ਆਲਮੀ ਬਜ਼ਾਰ ਨੂੰ ਹਾਸਲ ਕਰਨ ਵਿੱਚ ਮਦਦ ਕਰ ਸਕਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕਿਸੇ ਨੂੰ ਆਪਣੇ ਆਪ ਨੂੰ ਸਿਰਫ਼ ਇੰਟਰਨੈੱਟ ਅਤੇ ਡਿਜੀਟਲ ਟੈਕਨੋਲੋਜੀ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ ਹੈ। ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬਜਟ ਜਾਂ ਕਿਸੇ ਵੀ ਸਰਕਾਰੀ ਨੀਤੀ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਇਹ ਕਿੰਨੀ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਹੈ ਪਰ ਨਾਲ ਹੀ ਲੋਕਾਂ ਦੇ ਸਹਿਯੋਗ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ, ਕੌਸ਼ਲ ਸੰਪੰਨ ਮਾਨਵ ਸ਼ਕਤੀ ਅਤੇ ਪਿੰਡਾਂ ਵਿੱਚ ਟੈਕਨੋਲੋਜੀ ਨੂੰ ਅਪਣਾਉਣ ਦੀ ਇੱਛਾ ਦਾ ਜ਼ਿਕਰ ਕੀਤਾ ਅਤੇ ਇਸ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦੇ ਤਰੀਕੇ ਲੱਭਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ, "ਤੁਹਾਨੂੰ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ ਕਿ ਬਜਟ ਦਾ ਵੱਧ ਤੋਂ ਵੱਧ ਲਾਭ ਕਿਵੇਂ ਲਿਆ ਜਾਵੇ।"

 

 

 **********

 

ਡੀਐੱਸ/ਟੀਐੱਸ



(Release ID: 1903095) Visitor Counter : 88