ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ 200ਵੇਂ ਜਯੰਤੀ ਸਮਾਰੋਹ ਦਾ ਉਦਘਾਟਨ ਕੀਤਾ


ਯਾਦਗਾਰੀ ਲੋਗੋ ਜਾਰੀ ਕੀਤਾ

"ਮਹਾਰਿਸ਼ੀ ਦਯਾਨੰਦ ਸਰਸਵਤੀ ਵਲੋਂ ਦਰਸਾਏ ਮਾਰਗ ਨੇ ਕਰੋੜਾਂ ਲੋਕਾਂ ਵਿੱਚ ਉਮੀਦ ਜਗਾਈ ਹੈ"

"ਜਿਹੜੀਆਂ ਬੁਰਾਈਆਂ ਧਰਮ ਨਾਲ ਜੁੜੀਆਂ ਹੋਈਆਂ ਸਨ, ਸਵਾਮੀ ਜੀ ਨੇ ਉਨ੍ਹਾਂ ਨੂੰ ਧਰਮ ਦੀ ਰੌਸ਼ਨੀ ਨਾਲ ਦੂਰ ਕੀਤਾ"

"ਸਵਾਮੀ ਜੀ ਨੇ ਸਮਾਜ ਵਿੱਚ ਵੇਦਾਂ ਦੀ ਰੋਸ਼ਨੀ ਨੂੰ ਮੁੜ ਸੁਰਜੀਤ ਕੀਤਾ"

"ਅੰਮ੍ਰਿਤ ਕਾਲ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਇੱਕ ਪਵਿੱਤਰ ਪ੍ਰੇਰਨਾ ਦੇ ਰੂਪ ਵਿੱਚ ਆਈ ਹੈ"

"ਅੱਜ ਦੇਸ਼ ਭਰੋਸੇ ਨਾਲ ਆਪਣੀ ਵਿਰਾਸਤ 'ਤੇ ਮਾਣ ਕਰਨ ਸੱਦਾ ਦੇ ਰਿਹਾ ਹੈ"

"ਸਾਡੇ ਏਥੇ ਧਰਮ ਦੀ ਪਹਿਲੀ ਵਿਆਖਿਆ ਕਰਤੱਵਯ ਬਾਰੇ ਹੈ"

"ਗਰੀਬਾਂ, ਪਿਛੜੇ ਅਤੇ ਦੱਬੇ-ਕੁਚਲੇ ਲੋਕਾਂ ਦੀ ਸੇਵਾ ਅੱਜ ਦੇਸ਼ ਲਈ ਪਹਿਲਾ ਯੱਗ ਹੈ"

Posted On: 12 FEB 2023 1:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਦੀ ਯਾਦ ਵਿੱਚ ਸਾਲ ਭਰ ਚੱਲਣ ਵਾਲੇ ਜਸ਼ਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ਼ਰਧਾਂਜਲੀ ਵਜੋਂ ਇੱਕ ਲੋਗੋ ਵੀ ਜਾਰੀ ਕੀਤਾ।

ਸਮਾਗਮ ਵਾਲੀ ਥਾਂ 'ਤੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਨੇ ਪੈਨੋਰਮਾ ਅਤੇ ਆਰੀਆ ਸਮਾਜ ਦੀਆਂ ਪ੍ਰਦਰਸ਼ਨੀਆਂ ਦੇਖੀਆਂ ਅਤੇ ਯੱਗ ਵਿੱਚ ਆਹੂਤੀ ਅਰਪਣ ਕੀਤੀ। ਬਾਅਦ ਵਿੱਚ, ਉਨ੍ਹਾਂ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ ਸੰਦੇਸ਼ਾਂ ਨੂੰ ਬਾਕੀ ਭਾਰਤ ਅਤੇ ਵਿਸ਼ਵ ਵਿੱਚ ਮਜ਼ਬੂਤ ​​ਕਰਨ ਲਈ ਸਮਾਗਮ ਵਿੱਚ ਜਗਾਏ ਗਏ ਜੋਸ਼ ਦੇ ਪ੍ਰਤੀਕ ਵਜੋਂ ਨੌਜਵਾਨ ਪ੍ਰਤੀਨਿਧੀਆਂ ਨੂੰ ਐੱਲਈਡੀ ਮਸ਼ਾਲ ਸੌਂਪੀ। 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਦੇ ਮੌਕੇ ਨੂੰ ਇਤਿਹਾਸਕ ਕਰਾਰ ਦਿੱਤਾ, ਜੋ ਪੂਰੀ ਦੁਨੀਆ ਲਈ ਭਵਿੱਖ ਅਤੇ ਪ੍ਰੇਰਨਾ ਸਰੋਤ ਬਣਾਉਣ ਦਾ ਮੌਕਾ ਹੈ। ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੇ ਮਹਾਰਿਸ਼ੀ ਦਯਾਨੰਦ ਦੇ ਆਦਰਸ਼ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਵਾਦ, ਹਿੰਸਾ ਅਤੇ ਅਸਥਿਰਤਾ ਦੇ ਇਸ ਦੌਰ ਵਿੱਚ, ਮਹਾਰਿਸ਼ੀ ਦਯਾਨੰਦ ਵਲੋਂ ਦਿਖਾਇਆ ਗਿਆ ਮਾਰਗ ਉਮੀਦ ਜਗਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਸ਼ੁੱਭ ਮੌਕੇ ਨੂੰ ਦੋ ਸਾਲਾਂ ਲਈ ਮਨਾਇਆ ਜਾਵੇਗਾ ਅਤੇ ਕਿਹਾ ਕਿ ਸਰਕਾਰ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਮਨਾਉਣ ਦਾ ਫੈਸਲਾ ਕੀਤਾ ਹੈ। ਮਨੁੱਖਤਾ ਦੀ ਭਲਾਈ ਲਈ ਨਿਰੰਤਰ ਕੰਮਾਂ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਚੱਲ ਰਹੇ ਯੱਗ ਵਿੱਚ ਆਹੂਤੀ ਅਰਪਣ ਕਰਨ ਦੇ ਯੋਗ ਹੋਣ ਲਈ ਧੰਨਵਾਦ ਪ੍ਰਗਟ ਕੀਤਾ। ਸਵਾਮੀ ਜੀ ਦੀ ਜਨਮ ਭੂਮੀ 'ਤੇ ਆਪਣਾ ਜਨਮ ਹੋਣ ਦੇ ਸੁਭਾਗ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਵਿੱਚ ਮਹਾਰਿਸ਼ੀ ਦਯਾਨੰਦ ਦੇ ਆਦਰਸ਼ਾਂ ਦੀ ਲਗਾਤਾਰ ਆਕਰਸ਼ਣ 'ਤੇ ਜ਼ੋਰ ਦਿੱਤਾ।

ਦਯਾਨੰਦ ਸਰਸਵਤੀ ਦੇ ਜਨਮ ਸਮੇਂ ਭਾਰਤ ਦੀ ਸਥਿਤੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਦੀਆਂ ਦੀ ਗੁਲਾਮੀ ਤੋਂ ਬਾਅਦ ਕਮਜ਼ੋਰ ਅਤੇ ਮਾੜੀ ਸਥਿਤੀ ਵਿੱਚ ਚਲਾ ਗਿਆ ਸੀ ਅਤੇ ਆਪਣੀ ਚਮਕ ਅਤੇ ਆਤਮ-ਵਿਸ਼ਵਾਸ ਗੁਆ ਰਿਹਾ ਸੀ। ਉਨ੍ਹਾਂ ਨੇ ਭਾਰਤ ਦੇ ਆਦਰਸ਼ਾਂ, ਸੰਸਕ੍ਰਿਤੀ ਅਤੇ ਜੜ੍ਹਾਂ ਨੂੰ ਕੁਚਲਣ ਲਈ ਕੀਤੇ ਗਏ ਅਨੇਕ ਯਤਨਾਂ ਨੂੰ ਯਾਦ ਕੀਤਾ। ਸਵਾਮੀ ਜੀ ਨੇ ਭਾਰਤ ਦੀਆਂ ਪਰੰਪਰਾਵਾਂ ਅਤੇ ਗ੍ਰੰਥਾਂ ਵਿੱਚ ਕਿਸੇ ਵੀ ਕਮੀ ਦੀ ਧਾਰਨਾ ਨੂੰ ਦੂਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਅਸਲ ਅਰਥ ਵਿਸਾਰੇ ਗਏ ਹਨ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਵੇਦਾਂ ਦੀ ਗਲਤ ਵਿਆਖਿਆ ਭਾਰਤ ਨੂੰ ਨੀਵਾਂ ਕਰਨ ਲਈ ਕੀਤੀ ਜਾ ਰਹੀ ਸੀ ਅਤੇ ਪਰੰਪਰਾਵਾਂ ਨੂੰ ਵਿਗਾੜਿਆ ਜਾ ਰਿਹਾ ਸੀ, ਅਜਿਹੇ ਸਮੇਂ ਵਿੱਚ ਮਹਾਰਿਸ਼ੀ ਦਯਾਨੰਦ ਦੀ ਕੋਸ਼ਿਸ਼ ਇੱਕ ਮੁਕਤੀਦਾਤਾ ਵਜੋਂ ਸਾਹਮਣੇ ਆਈ।"ਮਹਾਰਿਸ਼ੀ ਜੀ ਨੇ ਵਿਤਕਰੇ ਅਤੇ ਛੂਤ-ਛਾਤ ਵਰਗੀਆਂ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਮਜ਼ਬੂਤ ਮੁਹਿੰਮ ਸ਼ੁਰੂ ਕੀਤੀ।" ਸ਼੍ਰੀ ਮੋਦੀ ਨੇ ਉਸ ਸਮੇਂ ਵਿੱਚ ਮਹਾਰਿਸ਼ੀ ਦੇ ਯਤਨਾਂ ਦੀ ਵਿਸ਼ਾਲਤਾ ਨੂੰ ਦਰਸਾਉਣ ਲਈ 21ਵੀਂ ਸਦੀ ਵਿੱਚ ਇੱਕ ਚੁਣੌਤੀ ਵਜੋਂ ਫਰਜ਼ 'ਤੇ ਜ਼ੋਰ ਦੇਣ ਵਿਰੁੱਧ ਪ੍ਰਤੀਕਿਰਿਆਵਾਂ ਦਾ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਨੇ ਦੱਸਿਆ, “ਜਿਹੜੀਆਂ ਬੁਰਾਈਆਂ ਨੂੰ ਗਲਤ ਢੰਗ ਨਾਲ ਧਰਮ ਨਾਲ ਜੋੜਿਆ ਗਿਆ, ਸਵਾਮੀ ਜੀ ਨੇ ਉਨ੍ਹਾਂ ਨੂੰ ਧਰਮ ਦੀ ਰੋਸ਼ਨੀ ਨਾਲ ਦੂਰ ਕੀਤਾ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਛੂਤ-ਛਾਤ ਵਿਰੁੱਧ ਸਵਾਮੀ ਜੀ ਦੀ ਲੜਾਈ ਨੂੰ ਸਭ ਤੋਂ ਵੱਡਾ ਯੋਗਦਾਨ ਮੰਨਿਆ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਮਹਾਰਿਸ਼ੀ ਦਯਾਨੰਦ ਜੀ ਵੀ ਮਹਿਲਾਵਾਂ ਦੇ ਸਬੰਧ ਵਿੱਚ ਸਮਾਜ ਵਿੱਚ ਫੈਲੇ ਰੂੜ੍ਹੀਵਾਦ ਦੇ ਵਿਰੁੱਧ ਇੱਕ ਤਰਕਪੂਰਨ ਅਤੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉੱਭਰੇ। ਉਨ੍ਹਾਂ ਦੱਸਿਆ ਕਿ ਮਹਾਰਿਸ਼ੀ ਦਯਾਨੰਦ ਜੀ ਨੇ ਮਹਿਲਾਵਾਂ ਨਾਲ ਹੁੰਦੇ ਵਿਤਕਰੇ ਦਾ ਸਖ਼ਤ ਵਿਰੋਧ ਕੀਤਾ ਅਤੇ ਮਹਿਲਾਵਾਂ ਦੀ ਸਿੱਖਿਆ ਲਈ ਮੁਹਿੰਮਾਂ ਵੀ ਚਲਾਈਆਂ ਅਤੇ ਉਨ੍ਹਾਂ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਹ ਤੱਥ 150 ਸਾਲ ਤੋਂ ਵੱਧ ਪੁਰਾਣੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਦਿਨ ਅਤੇ ਯੁੱਗ ਵਿੱਚ ਵੀ, ਅਜਿਹੇ ਵੀ ਸਮਾਜ ਹਨ ਜੋ ਮਹਿਲਾਵਾਂ ਨੂੰ ਸਿੱਖਿਆ ਅਤੇ ਸਨਮਾਨ ਦੇ ਅਧਿਕਾਰ ਤੋਂ ਵਾਂਝੇ ਰੱਖਦੇ ਹਨ, ਪਰ ਇਹ ਮਹਾਰਿਸ਼ੀ ਦਯਾਨੰਦ ਹੀ ਸਨ, ਜਿਨ੍ਹਾਂ ਨੇ ਆਪਣੀ ਆਵਾਜ਼ ਉਦੋਂ ਉਠਾਈ ਸੀ ਜਦੋਂ ਮਹਿਲਾਵਾਂ ਲਈ ਬਰਾਬਰੀ ਦਾ ਅਧਿਕਾਰ ਬਹੁਤ ਦੂਰ ਦੀ ਗੱਲ ਸੀ, ਇੱਥੋਂ ਤੱਕ ਕਿ ਪੱਛਮੀ ਦੇਸ਼ਾਂ ਵਿੱਚ ਵੀ ਨਹੀਂ ਸੀ। 

ਪ੍ਰਧਾਨ ਮੰਤਰੀ ਨੇ ਮਹਾਰਿਸ਼ੀ ਜੀ ਦੀਆਂ ਪ੍ਰਾਪਤੀਆਂ ਅਤੇ ਯਤਨਾਂ ਦੇ ਅਸਾਧਾਰਨ ਸਰੂਪ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਰੀਆ ਸਮਾਜ ਦੇ 150 ਸਾਲ ਬਾਅਦ ਅਤੇ ਉਨ੍ਹਾਂ ਦੇ ਜਨਮ ਤੋਂ 200 ਸਾਲ ਬਾਅਦ ਲੋਕਾਂ ਦੀ ਭਾਵਨਾ ਅਤੇ ਸਤਿਕਾਰ ਰਾਸ਼ਟਰ ਦੀ ਯਾਤਰਾ ਵਿੱਚ ਉਨ੍ਹਾਂ ਦੇ ਪ੍ਰਮੁੱਖ ਸਥਾਨ ਦਾ ਸੰਕੇਤ ਹੈ। ਉਨ੍ਹਾਂ ਅੱਗੇ ਕਿਹਾ, "ਅੰਮ੍ਰਿਤ ਕਾਲ ਵਿੱਚ, ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਇੱਕ ਪਵਿੱਤਰ ਪ੍ਰੇਰਨਾ ਲੈ ਕੇ ਆਈ ਹੈ।"

ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਸਵਾਮੀ ਜੀ ਦੀਆਂ ਸਿੱਖਿਆਵਾਂ 'ਤੇ ਪੂਰੇ ਵਿਸ਼ਵਾਸ ਨਾਲ ਚੱਲ ਰਿਹਾ ਹੈ। ਸਵਾਮੀ ਜੀ ਦੇ 'ਵੇਦਾਂ ਵੱਲ ਵਾਪਸੀ' ਦੇ ਸੱਦੇ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦੇਸ਼ ਭਰੋਸੇ ਨਾਲ 'ਆਪਣੀ ਵਿਰਾਸਤ 'ਤੇ ਮਾਣ' ਦਾ ਸੱਦਾ ਦੇ ਰਿਹਾ ਹੈ, ਉਨ੍ਹਾਂ ਇੱਕੋ ਸਮੇਂ ਵਿੱਚ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਸਮ੍ਰਿੱਧ ਬਣਾਉਂਦੇ ਹੋਏ ਆਧੁਨਿਕਤਾ ਦਾ ਰਾਹ ਪੱਕਾ ਕਰਨ ਲਈ ਭਾਰਤ ਦੇ ਲੋਕਾਂ ਦੇ ਵਿਸ਼ਵਾਸ ਨੂੰ ਨੋਟ ਕੀਤਾ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਧਰਮ ਦੀ ਵਿਸਤ੍ਰਿਤ ਧਾਰਨਾ 'ਤੇ ਵਿਚਾਰ ਪੇਸ਼ ਕੀਤਾ, ਜੋ ਰੀਤੀ-ਰਿਵਾਜਾਂ ਤੋਂ ਪਰ੍ਹੇ ਹੈ ਅਤੇ ਜੀਵਨ ਦੇ ਇੱਕ ਪੂਰੇ ਢੰਗ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੇ ਏਥੇ ਧਰਮ ਦੀ ਪਹਿਲੀ ਵਿਆਖਿਆ ਫਰਜ਼ ਬਾਰੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਜੀ ਨੇ ਇੱਕ ਸਮਾਵੇਸ਼ੀ ਅਤੇ ਏਕੀਕ੍ਰਿਤ ਪਹੁੰਚ ਅਪਣਾਈ ਅਤੇ ਰਾਸ਼ਟਰ ਦੇ ਜੀਵਨ ਦੇ ਕਈ ਪਹਿਲੂਆਂ ਦੀ ਜ਼ਿੰਮੇਵਾਰੀ ਅਤੇ ਅਗਵਾਈ ਸੰਭਾਲੀ। ਪ੍ਰਧਾਨ ਮੰਤਰੀ ਨੇ ਫ਼ਲਸਫ਼ੇ, ਯੋਗ, ਗਣਿਤ, ਨੀਤੀ, ਕੂਟਨੀਤੀ, ਵਿਗਿਆਨ ਅਤੇ ਡਾਕਟਰੀ ਵਿਗਿਆਨ ਵਿੱਚ ਭਾਰਤੀ ਰਿਸ਼ੀਆਂ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਭਾਰਤੀ ਜੀਵਨ ਵਿੱਚ ਸਾਧੂਆਂ ਅਤੇ ਸੰਤਾਂ ਦੀ ਵਿਆਪਕ ਭੂਮਿਕਾ ਬਾਰੇ ਵਿਸਥਾਰ ਵਿੱਚ ਦੱਸਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਵਾਮੀ ਜੀ ਨੇ ਉਸ ਪੁਰਾਤਨ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ।

ਮਹਾਰਿਸ਼ੀ ਦਯਾਨੰਦ ਦੀਆਂ ਸਿੱਖਿਆਵਾਂ 'ਤੇ ਝਾਤ ਮਾਰਦੇ ਹੋਏ, ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਕਾਲ ਦੌਰਾਨ ਉਨ੍ਹਾਂ ਵਲੋਂ ਸਥਾਪਿਤ ਕੀਤੀਆਂ ਗਈਆਂ ਵੱਖ-ਵੱਖ ਸੰਸਥਾਵਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਮਹਾਰਿਸ਼ੀ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਧਾਰਨੀ ਸਨ, ਫਿਰ ਵੀ ਮਹਾਰਿਸ਼ੀ ਨੇ ਆਪਣੇ ਸਾਰੇ ਵਿਚਾਰਾਂ ਨੂੰ ਕ੍ਰਮ ਵਿੱਚ ਜੋੜਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਦੀ ਸਥਾਪਨਾ ਕਰਨ ਲਈ ਸੰਸਥਾਗਤ ਬਣਾਇਆ, ਜਿਨ੍ਹਾਂ ਨੇ ਦਹਾਕਿਆਂ ਤੋਂ ਵੱਖ-ਵੱਖ ਖੇਤਰਾਂ ਵਿੱਚ ਭਲਾਈ ਦੇ ਕਈ ਕੰਮ ਸਰਗਰਮੀ ਨਾਲ ਕੀਤੇ ਹਨ। ਪਰੋਪਕਾਰਿਣੀ ਸਭਾ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਥਾ ਦੀ ਸਥਾਪਨਾ ਖੁਦ ਮਹਾਰਿਸ਼ੀ ਵਲੋਂ ਕੀਤੀ ਗਈ ਸੀ ਅਤੇ ਅੱਜ ਗੁਰੂਕੁਲਾਂ ਅਤੇ ਪ੍ਰਕਾਸ਼ਨਾਂ ਦੇ ਮਾਧਿਅਮ ਰਾਹੀਂ ਵੈਦਿਕ ਪਰੰਪਰਾਵਾਂ ਦਾ ਪ੍ਰਚਾਰ ਕਰਦੀ ਹੈ। ਉਨ੍ਹਾਂ ਨੇ ਕੁਰੂਕਸ਼ੇਤਰ ਗੁਰੂਕੁਲ, ਸਵਾਮੀ ਸ਼ਰਧਾਨੰਦ ਟਰੱਸਟ ਅਤੇ ਮਹਾਰਿਸ਼ੀ ਦਯਾਨੰਦ ਟਰੱਸਟ ਦੀਆਂ ਉਦਾਹਰਣਾਂ ਵੀ ਦਿੱਤੀਆਂ ਅਤੇ ਇਨ੍ਹਾਂ ਸੰਸਥਾਵਾਂ ਵਲੋਂ ਤਰਾਸ਼ੇ ਗਏ ਨੌਜਵਾਨਾਂ ਦੀਆਂ ਜ਼ਿੰਦਗੀਆਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ 2001 ਦੇ ਭੂਚਾਲ ਦੌਰਾਨ ਸਮਾਜ ਸੇਵਾ ਅਤੇ ਬਚਾਅ ਕਾਰਜਾਂ ਵਿੱਚ ਜੀਵਨ ਪ੍ਰਭਾਤ ਟਰੱਸਟ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਨੋਟ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਇਹ ਸੰਸਥਾ ਵੀ ਮਹਾਰਿਸ਼ੀ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਸੀ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਦੇਸ਼ ਗੈਰ-ਵਿਤਕਰੇ ਵਾਲੀਆਂ ਨੀਤੀਆਂ ਅਤੇ ਯਤਨਾਂ ਨਾਲ ਪ੍ਰਗਤੀ ਕਰ ਰਿਹਾ ਹੈ ਜੋ ਸਵਾਮੀ ਜੀ ਲਈ ਵੀ ਤਰਜੀਹ ਸਨ। ਗਰੀਬ, ਪਿਛੜੇ ਅਤੇ ਦੱਬੇ-ਕੁਚਲੇ ਲੋਕਾਂ ਦੀ ਸੇਵਾ ਅੱਜ ਦੇਸ਼ ਦਾ ਪਹਿਲਾ ਯੱਗ ਹੈ। ਉਨ੍ਹਾਂ ਇਸ ਸਬੰਧ ਵਿੱਚ ਮਕਾਨ ਉਸਾਰੀ, ਡਾਕਟਰੀ ਇਲਾਜ ਅਤੇ ਮਹਿਲਾ ਸਸ਼ਕਤੀਕਰਨ ਦਾ ਹਵਾਲਾ ਦਿੱਤਾ। ਨਵੀਂ ਸਿੱਖਿਆ ਨੀਤੀ ਸਵਾਮੀ ਜੀ ਵਲੋਂ ਸਿਖਾਈ ਗਈ ਭਾਰਤੀਅਤਾ 'ਤੇ ਜ਼ੋਰ ਦੇ ਨਾਲ ਆਧੁਨਿਕ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਸਵਾਮੀ ਜੀ ਦੀ ਇੱਕ ਅਨੁਭਵੀ ਵਿਅਕਤੀ ਦੀ ਪਰਿਭਾਸ਼ਾ ਨੂੰ ਯਾਦ ਕੀਤਾ, ਜੋ ਵਿਅਕਤੀ ਆਪਣੇ ਲੈਣ ਤੋਂ ਵੱਧ ਦਿੰਦਾ ਹੈ ਉਹ ਇੱਕ ਅਨੁਭਵੀ ਵਿਅਕਤੀ ਹੁੰਦਾ ਹੈ। ਇਹ ਵਾਤਾਵਰਣ ਸਮੇਤ ਅਣਗਿਣਤ ਖੇਤਰਾਂ ਵਿੱਚ ਸਾਰਥਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵਾਮੀ ਜੀ ਵੇਦਾਂ ਦੇ ਇਸ ਗਿਆਨ ਨੂੰ ਡੂੰਘਾਈ ਨਾਲ ਸਮਝਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਿਸ਼ੀ ਜੀ ਵੇਦਾਂ ਦੇ ਵਿਦਿਆਰਥੀ ਅਤੇ ਗਿਆਨ ਮਾਰਗ ਦੇ ਸੰਤ ਸਨ”। ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਦੀ ਖੋਜ ਵਿੱਚ ਭਾਰਤ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਮਿਸ਼ਨ ਲਾਈਫ (LiFE) ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵਾਤਾਵਰਣ ਦੇ ਵਿਸ਼ੇ ਨੂੰ ਜੀ-20 ਦੇ ਵਿਸ਼ੇਸ਼ ਏਜੰਡੇ ਵਜੋਂ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰੀਆ ਸਮਾਜ ਇਨ੍ਹਾਂ ਆਧੁਨਿਕ ਆਦਰਸ਼ਾਂ ਨੂੰ ਪ੍ਰਾਚੀਨ ਸਮਝ-ਬੂਝ ਦੀ ਬੁਨਿਆਦ ਨਾਲ ਅੱਗੇ ਵਧਾ ਕੇ ਵੱਡੀ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕੁਦਰਤੀ ਖੇਤੀ ਨੂੰ ਅੱਗੇ ਵਧਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਸ਼੍ਰੀ ਅੰਨ ਨੂੰ ਪ੍ਰਫੁੱਲਤ ਕਰਨ ਦਾ ਵੀ ਜ਼ਿਕਰ ਕੀਤਾ।

ਮਹਾਰਿਸ਼ੀ ਦੀ ਸ਼ਖਸੀਅਤ ਤੋਂ ਬਹੁਤ ਕੁਝ ਸਿੱਖੇ ਜਾਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਅੰਗਰੇਜ਼ ਅਫਸਰ ਦੀ ਕਹਾਣੀ ਸੁਣਾਈ, ਜੋ ਮਹਾਰਿਸ਼ੀ ਨੂੰ ਮਿਲਣ ਆਇਆ ਸੀ ਅਤੇ ਉਸ ਨੂੰ ਭਾਰਤ ਵਿੱਚ ਲਗਾਤਾਰ ਬ੍ਰਿਟਿਸ਼ ਰਾਜ ਬਣੇ ਰਹਿਣ ਲਈ ਪ੍ਰਾਰਥਨਾ ਕਰਨ ਲਈ ਕਿਹਾ, ਜਿਸ ਦਾ ਮਹਾਰਿਸ਼ੀ ਨੇ ਨਿਡਰਤਾ ਨਾਲ ਜਵਾਬ ਦਿੱਤਾ, "ਆਜ਼ਾਦੀ ਮੇਰੀ ਆਤਮਾ ਹੈ ਅਤੇ ਭਾਰਤ ਦੀ ਆਵਾਜ਼ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਅਣਗਿਣਤ ਸੁਤੰਤਰਤਾ ਸੈਨਾਨੀਆਂ ਅਤੇ ਸੰਸਥਾਨ ਨਿਰਮਾਤਾਵਾਂ ਅਤੇ ਦੇਸ਼ ਭਗਤਾਂ ਨੇ ਸਵਾਮੀ ਜੀ ਤੋਂ ਪ੍ਰੇਰਨਾ ਲਈ ਅਤੇ ਲੋਕਮਾਨਿਯ ਤਿਲਕ, ਨੇਤਾਜੀ ਸੁਭਾਸ਼ ਚੰਦਰ ਬੋਸ, ਵੀਰ ਸਾਵਰਕਰ, ਲਾਲਾ ਲਾਜਪਤ ਰਾਏ, ਲਾਲਾ ਹਰਦਿਆਲ, ਚੰਦਰਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਹੋਰ ਆਜ਼ਾਦੀ ਸੈਨਾਨੀਆਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਮਹਾਤਮਾ ਹੰਸਰਾਜ, ਸਵਾਮੀ ਸ਼ਰਧਾਨੰਦ ਜੀ, ਭਾਈ ਪਰਮਾਨੰਦ ਜੀ ਅਤੇ ਹੋਰ ਬਹੁਤ ਸਾਰੇ ਆਗੂਆਂ ਦੀਆਂ ਉਦਾਹਰਣਾਂ ਵੀ ਦਿੱਤੀਆਂ, ਜਿਨ੍ਹਾਂ ਨੇ ਮਹਾਰਿਸ਼ੀ ਤੋਂ ਪ੍ਰੇਰਨਾ ਪ੍ਰਾਪਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰੀਆ ਸਮਾਜ ਕੋਲ ਸਵਾਮੀ ਜੀ ਦੀਆਂ ਸਿੱਖਿਆਵਾਂ ਦੀ ਵਿਰਾਸਤ ਹੈ ਅਤੇ ਦੇਸ਼ ਹਰ 'ਆਰੀਆ ਵੀਰ' ਤੋਂ ਬਹੁਤ ਉਮੀਦਾਂ ਰੱਖਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਲੇ ਸਾਲ ਆਰੀਆ ਸਮਾਜ ਆਪਣਾ 150ਵਾਂ ਵਰ੍ਹਾ ਸ਼ੁਰੂ ਕਰੇਗਾ। ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਮੌਕੇ ਨੂੰ ਸ਼ਾਨਦਾਰ ਯੋਜਨਾਬੰਦੀ, ਅਮਲ ਅਤੇ ਪ੍ਰਬੰਧਨ ਨਾਲ ਆਯੋਜਿਤ ਕਰਨ ਲਈ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਭਾਸ਼ਣ ਦੀ ਸਮਾਪਤੀ ਕਰਦਿਆਂ ਕਿਹਾ, "ਅੰਮ੍ਰਿਤ ਕਾਲ ਵਿੱਚ, ਅਸੀਂ ਸਾਰੇ ਮਹਾਰਿਸ਼ੀ ਦਯਾਨੰਦ ਜੀ ਦੇ ਯਤਨਾਂ ਤੋਂ ਪ੍ਰੇਰਣਾ ਪ੍ਰਾਪਤ ਕਰੀਏ।" 

ਇਸ ਮੌਕੇ 'ਤੇ ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਯਾ ਦੇਵਵ੍ਰਤ, ਕੇਂਦਰੀ ਸੰਸਕ੍ਰਿਤੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਸੰਸਕ੍ਰਿਤੀ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ, ਦਿੱਲੀ ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼੍ਰੀ ਦਰਮ ਪਾਲ ਆਰੀਆ, ਦਿੱਲੀ ਆਰੀਆ ਪ੍ਰਤੀਨਿਧੀ ਸਭਾ ਦੇ ਮਹਾਮੰਤਰੀ ਸ਼੍ਰੀ ਵਿਨੈ ਆਰੀਆ ਅਤੇ ਸਰਵਦੇਸ਼ਿਕ ਆਰੀਆ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸ਼੍ਰੀ ਸੁਰੇਸ਼ ਚੰਦਰ ਆਰੀਆ ਮੌਜੂਦ ਸਨ।

ਪਿਛੋਕੜ

12 ਫਰਵਰੀ 1824 ਨੂੰ ਜਨਮੇ ਮਹਾਰਿਸ਼ੀ ਦਯਾਨੰਦ ਸਰਸਵਤੀ ਇੱਕ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਉਸ ਸਮੇਂ ਦੌਰਾਨ ਪ੍ਰਚਲਿਤ ਸਮਾਜਿਕ ਕੁਰੀਤੀਆਂ ਦਾ ਮੁਕਾਬਲਾ ਕਰਨ ਲਈ 1875 ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ। ਆਰੀਆ ਸਮਾਜ ਨੇ ਸਮਾਜਿਕ ਸੁਧਾਰਾਂ ਅਤੇ ਸਿੱਖਿਆ 'ਤੇ ਜ਼ੋਰ ਦੇ ਕੇ ਦੇਸ਼ ਦੀ ਸੰਸਕ੍ਰਿਤਕ ਅਤੇ ਸਮਾਜਿਕ ਜਾਗ੍ਰਿਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਸਰਕਾਰ ਸਮਾਜ ਸੁਧਾਰਕਾਂ ਅਤੇ ਮਹੱਤਵਪੂਰਨ ਸ਼ਖਸੀਅਤਾਂ ਦੇ ਦਿਵਸ ਮਨਾਉਣ ਲਈ ਵਚਨਬੱਧ ਹੈ, ਖਾਸ ਤੌਰ 'ਤੇ ਜਿਨ੍ਹਾਂ ਦੇ ਯੋਗਦਾਨ ਨੂੰ ਅਜੇ ਤੱਕ ਪੂਰੇ ਭਾਰਤ ਪੱਧਰ 'ਤੇ ਬਣਦਾ ਸਨਮਾਨ ਨਹੀਂ ਦਿੱਤਾ ਗਿਆ ਸੀ। ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਘੋਸ਼ਿਤ ਕਰਨ ਤੋਂ ਲੈ ਕੇ ਸ਼੍ਰੀ ਅਰਬਿੰਦੋ ਦੀ 150ਵੀਂ ਜਯੰਤੀ ਦੀ ਯਾਦ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੱਕ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੋਹਰੀ ਬਣ ਕੇ ਅਜਿਹੀਆਂ ਪਹਿਲਕਦਮੀਆਂ ਦੀ ਅਗਵਾਈ ਕਰ ਰਹੇ ਹਨ।

***

ਡੀਐੱਸ/ਟੀਐੱਸ 


(Release ID: 1899132) Visitor Counter : 155