ਪ੍ਰਧਾਨ ਮੰਤਰੀ ਦਫਤਰ

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਧੰਨਵਾਦ ਦੇ ਪ੍ਰਸਤਾਵ 'ਤੇ ਪ੍ਰਧਾਨ ਮੰਤਰੀ ਦਾ ਜਵਾਬ


"ਸਾਡੀ ਸਰਕਾਰ ਦਾ ਉਦੇਸ਼ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਥਾਈ ਸਮਾਧਾਨ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਸ਼ਕਤ ਕਰਨਾ ਹੈ"

"ਅਸੀਂ ਇੱਕ ਆਧੁਨਿਕ ਭਾਰਤ ਦੇ ਨਿਰਮਾਣ ਲਈ ਬੁਨਿਆਦੀ ਢਾਂਚੇ, ਸਕੇਲ ਅਤੇ ਸਪੀਡ ਦੇ ਮਹੱਤਵ ਨੂੰ ਸਮਝਦੇ ਹਾਂ"

"ਸਾਡੀ ਸੋਚ ਖੰਡਿਤ ਨਹੀਂ ਹੈ, ਅਸੀਂ ਪ੍ਰਤੀਕਵਾਦ ਵਿੱਚ ਵਿਸ਼ਵਾਸ ਨਹੀਂ ਰੱਖਦੇ"

"ਅਸੀਂ ਸਫ਼ਲ ਹੋਏ ਹਾਂ ਅਤੇ ਅਸੀਂ ਆਮ ਨਾਗਰਿਕਾਂ ਦੇ ਸਸ਼ਕਤੀਕਰਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ"

"ਡਿਜੀਟਲ ਇੰਡੀਆ ਦੀ ਸਫ਼ਲਤਾ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ"

"ਅਸੀਂ ਰਾਸ਼ਟਰੀ ਪ੍ਰਗਤੀ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ ਅਤੇ ਖੇਤਰੀ ਆਕਾਂਖਿਆਵਾਂ 'ਤੇ ਵੀ ਧਿਆਨ ਦਿੱਤਾ ਹੈ"

"ਸਾਡਾ ਸੰਕਲਪ ਹੈ ਕਿ ਭਾਰਤ 2047 ਤੱਕ 'ਵਿਕਸਿਤ ਭਾਰਤ' ਬਣੇ"

Posted On: 09 FEB 2023 3:51PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਸੰਸਦ ਨੂੰ ਰਾਸ਼ਟਰਪਤੀ ਦੇ ਅਭਿਭਾਸ਼ਣ ਉੱਤੇ ਧੰਨਵਾਦ ਦੇ ਪ੍ਰਸਤਾਵ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ‘ਵਿਕਸਿਤ ਭਾਰਤ’ ਦਾ ਵਿਜ਼ਨ ਪੇਸ਼ ਕਰਕੇ ਦੋਵਾਂ ਸਦਨਾਂ ਦਾ ਪਥਪ੍ਰਦਰਸ਼ਨ ਕਰਨ ਲਈ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਦਿਆਂ ਆਪਣਾ ਜਵਾਬ ਸ਼ੁਰੂ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਸਮਿਆਂ ਦੇ ਵਿਪਰੀਤ, "ਸਾਡੀ ਸਰਕਾਰ ਦਾ ਉਦੇਸ਼ ਨਾਗਰਿਕਾਂ ਲਈ ਟਿਕਾਊ ਸਮਾਧਾਨ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਸ਼ਕਤ ਕਰਨਾ ਹੈ।" ਉਨ੍ਹਾਂ ਨੇ ਕਿਹਾ ਕਿ ਪਹਿਲੇ ਸਮਿਆਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਭਾਵੇਂ ਸਰਕਾਰ ਦੀ ਜ਼ਿੰਮੇਵਾਰੀ ਸੀ, ਪਰ ਉਨ੍ਹਾਂ ਦੀਆਂ ਤਰਜੀਹਾਂ ਅਤੇ ਇਰਾਦੇ ਵੱਖਰੇ ਸਨ।  ਉਨ੍ਹਾਂ ਨੇ ਕਿਹਾ ਕਿ “ਅੱਜ ਅਸੀਂ ਸਮੱਸਿਆਵਾਂ ਦੇ ਸਥਾਈ ਸਮਾਧਾਨ ਵੱਲ ਵਧ ਰਹੇ ਹਾਂ।” ਪ੍ਰਧਾਨ ਮੰਤਰੀ ਨੇ ਪਾਣੀ ਦੇ ਮੁੱਦੇ ਦੀ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਪ੍ਰਤੀਕਵਾਦ ਦੀ ਬਜਾਏ ਜਲ ਬੁਨਿਆਦੀ ਢਾਂਚਾ, ਜਲ ਪ੍ਰਸ਼ਾਸਨ, ਗੁਣਵੱਤਾ ਨਿਯੰਤਰਣ, ਪਾਣੀ ਦੀ ਸਾਂਭ-ਸੰਭਾਲ਼ ਅਤੇ ਸਿੰਚਾਈ ਇਨੋਵੇਸ਼ਨ ਦੀ ਇੱਕ ਸੰਪੂਰਨ ਇੰਟੀਗ੍ਰੇਟਿਡ ਪਹੁੰਚ ਅਪਣਾਈ ਗਈ ਹੈ। ਇਸੇ ਤਰ੍ਹਾਂ ਦੇ ਉਪਾਵਾਂ ਨੇ ਵਿੱਤੀ ਸਮਾਵੇਸ਼, ਜਨ ਧਨ-ਆਧਾਰ-ਮੋਬਾਈਲ ਜ਼ਰੀਏ ਡੀਬੀਟੀ, ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ ਜ਼ਰੀਏ ਬੁਨਿਆਦੀ ਢਾਂਚਾ ਯੋਜਨਾਬੰਦੀ ਅਤੇ ਲਾਗੂ ਕਰਨ ਵਿੱਚ ਸਥਾਈ ਸਮਾਧਾਨ ਤਿਆਰ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਆਧੁਨਿਕ ਭਾਰਤ ਦੇ ਨਿਰਮਾਣ ਲਈ ਬੁਨਿਆਦੀ ਢਾਂਚੇ, ਸਕੇਲ ਅਤੇ ਸਪੀਡ ਦੇ ਮਹੱਤਵ ਨੂੰ ਸਮਝਦੇ ਹਾਂ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੈਕਨੋਲੋਜੀ ਦੀ ਤਾਕਤ ਨਾਲ ਦੇਸ਼ ਵਿੱਚ ਵਰਕਿੰਗ ਕਲਚਰ ਵਿੱਚ ਤਬਦੀਲੀ ਆਈ ਹੈ ਅਤੇ ਸਰਕਾਰ ਦਾ ਧਿਆਨ ਗਤੀ ਵਧਾਉਣ ਅਤੇ ਇਸ ਦੇ ਸਕੇਲ ਨੂੰ ਵਧਾਉਣ 'ਤੇ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, "ਮਹਾਤਮਾ ਗਾਂਧੀ 'ਸ਼੍ਰੇਯ' (ਮੈਰਿਟ) ਅਤੇ 'ਪ੍ਰਿਯ' (ਪਿਆਰੀ) ਕਹਿੰਦੇ ਸਨ। ਅਸੀਂ 'ਸ਼੍ਰੇਯ' (ਯੋਗਤਾ) ਦਾ ਰਸਤਾ ਚੁਣਿਆ ਹੈ।”  ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਦੁਆਰਾ ਚੁਣਿਆ ਗਿਆ ਰਸਤਾ ਅਜਿਹਾ ਨਹੀਂ ਹੈ ਜਿੱਥੇ ਆਰਾਮ ਕਰਨਾ ਪਹਿਲ ਹੈ, ਬਲਕਿ ਇੱਕ ਅਜਿਹਾ ਰਸਤਾ ਹੈ ਜਿੱਥੇ ਅਸੀਂ ਆਮ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕਰਦੇ ਹਾਂ।

 

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸਰਕਾਰ ਨੇ ਆਜ਼ਾਦੀ ਕਾ ਅੰਮ੍ਰਿਤ ਕਾਲ ਵਿੱਚ ਸੰਤ੍ਰਿਪਤਾ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਉਨ੍ਹਾਂ ਸਰਕਾਰ ਦੇ ਪ੍ਰਯਾਸਾਂ ਨੂੰ ਦੁਹਰਾਇਆ ਜਿੱਥੇ ਦੇਸ਼ ਦੇ ਹਰੇਕ ਲਾਭਾਰਥੀ ਤੱਕ 100 ਪ੍ਰਤੀਸ਼ਤ ਲਾਭ ਪਹੁੰਚਦਾ ਹੈ। ਸ਼੍ਰੀ ਮੋਦੀ ਨੇ ਕਿਹਾ “ਇਹ ਸੱਚੀ ਧਰਮ ਨਿਰਪੱਖਤਾ ਹੈ। ਇਹ ਭੇਦਭਾਵ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ, “ਦਹਾਕਿਆਂ ਤੋਂ ਆਦਿਵਾਸੀ ਭਾਈਚਾਰਿਆਂ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਅਸੀਂ ਉਨ੍ਹਾਂ ਦੀ ਭਲਾਈ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਹੈ।”  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਕਾਰਜਕਾਲ ਦੌਰਾਨ ਆਦਿਵਾਸੀਆਂ ਦੀ ਭਲਾਈ ਲਈ ਵੱਖਰਾ ਮੰਤਰਾਲਾ ਬਣਾਇਆ ਗਿਆ ਸੀ ਅਤੇ ਆਦਿਵਾਸੀਆਂ ਦੀ ਭਲਾਈ ਲਈ ਠੋਸ ਉਪਰਾਲੇ ਕੀਤੇ ਗਏ ਸਨ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਛੋਟੇ ਕਿਸਾਨ ਭਾਰਤ ਦੇ ਖੇਤੀਬਾੜੀ ਸੈਕਟਰ ਦੀ ਰੀੜ੍ਹ ਦੀ ਹੱਡੀ ਹਨ। ਅਸੀਂ ਉਨ੍ਹਾਂ ਦੇ ਹੱਥ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ। ਮੌਜੂਦਾ ਸਰਕਾਰ ਨੇ ਉਨ੍ਹਾਂ ਦੀਆਂ ਜ਼ਰੂਰਤਾਂ 'ਤੇ ਧਿਆਨ ਕੇਂਦ੍ਰਤ ਕੀਤਾ ਅਤੇ ਛੋਟੇ ਕਿਸਾਨਾਂ ਦੇ ਨਾਲ-ਨਾਲ ਛੋਟੇ ਵਿਕਰੇਤਾਵਾਂ ਅਤੇ ਕਾਰੀਗਰਾਂ ਲਈ ਬਹੁਤ ਸਾਰੇ ਮੌਕੇ ਪੈਦਾ ਕੀਤੇ।  ਪ੍ਰਧਾਨ ਮੰਤਰੀ ਨੇ ਮਹਿਲਾ ਸਸ਼ਕਤੀਕਰਣ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ ਅਤੇ ਭਾਰਤ ਵਿੱਚ ਮਹਿਲਾ ਦੇ ਜੀਵਨ ਦੇ ਹਰ ਪੜਾਅ 'ਤੇ ਸਸ਼ਕਤੀਕਰਣ, ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਅਤੇ ਈਜ਼ ਆਵ੍ ਲਿਵਿੰਗ ਬਣਾਉਣ ਲਈ ਸਰਕਾਰ ਦੀ ਪਹਿਲ ਬਾਰੇ ਗੱਲ ਕੀਤੀ। 

 

ਪ੍ਰਧਾਨ ਮੰਤਰੀ ਨੇ ਕਿਹਾ “ਸਾਡੇ ਵਿਗਿਆਨੀਆਂ ਅਤੇ ਖੋਜਕਾਰਾਂ ਦੀ ਮੁਹਾਰਤ ਨਾਲ, ਭਾਰਤ ਦੁਨੀਆ ਦਾ ਇੱਕ ਫਾਰਮਾ ਹੱਬ ਬਣ ਰਿਹਾ ਹੈ।” ਉਨ੍ਹਾਂ ਮੰਦਭਾਗੀ ਘਟਨਾਵਾਂ ਵੱਲ ਧਿਆਨ ਖਿੱਚਿਆ ਜਦੋਂ ਕੁਝ ਲੋਕਾਂ ਨੇ ਭਾਰਤ ਦੇ ਵਿਗਿਆਨੀਆਂ, ਖੋਜਕਾਰਾਂ ਅਤੇ ਵੈਕਸੀਨ ਨਿਰਮਾਤਾਵਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਅਟਲ ਇਨੋਵੇਸ਼ਨ ਮਿਸ਼ਨ ਅਤੇ ਟਿੰਕਰਿੰਗ ਲੈਬ ਜਿਹੇ ਉਪਾਵਾਂ ਜ਼ਰੀਏ ਵਿਗਿਆਨਕ ਸੋਚ ਪੈਦਾ ਕਰਨ ਬਾਰੇ ਗੱਲ ਕੀਤੀ।  ਉਨ੍ਹਾਂ ਨੇ ਨੌਜਵਾਨਾਂ ਅਤੇ ਵਿਗਿਆਨਕਾਂ ਦੀ ਸਰਕਾਰ ਦੁਆਰਾ ਪੈਦਾ ਕੀਤੇ ਮੌਕਿਆਂ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਅਤੇ ਪ੍ਰਾਈਵੇਟ ਸੈਟੇਲਾਈਟ ਲਾਂਚ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ "ਅਸੀਂ ਸਫ਼ਲ ਹੋਏ ਹਾਂ ਅਤੇ ਆਮ ਨਾਗਰਿਕਾਂ ਦੇ ਸਸ਼ਕਤੀਕਰਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ।”

 

ਪ੍ਰਧਾਨ ਮੰਤਰੀ ਨੇ ਕਿਹਾ “ਦੇਸ਼ ਅੱਜ ਵੀ ਡਿਜੀਟਲ ਲੈਣ-ਦੇਣ ਵਿੱਚ ਵਰਲਡ ਲੀਡਰ ਬਣਿਆ ਹੋਇਆ ਹੈ। ਡਿਜੀਟਲ ਇੰਡੀਆ ਦੀ ਸਫ਼ਲਤਾ ਨੇ ਅੱਜ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।”  ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਭਾਰਤ ਮੋਬਾਈਲ ਫੋਨਾਂ ਦੀ ਦਰਾਮਦ ਕਰਦਾ ਸੀ ਜਦਕਿ ਅੱਜ ਅਸੀਂ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਾਂ ਕਿ ਮੋਬਾਈਲ ਫੋਨ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਾਡਾ ਸੰਕਲਪ ਹੈ ਕਿ ਭਾਰਤ 2047 ਤੱਕ ‘ਵਿਕਸਿਤ ਭਾਰਤ’ ਬਣੇ। ਉਨ੍ਹਾਂ ਨੇ ਦੁਹਰਾਇਆ ਕਿ ਸਰਕਾਰ ਨੇ ਉਨ੍ਹਾਂ ਮੌਕਿਆਂ ਨੂੰ ਹਾਸਲ ਕਰਨ ਲਈ ਕਈ ਮਹੱਤਵਪੂਰਨ ਕਦਮ ਉਠਾਏ ਹਨ ਜਿਨ੍ਹਾਂ ਦੀ ਅਸੀਂ ਤਲਾਸ਼ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਸਮਾਪਤੀ ਕਰਦਿਆਂ ਕਿਹਾ, "ਭਾਰਤ ਇੱਕ ਵੱਡੀ ਛਲਾਂਗ ਮਾਰਨ ਲਈ ਤਿਆਰ ਹੈ ਅਤੇ ਹੁਣ ਪਿੱਛੇ ਮੁੜ ਕੇ ਨਹੀਂ ਦੇਖੇਗਾ।"

 

 

 

 

 

 

 

 

 

 

 

 


 

 **********


 

ਡੀਐੱਸ/ਟੀਐੱਸ



(Release ID: 1897868) Visitor Counter : 124