ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 6 ਫਰਵਰੀ ਨੂੰ ਕਰਨਾਟਕ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕਰਨਗੇ
ਈਥੇਨੌਲ ਮਿਸ਼ਰਣ ਰੋਡਮੈਪ 'ਤੇ ਕਦਮ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਈ20 ਈਂਧਣ ਨੂੰ ਲਾਂਚ ਕਰਨਗੇ
ਪ੍ਰਧਾਨ ਮੰਤਰੀ ਗ੍ਰੀਨ ਈਂਧਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਗ੍ਰੀਨ ਮੋਬਿਲਿਟੀ ਰੈਲੀ ਨੂੰ ਹਰੀ ਝੰਡੀ ਦਿਖਾਉਣਗੇ
ਪ੍ਰਧਾਨ ਮੰਤਰੀ ਇੰਡੀਅਨ ਆਇਲ ਦੀ ‘ਅਨ-ਬੋਟਲਡ’ ਪਹਿਲ ਦੇ ਤਹਿਤ ਵਰਦੀਆਂ ਲਾਂਚ ਕਰਨਗੇ - ਹਰੇਕ ਵਰਦੀ ਨੂੰ ਲਗਭਗ 28 ਵਰਤੀਆਂ ਗਈਆਂ ਪੀਈਟੀ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣਾਇਆ ਗਿਆ ਹੈ
ਪ੍ਰਧਾਨ ਮੰਤਰੀ ਇੰਡੀਅਨ ਆਇਲ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਟਵਿਨ-ਕੁੱਕਟੌਪ ਮੋਡਲ ਨੂੰ ਲਾਂਚ ਕਰਨਗੇ - ਇੱਕ ਕ੍ਰਾਂਤੀਕਾਰੀ ਇਨਡੋਰ ਸੋਲਰ ਕੁਕਿੰਗ ਸਮਾਧਾਨ ਜੋ ਇੱਕੋ ਸਮੇਂ ਸੌਰ ਅਤੇ ਸਹਾਇਕ ਊਰਜਾ ਸਰੋਤਾਂ 'ਤੇ ਕੰਮ ਕਰਦਾ ਹੈ
ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਦੀ ਇੱਕ ਹੋਰ ਪਹਿਲ ਵਿੱਚ, ਪ੍ਰਧਾਨ ਮੰਤਰੀ ਤੁਮਕੁਰੂ ਵਿਖੇ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਅਤੇ ਤੁਮਕੁਰੂ ਵਿੱਚ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ
Posted On:
04 FEB 2023 11:47AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਫਰਵਰੀ, 2023 ਨੂੰ ਕਰਨਾਟਕ ਦਾ ਦੌਰਾ ਕਰਨਗੇ। ਸਵੇਰੇ ਕਰੀਬ 11:30 ਵਜੇ, ਪ੍ਰਧਾਨ ਮੰਤਰੀ ਬੰਗਲੁਰੂ ਵਿਖੇ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਕਰੀਬ 3 ਵੱਜ ਕੇ 30 ਮਿੰਟ ‘ਤੇ ਉਹ ਤੁਮਕੁਰੂ ਵਿਖੇ ਐੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਵਿਭਿੰਨ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਇੰਡੀਆ ਐਨਰਜੀ ਵੀਕ 2023
ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ (ਆਈਈਡਬਲਿਊ) 2023 ਦਾ ਉਦਘਾਟਨ ਕਰਨਗੇ। 6 ਤੋਂ 8 ਫਰਵਰੀ ਤੱਕ ਆਯੋਜਿਤ ਕੀਤੇ ਜਾ ਰਹੇ, ਆਈਈਡਬਲਿਊ ਦਾ ਉਦੇਸ਼ ਭਾਰਤ ਦੀ ਊਰਜਾ ਪਰਿਵਰਤਨ ਪਾਵਰਹਾਊਸ ਦੇ ਰੂਪ ਵਿੱਚ ਉਭਰਦੇ ਸਕਿੱਲ ਨੂੰ ਪ੍ਰਦਰਸ਼ਿਤ ਕਰਨਾ ਹੈ। ਇਹ ਈਵੈਂਟ ਪਰੰਪਰਾਗਤ ਅਤੇ ਗ਼ੈਰ-ਰਵਾਇਤੀ ਊਰਜਾ ਉਦਯੋਗ, ਸਰਕਾਰਾਂ ਅਤੇ ਅਕਾਦਮਿਕ ਜਗਤ ਦੇ ਲੀਡਰਾਂ ਨੂੰ ਇੱਕ ਜ਼ਿੰਮੇਵਾਰ ਊਰਜਾ ਤਬਦੀਲੀ ਪੇਸ਼ ਕਰਨ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ ਇਕੱਠੇ ਕਰੇਗਾ। ਇਸ ਵਿੱਚ ਦੁਨੀਆ ਭਰ ਦੇ 30 ਤੋਂ ਵੱਧ ਮੰਤਰੀਆਂ ਦੀ ਮੌਜੂਦਗੀ ਦੇਖਣ ਨੂੰ ਮਿਲੇਗੀ। ਭਾਰਤ ਦੇ ਊਰਜਾ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ 'ਤੇ ਚਰਚਾ ਕਰਨ ਲਈ 30,000 ਤੋਂ ਵੱਧ ਡੈਲੀਗੇਟ, 1,000 ਪ੍ਰਦਰਸ਼ਕ ਅਤੇ 500 ਬੁਲਾਰੇ ਇਕੱਠੇ ਹੋਣਗੇ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਗਲੋਬਲ ਤੇਲ ਅਤੇ ਗੈਸ ਦੇ ਸੀਈਓਜ਼ ਨਾਲ ਇੱਕ ਗੋਲਮੇਜ਼ ਗੱਲਬਾਤ ਵਿੱਚ ਹਿੱਸਾ ਲੈਣਗੇ। ਉਹ ਗ੍ਰੀਨ ਊਰਜਾ ਦੇ ਖੇਤਰ ਵਿੱਚ ਕਈ ਪਹਿਲਾਂ ਵੀ ਸ਼ੁਰੂ ਕਰਨਗੇ।
ਊਰਜਾ ਦੇ ਖੇਤਰ ਵਿੱਚ ਆਤਮਨਿਰਭਰਤਾ ਨੂੰ ਪ੍ਰਾਪਤ ਕਰਨ ਲਈ ਈਥੇਨੌਲ ਮਿਸ਼ਰਣ ਪ੍ਰੋਗਰਾਮ ਸਰਕਾਰ ਦਾ ਮੁੱਖ ਫੋਕਸ ਖੇਤਰ ਰਿਹਾ ਹੈ। ਸਰਕਾਰ ਦੇ ਨਿਰੰਤਰ ਪ੍ਰਯਾਸਾਂ ਦੇ ਕਾਰਨ, ਈਥੇਨੌਲ ਉਤਪਾਦਨ ਸਮਰੱਥਾ ਵਿੱਚ 2013-14 ਤੋਂ ਛੇ ਗੁਣਾ ਵਾਧਾ ਹੋਇਆ ਹੈ। ਈਥੇਨੌਲ ਬਲੈਂਡਿੰਗ ਪ੍ਰੋਗਰਾਮ ਅਤੇ ਬਾਇਓਫਿਊਲ ਪ੍ਰੋਗਰਾਮ ਦੇ ਤਹਿਤ ਪਿਛਲੇ ਅੱਠ ਵਰ੍ਹਿਆਂ ਦੇ ਦੌਰਾਨ ਪ੍ਰਾਪਤੀਆਂ ਨੇ ਨਾ ਸਿਰਫ਼ ਭਾਰਤ ਦੀ ਊਰਜਾ ਸੁਰੱਖਿਆ ਨੂੰ ਵਧਾਇਆ ਹੈ ਬਲਕਿ ਇਸ ਦੇ ਨਤੀਜੇ ਵਜੋਂ ਸੀਓ2 ਦੇ ਨਿਕਾਸ ਵਿੱਚ 318 ਲੱਖ ਮੀਟ੍ਰਿਕ ਟਨ ਕਮੀ ਹੋਈ ਅਤੇ ਕਰੀਬ 54,000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਬਚਤ ਸਮੇਤ ਕਈ ਹੋਰ ਲਾਭ ਵੀ ਹੋਏ ਹਨ। ਇਸ ਦੇ ਨਤੀਜੇ ਵਜੋਂ, 2014 ਤੋਂ 2022 ਦੌਰਾਨ ਈਥੇਨੌਲ ਦੀ ਸਪਲਾਈ ਲਈ ਲਗਭਗ 81,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 49,000 ਕਰੋੜ ਰੁਪਏ ਤੋਂ ਵੱਧ ਦਾ ਤਬਾਦਲਾ ਕੀਤਾ ਗਿਆ ਹੈ।
ਈਥੇਨੌਲ ਮਿਸ਼ਰਣ ਰੋਡਮੈਪ ਦੇ ਅਨੁਸਾਰ, ਪ੍ਰਧਾਨ ਮੰਤਰੀ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਇਲ ਮਾਰਕਿਟਿੰਗ ਕੰਪਨੀਆਂ ਦੇ 84 ਰਿਟੇਲ ਆਊਟਲੇਟਾਂ 'ਤੇ ਈ20 ਈਂਧਣ ਦੀ ਸ਼ੁਰੂਆਤ ਕਰਨਗੇ। ਈ20 ਪੈਟਰੋਲ ਦੇ ਨਾਲ 20% ਈਥੇਨੌਲ ਦਾ ਮਿਸ਼ਰਣ ਹੈ। ਸਰਕਾਰ ਦਾ ਲਕਸ਼ 2025 ਤੱਕ ਈਥੇਨੌਲ ਦੇ ਪੂਰਨ 20% ਮਿਸ਼ਰਣ ਨੂੰ ਪ੍ਰਾਪਤ ਕਰਨਾ ਹੈ, ਅਤੇ ਤੇਲ ਮਾਰਕਿਟਿੰਗ ਕੰਪਨੀਆਂ 2ਜੀ-3ਜੀ ਈਥੇਨੌਲ ਪਲਾਂਟ ਸਥਾਪਿਤ ਕਰ ਰਹੀਆਂ ਹਨ ਜੋ ਇਸ ਦਿਸ਼ਾ ਵਿੱਚ ਪ੍ਰਗਤੀ ਨੂੰ ਅਸਾਨ ਬਣਾਉਣਗੀਆਂ।
ਪ੍ਰਧਾਨ ਮੰਤਰੀ ਗ੍ਰੀਨ ਮੋਬਿਲਿਟੀ ਰੈਲੀ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਗ੍ਰੀਨ ਊਰਜਾ ਸਰੋਤਾਂ 'ਤੇ ਚੱਲਣ ਵਾਲੇ ਵਾਹਨ ਰੈਲੀ 'ਚ ਹਿੱਸਾ ਲੈਣਗੇ ਅਤੇ ਇਹ ਰੈਲੀ ਗ੍ਰੀਨ ਈਂਧਣ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਇੰਡੀਅਨ ਆਇਲ ਦੀ ‘ਅਨ-ਬੋਟਲਡ’ ਪਹਿਲ ਤਹਿਤ ਵਰਦੀਆਂ ਲਾਂਚ ਕਰਨਗੇ। ਪ੍ਰਧਾਨ ਮੰਤਰੀ ਦੇ ਸਿੰਗਲ-ਯੂਜ਼ ਪਲਾਸਟਿਕ ਨੂੰ ਖ਼ਤਮ ਕਰਨ ਦੇ ਵਿਜ਼ਨ ਤੋਂ ਸੇਧਿਤ, ਇੰਡੀਅਨ ਆਇਲ ਨੇ ਰੀਸਾਈਕਲ ਕੀਤੇ ਪੌਲੀਏਸਟਰ (ਆਰਪੀਈਟੀ) ਅਤੇ ਕਪਾਹ ਤੋਂ ਬਣੇ ਪ੍ਰਚੂਨ ਗਾਹਕ ਸੇਵਾਦਾਰਾਂ ਅਤੇ ਐੱਲਪੀਜੀ ਡਿਲਿਵਰੀ ਕਰਮਚਾਰੀਆਂ ਲਈ ਵਰਦੀਆਂ ਅਪਣਾਈਆਂ ਹਨ। ਇੰਡੀਅਨ ਆਇਲ ਦੇ ਗਾਹਕ-ਅਟੈਂਡੈਂਟ ਦੀ ਵਰਦੀ ਦਾ ਹਰੇਕ ਸੈੱਟ ਲਗਭਗ 28 ਵਰਤੀਆਂ ਗਈਆਂ ਪੀਈਟੀ ਬੋਤਲਾਂ ਨੂੰ ਰੀਸਾਈਕਲ ਕਰਕੇ ਬਣਾਇਆ ਗਿਆ ਹੈ, ਇਸ ਤਰ੍ਹਾਂ ਇਸ ਪਹਿਲ ਦਾ ਸਮਰਥਨ ਕਰਦਾ ਹੈ। ਇੰਡੀਅਨ ਆਇਲ ਇਸ ਪਹਿਲ ਨੂੰ ‘ਅਨਬੋਟਲਡ’ ਦੇ ਜ਼ਰੀਏ ਅੱਗੇ ਵਧਾ ਰਿਹਾ ਹੈ - ਇਹ ਟਿਕਾਊ ਕੱਪੜਿਆਂ ਲਈ ਇੱਕ ਬ੍ਰਾਂਡ ਹੈ, ਜੋ ਰੀਸਾਈਕਲ ਕੀਤੇ ਪੋਲੀਸਟਰ ਤੋਂ ਬਣੇ ਮਾਲ ਲਈ ਲਾਂਚ ਕੀਤਾ ਗਿਆ ਹੈ। ਇਸ ਬ੍ਰਾਂਡ ਦੇ ਤਹਿਤ, ਇੰਡੀਅਨ ਆਇਲ ਨੇ ਹੋਰ ਤੇਲ ਮਾਰਕਿਟਿੰਗ ਕੰਪਨੀਆਂ ਦੇ ਗਾਹਕ-ਅਟੈਂਡੈਂਟਾਂ ਲਈ ਵਰਦੀਆਂ, ਫੌਜ ਲਈ ਗ਼ੈਰ-ਲੜਾਈ ਵਰਦੀਆਂ, ਸੰਸਥਾਵਾਂ ਲਈ ਵਰਦੀਆਂ/ਕੱਪੜੇ ਅਤੇ ਪ੍ਰਚੂਨ ਗਾਹਕਾਂ ਨੂੰ ਵਿਕਰੀ ਲਈ ਵਰਦੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਲਕਸ਼ ਰੱਖਿਆ ਹੈ।
ਪ੍ਰਧਾਨ ਮੰਤਰੀ ਇੰਡੀਅਨ ਆਇਲ ਦੇ ਇਨਡੋਰ ਸੋਲਰ ਕੁਕਿੰਗ ਸਿਸਟਮ ਦੇ ਦੋਹਰੇ ਕੁੱਕਟੌਪ ਮੋਡਲ ਨੂੰ ਵੀ ਲਾਂਚ ਕਰਨਗੇ ਅਤੇ ਇਸ ਦੇ ਵਪਾਰਕ ਰੋਲ-ਆਊਟ ਨੂੰ ਹਰੀ ਝੰਡੀ ਦੇਣਗੇ। ਇਸ ਤੋਂ ਪਹਿਲਾਂ ਇੰਡੀਅਨ ਆਇਲ ਨੇ ਸਿੰਗਲ ਕੁੱਕਟੌਪ ਦੇ ਨਾਲ ਇੱਕ ਇਨੋਵੇਟਿਵ ਅਤੇ ਪੇਟੈਂਟਿਡ ਇਨਡੋਰ ਸੋਲਰ ਕੁਕਿੰਗ ਸਿਸਟਮ ਵਿਕਸਿਤ ਕੀਤਾ ਸੀ। ਪ੍ਰਾਪਤ ਫੀਡਬੈਕ ਦੇ ਅਧਾਰ 'ਤੇ, ਟਵਿਨ-ਕੁੱਕਟੌਪ ਇਨਡੋਰ ਸੋਲਰ ਕੁਕਿੰਗ ਸਿਸਟਮ ਨੂੰ ਉਪਭੋਗਤਾਵਾਂ ਲਈ ਵਧੇਰੇ ਸੁਵਿਧਾਜਨਕ ਅਤੇ ਸਰਲ ਬਣਾਇਆ ਗਿਆ ਹੈ। ਇਹ ਇੱਕ ਕ੍ਰਾਂਤੀਕਾਰੀ ਇਨਡੋਰ ਸੋਲਰ ਕੁਕਿੰਗ ਸਮਾਧਾਨ ਹੈ ਜੋ ਸੋਲਰ ਅਤੇ ਸਹਾਇਕ ਊਰਜਾ ਸਰੋਤਾਂ 'ਤੇ ਇੱਕੋ ਸਮੇਂ ਕੰਮ ਕਰਦਾ ਹੈ, ਇਸ ਤਰ੍ਹਾਂ ਇਹ ਭਾਰਤ ਲਈ ਖਾਣਾ ਪਕਾਉਣ ਦਾ ਭਰੋਸੇਯੋਗ ਸਾਧਨ ਬਣ ਗਿਆ ਹੈ।
ਤੁਮਕੁਰੂ ਵਿੱਚ ਪ੍ਰਧਾਨ ਮੰਤਰੀ
ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਵੱਲ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਤੁਮਕੁਰੂ ਵਿੱਚ ਆੱਚਏਐੱਲ ਹੈਲੀਕੌਪਟਰ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ 2016 ਵਿੱਚ ਰੱਖਿਆ ਗਿਆ ਸੀ। ਇਹ ਇੱਕ ਸਮਰਪਿਤ ਨਵੀਂ ਗ੍ਰੀਨਫੀਲਡ ਹੈਲੀਕੌਪਟਰ ਫੈਕਟਰੀ ਹੈ ਜੋ ਹੈਲੀਕੌਪਟਰਾਂ ਨੂੰ ਬਣਾਉਣ ਦੀ ਸਮਰੱਥਾ ਅਤੇ ਈਕੋਸਿਸਟਮ ਨੂੰ ਵਧਾਏਗੀ।
ਇਹ ਹੈਲੀਕੌਪਟਰ ਫੈਕਟਰੀ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕੌਪਟਰ ਨਿਰਮਾਣ ਸੁਵਿਧਾ ਹੈ ਅਤੇ ਸ਼ੁਰੂ ਵਿੱਚ ਲਾਈਟ ਯੂਟਿਲਿਟੀ ਹੈਲੀਕੌਪਟਰ (ਐੱਲਯੂਐੱਚ) ਦਾ ਉਤਪਾਦਨ ਕਰੇਗੀ।ਐੱਲਯੂਐੱਚ ਇੱਕ ਸਵਦੇਸ਼ੀ ਤੌਰ 'ਤੇ ਡਿਜ਼ਾਇਨ ਕੀਤਾ ਅਤੇ ਵਿਕਸਿਤ 3-ਟਨ ਕਲਾਸ, ਸਿੰਗਲ ਇੰਜਣ ਮਲਟੀਪਰਪਜ਼ ਯੂਟਿਲਿਟੀ ਹੈਲੀਕੌਪਟਰ ਹੈ ਜਿਸ ਵਿੱਚ ਉੱਚ ਕਾਰਜਸ਼ੀਲਤਾ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਮੌਜੂਦ ਹਨ।
ਫੈਕਟਰੀ ਦਾ ਵਿਸਤਾਰ ਹੋਰ ਹੈਲੀਕੌਪਟਰ ਜਿਵੇਂ ਕਿ ਲਾਈਟ ਕੰਬੈਟ ਹੈਲੀਕੌਪਟਰ (ਐੱਲਸੀਐੱਚ) ਅਤੇ ਇੰਡੀਅਨ ਮਲਟੀਰੋਲ ਹੈਲੀਕੌਪਟਰ (ਆਈਐੱਮਆਰਐੱਚ) ਦੇ ਨਿਰਮਾਣ ਦੇ ਨਾਲ-ਨਾਲ ਭਵਿੱਖ ਵਿੱਚ ਐੱਲਸੀਐੱਚ, ਐੱਲਯੂਐੱਚ, ਸਿਵਲ ਏਐੱਲਐੱਚ ਅਤੇ ਆਈਐੱਮਆਰਐੱਚ ਦੀ ਮੁਰੰਮਤ ਅਤੇ ਓਵਰਹਾਲਿੰਗ ਲਈ ਕੀਤਾ ਜਾਵੇਗਾ। ਫੈਕਟਰੀ ਵਿੱਚ ਭਵਿੱਖ ਵਿੱਚ ਸਿਵਲ ਐੱਲਯੂਐੱਚ’ਸ ਨੂੰ ਨਿਰਯਾਤ ਕਰਨ ਦੀ ਵੀ ਸੰਭਾਵਨਾ ਹੈ।
ਇਹ ਸੁਵਿਧਾ ਭਾਰਤ ਨੂੰ ਹੈਲੀਕੌਪਟਰਾਂ ਦੀਆਂ ਆਪਣੀਆਂ ਸਮੁੱਚੀਆਂ ਜ਼ਰੂਰਤਾਂ ਨੂੰ ਸਵਦੇਸ਼ੀ ਤੌਰ 'ਤੇ ਪੂਰਾ ਕਰਨ ਦੇ ਸਮਰੱਥ ਬਣਾਵੇਗੀ ਅਤੇ ਭਾਰਤ ਵਿੱਚ ਹੈਲੀਕੌਪਟਰ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਵਿੱਚ ਸਵੈ-ਨਿਰਭਰਤਾ ਨੂੰ ਸਮਰੱਥ ਬਣਾਉਣ ਦਾ ਮਾਣ ਹਾਸਲ ਕਰੇਗੀ।
ਫੈਕਟਰੀ ਵਿੱਚ ਉਦਯੋਗ 4.0 ਸਟੈਂਡਰਡਜ਼ ਦਾ ਮੈਨੂਫੈਕਚਰਿੰਗ ਸੈੱਟਅੱਪ ਹੋਵੇਗਾ। ਅਗਲੇ 20 ਵਰ੍ਹਿਆਂ ਵਿੱਚ, ਐੱਚਏਐੱਲ ਤੁਮਕੁਰੂ ਤੋਂ 3-15 ਟਨ ਦੀ ਸ਼੍ਰੇਣੀ ਵਿੱਚ 1000 ਤੋਂ ਅਧਿਕ ਹੈਲੀਕੌਪਟਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਖੇਤਰ ਦੇ ਤਕਰੀਬਨ 6000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਪ੍ਰਧਾਨ ਮੰਤਰੀ ਤੁਮਕੁਰੂ ਉਦਯੋਗਿਕ ਟਾਊਨਸ਼ਿਪ ਦਾ ਨੀਂਹ ਪੱਥਰ ਰੱਖਣਗੇ। ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ, ਤੁਮਕੁਰੂ ਵਿੱਚ ਤਿੰਨ ਪੜਾਵਾਂ ਵਿੱਚ 8484 ਏਕੜ ਵਿੱਚ ਫੈਲੀ ਉਦਯੋਗਿਕ ਟਾਊਨਸ਼ਿਪ ਦੇ ਵਿਕਾਸ ਨੂੰ ਚੇਨਈ ਬੰਗਲੁਰੂ ਇੰਡਸਟ੍ਰੀਅਲ ਕੌਰੀਡੋਰ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਤੁਮਕੁਰੂ ਵਿੱਚ ਤਿਪਟੂਰ ਅਤੇ ਚਿੱਕਨਾਯਕਨਹੱਲੀ ਵਿੱਚ ਦੋ ਜਲ ਜੀਵਨ ਮਿਸ਼ਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਤਿਪਟੂਰ ਮਲਟੀ-ਵਿਲੇਜ ਡਰਿੰਕਿੰਗ ਵਾਟਰ ਸਪਲਾਈ ਪ੍ਰੋਜੈਕਟ 430 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਚਿੱਕਨਾਯਕਨਹੱਲੀ ਤਾਲੁਕ ਦੀਆਂ 147 ਬਸਤੀਆਂ ਲਈ ਬਹੁ-ਗ੍ਰਾਮ (ਮਲਟੀ-ਵਿਲੇਜ) ਜਲ ਸਪਲਾਈ ਯੋਜਨਾ ਲਗਭਗ 115 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਇਹ ਪ੍ਰੋਜੈਕਟ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਸਵੱਛ ਪਾਣੀ ਦੀ ਸੁਵਿਧਾ ਪ੍ਰਦਾਨ ਕਰਨਗੇ।
*********
ਡੀਐੱਸ/ਐੱਸਟੀ
(Release ID: 1896404)
Visitor Counter : 154
Read this release in:
Kannada
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Malayalam