ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਰਿਅੱਪਾ ਮੈਦਾਨ ਵਿੱਚ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕੀਤਾ


"ਤੁਸੀਂ 'ਅੰਮ੍ਰਿਤ ਪੀੜ੍ਹੀ' ਦੀ ਨੁਮਾਇੰਦਗੀ ਕਰ ਰਹੇ ਹੋ, ਜੋ ਇੱਕ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੀ ਸਿਰਜਣਾ ਕਰੇਗੀ"

“ਜਦੋਂ ਸੁਪਨੇ ਸੰਕਲਪ ਵਿੱਚ ਬਦਲਦੇ ਹਨ ਅਤੇ ਜੀਵਨ ਇਨ੍ਹਾਂ ਨੂੰ ਸਮਰਪਿਤ ਹੁੰਦਾ ਹੈ, ਤਾਂ ਸਫ਼ਲਤਾ ਯਕੀਨੀ ਹੈ। ਇਹ ਭਾਰਤ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ ਸਮਾਂ ਹੈ"

"ਭਾਰਤ ਦਾ ਸਮਾਂ ਆ ਗਿਆ ਹੈ"

"ਯੁਵਾ ਸ਼ਕਤੀ ਭਾਰਤ ਦੀ ਵਿਕਾਸ ਯਾਤਰਾ ਦਾ ਸੰਚਾਲਕ ਬਲ ਹੈ"

"ਜਦੋਂ ਦੇਸ਼ ਨੌਜਵਾਨਾਂ ਦੀ ਊਰਜਾ ਅਤੇ ਜੋਸ਼ ਨਾਲ ਭਰਪੂਰ ਹੁੰਦਾ ਹੈ, ਉਸ ਦੇਸ਼ ਦੀ ਪ੍ਰਾਥਮਿਕਤਾ ਹਮੇਸ਼ਾ ਨੌਜਵਾਨ ਹੋਣਗੇ"

"ਇਹ ਖਾਸ ਤੌਰ 'ਤੇ ਰੱਖਿਆ ਬਲਾਂ ਅਤੇ ਏਜੰਸੀਆਂ ਵਿੱਚ ਦੇਸ਼ ਦੀਆਂ ਬੇਟੀਆਂ ਲਈ ਵੱਡੀਆਂ ਸੰਭਾਵਨਾਵਾਂ ਦਾ ਸਮਾਂ ਹੈ"

Posted On: 28 JAN 2023 7:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿੱਚ ਸਲਾਨਾ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕੀਤਾ। ਇਸ ਸਾਲ, ਐੱਨਸੀਸੀ ਆਪਣੀ ਸਥਾਪਨਾ ਦਾ 75ਵਾਂ ਸਾਲ ਮਨਾ ਰਿਹਾ ਹੈ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨੇ ਐੱਨਸੀਸੀ ਦੇ 75 ਸਫ਼ਲ ਸਾਲਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਡੇਅ ਕਵਰ ਅਤੇ 75/- ਰੁਪਏ ਦਾ ਇੱਕ ਯਾਦਗਾਰੀ ਵਿਸ਼ੇਸ਼ ਸਿੱਕਾ ਜਾਰੀ ਕੀਤਾ। ਕੰਨਿਆਕੁਮਾਰੀ ਤੋਂ ਦਿੱਲੀ ਪਹੁੰਚੀ ਏਕਤਾ ਮਸ਼ਾਲ (ਯੂਨਿਟੀ ਫਲੇਮ) ਪ੍ਰਧਾਨ ਮੰਤਰੀ ਨੂੰ ਸੌਂਪੀ ਗਈ ਅਤੇ ਕਰਿਅੱਪਾ ਮੈਦਾਨ ਵਿੱਚ ਜਗਾਈ ਗਈ। ਇਹ ਰੈਲੀ ਇੱਕ ਹਾਈਬ੍ਰਿਡ ਦਿਨ ਅਤੇ ਰਾਤ ਦੇ ਸਮਾਰੋਹ ਵਜੋਂ ਆਯੋਜਿਤ ਕੀਤੀ ਗਈ ਸੀ ਅਤੇ ਇਸ ਵਿੱਚ 'ਏਕ ਭਾਰਤ ਸ਼੍ਰੇਸ਼ਠ ਭਾਰਤ' ਥੀਮ 'ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਸ਼ਾਮਲ ਹੋਵੇਗਾ। ਵਸੁਧੈਵ ਕੁਟੁੰਬਕਮ ਦੀ ਸੱਚੀ ਭਾਰਤੀ ਭਾਵਨਾ ਤਹਿਤ 19 ਦੇਸ਼ਾਂ ਦੇ 196 ਅਫਸਰਾਂ ਅਤੇ ਕੈਡਿਟਾਂ ਨੂੰ ਸਮਾਰੋਹ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਸੀ।

ਰੈਲੀ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਅਤੇ ਐੱਨਸੀਸੀ ਦੋਵੇਂ ਇਸ ਸਾਲ ਆਪਣੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ ਅਤੇ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਐੱਨਸੀਸੀ ਦੀ ਅਗਵਾਈ ਕਰਕੇ ਅਤੇ ਇਸ ਦਾ ਹਿੱਸਾ ਬਣ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਨੇ ਕੈਡਿਟਾਂ ਨੂੰ ਕਿਹਾ ਕਿ ਐੱਨਸੀਸੀ ਕੈਡਿਟ ਅਤੇ ਰਾਸ਼ਟਰ ਦੇ ਯੁਵਾ ਹੋਣ ਦੇ ਨਾਤੇ ਉਹ ਦੇਸ਼ ਦੀ 'ਅੰਮ੍ਰਿਤ ਪੀੜ੍ਹੀ' ਦੀ ਨੁਮਾਇੰਦਗੀ ਕਰਦੇ ਹਨ, ਜੋ ਆਉਣ ਵਾਲੇ 25 ਸਾਲਾਂ 'ਚ ਦੇਸ਼ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਵੇਗੀ ਅਤੇ 'ਵਿਕਸਿਤ' ਅਤੇ 'ਆਤਮਨਿਰਭਰ ਭਾਰਤ' ਦੀ ਸਿਰਜਣਾ ਕਰੇਗੀ। ਪ੍ਰਧਾਨ ਮੰਤਰੀ ਨੇ ਏਕਤਾ ਮਸ਼ਾਲ ਲਈ ਕੈਡਿਟਾਂ ਦੀ ਤਾਰੀਫ਼ ਕੀਤੀ, ਜਿਵੇਂ ਉਨ੍ਹਾਂ ਨੇ ਕੰਨਿਆਕੁਮਾਰੀ ਤੋਂ ਦਿੱਲੀ ਤੱਕ 60 ਦਿਨਾਂ ਤੱਕ ਰੋਜ਼ਾਨਾ 50 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਕਿਹਾ ਕਿ ਸ਼ਾਮ ਵੇਲੇ ਦੀ ਮਸ਼ਾਲ ਅਤੇ ਸੱਭਿਆਚਾਰਕ ਉਤਸ਼ਾਹ ਨੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।

ਗਣਤੰਤਰ ਦਿਵਸ ਪਰੇਡ ਵਿੱਚ ਐੱਨਸੀਸੀ ਕੈਡਿਟਾਂ ਦੇ ਹਿੱਸਾ ਲੈਣ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਕਰਤੱਵਯ ਮਾਰਗ 'ਤੇ ਹੋਣ ਵਾਲੀ ਪਰੇਡ ਦੀ ਵਿਸ਼ੇਸ਼ਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਐੱਨਸੀਸੀ ਕੈਡਿਟਾਂ ਨੂੰ ਰਾਸ਼ਟਰੀ ਯੁੱਧ ਸਮਾਰਕ, ਪੁਲਿਸ ਸਮਾਰਕ, ਲਾਲ ਕਿਲੇ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ, ਪ੍ਰਧਾਨ ਮੰਤਰੀ ਸੰਗ੍ਰਹਾਲਯ, ਸਰਦਾਰ ਪਟੇਲ ਮਿਊਜ਼ੀਅਮ ਅਤੇ ਬੀਆਰ ਅੰਬੇਡਕਰ ਮਿਊਜ਼ੀਅਮ ਜਿਹੀਆਂ ਥਾਵਾਂ ਦਾ ਦੌਰਾ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਣਾ ਅਤੇ ਹੌਸਲਾ ਮਿਲ ਸਕੇ।

ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਚਲਾਉਣ ਵਾਲੀ ਮੁੱਖ ਊਰਜਾ ਵਜੋਂ ਨੌਜਵਾਨਾਂ ਦੀ ਕੇਂਦਰੀਅਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਜਦੋਂ ਸੁਪਨੇ ਸੰਕਲਪ ਵਿੱਚ ਬਦਲ ਜਾਂਦੇ ਹਨ ਅਤੇ ਇੱਕ ਜੀਵਨ ਇਸ ਨੂੰ ਸਮਰਪਿਤ ਹੁੰਦਾ ਹੈ ਤਾਂ ਸਫ਼ਲਤਾ ਯਕੀਨੀ ਹੁੰਦੀ ਹੈ। ਇਹ ਭਾਰਤ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ ਸਮਾਂ ਹੈ। ਹਰ ਪਾਸੇ ਇਹ ਜ਼ਾਹਰ ਹੈ ਕਿ ਭਾਰਤ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ, "ਪੂਰਾ ਵਿਸ਼ਵ ਭਾਰਤ ਵੱਲ ਦੇਖ ਰਿਹਾ ਹੈ ਅਤੇ ਇਹ ਸਭ ਭਾਰਤ ਦੇ ਨੌਜਵਾਨਾਂ ਸਦਕਾ ਹੈ।” ਪ੍ਰਧਾਨ ਮੰਤਰੀ ਨੇ ਜੀ-20 ਪ੍ਰਧਾਨਗੀ ਲਈ ਨੌਜਵਾਨਾਂ ਦੇ ਉਤਸ਼ਾਹ 'ਤੇ ਮਾਣ ਜਤਾਇਆ।  

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਦੇਸ਼ ਨੌਜਵਾਨਾਂ ਦੀ ਊਰਜਾ ਅਤੇ ਜੋਸ਼ ਨਾਲ ਭਰਪੂਰ ਹੋਵੇਗਾ, ਤਾਂ ਉਸ ਦੇਸ਼ ਦੀ ਪ੍ਰਾਥਮਿਕਤਾ ਹਮੇਸ਼ਾ ਨੌਜਵਾਨ ਹੀ ਰਹਿਣਗੇ।” ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਜੋ ਉਨ੍ਹਾਂ ਦੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ। ਦੇਸ਼ ਦੇ ਨੌਜਵਾਨਾਂ ਲਈ ਡਿਜੀਟਲ ਕ੍ਰਾਂਤੀ, ਸਟਾਰਟ-ਅੱਪ ਕ੍ਰਾਂਤੀ ਜਾਂ ਇਨੋਵੇਸ਼ਨ ਕ੍ਰਾਂਤੀ ਜਿਹੇ ਖੋਲ੍ਹੇ ਜਾ ਰਹੇ ਵੱਖ-ਵੱਖ ਖੇਤਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਨੌਜਵਾਨ ਇਸ ਦੇ ਸਭ ਤੋਂ ਵੱਡੇ ਲਾਭਾਰਥੀ ਹਨ। ਭਾਰਤ ਵਿੱਚ ਅਸਾਲਟ ਰਾਈਫਲਾਂ ਅਤੇ ਬੁਲੇਟ ਪਰੂਫ ਜੈਕਟਾਂ ਦਰਾਮਦ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਸੁਧਾਰਾਂ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਅੱਜ ਭਾਰਤ ਸੈਂਕੜੇ ਰੱਖਿਆ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਨੇ ਸਰਹੱਦ 'ਤੇ ਤੇਜ਼ੀ ਨਾਲ ਚਲ ਰਹੇ ਬੁਨਿਆਦੀ ਢਾਂਚੇ ਦੇ ਕੰਮ ਦਾ ਵੀ ਜ਼ਿਕਰ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਇਹ ਭਾਰਤ ਦੇ ਨੌਜਵਾਨਾਂ ਲਈ ਮੌਕਿਆਂ ਅਤੇ ਸੰਭਾਵਨਾਵਾਂ ਦੀ ਇੱਕ ਨਵੀਂ ਦੁਨੀਆ ਖੋਲ੍ਹੇਗਾ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਪੁਲਾੜ ਖੇਤਰ ਵਿੱਚ ਪ੍ਰਗਤੀ ਨੂੰ ਨੌਜਵਾਨਾਂ ਦੀਆਂ ਸਮਰੱਥਾਵਾਂ ਵਿੱਚ ਭਰੋਸਾ ਕਰਨ ਦੇ ਸਕਾਰਾਤਮਕ ਨਤੀਜਿਆਂ ਦੀ ਇੱਕ ਉਦਾਹਰਣ ਵਜੋਂ ਪੇਸ਼ ਕੀਤਾ। ਜਿਵੇਂ ਹੀ ਯੁਵਾ ਪ੍ਰਤਿਭਾ ਲਈ ਪੁਲਾੜ ਖੇਤਰ ਦੇ ਦਰਵਾਜ਼ੇ ਖੁੱਲ੍ਹੇ ਹਨ, ਪਹਿਲੇ ਨਿਜੀ ਉਪਗ੍ਰਹਿ ਲਾਂਚ ਵਰਗੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਇਸੇ ਤਰ੍ਹਾਂ, ਗੇਮਿੰਗ ਅਤੇ ਐਨੀਮੇਸ਼ਨ ਖੇਤਰ ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਮੌਕੇ ਵਧਾ ਰਿਹਾ ਹੈ। ਡ੍ਰੋਨ ਟੈਕਨੋਲੋਜੀ ਮਨੋਰੰਜਨ, ਲੌਜਿਸਟਿਕਸ ਤੋਂ ਲੈ ਕੇ ਖੇਤੀਬਾੜੀ ਤੱਕ ਦੇ ਨਵੇਂ ਖੇਤਰਾਂ ਨੂੰ ਵੀ ਆਪਣੇ ਆਪ ਵਿੱਚ ਸ਼ਾਮਲ ਕਰ ਰਹੀ ਹੈ।

ਨੌਜਵਾਨਾਂ ਦੀ ਰੱਖਿਆ ਬਲਾਂ ਅਤੇ ਏਜੰਸੀਆਂ ਨਾਲ ਜੁੜਨ ਦੀ ਇੱਛਾ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਦੇਸ਼ ਦੀਆਂ ਬੇਟੀਆਂ ਲਈ ਵੱਡੀਆਂ ਸੰਭਾਵਨਾਵਾਂ ਦਾ ਸਮਾਂ ਹੈ। ਪੁਲਿਸ ਅਤੇ ਅਰਧ ਸੈਨਿਕ ਬਲਾਂ ਵਿੱਚ ਪਿਛਲੇ 8 ਸਾਲਾਂ ਵਿੱਚ ਮਹਿਲਾਵਾਂ ਦੀ ਗਿਣਤੀ ਦੁੱਗਣੀ ਹੋਈ ਹੈ। ਤਿੰਨੋਂ ਹਥਿਆਰਬੰਦ ਬਲਾਂ ਦੀਆਂ ਮਹਿਲਾ ਜਵਾਨਾਂ ਦਾ ਸਰਹੱਦਾਂ 'ਤੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਨੇ ਜਲ ਸੈਨਾ ਵਿੱਚ ਸੇਲਰਜ਼ ਵਜੋਂ ਮਹਿਲਾਵਾਂ ਦੀ ਪਹਿਲੀ ਭਰਤੀ ਦਾ ਜ਼ਿਕਰ ਕੀਤਾ। ਮਹਿਲਾਵਾਂ ਨੇ ਹਥਿਆਰਬੰਦ ਬਲਾਂ ਵਿੱਚ ਜੰਗੀ ਭੂਮਿਕਾਵਾਂ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ ਐੱਨਡੀਏ, ਪੁਣੇ ਵਿਖੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੈਨਿਕ ਸਕੂਲਾਂ ਵਿੱਚ 1500 ਲੜਕੀਆਂ ਨੂੰ ਦਾਖਲਾ ਦਿੱਤਾ ਗਿਆ ਹੈ ਕਿਉਂਕਿ ਇਹ ਸਕੂਲ ਪਹਿਲੀ ਵਾਰ ਵਿਦਿਆਰਥਣਾਂ ਲਈ ਖੋਲ੍ਹੇ ਗਏ ਸਨ। ਐੱਨਸੀਸੀ ਨੇ ਪਿਛਲੇ ਦਹਾਕੇ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਵੀ ਲਗਾਤਾਰ ਵਾਧਾ ਦਰਸਾਇਆ ਹੈ।

ਯੁਵਾ ਸ਼ਕਤੀ ਦੀ ਸ਼ਕਤੀ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਸਰਹੱਦੀ ਅਤੇ ਤੱਟਵਰਤੀ ਖੇਤਰਾਂ ਤੋਂ ਇੱਕ ਲੱਖ ਤੋਂ ਵੱਧ ਕੈਡਿਟ ਭਰਤੀ ਕੀਤੇ ਗਏ ਹਨ ਅਤੇ ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਦੇਸ਼ ਦੇ ਵਿਕਾਸ ਲਈ ਇਕੱਠੇ ਹੋ ਜਾਣ ਤਾਂ ਕੋਈ ਵੀ ਉਦੇਸ਼ ਅਧੂਰਾ ਨਹੀਂ ਰਹੇਗਾ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਕੈਡਿਟ ਨਿਜੀ ਤੌਰ 'ਤੇ ਅਤੇ ਇੱਕ ਸੰਸਥਾ ਦੇ ਰੂਪ ਵਿੱਚ ਰਾਸ਼ਟਰ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਦਾ ਵਿਸਤਾਰ ਕਰਨਗੇ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਬਹੁਤ ਸਾਰੇ ਬਹਾਦਰਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਰਾਹ ਅਖਤਿਆਰ ਕੀਤਾ ਸੀ, ਪਰ ਅੱਜ ਦੇਸ਼ ਲਈ ਜਿਊਣ ਦੀ ਇੱਛਾ ਹੀ ਦੇਸ਼ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਵਿੱਚ ਮਤਭੇਦ ਅਤੇ ਦਰਾਰ ਪਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ, ''ਇੰਨੇ ਯਤਨਾਂ ਦੇ ਬਾਵਜੂਦ ਭਾਰਤ ਦੇ ਲੋਕਾਂ ਵਿੱਚ ਕਦੇ ਵੀ ਮਤਭੇਦ ਨਹੀਂ ਹੋਣਗੇ।'' ਉਨ੍ਹਾਂ ਕਿਹਾ, ਮਾਂ ਦੇ ਦੁੱਧ ਵਿੱਚ ਕਦੇ ਦਰਾਰ ਨਹੀਂ ਪੈ ਸਕਦੀ (ਮਾਂ ਕੇ ਦੂਧ ਮੈਂ ਕਭੀ ਦਰਾਰ ਨਹੀਂ ਹੋ ਸਕਤੀ)। ਏਕਤਾ ਦਾ ਮੰਤਰ ਇੱਕ ਵਚਨ ਦੇ ਨਾਲ-ਨਾਲ ਭਾਰਤ ਦੀ ਤਾਕਤ ਵੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਸ਼ਾਨ ਹਾਸਲ ਕਰਨ ਦਾ ਇਹੀ ਤਰੀਕਾ ਹੈ।

ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਸਿਰਫ਼ ਭਾਰਤ ਦਾ ਅੰਮ੍ਰਿਤ ਕਾਲ ਨਹੀਂ ਹੈ, ਸਗੋਂ ਭਾਰਤ ਦੇ ਨੌਜਵਾਨਾਂ ਦਾ ਅੰਮ੍ਰਿਤ ਕਾਲ ਹੈ ਅਤੇ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ, ਤਾਂ ਇਹ ਨੌਜਵਾਨ ਹੀ ਹੋਣਗੇ, ਜੋ ਸਫ਼ਲਤਾਵਾਂ ਦੇ ਸਿਖਰ 'ਤੇ ਹੋਣਗੇ। ਸ਼੍ਰੀ ਮੋਦੀ ਨੇ ਅੰਤ ਵਿੱਚ ਕਿਹਾ, "ਸਾਨੂੰ ਕੋਈ ਵੀ ਮੌਕਾ ਨਹੀਂ ਗੁਆਉਣਾ ਚਾਹੀਦਾ ਅਤੇ ਭਾਰਤ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਦੇ ਸੰਕਲਪ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ।"

ਇਸ ਮੌਕੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ, ਡੀਜੀ ਐੱਨਸੀਸੀ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ, ਚੀਫ ਆਵ੍ ਡਿਫੈਂਸ ਸਟਾਫ਼ ਲੈਫਟੀਨੈਂਟ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀਕੁਮਾਰ, ਵਾਯੂ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਅਤੇ ਰੱਖਿਆ ਸਕੱਤਰ ਸ਼੍ਰੀ ਗਿਰਧਰ ਅਰਮਾਨੇ ਹਾਜ਼ਰ ਸਨ।

 

 

*****

 

ਡੀਐੱਸ/ਟੀਐੱਸ 



(Release ID: 1894481) Visitor Counter : 115