ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 97ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.01.2023)

Posted On: 29 JAN 2023 11:43AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। 2023 ਦੀ ਇਹ ਪਹਿਲੀ ‘ਮਨ ਕੀ ਬਾਤ’ ਅਤੇ ਉਸ ਦੇ ਨਾਲ-ਨਾਲ ਇਸ ਪ੍ਰੋਗਰਾਮ ਦਾ 97ਵਾਂ ਐਪੀਸੋਡ ਵੀ ਹੈ। ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਰ ਫਿਰ ਗੱਲਬਾਤ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਹਰ ਸਾਲ ਜਨਵਰੀ ਦਾ ਮਹੀਨਾ ਕਾਫੀ ਤਿਉਹਾਰ ਭਰਪੂਰ ਹੁੰਦਾ ਹੈ। ਇਸ ਮਹੀਨੇ 14 ਜਨਵਰੀ ਦੇ ਆਸ-ਪਾਸ ਉੱਤਰ ਤੋਂ ਦੱਖਣ ਤੱਕ ਅਤੇ ਪੂਰਬ ਤੋਂ ਪੱਛਮ ਤੱਕ ਦੇਸ਼ ਭਰ ’ਚ ਤਿਉਹਾਰਾਂ ਦੀ ਰੌਣਕ ਹੁੰਦੀ ਹੈ। ਇਸ ਤੋਂ ਬਾਅਦ ਦੇਸ਼ ਆਪਣਾ ਗਣਤੰਤਰ ਉਤਸਵ ਵੀ ਮਨਾਉਂਦਾ ਹੈ। ਇਸ ਵਾਰ ਵੀ ਗਣਤੰਤਰ ਦਿਵਸ ਸਮਾਰੋਹ ’ਚ ਅਨੇਕਾਂ ਪਹਿਲੂਆਂ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਜੈਸਲਮੇਰ ਤੋਂ ਪੁਲਕਿਤ ਨੇ ਮੈਨੂੰ ਲਿਖਿਆ ਹੈ ਕਿ 26 ਜਨਵਰੀ ਦੀ ਪਰੇਡ ਦੌਰਾਨ ਕਰਤਵਯ ਪਥ ਦਾ ਨਿਰਮਾਣ ਕਰਨ ਵਾਲੇ ਮਿਹਨਤਕਸ਼ਾਂ ਨੂੰ ਦੇਖ ਕੇ ਬਹੁਤ ਚੰਗਾ ਲਗਿਆ। ਕਾਨਪੁਰ ਤੋਂ ਜਯਾ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਪਰੇਡ ਵਿੱਚ ਸ਼ਾਮਲ ਝਾਕੀਆਂ ’ਚ ਭਾਰਤੀ ਸੰਸਕ੍ਰਿਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦੇਖ ਕੇ ਆਨੰਦ ਆਇਆ। ਇਸ ਪਰੇਡ ’ਚ ਪਹਿਲੀ ਵਾਰ ਹਿੱਸਾ ਲੈਣ ਵਾਲੀਆਂ Women Camel Riders ਅਤੇ ਸੀਆਰਪੀਐੱਫ ਦੀ ਮਹਿਲਾ ਟੁਕੜੀ ਦੀ ਵੀ ਕਾਫੀ ਸ਼ਲਾਘਾ ਹੋ ਰਹੀ ਹੈ।

ਸਾਥੀਓ, ਦੇਹਰਾਦੂਨ ਦੇ ਵਤਸਲ ਜੀ ਨੇ ਮੈਨੂੰ ਲਿਖਿਆ ਹੈ ਕਿ 25 ਜਨਵਰੀ ਦੀ ਮੈਂ ਹਮੇਸ਼ਾ ਉਡੀਕ ਕਰਦਾ ਹਾਂ, ਕਿਉਂਕਿ ਉਸ ਦਿਨ ਪਦਮ ਪੁਰਸਕਾਰਾਂ ਦੀ ਘੋਸ਼ਣਾ ਹੁੰਦੀ ਹੈ ਅਤੇ ਇੱਕ ਤਰ੍ਹਾਂ ਨਾਲ 25 ਤਾਰੀਕ ਦੀ ਸ਼ਾਮ ਹੀ ਮੇਰੀ 26 ਜਨਵਰੀ ਦੇ ਉਤਸ਼ਾਹ ਨੂੰ ਹੋਰ ਵਧਾ ਦਿੰਦੀ ਹੈ। ਜ਼ਮੀਨੀ ਪੱਧਰ ’ਤੇ ਆਪਣੇ ਸਮਰਪਣ ਅਤੇ ਸੇਵਾ ਭਾਵਨਾ ਨਾਲ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ People’s Padma ਲੈ ਕੇ ਵੀ ਕਈ ਲੋਕਾਂ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਇਸ ਵਾਰ ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ਵਿੱਚ ਜਨਜਾਤੀ ਸਮੁਦਾਇ ਅਤੇ ਜਨਜਾਤੀ ਜੀਵਨ ਨਾਲ ਜੁੜੇ ਲੋਕਾਂ ਦੀ ਚੰਗੀ-ਖ਼ਾਸੀ ਪ੍ਰਤੀਨਿਧਤਾ ਰਹੀ ਹੈ। ਜਨਜਾਤੀ ਜੀਵਨ ਸ਼ਹਿਰਾਂ ਦੀ ਭੱਜਦੌੜ ਤੋਂ ਅਲੱਗ ਹੁੰਦਾ ਹੈ, ਉਸ ਦੀਆਂ ਚੁਣੌਤੀਆਂ ਵੀ ਅਲੱਗ ਹੁੰਦੀਆਂ ਹਨ। ਇਸ ਦੇ ਬਾਵਜੂਦ ਜਨਜਾਤੀ ਸਮਾਜ, ਆਪਣੀਆਂ ਪਰੰਪਰਾਵਾਂ ਨੂੰ ਸਾਂਭਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਜਨਜਾਤੀ ਸਮੁਦਾਇ ਨਾਲ ਜੁੜੀਆਂ ਚੀਜ਼ਾਂ ਦੀ ਸਾਂਭ ਅਤੇ ਉਨ੍ਹਾਂ ਉੱਪਰ ਖੋਜ ਦੇ ਯਤਨ ਵੀ ਹੁੰਦੇ ਹਨ। ਏਦਾਂ ਹੀ ਟੋਟੋ, ਹੋ, ਕੁਈ, ਕੁਵੀ ਅਤੇ ਮਾਂਡਾ ਜਿਹੀਆਂ ਜਨਜਾਤੀਆਂ ਭਾਸ਼ਾਵਾਂ ਉੱਪਰ ਕੰਮ ਕਰਨ ਵਾਲੀਆਂ ਕਈ ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰ ਮਿਲੇ ਹਨ। ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਧਾਨੀ ਰਾਮ ਟੋਟੋ, ਜਾਨੁਮ ਸਿੰਘ ਸੋਯੇ ਅਤੇ ਬੀ. ਰਾਮਾਕ੍ਰਿਸ਼ਨ ਰੈੱਡੀ ਜੀ ਦੇ ਨਾਮ ਤੋਂ ਪੂਰਾ ਦੇਸ਼ ਉਨ੍ਹਾਂ ਨਾਲ ਜਾਣੂ ਹੋ ਗਿਆ ਹੈ। ਸਿੱਧੀ, ਜਾਰਵਾ, ਓਂਗੇ ਜਿਹੀਆਂ ਆਦਿ - ਜਨਜਾਤੀਆਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਸ ਵਾਰ ਸਨਮਾਨਿਤ ਕੀਤਾ ਗਿਆ ਹੈ। ਜਿਵੇਂ ਹੀਰਾ ਬਾਈ ਲੋਬੀ, ਰਤਨ ਚੰਦ ਕਾਰ ਅਤੇ ਈਸ਼ਵਰ ਚੰਦਰ ਵਰਮਾ ਜੀ। ਜਨਜਾਤੀ ਸਮੁਦਾਇ ਸਾਡੀ ਧਰਤੀ, ਸਾਡੀ ਵਿਰਾਸਤ ਦਾ ਅਨਿੱਖੜ੍ਹਵਾਂ ਅੰਗ ਰਹੇ ਹਨ। ਦੇਸ਼ ਅਤੇ ਸਮਾਜ ਦੇ ਵਿਕਾਸ ’ਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਦਾ ਸਨਮਾਨ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਿਤ ਕਰੇਗਾ। ਇਸ ਵਰ੍ਹੇ ਪਦਮ ਪੁਰਸਕਾਰਾਂ ਦੀ ਗੂੰਜ ਉਨ੍ਹਾਂ ਇਲਾਕਿਆਂ ’ਚ ਵੀ ਸੁਣਾਈ ਦੇ ਰਹੀ ਹੈ ਜੋ ਨਕਸਲ ਪ੍ਰਭਾਵਿਤ ਹੋਇਆ ਕਰਦੇ ਸਨ। ਆਪਣੇ ਯਤਨਾਂ ਨਾਲ ਨਕਸਲ ਪ੍ਰਭਾਵਿਤ ਖੇਤਰਾਂ ’ਚ ਗੁਮਰਾਹ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਵਾਲਿਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਲਈ ਕਾਂਕੇਰ ’ਚ ਲੱਕੜ ਉੱਪਰ ਨਕਾਸ਼ੀ ਕਰਨ ਵਾਲੇ ਅਜੇ ਕੁਮਾਰ ਮੰਡਾਵੀ ਅਤੇ ਗੜ੍ਹਚਰੌਲੀ ਦੇ ਪ੍ਰਸਿੱਧ ਝਾੜੀਪੱਟੀ, ਰੰਗਭੂਮੀ ਨਾਲ ਜੁੜੇ ਪਰਸ਼ੂਰਾਮ ਕੋਮਾਜੀ ਖੁਣੇ ਨੂੰ ਵੀ ਇਹ ਸਨਮਾਨ ਮਿਲਿਆ ਹੈ। ਇਸੇ ਤਰ੍ਹਾਂ ਨੌਰਥ-ਈਸਟ ’ਚ ਆਪਣੀ ਸੰਸਕ੍ਰਿਤੀ ਦੀ ਸਾਂਭ ’ਚ ਜੁੜੇ ਰਾਮਕੁਈਵਾਂਗਬੇ ਨਿਓਮੇ, ਬਿਕਰਮ ਬਹਾਦਰ ਜਮਾਤੀਆ ਅਤੇ ਕਰਮਾ ਵਾਂਗਚੂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

ਸਾਥੀਓ, ਇਸ ਵਾਰ ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਿਆਂ ’ਚ ਕਈ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਸੰਗੀਤ ਦੀ ਦੁਨੀਆ ਨੂੰ ਅਮੀਰ ਕੀਤਾ ਹੈ। ਕਿਹੜਾ ਹੈ ਜਿਸ ਨੂੰ ਸੰਗੀਤ ਪਸੰਦ ਨਾ ਹੋਵੇ। ਹਰ ਕਿਸੇ ਦੀ ਸੰਗੀਤ ਦੀ ਪਸੰਦ ਵੱਖ-ਵੱਖ ਹੋ ਸਕਦੀ ਹੈ ਪਰ ਸੰਗੀਤ ਹਰ ਕਿਸੇ ਦੇ ਜੀਵਨ ਦਾ ਹਿੱਸਾ ਹੁੰਦਾ ਹੈ। ਇਸ ਵਾਰ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਉਹ ਲੋਕ ਹਨ ਜੋ ਸੰਤੂਰ, ਬੰਮਹੁਮ, ਦੋ ਤਾਰਾ ਜਿਹੇ ਸਾਡੇ ਪਰੰਪਰਾਗਤ ਸਾਜ਼ਾਂ ਦੀਆਂ ਧੁਨਾਂ ਛੇੜਣ ਵਿੱਚ ਮੁਹਾਰਤ ਰੱਖਦੇ ਹਨ। ਗ਼ੁਲਾਮ ਮੁਹੰਮਦ ਜਾਜ਼, ਮੋਆ ਸੁ-ਪੌਂਗ, ਰੀ-ਸਿੰਹਬੋਰ, ਕੁਰਕਾ-ਲਾਂਗ, ਮੁਨੀ-ਵੈਂਕਟੱਪਾ ਅਤੇ ਮੰਗਲ ਕਾਂਤੀ ਰਾਏ ਅਜਿਹੇ ਕਿੰਨੇ ਹੀ ਨਾਮ ਹਨ, ਜਿਨ੍ਹਾਂ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

ਸਾਥੀਓ, ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਨੇਕ ਲੋਕ ਸਾਡੇ ਵਿਚਕਾਰ ਦੇ ਉਹ ਸਾਥੀ ਹਨ, ਜਿਨ੍ਹਾਂ ਨੇ ਹਮੇਸ਼ਾ ਦੇਸ਼ ਨੂੰ ਸਭ ਤੋਂ ਉੱਪਰ ਰੱਖਿਆ। ਪਹਿਲਾਂ ਰਾਸ਼ਟਰ ਦੇ ਸਿਧਾਂਤ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਹ ਸੇਵਾ ਭਾਵ ਨਾਲ ਆਪਣੇ ਕੰਮ ’ਚ ਲਗੇ ਰਹੇ ਅਤੇ ਉਸ ਲਈ ਉਨ੍ਹਾਂ ਕਦੀ ਕਿਸੇ ਪੁਰਸਕਾਰ ਦੀ ਉਮੀਦ ਨਹੀਂ ਕੀਤੀ। ਉਹ ਜਿਨ੍ਹਾਂ ਲਈ ਕੰਮ ਕਰ ਰਹੇ ਹਨ, ਉਨ੍ਹਾਂ ਦੇ ਚਿਹਰੇ ਦੀ ਸੰਤੁਸ਼ਟੀ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਐਵਾਰਡ ਹੈ। ਅਜਿਹੇ ਸਮਰਪਿਤ ਲੋਕਾਂ ਨੂੰ ਸਨਮਾਨਿਤ ਕਰਕੇ ਸਾਡਾ ਦੇਸ਼ਵਾਸੀਆਂ ਦਾ ਮਾਣ ਵਧਿਆ ਹੈ। ਮੈਂ ਸਾਰੇ ਪਦਮ ਪੁਰਸਕਾਰ ਜੇਤੂਆਂ ਦੇ ਨਾਮ ਭਾਵੇਂ ਇੱਥੇ ਨਾ ਲੈ ਸਕਾਂ ਪਰ ਤੁਹਾਨੂੰ ਮੇਰੀ ਬੇਨਤੀ ਜ਼ਰੂਰ ਹੈ ਕਿ ਤੁਸੀਂ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਦੇ ਪ੍ਰੇਰਣਾਦਾਇਕ ਜੀਵਨ ਦੇ ਵਿਸ਼ੇ ਬਾਰੇ ਵਿਸਤਾਰ ’ਚ ਜਾਣੋ ਅਤੇ ਹੋਰਨਾਂ ਨੂੰ ਵੀ ਦੱਸੋ। 

ਸਾਥੀਓ, ਅੱਜ ਜਦੋਂ ਅਸੀਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਗਣਤੰਤਰ ਦਿਵਸ ਦੀ ਚਰਚਾ ਕਰ ਰਹੇ ਹਾਂ ਤਾਂ ਮੈਂ ਇੱਥੇ ਇੱਕ ਦਿਲਚਸਪ ਕਿਤਾਬ ਦਾ ਜ਼ਿਕਰ ਵੀ ਕਰਾਂਗਾ। ਕੁਝ ਹਫ਼ਤੇ ਪਹਿਲਾਂ ਹੀ ਮੈਨੂੰ ਮਿਲੀ ਇਸ ਕਿਤਾਬ ’ਚ ਇੱਕ ਬਹੁਤ ਹੀ ਦਿਲਚਸਪ ਵਿਸ਼ੇ ਉੱਪਰ ਚਰਚਾ ਕੀਤੀ ਗਈ ਹੈ, ਇਸ ਕਿਤਾਬ ਦਾ ਨਾਮ ‘India-The Mother of Democracy’ ਹੈ ਅਤੇ ਇਸ ਵਿੱਚ ਬਿਹਤਰੀਨ ਲੇਖ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਸਾਡਾ ਦੇਸ਼ Mother of Democracy ਵੀ ਹੈ। ਲੋਕਤੰਤਰ ਸਾਡੀਆਂ ਰਗ਼ਾਂ ’ਚ ਹੈ, ਸਾਡੀ ਸੰਸਕ੍ਰਿਤੀ ’ਚ ਹੈ, ਸਦੀਆਂ ਤੋਂ ਇਹ ਸਾਡੇ ਕੰਮਕਾਰ ਦਾ ਇੱਕ ਅਨਿੱਖੜ੍ਹਵਾਂ ਹਿੱਸਾ ਰਿਹਾ ਹੈ। ਸੁਭਾਅ ਤੋਂ ਅਸੀਂ ਇੱਕ ਡੈਮੋਕ੍ਰੇਟਿਕ ਸੋਸਾਇਟੀ ਹਾਂ। ਡਾ. ਅੰਬੇਡਕਰ ਨੇ ਬੌਧ ਭਿਕਸ਼ੂ ਸੰਘ ਦੀ ਤੁਲਨਾ ਭਾਰਤੀ ਸੰਸਦ ਨਾਲ ਕੀਤੀ ਸੀ। ਉਨ੍ਹਾਂ ਨੇ ਉਸ ਨੂੰ ਇੱਕ ਅਜਿਹੀ ਸੰਸਥਾ ਦੱਸਿਆ ਸੀ, ਜਿੱਥੇ Motions, Resolutions, Quorum (ਕੋਰਮ), Voting ਅਤੇ ਵੋਟਾਂ ਦੀ ਗਿਣਤੀ ਦੇ ਲਈ ਕਈ ਨਿਯਮ ਸਨ। ਬਾਬਾ ਸਾਹੇਬ ਦਾ ਮੰਨਣਾ ਸੀ ਕਿ ਭਗਵਾਨ ਬੁੱਧ ਨੂੰ ਇਸ ਦੀ ਪ੍ਰੇਰਣਾ ਉਸ ਵੇਲੇ ਦੀਆਂ ਰਾਜਨੀਤਕ ਵਿਵਸਥਾਵਾਂ ਤੋਂ ਮਿਲੀ ਹੋਵੇਗੀ।

ਤਮਿਲ ਨਾਡੂ ’ਚ ਇੱਕ ਛੋਟਾ ਪਰ ਚਰਚਿਤ ਪਿੰਡ ਹੈ, ਉੱਤਿਰਮੇਰੂਰ। ਇੱਥੇ 1100-1200 ਸਾਲ ਪਹਿਲਾਂ ਦਾ ਇੱਕ ਸ਼ਿਲਾਲੇਖ ਦੁਨੀਆ ਭਰ ਨੂੰ ਹੈਰਾਨ ਕਰਦਾ ਹੈ। ਇਹ ਸ਼ਿਲਾਲੇਖ ਇੱਕ Mini-Constitution ਦੀ ਤਰ੍ਹਾਂ ਹੈ। ਇਸ ਵਿੱਚ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਗ੍ਰਾਮ ਸਭਾ ਦਾ ਸੰਚਾਲਨ ਕਿਵੇਂ ਹੋਣਾ ਚਾਹੀਦਾ ਹੈ ਅਤੇ ਉਸ ਦੇ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਕੀ ਹੈ। ਸਾਡੇ ਦੇਸ਼ ਦੇ ਇਤਿਹਾਸ ’ਚ Democratic Values ਦਾ ਇੱਕ ਹੋਰ ਉਦਾਹਰਣ ਹੈ - 12ਵੀਂ ਸਦੀ ਦੇ ਭਗਵਾਨ ਬਸਵੇਸ਼ਵਰ ਦਾ ਅਨੁਭਵ ਮੰਡਪਮ। ਇੱਥੇ Free Debate ਅਤੇ Discussion ਨੂੰ ਉਤਸ਼ਾਹ ਦਿੱਤਾ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ Magna Carta ਤੋਂ ਵੀ ਪਹਿਲਾਂ ਦੀ ਗੱਲ ਹੈ। ਵਾਰੰਗਲ ਦੇ ਕਾਕਤੀਯ ਵੰਸ਼ ਦੇ ਰਾਜਿਆਂ ਦੀਆਂ ਲੋਕਤੰਤਰੀ ਪਰੰਪਰਾਵਾਂ ਵੀ ਬਹੁਤ ਪ੍ਰਸਿੱਧ ਸਨ। ਭਗਤੀ ਅੰਦੋਲਨ ਨੇ, ਪੱਛਮੀ ਭਾਰਤ ’ਚ ਲੋਕਤੰਤਰੀ ਦੀ ਸੰਸਕ੍ਰਿਤੀ ਨੂੰ ਅੱਗੇ ਵਧਾਇਆ। ਬੁੱਕ ’ਚ ਸਿੱਖ ਪੰਥ ਦੀ ਲੋਕਤੰਤਰੀ ਭਾਵਨਾ ’ਤੇ ਵੀ ਇੱਕ ਲੇਖ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ’ਤੇ ਚਾਨਣਾ ਪਾਉਂਦਾ ਹੈ। ਮੱਧ ਭਾਰਤ ਦੀਆਂ ਉਰਾਂਵ ਅਤੇ ਮੁੰਡਾ ਜਨਜਾਤੀਆਂ ’ਚ Community Driven ਅਤੇ Consensus Driven Decision ’ਤੇ ਵੀ ਇਸ ਕਿਤਾਬ ’ਚ ਚੰਗੀ ਜਾਣਕਾਰੀ ਹੈ। ਤੁਸੀਂ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮਹਿਸੂਸ ਕਰੋਗੇ ਕਿ ਕਿਵੇਂ ਦੇਸ਼ ਦੇ ਹਰ ਹਿੱਸੇ ’ਚ ਸਦੀਆਂ ਤੋਂ ਲੋਕਤੰਤਰ ਦੀ ਭਾਵਨਾ ਪ੍ਰਵਾਹਿਤ ਹੁੰਦੀ ਰਹੀ ਹੈ। Mother of Democracy ਦੇ ਰੂਪ ’ਚ ਸਾਨੂੰ ਨਿਰੰਤਰ ਇਸ ਵਿਸ਼ੇ ਦਾ ਗਹਿਰਾ ਚਿੰਤਨ ਵੀ ਕਰਨਾ ਚਾਹੀਦਾ ਹੈ, ਚਰਚਾ ਵੀ ਕਰਨੀ ਚਾਹੀਦੀ ਹੈ ਅਤੇ ਦੁਨੀਆ ਨੂੰ ਜਾਣੂ ਵੀ ਕਰਵਾਉਣਾ ਚਾਹੀਦਾ ਹੈ। ਇਸ ਨਾਲ ਦੇਸ਼ ’ਚ ਲੋਕਤੰਤਰ ਦੀ ਭਾਵਨਾ ਹੋਰ ਵੀ ਗਹਿਰੀ ਹੋਵੇਗੀ।

ਮੇਰੇ ਪਿਆਰੇ ਦੇਸ਼ਵਾਸੀਓ, ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਯੋਗ ਦਿਵਸ ਅਤੇ ਸਾਡੇ ਵੱਖ-ਵੱਖ ਤਰ੍ਹਾਂ ਦੇ ਮੋਟੇ ਅਨਾਜਾਂ - Millets ’ਚੋਂ ਕੀ common ਹੈ ਤਾਂ ਤੁਸੀਂ ਸੋਚੋਗੇ ਕਿ ਇਹ ਵੀ ਕੀ ਤੁਲਨਾ ਹੋਈ? ਜੇਕਰ ਮੈਂ ਤੁਹਾਨੂੰ ਕਹਾਂ ਕਿ ਦੋਵਾਂ ’ਚ ਕਾਫੀ ਕੁਝ common ਹੈ ਤਾਂ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ ਸੰਯੁਕਤ ਰਾਸ਼ਟਰ ਨੇ International Yoga Day ਅਤੇ International Year of Millets, ਦੋਵਾਂ ਦਾ ਹੀ ਫ਼ੈਸਲਾ ਭਾਰਤ ਦੇ ਪ੍ਰਸਤਾਵ ਤੋਂ ਬਾਅਦ ਲਿਆ ਹੈ। ਦੂਸਰੀ ਗੱਲ ਇਹ ਕਿ ਯੋਗ ਵੀ ਸਿਹਤ ਨਾਲ ਜੁੜਿਆ ਹੈ ਅਤੇ Millets ਵੀ ਸਿਹਤ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤੀਸਰੀ ਗੱਲ ਹੋਰ ਮਹੱਤਵਪੂਰਨ ਹੈ - ਦੋਵੇਂ ਹੀ ਅਭਿਆਨਾਂ ’ਚ ਜਨ-ਭਾਗੀਦਾਰੀ ਦੀ ਵਜ੍ਹਾ ਨਾਲ ਕ੍ਰਾਂਤੀ ਆ ਰਹੀ ਹੈ। ਜਿਸ ਤਰ੍ਹਾਂ ਲੋਕਾਂ ਨੇ ਵਿਆਪਕ ਪੱਧਰ ’ਤੇ ਸਰਗਰਮ ਭਾਗੀਦਾਰੀ ਕਰਕੇ ਯੋਗ ਅਤੇ ਫਿਟਨਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ, ਉਸੇ ਤਰ੍ਹਾਂ Millets ਨੂੰ ਵੀ ਲੋਕ ਵੱਡੇ ਪੱਧਰ ’ਤੇ ਅਪਣਾ ਰਹੇ ਹਨ। ਲੋਕ ਹੁਣ Millets ਨੂੰ ਆਪਣੇ ਖਾਣ-ਪੀਣ ਦਾ ਹਿੱਸਾ ਬਣਾ ਰਹੇ ਹਨ। ਇਸ ਤਬਦੀਲੀ ਦਾ ਬਹੁਤ ਵੱਡਾ ਪ੍ਰਭਾਵ ਵੀ ਦਿਸ ਰਿਹਾ ਹੈ। ਇਸ ਨਾਲ ਇੱਕ ਪਾਸੇ ਉਹ ਛੋਟੇ ਕਿਸਾਨ ਬਹੁਤ ਉਤਸ਼ਾਹਿਤ ਹਨ ਜੋ ਪਰੰਪਰਾਗਤ ਰੂਪ ’ਚ Millets ਦਾ ਉਤਪਾਦਨ ਕਰਦੇ ਸਨ। ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਦੁਨੀਆ ਹੁਣ Millets ਦਾ ਮਹੱਤਵ ਸਮਝਣ ਲਗੀ ਹੈ। ਦੂਸਰੇ ਪਾਸੇ FPO ਅਤੇ Entrepreneurs ਨੇ Millets ਨੂੰ ਬਜ਼ਾਰ ਤੱਕ ਪਹੁੰਚਾਉਣ ਅਤੇ ਉਸ ਨੂੰ ਲੋਕਾਂ ਤੱਕ ਉਪਲਬਧ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।

ਆਂਧਰ ਪ੍ਰਦੇਸ਼ ਦੇ ਨਾਂਦਿਯਾਲ ਜ਼ਿਲ੍ਹੇ ਰਹਿਣ ਵਾਲੇ ਕੇ. ਵੀ. ਰਾਮਾ ਸੁੱਬਾ ਰੈੱਡੀ ਜੀ ਨੇ Millets ਲਈ ਚੰਗੀ-ਭਲੀ ਤਨਖ਼ਾਹ ਵਾਲੀ ਨੌਕਰੀ ਛੱਡ ਦਿੱਤੀ। ਮਾਂ ਦੇ ਹੱਥਾਂ ਨਾਲ ਬਣੇ Millets ਦੇ ਪਕਵਾਨਾਂ ਦਾ ਸੁਆਦ ਕੁਝ ਅਜਿਹਾ ਰਚ ਗਿਆ ਸੀ ਕਿ ਇਨ੍ਹਾਂ ਨੇ ਆਪਣੇ ਪਿੰਡ ’ਚ ਹੀ ਬਾਜਰੇ ਦੀ ਪ੍ਰੋਸੈੱਸਿੰਗ ਯੂਨਿਟ ਹੀ ਸ਼ੁਰੂ ਕਰ ਦਿੱਤੀ। ਸੁੱਬਾ ਰੈੱਡੀ ਜੀ ਲੋਕਾਂ ਨੂੰ ਬਾਜਰੇ ਦੇ ਫਾਇਦੇ ਵੀ ਦੱਸਦੇ ਹਨ ਅਤੇ ਉਸ ਨੂੰ ਅਸਾਨੀ ਨਾਲ ਉਪਲਬਧ ਵੀ ਕਰਵਾਉਂਦੇ ਹਨ। ਮਹਾਰਾਸ਼ਟਰ ’ਚ ਅਲੀ ਬਾਗ਼ ਦੇ ਕੋਲ ਕੇਨਾਡ ਪਿੰਡ ਦੀ ਰਹਿਣ ਵਾਲੀ ਸ਼ਰਮੀਲਾ ਓਸਵਾਲ ਜੀ ਪਿਛਲੇ 20 ਸਾਲ ਤੋਂ Millets ਦੀ ਪੈਦਾਵਾਰ ’ਚ Unique ਤਰੀਕੇ ਨਾਲ ਯੋਗਦਾਨ ਦੇ ਰਹੇ ਹਨ। ਉਹ ਕਿਸਾਨਾਂ ਨੂੰ ਸਮਾਰਟ ਐਗਰੀਕਲਚਰ ਦੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਨਾ ਸਿਰਫ਼ Millets ਦੀ ਉਪਜ ਵਧੀ ਹੈ, ਬਲਕਿ ਕਿਸਾਨਾਂ ਦੀ ਆਮਦਨ ’ਚ ਵੀ ਵਾਧਾ ਹੋਇਆ ਹੈ।

ਜੇਕਰ ਤੁਹਾਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਜਾਣ ਦਾ ਮੌਕਾ ਮਿਲੇ ਤਾਂ ਇੱਥੋਂ ਦੇ Millets Cafe ਜ਼ਰੂਰ ਜਾਣਾ। ਕੁਝ ਹੀ ਮਹੀਨੇ ਪਹਿਲਾਂ ਸ਼ੁਰੂ ਹੋਏ Millets Cafe ’ਚ ਚੀਲਾ, ਡੋਸਾ, ਮੋਮੋਜ਼, ਪਿੱਜ਼ਾ ਅਤੇ ਮਨਚੂਰੀਅਨ ਵਰਗੇ ਆਈਟਮ ਕਾਫੀ ਪਾਪੂਲਰ ਹੋ ਰਹੇ ਹਨ।

ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਾਂ? ਤੁਸੀਂ Entrepreneur ਸ਼ਬਦ ਸੁਣਿਆ ਹੋਣਾ ਪਰ ਕਿਸ ਤੁਸੀਂ Milletpreneurs ਕੀ ਕਦੇ ਸੁਣਿਆ ਹੈ? ਓਡੀਸ਼ਾ ਦੀ Milletpreneurs ਅੱਜ-ਕੱਲ੍ਹ ਕਾਫੀ ਸੁਰਖੀਆਂ ’ਚ ਹੈ। ਆਦਿਵਾਸੀ ਜ਼ਿਲ੍ਹੇ ਸੁੰਦਰਗੜ੍ਹ ਦੀਆਂ ਤਕਰੀਬਨ ਡੇਢ ਹਜ਼ਾਰ ਮਹਿਲਾਵਾਂ ਦਾ ਸੈਲਫ ਹੈਲਪ ਗਰੁੱਪ, Odisha Millets Mission ਨਾਲ ਜੁੜਿਆ ਹੋਇਆ ਹੈ। ਇੱਥੇ ਮਹਿਲਾਵਾਂ Millets ਨਾਲ Cookies, ਰਸਗੁੱਲਾ, ਗੁਲਾਬ ਜਾਮਣ ਅਤੇ ਕੇਕ ਤੱਕ ਬਣਾ ਰਹੀਆਂ ਹਨ। ਬਜ਼ਾਰ ਵਿੱਚ ਇਸ ਦੀ ਖੂਬ ਮੰਗ ਹੋਣ ਨਾਲ ਮਹਿਲਾਵਾਂ ਦੀ ਆਮਦਨ ਵੀ ਵਧ ਰਹੀ ਹੈ। 

ਕਰਨਾਟਕਾ ਦੇ ਕਲਬੁਰਗੀ ’ਚ Aland Bhootai (ਅਲੰਦ ਭੂਤਾਈ) Millets Farmers Producer Company ਨੇ ਪਿਛਲੇ ਵਰ੍ਹੇ Indian Institute of Millets Research ਦੀ ਨਿਗਰਾਨੀ ਹੇਠ ਕੰਮ ਸ਼ੁਰੂ ਕੀਤਾ। ਇੱਥੋਂ ਦੇ ਖਾਕਰਾ, ਬਿਸਕੁਟ ਅਤੇ ਲੱਡੂ ਲੋਕਾਂ ਨੂੰ ਪਸੰਦ ਆ ਰਹੇ ਹਨ। ਕਰਨਾਟਕਾ ਦੇ ਹੀ ਬੀਦਰ ਜ਼ਿਲ੍ਹੇ ’ਚ Hulsoor Millet Producer Company ਨਾਲ ਜੁੜੀਆਂ ਮਹਿਲਾਵਾਂ Millets ਦੀ ਖੇਤੀ ਦੇ ਨਾਲ ਹੀ ਉਸ ਦਾ ਆਟਾ ਵੀ ਤਿਆਰ ਕਰ ਰਹੀਆਂ ਹਨ। ਇਸ ਨਾਲ ਇਨ੍ਹਾਂ ਦੀ ਕਮਾਈ ਵੀ ਕਾਫੀ ਵਧੀ ਹੈ। ਕੁਦਰਤੀ ਖੇਤੀ ਨਾਲ ਜੁੜੇ ਛੱਤੀਸਗੜ੍ਹ ਦੇ ਸੰਦੀਪ ਸ਼ਰਮਾ ਜੀ ਦੇ FPO ਨਾਲ ਅੱਜ 12 ਰਾਜਾਂ ਦੇ ਕਿਸਾਨ ਜੁੜੇ ਹਨ। ਬਿਲਾਸਪੁਰ ਦਾ ਇਹ FPO, 8 ਤਰ੍ਹਾਂ ਦਾ Millets ਦਾ ਆਟਾ ਅਤੇ ਉਸ ਦੇ ਵਿਅੰਜਨ ਬਣਾ ਰਿਹਾ ਹੈ।

ਸਾਥੀਓ, ਅੱਜ ਹਿੰਦੁਸਤਾਨ ਦੇ ਕੋਨੇ-ਕੋਨੇ ’ਚ 7-20 ਦੀ Summits ਲਗਾਤਾਰ ਚਲ ਰਹੀਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਹਰ ਕੋਨੇ ’ਚ ਜਿੱਥੇ ਵੀ 7-20 ਦੀ Summits ਹੋ ਰਹੀਆਂ ਨੇ, Millets ਨਾਲ ਬਣੇ ਪੌਸ਼ਟਿਕ ਅਤੇ ਸਵਾਦਲੇ ਵਿਅੰਜਨ ਵੀ ਉਸ ਵਿੱਚ ਸ਼ਾਮਲ ਹੁੰਦੇ ਹਨ। ਇੱਥੇ ਬਾਜਰੇ ਨਾਲ ਬਣੀ ਖਿਚੜੀ, ਪੋਹਾ, ਖੀਰ ਅਤੇ ਰੋਟੀ ਦੇ ਨਾਲ ਹੀ ਰਾਗੀ ਨਾਲ ਬਣੇ ਪਾਇਸਮ, ਪੂੜੀ ਅਤੇ ਡੋਸਾ ਵਰਗੇ ਵਿਅੰਜਨ ਵੀ ਪਰੋਸੇ ਜਾਂਦੇ ਹਨ। ਜੀ-20 ਦੇ ਸਾਰੇ Venues ਉੱਪਰ Millets Exhibitions ’ਚ Millets ਨਾਲ ਬਣੀਆਂ Health Drinks, Cereals ਅਤੇ ਨੂਡਲਸ ਨੂੰ ਸ਼ੋਅਕੇਸ ਕੀਤਾ ਗਿਆ। ਦੁਨੀਆ ਭਰ ਵਿੱਚ Indian Missions ਵੀ ਇਸ ਦੀ ਹਰਮਨ-ਪਿਆਰਤਾ ਨੂੰ ਵਧਾਉਣ ਲਈ ਭਰਪੂਰ ਯਤਨ ਕਰ ਰਹੇ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੇਸ਼ ਦਾ ਇਹ ਯਤਨ ਅਤੇ ਦੁਨੀਆ ’ਚ ਵਧਣ ਵਾਲੀ Millets ਦੀ ਡਿਮਾਂਡ ਸਾਡੇ ਛੋਟੇ ਕਿਸਾਨਾਂ ਨੂੰ ਕਿੰਨੀ ਤਾਕਤ ਦੇਣ ਵਾਲੀ ਹੈ। ਮੈਨੂੰ ਇਹ ਦੇਖ ਕੇ ਵੀ ਚੰਗਾ ਲਗਦਾ ਹੈ ਕਿ ਅੱਜ ਜਿੰਨੀ ਤਰ੍ਹਾਂ ਦੀਆਂ ਨਵੀਆਂ-ਨਵੀਆਂ ਚੀਜ਼ਾਂ Millets ਨਾਲ ਬਣਨ ਲਗੀਆਂ ਹਨ, ਉਹ ਨੌਜਵਾਨ ਪੀੜ੍ਹੀ ਨੂੰ ਵੀ ਓਨੀਆਂ ਹੀ ਪਸੰਦ ਆ ਰਹੀਆਂ ਹਨ। International Year of Millets ਦੀ ਅਜਿਹੀ ਸ਼ਾਨਦਾਰ ਸ਼ੁਰੂਆਤ ਲਈ ਅਤੇ ਉਸ ਨੂੰ ਲਗਾਤਾਰ ਅੱਗੇ ਵਧਾਉਣ ਲਈ ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਵੀ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓ, ਜਦ ਤੁਹਾਡੇ ਨਾਲ ਕੋਈ ਟੂਰਿਸਟ ਹੱਬ ਗੋਆ ਦੀ ਗੱਲ ਕਰਦਾ ਹੈ ਤਾਂ ਤੁਹਾਡੇ ਮਨ ’ਚ ਕੀ ਖਿਆਲ ਆਉਂਦਾ ਹੈ? ਸੁਭਾਵਿਕ ਹੈ ਗੋਆ ਦਾ ਨਾਮ ਆਉਂਦਿਆਂ ਹੀ, ਸਭ ਤੋਂ ਪਹਿਲਾਂ ਇੱਥੋਂ ਦੀ ਖੂਬਸੂਰਤ ਕੌਸਟ ਲਾਈਨ ਬੀਚਸ ਅਤੇ ਮਨਪਸੰਦ ਖਾਣ-ਪੀਣ ਦੀਆਂ ਗੱਲਾਂ ਧਿਆਨ ’ਚ ਆਉਣ ਲਗਦੀਆਂ ਹਨ ਪਰ ਗੋਆ ’ਚ ਇਸ ਮਹੀਨੇ ਕੁਝ ਅਜਿਹਾ ਹੋਇਆ, ਜੋ ਬਹੁਤ ਸੁਰਖੀਆਂ ’ਚ ਹੈ। ਅੱਜ ‘ਮਨ ਕੀ ਬਾਤ’ ’ਚ ਮੈਂ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਿਆਂ ਕਰਨਾ ਚਾਹੁੰਦਾ ਹਾਂ, ਗੋਆ ’ਚ ਹੋਇਆ ਇਹ ਕਿ ਇੱਕ ਈਵੈਂਟ ਹੈ ਪਰਪਲ ਫੈਸਟ, ਇਸ ਫੈਸਟ ਨੂੰ 6 ਤੋਂ 8 ਜਨਵਰੀ ਤੱਕ ਪਣਜੀ ’ਚ ਆਯੋਜਿਤ ਕੀਤਾ ਗਿਆ। ਦਿੱਵਯਾਂਗਜਨਾਂ ਦੀ ਭਲਾਈ ਨੂੰ ਲੈ ਕੇ ਇਹ ਆਪਣੇ ਆਪ ’ਚ ਇੱਕ ਵਿਲੱਖਣ ਯਤਨ ਸੀ। ਪਰਪਲ ਫੈਸਟ ਕਿੰਨਾ ਵੱਡਾ ਮੌਕਾ ਸੀ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ 50 ਹਜ਼ਾਰ ਤੋਂ ਵੀ ਜ਼ਿਆਦਾ ਸਾਡੇ ਭੈਣ-ਭਰਾ ਇਸ ਵਿੱਚ ਸ਼ਾਮਲ ਹੋਏ। ਇੱਥੇ ਆਏ ਲੋਕ ਇਸ ਗੱਲ ਨੂੰ ਲੈ ਕੇ ਰੋਮਾਂਚਿਤ ਸਨ ਕਿ ਉਹ ਹੁਣ ਮੀਰਾਮਾਰ ਬੀਚ ਘੁੰਮਣ ਦਾ ਭਰਪੂਰ ਆਨੰਦ ਲੈ ਸਕਦੇ ਹਨ। ਦਰਅਸਲ ਮੀਰਾਮਾਰ ਬੀਚ ਸਾਡੇ ਦਿੱਵਯਾਂਗ ਭੈਣਾਂ-ਭਰਾਵਾਂ ਲਈ ਗੋਆ ਦੇ Accessible Beaches ਵਿੱਚੋਂ ਇੱਕ ਬਣ ਗਿਆ ਹੈ। ਇੱਥੇ Cricket Tournament, Table Tennis Tournament, Marathon Competition ਦੇ ਨਾਲ ਹੀ ਇੱਕ ਡੈਫ-ਬਲਾਇੰਡ ਕਨਵੈਨਸ਼ਨ ਵੀ ਆਯੋਜਿਤ ਕੀਤੀ ਗਈ। ਇੱਥੇ Unique Bird Watching Programme ਤੋਂ ਇਲਾਵਾ ਇੱਕ ਫਿਲਮ ਵੀ ਦਿਖਾਈ ਗਈ। ਇਸ ਦੇ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਸਨ ਤਾਂ ਕਿ ਸਾਡੇ ਸਾਰੇ ਦਿੱਵਯਾਂਗ ਭੈਣ-ਭਰਾ ਅਤੇ ਬੱਚੇ ਇਸ ਦਾ ਭਰਪੂਰ ਆਨੰਦ ਲੈ ਸਕਣ। ਪਰਪਲ ਫੈਸਟ ਦੀ ਇੱਕ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਪ੍ਰਾਈਵੇਟ ਸੈਕਟਰ ਦੀ ਵੀ ਹਿੱਸੇਦਾਰੀ ਰਹੀ। ਉਨ੍ਹਾਂ ਦੁਆਰਾ ਅਜਿਹੇ ਪ੍ਰੋਡਕਟਸ ਨੂੰ ਸ਼ੋਅਕੇਸ ਕੀਤਾ ਗਿਆ, ਜੋ Divyang Friendly ਹਨ। ਇਸ ਫੈਸਟ ’ਚ ਦਿੱਵਯਾਂਗ ਭਲਾਈ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਅਨੇਕ ਯਤਨ ਦੇਖੇ ਗਏ। ਪਰਪਲ ਫੈਸਟ ਨੂੰ ਸਫ਼ਲ ਬਣਾਉਣ ਲਈ ਮੈਂ ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਵਲੰਟੀਅਰਸ ਦਾ ਵੀ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਇਸ ਨੂੰ ਆਰਗੇਨਾਈਜ਼ ਕਰਨ ਲਈ ਰਾਤ-ਦਿਨ ਇੱਕ ਕਰ ਦਿੱਤਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ Accessible India ਦੇ ਸਾਡੇ Vision ਨੂੰ ਸਾਕਾਰ ਕਰਨ ਵਿੱਚ ਇਸ ਤਰ੍ਹਾਂ ਦੀਆਂ ਮੁਹਿੰਮਾਂ ਬਹੁਤ ਕਾਰਗਰ ਸਾਬਤ ਹੋਣਗੀਆਂ। 

ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਮੈਂ ‘ਮਨ ਕੀ ਬਾਤ’ ’ਚ ਅਜਿਹੇ ਵਿਸ਼ੇ ਉੱਪਰ ਗੱਲ ਕਰਾਂਗਾ, ਜਿਸ ਦਾ ਤੁਹਾਨੂੰ ਆਨੰਦ ਵੀ ਆਏਗਾ, ਮਾਣ ਵੀ ਹੋਵੇਗਾ ਤੇ ਮਨ ਆਖੇਗਾ ਵਾਹ ਭਾਈ ਵਾਹ! ਦਿਲ ਖੁਸ਼ ਹੋ ਗਿਆ। ਦੇਸ਼ ਦੇ ਸਭ ਤੋਂ ਪੁਰਾਣੇ ਸਾਇੰਸ ਇੰਸਟੀਟਿਊਸ਼ਨਸ ਵਿੱਚੋਂ ਇੱਕ ਬੰਗਲੁਰੂ ਦਾ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸ ਭਾਵ IISc ਇੱਕ ਸ਼ਾਨਦਾਰ ਮਿਸਾਲ ਪੇਸ਼ ਕਰ ਰਿਹਾ ਹੈ। ‘ਮਨ ਕੀ ਬਾਤ’ ’ਚ ਮੈਂ ਪਹਿਲਾਂ ਇਸ ਉੱਪਰ ਚਰਚਾ ਕਰ ਚੁੱਕਾ ਹਾਂ ਕਿ ਕਿਵੇਂ ਇਸ ਸੰਸਥਾ ਦੀ ਸਥਾਪਨਾ ਪਿੱਛੇ ਭਾਰਤ ਦੀਆਂ ਦੋ ਮਹਾਨ ਹਸਤੀਆਂ ਜਮਸ਼ੇਦ ਜੀ ਟਾਟਾ ਅਤੇ ਸੁਆਮੀ ਵਿਵੇਕਾਨੰਦ ਦੀ ਪ੍ਰੇਰਣਾ ਰਹੀ ਹੈ ਅਤੇ ਤੁਹਾਨੂੰ ਤੇ ਮੈਨੂੰ ਅਨੰਦ ਤੇ ਮਾਣ ਦੇਣ ਵਾਲੀ ਗੱਲ ਇਹ ਹੈ ਕਿ ਸਾਲ 2022 ’ਚ ਇਸ ਸੰਸਥਾ ਦੇ ਨਾਮ ਕੁਲ 145 ਪੇਟੈਂਟਸ ਰਹੇ ਹਨ। ਇਸ ਦਾ ਮਤਲਬ ਹੈ ਹਰ 5 ਦਿਨਾਂ ’ਚ 2 ਪੇਟੈਂਟਸ। ਇਹ ਰਿਕਾਰਡ ਆਪਣੇ ਆਪ ’ਚ ਵਿਲੱਖਣ ਹੈ। ਇਸ ਸਫ਼ਲਤਾ ਲਈ ਮੈਂ IISc ਦੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਸਾਥੀਓ, ਅੱਜ Patent Filing ਵਿੱਚ ਭਾਰਤ ਦੀ ਰੈਂਕਿੰਗ 7ਵੀਂ ਅਤੇ ਟਰੇਡ ਮਾਰਕ ’ਚ 5ਵੀਂ ਹੈ। ਜੇਕਰ ਸਿਰਫ਼ ਪੇਟੈਂਟਸ ਦੀ ਗੱਲ ਕਰੀਏ ਤਾਂ ਪਿਛਲੇ 5 ਵਰ੍ਹਿਆਂ ’ਚ ਇਸ ਵਿੱਚ ਤਕਰੀਬਨ 50 ਫੀਸਦ ਦਾ ਵਾਧਾ ਹੋਇਆ ਹੈ। Global Innovation Index ਵਿੱਚ ਵੀ ਭਾਰਤ ਦੀ ਰੈਂਕਿੰਗ ’ਚ ਜ਼ਬਰਦਸਤ ਸੁਧਾਰ ਹੋਇਆ ਹੈ ਅਤੇ ਹੁਣ ਉਹ 40ਵੇਂ ’ਤੇ ਆ ਪਹੁੰਚੀ ਹੈ, ਜਦ ਕਿ 2015 ’ਚ ਭਾਰਤ Global Innovation Index ਵਿੱਚ 80 ਨੰਬਰ ਤੋਂ ਵੀ ਪਿੱਛੇ ਸੀ। ਇੱਕ ਹੋਰ ਦਿਲਚਸਪ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਭਾਰਤ ਵਿੱਚ ਪਿਛਲੇ 11 ਵਰ੍ਹਿਆਂ ’ਚ ਪਹਿਲੀ ਵਾਰ Domestic Patent Filing ਦੀ ਸੰਖਿਆ Foreign Filing ਨਾਲੋਂ ਵੱਧ ਦੇਖੀ ਗਈ ਹੈ। ਇਹ ਭਾਰਤ ਦੀ ਵਧਦੀ ਹੋਈ ਵਿਗਿਆਨਿਕ ਸਮਰੱਥਾ ਨੂੰ ਵੀ ਦਰਸਾਉਂਦਾ ਹੈ।

ਸਾਥੀਓ, ਅਸੀਂ ਸਾਰੇ ਜਾਣਦੇ ਹਾਂ ਕਿ 21ਵੀਂ ਸਦੀ ਦੀ ਗਲੋਬਲ ਇਕਾਨਮੀ ’ਚ Knowledge ਹੀ ਸਭ ਤੋਂ ਉੱਪਰ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ Techade ਦਾ ਸੁਪਨਾ ਸਾਡੇ Innovators ਅਤੇ ਉਸ ਦੇ ਪੇਟੈਂਟਸ ਦੇ ਦਮ ’ਤੇ ਜ਼ਰੂਰ ਪੂਰਾ ਹੋਵੇਗਾ। ਇਸ ਦੇ ਨਾਲ ਅਸੀਂ ਆਪਣੇ ਹੀ ਦੇਸ਼ ’ਚ ਤਿਆਰ World Class Technology ਅਤੇ ਪ੍ਰੋਡੱਕਟਸ ਦਾ ਭਰਪੂਰ ਲਾਭ ਲੈ ਸਕਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, NamoApp ਉੱਪਰ ਮੈਂ ਤੇਲੰਗਾਨਾ ਦੇ ਇੰਜੀਨੀਅਰ ਵਿਜੈ ਜੀ ਦੀ ਇੱਕ ਪੋਸਟ ਦੇਖੀ, ਇਸ ਵਿੱਚ ਵਿਜੈ ਜੀ ਨੇ ਈ-ਵੇਸਟ ਦੇ ਬਾਰੇ ਲਿਖਿਆ ਹੈ, ਵਿਜੈ ਜੀ ਦੀ ਬੇਨਤੀ ਹੈ ਕਿ ਮੈਂ ‘ਮਨ ਕੀ ਬਾਤ’ ’ਚ ਇਸ ਉੱਪਰ ਚਰਚਾ ਕਰਾਂ। ਇਸ ਪ੍ਰੋਗਰਾਮ ’ਚ ਪਹਿਲਾਂ ਵੀ ਅਸੀਂ ‘Waste to Wealth’ ਭਾਵ ‘ਕਚਰੇ ਤੋਂ ਕੰਚਨ’ ਬਾਰੇ ਗੱਲਾਂ ਕੀਤੀਆਂ ਹਨ ਪਰ ਆਓ ਅੱਜ ਇਸੇ ਨਾਲ ਜੁੜੀ ਈ-ਵੇਸਟ ਦੀ ਚਰਚਾ ਕਰਦੇ ਹਾਂ।

ਸਾਥੀਓ, ਅੱਜ ਹਰ ਘਰ ’ਚ ਮੋਬਾਈਲ ਫੋਨ, ਲੈਪਟੌਪ, ਟੈਬਲੇਟ ਜਿਹੇ ਡਿਵਾਈਸਿਸ ਆਮ ਹੋ ਗਏ ਹਨ। ਦੇਸ਼ ਭਰ ਵਿੱਚ ਇਨ੍ਹਾਂ ਦੀ ਗਿਣਤੀ Billions ’ਚ ਹੋਵੇਗੀ। ਅੱਜ ਦੇ Latest Devices ਭਵਿੱਖ ਦੇ ਈ-ਵੇਸਟ ਵੀ ਹੁੰਦੇ ਹਨ। ਜਦ ਵੀ ਕੋਈ ਨਵੀਂ ਡਿਵਾਈਸ ਖਰੀਦਦਾ ਹੈ ਜਾਂ ਆਪਣੀ ਪੁਰਾਣੀ ਡਿਵਾਈਸ ਨੂੰ ਬਦਲਦਾ ਹੈ ਤਾਂ ਇਹ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਨੂੰ ਸਹੀ ਤਰੀਕੇ ਨਾਲ ਡਿਸਕਾਰਡ ਕੀਤਾ ਜਾਂਦਾ ਹੈ ਜਾਂ ਨਹੀਂ। ਜੇਕਰ ਈ-ਵੇਸਟ ਨੂੰ ਤਰੀਕੇ ਨਾਲ ਡਿਸਪੋਜ਼ ਨਹੀਂ ਕੀਤਾ ਗਿਆ ਤਾਂ ਇਹ ਸਾਡੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਪਰ ਜੇਕਰ ਸਾਵਧਾਨੀ ਨਾਲ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਰੀ-ਸਾਈਕਲ ਅਤੇ ਰੀ-ਯੂਜ਼ ਦੀ ਸਰਕੂਲਰ ਇਕਾਨਮੀ ਦੀ ਬਹੁਤ ਵੱਡੀ ਤਾਕਤ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹਰ ਸਾਲ 50 ਮਿਲੀਅਨ ਟਨ ਈ-ਵੇਸਟ ਸੁੱਟਿਆ ਜਾ ਰਿਹਾ ਹੈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਹੁੰਦਾ ਹੈ? ਮਨੁੱਖੀ ਇਤਿਹਾਸ ’ਚ ਜਿੰਨੇ Commercial Plane ਬਣੇ ਹਨ, ਉਨ੍ਹਾਂ ਸਾਰਿਆਂ ਦਾ ਭਾਰ ਮਿਲਾ ਦਿੱਤਾ ਜਾਵੇ ਤਾਂ ਵੀ ਜਿੰਨਾ ਈ-ਵੇਸਟ ਨਿਕਲ ਰਿਹਾ ਹੈ, ਉਸ ਦੇ ਬਰਾਬਰ ਨਹੀਂ ਹੋਵੇਗਾ। ਇਹ ਇਸ ਤਰ੍ਹਾਂ ਹੈ ਜਿਵੇਂ ਹਰ ਸੈਕਿੰਡ 800 ਲੈਪਟੌਪ ਸੁੱਟੇ ਜਾ ਰਹੇ ਹੋਣ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਵੱਖ-ਵੱਖ ਪ੍ਰੋਸੈੱਸ ਦੇ ਜ਼ਰੀਏ ਇਸ ਈ-ਵੇਸਟ ਤੋਂ ਤਕਰੀਬਨ 17 ਤਰ੍ਹਾਂ ਦੇ Precious Metal ਕੱਢੇ ਜਾ ਸਕਦੇ ਹਨ। ਇਨ੍ਹਾਂ ਵਿੱਚ ਗੋਲਡ, ਸਿਲਵਰ, ਕਾਪਰ ਅਤੇ ਨਿਕਲ ਸ਼ਾਮਲ ਹਨ। ਇਸ ਲਈ ਈ-ਵੇਸਟ ਦਾ ਸਦ-ਉਪਯੋਗ ਕਰਨਾ ‘ਕਚਰੇ ਨੂੰ ਕੰਚਨ’ ਬਣਾਉਣ ਤੋਂ ਘੱਟ ਨਹੀਂ ਹੈ। ਅੱਜ ਅਜਿਹੇ Start-ups ਦੀ ਕਮੀ ਨਹੀਂ ਜੋ ਇਸ ਦਿਸ਼ਾ ’ਚ ਇਨੋਵੇਟਿਵ ਕੰਮ ਕਰ ਰਹੇ ਹਨ। ਅੱਜ ਤਕਰੀਬਨ 500 E-Waste Recyclers ਇਸ ਖੇਤਰ ਨਾਲ ਜੁੜੇ ਹਨ ਅਤੇ ਬਹੁਤ ਸਾਰੇ ਨਵੇਂ ਉੱਦਮੀਆਂ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਇਸ ਸੈਕਟਰ ਨੇ ਹਜ਼ਾਰਾਂ ਲੋਕਾਂ ਨੂੰ ਸਿੱਧੇ ਤੌਰ ’ਤੇ ਰੋਜ਼ਗਾਰ ਵੀ ਦਿੱਤਾ ਹੈ। ਬੰਗਲੁਰੂ ਦੀ 5-Parisaraa ਅਜਿਹੇ ਹੀ ਯਤਨਾਂ ’ਚ ਜੁਟੇ ਹਨ। ਇਨ੍ਹਾਂ ਨੇ Printed Circuit Boards ਦੀਆਂ ਕੀਮਤੀ ਧਾਤੂਆਂ ਨੂੰ ਅਲੱਗ ਕਰਕੇ ਹੀ ਸਵਦੇਸ਼ੀ ਟੈਕਨੋਲੋਜੀ ਵਿਕਸਿਤ ਕੀਤੀ ਹੈ। ਇਸੇ ਤਰ੍ਹਾਂ ਮੁੰਬਈ ’ਚ ਕੰਮ ਕਰ ਰਹੀ Ecoreco (ਇਕੋ-ਰੀਕੋ) ਨੇ ਮੋਬਾਈਲ ਐਪ ਤੋਂ ਈ-ਵੇਸਟ ਨੂੰ ਕਲੈਕਟ ਕਰਨ ਦਾ ਸਿਸਟਮ ਤਿਆਰ ਕੀਤਾ। ਉੱਤਰਾਖੰਡ ਦੇ ਰੁੜਕੀ ਦੀ Attero (ਏਟੈਰੋ) ਰੀ-ਸਾਈਕਲਿੰਗ ਨੇ ਇਸ ਖੇਤਰ ’ਚ ਦੁਨੀਆ ਭਰ ’ਚ ਕਈ ਪੇਟੈਂਟਸ ਹਾਸਲ ਕੀਤੇ ਹਨ। ਇਸ ਨੇ ਵੀ ਖ਼ੁਦ ਦੀ ਈ-ਵੇਸਟ ਰੀ-ਸਾਈਕਲਿੰਗ ਟੈਕਨੋਲੋਜੀ ਤਿਆਰ ਕਰਕੇ ਕਾਫੀ ਨਾਮ ਕਮਾਇਆ ਹੈ। ਭੋਪਾਲ ’ਚ ਮੋਬਾਈਲ ਐਪ ਅਤੇ ਵੈੱਬਸਾਈਟ ਕਬਾੜੀਵਾਲਾ ਜ਼ਰੀਏ ਟਨਾਂ ’ਚ ਈ-ਵੇਸਟ ਇਕੱਠਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਹਨ, ਇਹ ਸਾਰੇ ਭਾਰਤ ਨੂੰ ਗਲੋਬਲ ਰੀ-ਸਾਈਕਲਿੰਗ ਹੱਬ ਬਣਾਉਣ ’ਚ ਮਦਦ ਕਰ ਰਹੇ ਹਨ ਪਰ ਅਜਿਹੇ Initiatives ਦੀ ਸਫ਼ਲਤਾ ਲਈ ਇੱਕ ਜ਼ਰੂਰੀ ਸ਼ਰਤ ਵੀ ਹੈ, ਉਹ ਇਹ ਹੈ ਕਿ ਈ-ਵੇਸਟ ਦੇ ਨਿਪਟਾਰੇ ਨਾਲ ਸੁਰੱਖਿਅਤ ਉਪਯੋਗੀ ਤਰੀਕਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਹੋਵੇਗਾ। ਈ-ਵੇਸਟ ਦੇ ਖੇਤਰ ’ਚ ਕੰਮ ਕਰਨ ਵਾਲੇ ਦੱਸਦੇ ਹਨ ਕਿ ਅਜੇ ਹਰ ਸਾਲ ਸਿਰਫ਼ 15-17 ਫੀਸਦ ਈ-ਵੇਸਟ ਨੂੰ ਹੀ ਰੀ-ਸਾਈਕਲ ਕੀਤਾ ਜਾ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਪੂਰੀ ਦੁਨੀਆ ’ਚ Climate-Change ਅਤੇ Biodiversity ਦੀ ਸੰਭਾਲ਼ ਦੀ ਬਹੁਤ ਚਰਚਾ ਹੁੰਦੀ ਹੈ। ਇਸ ਦਿਸ਼ਾ ’ਚ ਭਾਰਤ ਦੇ ਠੋਸ ਯਤਨਾਂ ਦੇ ਬਾਰੇ ਅਸੀਂ ਲਗਾਤਾਰ ਗੱਲ ਕਰਦੇ ਰਹੇ ਹਾਂ। ਭਾਰਤ ਨੇ ਆਪਣੇ ਵੈੱਟਲੈਂਡਸ ਦੇ ਲਈ ਜੋ ਕੰਮ ਕੀਤਾ ਹੈ, ਉਸ ਬਾਰੇ ਜਾਣ ਕੇ ਤੁਹਾਨੂੰ ਬਹੁਤ ਚੰਗਾ ਲਗੇਗਾ। ਕੁਝ ਸਰੋਤੇ ਸੋਚ ਰਹੇ ਹੋਣਗੇ ਕਿ ਵੈੱਟਲੈਂਡਸ ਕੀ ਹੁੰਦਾ ਹੈ, ਵੈੱਟਲੈਂਡਸ ਸਾਈਟਸ ਭਾਵ ਉਹ ਸਥਾਨ ਜਿੱਥੇ ਦਲਦਲੀ ਮਿੱਟੀ ਵਰਗੀ ਜ਼ਮੀਨ ਉੱਪਰ ਪੂਰਾ ਸਾਲ ਪਾਣੀ ਜਮ੍ਹਾਂ ਰਹਿੰਦਾ ਹੈ। ਕੁਝ ਦਿਨ ਬਾਅਦ 2 ਫਰਵਰੀ ਨੂੰ ਹੀ ਵਰਲਡ ਵੈੱਟਲੈਂਡਸ ਡੇਅ ਹੈ। ਸਾਡੀ ਧਰਤੀ ਦੇ ਵਜੂਦ ਲਈ ਵੈੱਟਲੈਂਡਸ ਬਹੁਤ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਉੱਪਰ ਕਈ ਸਾਰੇ ਪੰਛੀ, ਜੀਵ-ਜੰਤੂ ਨਿਰਭਰ ਕਰਦੇ ਹਨ। ਇਹ Biodiversity ਨੂੰ ਸਮ੍ਰਿੱਧ ਕਰਨ ਦੇ ਨਾਲ-ਨਾਲ ਫਲੱਡ ਕੰਟਰੋਲ ਅਤੇ ਗ੍ਰਾਊਂਡ ਵਾਟਰ ਰੀਚਾਰਜ ਨੂੰ ਵੀ ਸੁਨਿਸ਼ਚਿਤ ਕਰਦੇ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਕਿ ਰਾਮਸਰ ਸਾਈਟਸ ਅਜਿਹੇ ਵੈੱਟਲੈਂਡਸ ਹੁੰਦੇ ਹਨ, ਜਿਨ੍ਹਾਂ ਦਾ ਅੰਤਰਰਾਸ਼ਟਰੀ ਮਹੱਤਵ ਹੈ। ਵੈੱਟਲੈਂਡਸ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਪਰ ਉਨ੍ਹਾਂ ਅਨੇਕਾਂ ਮਾਪਦੰਡਾਂ ਨੂੰ ਪੂਰਾ ਕਰਨਾ ਹੁੰਦਾ ਹੈ ਤਾਂ ਕਿਤੇ ਜਾ ਕੇ ਉਨ੍ਹਾਂ ਨੂੰ ਰਾਮਸਰ ਸਾਈਟਸ ਘੋਸ਼ਿਤ ਕੀਤਾ ਜਾਂਦਾ ਹੈ। ਰਾਮਸਰ ਸਾਈਟਸ ’ਚ 20 ਹਜ਼ਾਰ ਜਾਂ ਉਸ ਤੋਂ ਜ਼ਿਆਦਾ ਪਾਣੀ ਵਾਲੇ ਪੰਛੀ ਹੋਣੇ ਚਾਹੀਦੇ ਹਨ। ਸਥਾਨਕ ਮੱਛੀਆਂ ਦੀਆਂ ਪ੍ਰਜਾਤੀਆਂ ਦਾ ਵੱਡੀ ਸੰਖਿਆ ’ਚ ਹੋਣਾ ਜ਼ਰੂਰੀ ਹੈ। ਆਜ਼ਾਦੀ ਦੇ 75 ਸਾਲ ਉੱਪਰ ਅੰਮ੍ਰਿਤ ਮਹੋਤਸਵ ਦੇ ਦੌਰਾਨ ਰਾਮਸਰ ਸਾਈਟਸ ਨਾਲ ਜੁੜੀ ਇੱਕ ਚੰਗੀ ਜਾਣਕਾਰੀ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਸਾਡੇ ਦੇਸ਼ ’ਚ ਹੁਣ ਰਾਮਸਰ ਸਾਈਟਸ ਦੀ ਕੁਲ ਸੰਖਿਆ 75 ਹੋ ਗਈ ਹੈ, ਜਦ ਕਿ 2014 ਤੋਂ ਪਹਿਲਾਂ ਦੇਸ਼ ’ਚ ਸਿਰਫ਼ 26 ਰਾਮਸਰ ਸਾਈਟਸ ਸਨ। ਇਸ ਲਈ ਸਥਾਨਕ ਲੋਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇਸ Biodiversity ਨੂੰ ਸਹੇਜ ਕੇ ਰੱਖਿਆ ਹੈ। ਇਹ ਕੁਦਰਤ ਨਾਲ ਸਦਭਾਵਨਾ ਪੂਰਵਕ ਰਹਿਣ ਦੀ ਸਾਡੀ ਸਦੀਆਂ ਪੁਰਾਣੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਵੀ ਸਨਮਾਨ ਹੈ। ਭਾਰਤ ਦੇ ਇਹ ਵੈੱਟਲੈਂਡਸ ਸਾਡੀ ਕੁਦਰਤੀ ਸਮਰੱਥਾ ਦਾ ਵੀ ਉਦਾਹਰਣ ਹਨ। ਓਡੀਸ਼ਾ ਦੀ ਚਿਲਕਾ ਝੀਲ ਨੂੰ 40 ਤੋਂ ਵੀ ਜ਼ਿਆਦਾ ਪਾਣੀ ਦੇ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਆਸਰਾ ਦੇਣ ਲਈ ਜਾਣਿਆ ਜਾਂਦਾ ਹੈ। ਕਈਬੁਲ-ਲਮਜਾਅ, ਲੋਕਟਾਕ ਨੂੰ Swamp Deer ਦਾ ਇੱਕਮਾਤਰ Natural Habitat ਮੰਨਿਆ ਜਾਂਦਾ ਹੈ। ਤਮਿਲ ਨਾਡੂ ਦੇ ਵੇਇਨਥਾਂਗਲ ਨੂੰ 2022 ’ਚ ਰਾਮਸਰ ਸਾਈਟਸ ਘੋਸ਼ਿਤ ਕੀਤਾ ਗਿਆ, ਇੱਥੋਂ ਦੇ ਪੰਛੀਆਂ ਦੀ ਜਨਸੰਖਿਆ ਨੂੰ ਸਾਂਭਣ ਦਾ ਪੂਰਾ ਸਿਹਰਾ ਆਲ਼ੇ-ਦੁਆਲ਼ੇ ਦੇ ਕਿਸਾਨਾਂ ਸਿਰ ਬੱਝਦਾ ਹੈ। ਕਸ਼ਮੀਰ ’ਚ ਪੰਜਾਥ ਨਾਗ ਸਮੁਦਾਇ Annual Fruit Blossom Festival ਦੇ ਦੌਰਾਨ ਇੱਕ ਦਿਨ ਨੂੰ ਵਿਸ਼ੇਸ਼ ਤੌਰ ’ਤੇ ਪਿੰਡ ਦੇ ਝਰਨੇ ਦੀ ਸਾਫ-ਸਫਾਈ ’ਚ ਲਾਉਂਦਾ ਹੈ। World’s Ramsar Sites ’ਚ ਜ਼ਿਆਦਾਤਰ Unique Culture Heritage ਵੀ ਹਨ। ਮਣੀਪੁਰ ਦਾ ਲੋਕਟਾਕ ਅਤੇ ਪਵਿੱਤਰ ਝੀਲ ਰੇਣੂਕਾ ਨਾਲ ਉੱਥੋਂ ਦੀਆਂ ਸੰਸਕ੍ਰਿਤੀਆਂ ਦਾ ਗਹਿਰਾ ਲਗਾਅ ਰਿਹਾ ਹੈ। ਇਸੇ ਤਰ੍ਹਾਂ Sambhar ਦਾ ਸਬੰਧ ਮਾਂ ਦੁਰਗਾ ਦੇ ਅਵਤਾਰ ਸ਼ਾਕੰਭਰੀ ਦੇਵੀ ਨਾਲ ਵੀ ਹੈ। ਭਾਰਤ ’ਚ ਵੈੱਟਲੈਂਡਸ ਦਾ ਇਹ ਵਿਸਤਾਰ ਉਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਸੰਭਵ ਹੋ ਰਿਹਾ ਹੈ ਜੋ ਰਾਮਸਰ ਸਾਈਟਸ ਦੇ ਆਲ਼ੇ-ਦੁਆਲ਼ੇ ਰਹਿੰਦੇ ਹਨ। ਮੈਂ ਅਜਿਹੇ ਸਾਰੇ ਲੋਕਾਂ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਅਤੇ ‘ਮਨ ਕੀ ਬਾਤ’ ਦੇ ਸਰੋਤਿਆਂ ਦੀ ਤਰਫ਼ੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। 

ਮੇਰੇ ਪਿਆਰੇ ਦੇਸ਼ਵਾਸੀਓ, ਇਸ ਵਾਰ ਸਾਡੇ ਦੇਸ਼ ’ਚ ਖ਼ਾਸ ਕਰਕੇ ਉੱਤਰ ਭਾਰਤ ’ਚ ਖੂਬ ਕੜਾਕੇ ਦੀ ਸਰਦੀ ਪਈ। ਇਸ ਸਰਦੀ ’ਚ ਲੋਕਾਂ ਨੇ ਪਹਾੜਾਂ ਉੱਪਰ ਬਰਫ਼ਬਾਰੀ ਦਾ ਵੀ ਖੂਬ ਮਜ਼ਾ ਲਿਆ। ਜੰਮੂ-ਕਸ਼ਮੀਰ ਤੋਂ ਕੁਝ ਅਜਿਹੀਆਂ ਤਸਵੀਰਾਂ ਆਈਆਂ, ਜਿਨ੍ਹਾਂ ਨੇ ਪੂਰੇ ਦੇਸ਼ ਦਾ ਮਨ ਮੋਹ ਲਿਆ। ਸੋਸ਼ਲ ਮੀਡੀਆ ਉੱਪਰ ਤਾਂ ਪੂਰੀ ਦੁਨੀਆ ਦੇ ਲੋਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ। ਬਰਫ਼ਬਾਰੀ ਦੀ ਵਜ੍ਹਾ ਨਾਲ ਸਾਡੀ ਕਸ਼ਮੀਰ ਘਾਟੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਖੂਬਸੂਰਤ ਹੋ ਗਈ ਹੈ। ਬਨਿਹਾਲ ਤੋਂ ਬਡਗਾਮ ਜਾਣ ਵਾਲੀ ਟ੍ਰੇਨ ਦੀ ਵੀਡੀਓ ਨੂੰ ਵੀ ਲੋਕ ਖ਼ਾਸ ਤੌਰ ’ਤੇ ਪਸੰਦ ਕਰ ਰਹੇ ਹਨ। ਖੂਬਸੂਰਤ ਬਰਫ਼ਬਾਰੀ, ਚਾਰੇ ਪਾਸੇ ਚਿੱਟੀ ਚਾਦਰ ਜਿਹੀ ਬਰਫ਼, ਲੋਕ ਕਹਿ ਰਹੇ ਹਨ ਕਿ ਇਹ ਦ੍ਰਿਸ਼ ਪਰੀਲੋਕ ਦੀਆਂ ਕਹਾਣੀਆਂ ਵਰਗਾ ਲਗ ਰਿਹਾ ਹੈ। ਕਈ ਲੋਕ ਕਹਿ ਰਹੇ ਹਨ ਕਿ ਇਹ ਕਿਸੇ ਵਿਦੇਸ਼ ਦੀ ਨਹੀਂ, ਬਲਕਿ ਆਪਣੇ ਹੀ ਦੇਸ਼ ’ਚ ਕਸ਼ਮੀਰ ਦੀਆਂ ਤਸਵੀਰਾਂ ਹਨ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ, ਕਿ ਸਵਰਗ ਇਸ ਤੋਂ ਜ਼ਿਆਦਾ ਖੂਬਸੂਰਤ ਹੋਰ ਕੀ ਹੋਵੇਗਾ? ਇਹ ਗੱਲ ਬਿਲਕੁਲ ਸਹੀ ਹੈ ਤਾਂ ਹੀ ਤਾਂ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਤੁਸੀਂ ਵੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਸ਼ਮੀਰ ਦੀ ਸੈਰ ਕਰਨ ਜਾਣ ਦਾ ਜ਼ਰੂਰ ਸੋਚ ਰਹੇ ਹੋਵੋਗੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਖ਼ੁਦ ਵੀ ਜਾਓ ਅਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਜਾਓ। ਕਸ਼ਮੀਰ ’ਚ ਬਰਫ਼ ਨਾਲ ਢੱਕੇ ਪਹਾੜ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ ਵੇਖਣ-ਜਾਨਣ ਲਈ ਹੈ। ਜਿਵੇਂ ਕਿ ਕਸ਼ਮੀਰ ਦੇ ਸਯਦਾਬਾਦ (Syedabad) ’ਚ ਵਿੰਟਰ ਗੇਮਸ ਆਯੋਜਿਤ ਕੀਤੇ ਗਏ, ਇਨ੍ਹਾਂ ਖੇਡਾਂ ਦਾ ਥੀਮ ਸੀ ਸਨੋ-ਕ੍ਰਿਕੇਟ। ਤੁਸੀਂ ਸੋਚ ਰਹੇ ਹੋਵੋਗੇ ਕਿ ਸਨੋ-ਕ੍ਰਿਕੇਟ ਤਾਂ ਜ਼ਿਆਦਾ ਹੀ ਰੋਮਾਂਚਿਕ ਖੇਡ ਹੋਵੇਗੀ। ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ। ਕਸ਼ਮੀਰੀ ਨੌਜਵਾਨ ਬਰਫ਼ ਦੇ ਵਿਚਕਾਰ ਕ੍ਰਿਕੇਟ ਨੂੰ ਹੋਰ ਵੀ ਅਦਭੁਤ ਬਣਾ ਦਿੰਦੇ ਹਨ। ਇਸ ਦੇ ਜ਼ਰੀਏ ਕਸ਼ਮੀਰ ਵਿੱਚ ਅਜਿਹੇ ਨੌਜਵਾਨ ਖਿਡਾਰੀਆਂ ਦੀ ਤਲਾਸ਼ ਵੀ ਹੁੰਦੀ ਹੈ ਜੋ ਅੱਗੇ ਜਾ ਕੇ ਟੀਮ ਇੰਡੀਆ ਦੇ ਤੌਰ ’ਤੇ ਖੇਡਣਗੇ। ਇਹ ਵੀ ਇੱਕ ਤਰ੍ਹਾਂ ਨਾਲ ‘ਖੇਲੋ ਇੰਡੀਆ ਮੂਵਮੈਂਟ’ ਦਾ ਹੀ ਵਿਸਤਾਰ ਹੈ। ਕਸ਼ਮੀਰ ’ਚ ਨੌਜਵਾਨਾਂ ’ਚ ਖੇਡਾਂ ਨੂੰ ਲੈ ਕੇ ਕਾਫੀ ਉਤਸ਼ਾਹ ਵਧ ਰਿਹਾ ਹੈ। ਆਉਣ ਵਾਲੇ ਸਮੇਂ ’ਚ ਇਸ ਵਿੱਚ ਕਈ ਨੌਜਵਾਨ ਦੇਸ਼ ਲਈ ਮੈਡਲ ਜਿੱਤਣਗੇ, ਤਿਰੰਗਾ ਲਹਿਰਾਓਣਗੇ। ਮੇਰਾ ਤੁਹਾਨੂੰ ਸੁਝਾਅ ਹੋਵੇਗਾ ਕਿ ਅਗਲੀ ਵਾਰ ਜਦ ਤੁਸੀਂ ਕਸ਼ਮੀਰ ਦੀ ਯਾਤਰਾ ਦਾ ਸੋਚੋ ਤਾਂ ਇਸ ਤਰ੍ਹਾਂ ਦੇ ਆਯੋਜਨਾਂ ਨੂੰ ਦੇਖਣ ਲਈ ਵੀ ਸਮਾਂ ਕੱਢੋ। ਇਹ ਅਨੁਭਵ ਤੁਹਾਡੀ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾ ਦੇਣਗੇ।

ਮੇਰੇ ਪਿਆਰੇ ਦੇਸ਼ਵਾਸੀਓ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਾਡੇ ਯਤਨ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ। ਲੋਕਤੰਤਰ ਮਜ਼ਬੂਤ ਹੁੰਦਾ ਹੈ, ‘ਜਨ-ਭਾਗੀਦਾਰੀ ਨਾਲ’, ‘ਸਭ ਦੇ ਯਤਨਾਂ ਨਾਲ’, ‘ਦੇਸ਼ ਦੇ ਪ੍ਰਤੀ ਆਪਣੇ-ਆਪਣੇ ਫ਼ਰਜ਼ਾਂ ਨੂੰ ਨਿਭਾਉਣ ਨਾਲ’ ਅਤੇ ਮੈਨੂੰ ਸੰਤੁਸ਼ਟੀ ਹੈ ਕਿ ਸਾਡਾ ‘ਮਨ ਕੀ ਬਾਤ’ ਅਜਿਹੇ ਆਪਣੇ ਕਰਤੱਵਾਂ ਨੂੰ ਲੈ ਕੇ ਪ੍ਰਤੀਬੱਧ ਸੈਨਾਨੀਆਂ ਦੀ ਬੁਲੰਦ ਆਵਾਜ਼ ਹੈ। ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ। ਅਜਿਹੇ ਕਰਤੱਵਾਂ ਪ੍ਰਤੀ ਪ੍ਰਤੀਬੱਧ ਲੋਕਾਂ ਦੀ ਦਿਲਚਸਪ ਅਤੇ ਪ੍ਰੇਰਣਾਦਾਇਕ ਗਾਥਾਵਾਂ ਦੇ ਨਾਲ। ਬਹੁਤ-ਬਹੁਤ ਧੰਨਵਾਦ।

 

*****

 

ਡੀਐੱਸ/ਟੀਐੱਸ/ਵੀਕੇ


(Release ID: 1894455) Visitor Counter : 249