ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਕੋਡੇਕਲ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
ਜਲ ਜੀਵਨ ਮਿਸ਼ਨ ਦੇ ਤਹਿਤ ਯਾਦਗੀਰ ਬਹੁ-ਗ੍ਰਾਮ ਪੀਣਯੋਗ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਿਆ
ਨਾਰਾਇਣਪੁਰ ਲੈਫਟ ਬੈਂਕ ਨਹਿਰ - ਐਕਸਟੈਂਸ਼ਨ ਨਵੀਨੀਕਰਣ ਅਤੇ ਆਧੁਨਿਕੀਕਰਣ ਪ੍ਰੋਜੈਕਟ ਦਾ ਉਦਘਾਟਨ ਕੀਤਾ
ਐੱਨਐੱਚ-150ਸੀ ਦੇ ਬਦਾਦਲ ਤੋਂ ਮਰਾਦਗੀ ਐੱਸ ਅੰਡੋਲਾ ਤੱਕ 6 ਲੇਨ ਐਕਸੈੱਸ ਕੰਟਰੋਲਡ ਗ੍ਰੀਨਫੀਲਡ ਹਾਈਵੇਅ ਦੇ 65.5 ਕਿਲੋਮੀਟਰ ਸੈਕਸ਼ਨ ਦਾ ਨੀਂਹ ਪੱਥਰ ਰੱਖਿਆ
“ਅਸੀਂ ਇਸ ਅੰਮ੍ਰਿਤ ਕਾਲ ਦੌਰਾਨ ਵਿਕਸਿਤ ਭਾਰਤ ਦੀ ਸਿਰਜਣਾ ਕਰਨੀ ਹੈ”
"ਜੇਕਰ ਦੇਸ਼ ਦਾ ਇੱਕ ਜ਼ਿਲ੍ਹਾ ਵੀ ਵਿਕਾਸ ਦੇ ਮਾਪਦੰਡਾਂ ਵਿੱਚ ਪਿਛੜ ਜਾਵੇ, ਤਾਂ ਵੀ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ"
"ਸਿੱਖਿਆ ਹੋਵੇ, ਸਿਹਤ ਹੋਵੇ ਜਾਂ ਕਨੈਕਟੀਵਿਟੀ, ਯਾਦਗੀਰ ਖ਼ਾਹਿਸ਼ੀ ਜ਼ਿਲ੍ਹਿਆਂ ਦੇ ਪ੍ਰੋਗਰਾਮ ਦੇ ਚੋਟੀ ਦੇ 10 ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ"
"ਡਬਲ ਇੰਜਣ ਵਾਲੀ ਸਰਕਾਰ ਉਤਸ਼ਾਹ ਅਤੇ ਮਜ਼ਬੂਤੀ ਦੀ ਪਹੁੰਚ ਨਾਲ ਕੰਮ ਕਰ ਰਹੀ ਹੈ"
"ਯਾਦਗੀਰ ਦੇ 1.25 ਲੱਖ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਤੋਂ ਲਗਭਗ 250 ਕਰੋੜ ਰੁਪਏ ਮਿਲੇ ਹਨ"
"ਦੇਸ਼ ਦੀ ਖੇਤੀਬਾੜੀ ਨੀਤੀ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਛੋਟੇ ਕਿਸਾਨ ਹਨ"
"ਬੁਨਿਆਦੀ ਢਾਂਚੇ ਅਤੇ ਸੁਧਾਰਾਂ ਨਾਲ ਡਬਲ-ਇੰਜਣ ਵਾਲੀ ਸਰਕਾਰ ਦਾ ਫੋਕਸ ਕਰਨਾਟਕ ਨੂੰ ਨਿਵੇਸ਼ਕਾਂ ਦੀ ਪਸੰਦ ਵਿੱਚ ਬਦਲ ਰਿਹਾ ਹੈ&quo
Posted On:
19 JAN 2023 2:20PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਕਰਨਾਟਕ ਦੇ ਯਾਦਗੀਰ ਦੇ ਕੋਡੇਕਲ ਵਿੱਚ ਸਿੰਚਾਈ, ਪੀਣਯੋਗ ਪਾਣੀ ਅਤੇ ਇੱਕ ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰੋਜੈਕਟ ਨਾਲ ਸਬੰਧਿਤ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਯਾਦਗੀਰ ਬਹੁ-ਗ੍ਰਾਮ ਪੀਣਯੋਗ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਅਤੇ ਸੂਰਤ - ਚੇਨਈ ਐਕਸਪ੍ਰੈੱਸਵੇਅ ਐੱਨਐੱਚ-150ਸੀ ਦੇ 65.5 ਕਿਲੋਮੀਟਰ ਸੈਕਸ਼ਨ (ਬਦਾਦਲ ਤੋਂ ਮਰਾਦਗੀ ਐੱਸ ਅੰਦੋਲਾ ਤੱਕ) ਦਾ ਨੀਂਹ ਪੱਥਰ ਅਤੇ ਨਾਰਾਇਣਪੁਰ ਲੈਫਟ ਬੈਂਕ ਨਹਿਰ - ਐਕਸਟੈਂਸ਼ਨ ਨਵੀਨੀਕਰਣ ਅਤੇ ਆਧੁਨਿਕੀਕਰਣ ਪ੍ਰੋਜੈਕਟ (ਐੱਨਐੱਲਬੀਸੀ-ਈਆਰਐੱਮ) ਦਾ ਉਦਘਾਟਨ ਸ਼ਾਮਲ ਹੈ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਇੱਕ ਵੱਡੀ ਤਾਕਤ ਦਾ ਸਰੋਤ ਬਣ ਗਿਆ ਹੈ। ਯਾਦਗੀਰ ਦੇ ਸਮ੍ਰਿੱਧ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਰੱਤੀਹੱਲੀ ਦੇ ਪ੍ਰਾਚੀਨ ਕਿਲੇ ਨੂੰ ਚਿੰਨ੍ਹਤ ਕੀਤਾ, ਜੋ ਸਾਡੇ ਪੁਰਖਿਆਂ ਦੀਆਂ ਸਮਰੱਥਾਵਾਂ ਦਾ ਪ੍ਰਤੀਕ ਹੈ ਅਤੇ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮਹਾਨ ਮਹਾਰਾਜਾ ਵੈਂਕਟੱਪਾ ਨਾਇਕ ਦੀ ਵਿਰਾਸਤ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦੇ ਸਵਰਾਜ ਅਤੇ ਚੰਗੇ ਸ਼ਾਸਨ ਦੇ ਵਿਚਾਰ ਪੂਰੇ ਦੇਸ਼ ਵਿੱਚ ਦੇਖੇ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਾਰੇ ਇਸ ਵਿਰਾਸਤ ‘ਤੇ ਮਾਣ ਕਰਦੇ ਹਾਂ।"
ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਅਤੇ ਨੀਂਹ ਪੱਥਰ ਰੱਖੇ ਜਾਣ ਵਾਲੇ ਸੜਕ ਅਤੇ ਪਾਣੀ ਨਾਲ ਸਬੰਧਿਤ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਖੇਤਰ ਦੇ ਲੋਕਾਂ ਨੂੰ ਵੱਡੇ ਪੱਧਰ 'ਤੇ ਲਾਭ ਪ੍ਰਦਾਨ ਕਰਨਗੇ। ਸੂਰਤ ਚੇਨਈ ਕੌਰੀਡੋਰ ਦੇ ਕਰਨਾਟਕ ਸੈਕਸ਼ਨ ਵਿੱਚ ਵੀ ਅੱਜ ਕੰਮ ਦੀ ਸ਼ੁਰੂਆਤ ਹੋਈ, ਜੋ ਯਾਦਗੀਰ, ਰਾਇਚੁਰ ਅਤੇ ਕਲਬੁਰਗੀ ਸਮੇਤ ਖੇਤਰ ਵਿੱਚ ਈਜ਼ ਆਵ੍ ਲਿਵਿੰਗ ਨੂੰ ਵਧਾਏਗਾ ਅਤੇ ਰੋਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਉੱਤਰੀ ਕਰਨਾਟਕ ਵਿੱਚ ਵਿਕਾਸ ਕਾਰਜਾਂ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਆਉਣ ਵਾਲੇ 25 ਸਾਲ ਦੇਸ਼ ਅਤੇ ਹਰ ਰਾਜ ਲਈ ‘ਅੰਮ੍ਰਿਤ ਕਾਲ’ ਹਨ। “ਅਸੀਂ ਇਸ ਅੰਮ੍ਰਿਤ ਕਾਲ ਦੌਰਾਨ ਵਿਕਸਿਤ ਭਾਰਤ ਦੀ ਸਿਰਜਣਾ ਕਰਨੀ ਹੈ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਹਰ ਵਿਅਕਤੀ, ਪਰਿਵਾਰ ਅਤੇ ਰਾਜ ਇਸ ਮੁਹਿੰਮ ਨਾਲ ਜੁੜ ਜਾਵੇਗਾ। ਭਾਰਤ ਦਾ ਵਿਕਾਸ ਉਦੋਂ ਹੋ ਸਕਦਾ ਹੈ ਜਦੋਂ ਖੇਤ ਵਿੱਚ ਕਿਸਾਨ ਅਤੇ ਉੱਦਮੀ ਦੀ ਜ਼ਿੰਦਗੀ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ, "ਭਾਰਤ ਦਾ ਵਿਕਾਸ ਉਦੋਂ ਹੋ ਸਕਦਾ ਹੈ ਜਦੋਂ ਫ਼ਸਲ ਚੰਗੀ ਹੁੰਦੀ ਹੈ ਅਤੇ ਫੈਕਟਰੀ ਦਾ ਉਤਪਾਦਨ ਵੀ ਵਧਦਾ ਹੈ। ਇਸ ਲਈ ਅਤੀਤ ਦੇ ਨਕਾਰਾਤਮਕ ਤਜ਼ਰਬਿਆਂ ਅਤੇ ਮਾੜੀਆਂ ਨੀਤੀਆਂ ਤੋਂ ਸਿੱਖਣ ਦੀ ਲੋੜ ਹੋਵੇਗੀ।" ਉੱਤਰੀ ਕਰਨਾਟਕ ਵਿੱਚ ਯਾਦਗੀਰ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਵਿਕਾਸ ਦੇ ਰਾਹ ਵਿੱਚ ਪਿਛੜੇਪਣ ਦਾ ਦੁੱਖ ਜਤਾਇਆ। ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਭਾਵੇਂ ਇਸ ਖੇਤਰ ਕੋਲ ਸਮਰੱਥਾ ਸੀ, ਪਰ ਪਿਛਲੀਆਂ ਸਰਕਾਰਾਂ ਨੇ ਯਾਦਗੀਰ ਅਤੇ ਅਜਿਹੇ ਹੋਰ ਜ਼ਿਲ੍ਹਿਆਂ ਨੂੰ ਪਛੜਿਆ ਐਲਾਨ ਕੇ ਆਪਣੇ ਆਪ ਨੂੰ ਮੁਕਤ ਕਰ ਲਿਆ। ਉਨ੍ਹਾਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਪਿਛਲੀਆਂ ਸੱਤਾਧਾਰੀ ਸਰਕਾਰਾਂ ਨੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਅਤੇ ਬਿਜਲੀ, ਸੜਕਾਂ ਅਤੇ ਪਾਣੀ ਵਰਗੇ ਬੁਨਿਆਦੀ ਢਾਂਚੇ ਵੱਲ ਧਿਆਨ ਨਹੀਂ ਦਿੱਤਾ। ਮੌਜੂਦਾ ਸਰਕਾਰ ਦੀਆਂ ਤਰਜੀਹਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਦਾ ਧਿਆਨ ਸਿਰਫ਼ ਵਿਕਾਸ 'ਤੇ ਹੈ ਨਾ ਕਿ ਵੋਟ ਬੈਂਕ ਦੀ ਰਾਜਨੀਤੀ 'ਤੇ। ਪ੍ਰਧਾਨ ਮੰਤਰੀ ਨੇ ਕਿਹਾ, “ਭਾਵੇਂ ਦੇਸ਼ ਦਾ ਇੱਕ ਜ਼ਿਲ੍ਹਾ ਵਿਕਾਸ ਦੇ ਮਾਪਦੰਡਾਂ ਵਿੱਚ ਪਿਛੜ ਜਾਵੇ, ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ।" ਉਨ੍ਹਾਂ ਨੇ ਨੋਟ ਕੀਤਾ ਕਿ ਇਹ ਮੌਜੂਦਾ ਸਰਕਾਰ ਸੀ, ਜਿਸ ਨੇ ਪਹਿਲ ਦੇ ਆਧਾਰ 'ਤੇ ਸਭ ਤੋਂ ਪਿਛੜੇ ਖੇਤਰਾਂ 'ਤੇ ਧਿਆਨ ਦਿੱਤਾ ਅਤੇ ਯਾਦਗੀਰ ਸਮੇਤ ਸੌ ਖ਼ਾਹਿਸ਼ੀ ਪਿੰਡਾਂ ਦੀ ਮੁਹਿੰਮ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਤਰਾਂ ਵਿੱਚ ਚੰਗੇ ਸ਼ਾਸਨ ਅਤੇ ਵਿਕਾਸ 'ਤੇ ਜ਼ੋਰ ਦੇਣ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਯਾਦਗੀਰ ਨੇ 100 ਪ੍ਰਤੀਸ਼ਤ ਬੱਚਿਆਂ ਦਾ ਟੀਕਾਕਰਨ ਕੀਤਾ ਹੈ, ਕੁਪੋਸ਼ਿਤ ਬੱਚਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ, ਜ਼ਿਲ੍ਹੇ ਦੇ ਸਾਰੇ ਪਿੰਡ ਸੜਕਾਂ ਰਾਹੀਂ ਜੁੜੇ ਹੋਏ ਹਨ ਅਤੇ ਗ੍ਰਾਮ ਪੰਚਾਇਤ ਵਿੱਚ ਡਿਜੀਟਲ ਸੇਵਾਵਾਂ ਪ੍ਰਦਾਨ ਕਰਨ ਲਈ ਕੌਮਨ ਸਰਵਿਸ ਸੈਂਟਰਾਂ ਦੀ ਉਪਲਬਧਤਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਿੱਖਿਆ ਹੋਵੇ, ਸਿਹਤ ਹੋਵੇ ਜਾਂ ਕਨੈਕਟੀਵਿਟੀ, ਯਾਦਗੀਰ ਖ਼ਾਹਿਸ਼ੀ ਜ਼ਿਲ੍ਹੇ ਪ੍ਰੋਗਰਾਮ ਦੇ ਚੋਟੀ ਦੇ 10 ਪ੍ਰਦਰਸ਼ਨਕਾਰੀ ਜ਼ਿਲਿਆਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਜਨਤਕ ਨੁਮਾਇੰਦਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ 21ਵੀਂ ਸਦੀ ਦੇ ਭਾਰਤ ਦੇ ਵਿਕਾਸ ਲਈ ਜਲ ਸੁਰੱਖਿਆ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਜਿਵੇਂ ਕਿ ਉਨ੍ਹਾਂ ਕਿਹਾ ਕਿ ਸਰਹੱਦੀ, ਤਟਵਰਤੀ ਅਤੇ ਅੰਦਰੂਨੀ ਸੁਰੱਖਿਆ ਇੱਕ ਬਰਾਬਰ ਹਨ। ਉਨ੍ਹਾਂ ਕਿਹਾ, “ਡਬਲ ਇੰਜਣ ਵਾਲੀ ਸਰਕਾਰ ਉਤਸ਼ਾਹ ਅਤੇ ਮਜ਼ਬੂਤੀ ਦੀ ਪਹੁੰਚ ਨਾਲ ਕੰਮ ਕਰ ਰਹੀ ਹੈ ਅਤੇ ਦੱਸਿਆ ਕਿ 2014 ਵਿੱਚ ਲੰਬਿਤ ਪਈਆਂ 99 ਸਿੰਚਾਈ ਸਕੀਮਾਂ ਵਿੱਚੋਂ 50 ਪਹਿਲਾਂ ਹੀ ਮੁਕੰਮਲ ਹੋ ਚੁੱਕੀਆਂ ਹਨ ਅਤੇ ਯੋਜਨਾਵਾਂ ਦਾ ਵਿਸਤਾਰ ਕੀਤਾ ਗਿਆ ਹੈ। ਕਰਨਾਟਕ ਵਿੱਚ ਵੀ ਅਜਿਹੇ ਕਈ ਪ੍ਰੋਜੈਕਟ ਚਲ ਰਹੇ ਹਨ। ਨਾਰਾਇਣਪੁਰ ਲੈਫਟ ਬੈਂਕ ਨਹਿਰ - ਐਕਸਟੈਂਸ਼ਨ ਨਵੀਨੀਕਰਣ ਅਤੇ ਆਧੁਨਿਕੀਕਰਣ ਪ੍ਰੋਜੈਕਟ (ਐੱਨਐੱਲਬੀਸੀ-ਈਆਰਐੱਮ) 10,000 ਕਿਊਸਿਕ ਦੀ ਸਮਰੱਥਾ ਵਾਲੀ ਨਹਿਰ 4.5 ਲੱਖ ਹੈਕਟੇਅਰ ਕਮਾਂਡ ਖੇਤਰ ਦੀ ਸਿੰਚਾਈ ਕਰ ਸਕਦੀ ਹੈ। ਸ਼੍ਰੀ ਮੋਦੀ ਨੇ ਸੂਖਮ ਸਿੰਚਾਈ ਅਤੇ 'ਪ੍ਰਤੀ ਬੂੰਦ ਵਧੇਰੇ ਫਸਲ' 'ਤੇ ਬੇਮਿਸਾਲ ਫੋਕਸ ਬਾਰੇ ਵੀ ਗੱਲ ਕੀਤੀ ਕਿਉਂਕਿ ਪਿਛਲੇ 7-8 ਸਾਲਾਂ ਵਿੱਚ 70 ਲੱਖ ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਸੂਖਮ ਸਿੰਚਾਈ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਅੱਜ ਦੇ ਪ੍ਰੋਜੈਕਟ ਨਾਲ ਕਰਨਾਟਕ ਵਿੱਚ 5 ਲੱਖ ਹੈਕਟੇਅਰ ਜ਼ਮੀਨ ਨੂੰ ਫਾਇਦਾ ਹੋਵੇਗਾ ਅਤੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕੰਮ ਚਲ ਰਿਹਾ ਹੈ।
ਡਬਲ ਇੰਜਣ ਵਾਲੀ ਸਰਕਾਰ ਵਿੱਚ ਕੀਤੇ ਗਏ ਕੰਮਾਂ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਸਾਢੇ ਤਿੰਨ ਸਾਲ ਪਹਿਲਾਂ ਜਦੋਂ ਜਲ ਜੀਵਨ ਮਿਸ਼ਨ ਸ਼ੁਰੂ ਹੋਇਆ ਸੀ, ਉਦੋਂ ਅਠਾਰਾਂ ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ ਸਿਰਫ਼ ਤਿੰਨ ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਹੀ ਪਾਈਪ ਰਾਹੀਂ ਪਾਣੀ ਦਾ ਕਨੈਕਸ਼ਨ ਦਿੱਤਾ ਸੀ ਅਤੇ ਅੱਜ ਇਹ ਗਿਣਤੀ ਗਿਆਰਾਂ ਕਰੋੜ ਗ੍ਰਾਮੀਣ ਪਰਿਵਾਰਾਂ ਤੱਕ ਪਹੁੰਚ ਗਈ ਹੈ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਨ੍ਹਾਂ ਵਿੱਚੋਂ 35 ਲੱਖ ਪਰਿਵਾਰ ਕਰਨਾਟਕ ਦੇ ਹਨ।" ਉਨ੍ਹਾਂ ਜ਼ਿਕਰ ਕੀਤਾ ਕਿ ਯਾਦਗੀਰ ਅਤੇ ਰਾਏਚੁਰ ਵਿੱਚ ਪ੍ਰਤੀ ਘਰ ਪਾਣੀ ਦੀ ਕਵਰੇਜ ਕਰਨਾਟਕ ਅਤੇ ਦੇਸ਼ ਦੀ ਸਮੁੱਚੀ ਔਸਤ ਨਾਲੋਂ ਵੱਧ ਹੈ।
ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯਾਦਗੀਰ ਦੇ ਹਰ ਘਰ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਕੀਤੇ ਗਏ ਅਧਿਐਨ ਤੋਂ ਪਤਾ ਲਗਿਆ ਹੈ ਕਿ ਭਾਰਤ ਦੇ ਜਲ ਜੀਵਨ ਮਿਸ਼ਨ ਦੇ ਪ੍ਰਭਾਵੀ ਹੋਣ ਨਾਲ ਹਰ ਸਾਲ 1.25 ਲੱਖ ਤੋਂ ਵੱਧ ਬੱਚਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ। ਹਰ ਘਰ ਜਲ ਮੁਹਿੰਮ ਦੇ ਲਾਭਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ 6,000 ਰੁਪਏ ਦਿੰਦੀ ਹੈ ਅਤੇ ਕਰਨਾਟਕ ਸਰਕਾਰ 4,000 ਰੁਪਏ ਹੋਰ ਜੋੜਦੀ ਹੈ, ਜਿਸ ਨਾਲ ਕਿਸਾਨਾਂ ਲਈ ਲਾਭ ਦੁੱਗਣਾ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਯਾਦਗੀਰ ਦੇ ਲਗਭਗ 1.25 ਲੱਖ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਤੋਂ ਲਗਭਗ 250 ਕਰੋੜ ਰੁਪਏ ਮਿਲੇ ਹਨ।"
ਡਬਲ ਇੰਜਣ ਵਾਲੀ ਸਰਕਾਰ ਦੀ ਲੈਅ ਬਾਰੇ ਹੋਰ ਵਿਸਤਾਰ ਨਾਲ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਨਵੀਂ ਸਿੱਖਿਆ ਨੀਤੀ ਦੀ ਸ਼ੁਰੂਆਤ ਕਰਨ ਦੇ ਨਾਲ, ਕਰਨਾਟਕ ਸਰਕਾਰ ਵਿਦਿਆ ਨਿਧੀ ਸਕੀਮਾਂ (Vidya Nidhi schemes) ਰਾਹੀਂ ਗ਼ਰੀਬ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ, ਕਿਉਂਕਿ ਕੇਂਦਰ ਪ੍ਰਗਤੀ ਦੇ ਪਹੀਏ ਨੂੰ ਅੱਗੇ ਵਧਾਉਣ ਲਈ ਕਰਨਾਟਕ ਰਾਜ ਨੂੰ ਨਿਵੇਸ਼ਕਾਂ ਲਈ ਆਕਰਸ਼ਕ ਬਣਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਮੁਦਰਾ ਯੋਜਨਾ ਦੇ ਤਹਿਤ ਬੁਣਕਰਾਂ ਨੂੰ ਹੋਰ ਮਦਦ ਦੇ ਕੇ ਕਰਨਾਟਕ ਸਰਕਾਰ ਕੇਂਦਰ ਦੁਆਰਾ ਦਿੱਤੀ ਮਦਦ ਨੂੰ ਵਧਾਉਂਦੀ ਹੈ।"
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜੇਕਰ ਕੋਈ ਵਿਅਕਤੀ, ਵਰਗ ਜਾਂ ਖੇਤਰ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਵਾਂਝਾ ਹੈ ਤਾਂ ਮੌਜੂਦਾ ਸਰਕਾਰ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕਰੋੜਾਂ ਛੋਟੇ ਕਿਸਾਨ ਵੀ ਦਹਾਕਿਆਂ ਤੋਂ ਹਰ ਸੁਖ-ਸੁਵਿਧਾ ਤੋਂ ਵੰਚਿਤ ਹਨ ਅਤੇ ਸਰਕਾਰੀ ਨੀਤੀਆਂ ਵਿੱਚ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਅੱਜ ਇਹ ਛੋਟਾ ਕਿਸਾਨ ਦੇਸ਼ ਦੀ ਖੇਤੀਬਾੜੀ ਨੀਤੀ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਮਸ਼ੀਨਰੀ ਨਾਲ ਮਦਦ ਕਰਨ, ਡਰੋਨ ਵਰਗੀ ਆਧੁਨਿਕ ਤਕਨੀਕ ਵੱਲ ਲੈ ਕੇ ਜਾਣ, ਨੈਨੋ ਯੂਰੀਆ ਜਿਹੀਆਂ ਰਸਾਇਣਕ ਖਾਦਾਂ ਮੁਹੱਈਆ ਕਰਵਾਉਣ, ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ, ਛੋਟੇ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਜਾਣ ਅਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਨੂੰ ਸਮਰਥਨ ਦੇਣ ਦੀਆਂ ਉਦਾਹਰਣਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਇਸ ਖੇਤਰ ਨੂੰ ਦਾਲ਼ ਦੀ ਕਟੋਰੀ (pulse bowl) ਬਣਾਉਣ ਅਤੇ ਇਸ ਖੇਤਰ ਵਿੱਚ ਵਿਦੇਸ਼ੀ ਨਿਰਭਰਤਾ ਘਟਾਉਣ ਵਿੱਚ ਦੇਸ਼ ਦੀ ਮਦਦ ਕਰਨ ਲਈ ਸਥਾਨਕ ਕਿਸਾਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਨਿਊਨਤਮ ਸਮਰਥਨ ਮੁੱਲ ਦੇ ਤਹਿਤ 80 ਗੁਣਾ ਵੱਧ ਦਾਲ਼ਾਂ ਦੀ ਖਰੀਦ ਕੀਤੀ ਗਈ ਹੈ। ਦਾਲ਼ਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ 2014 ਤੋਂ ਪਹਿਲਾਂ ਦੇ ਕੁਝ ਸੌ ਕਰੋੜ ਰੁਪਏ ਦੇ ਮੁਕਾਬਲੇ ਪਿਛਲੇ 8 ਸਾਲਾਂ ਵਿੱਚ 60 ਹਜ਼ਾਰ ਕਰੋੜ ਰੁਪਏ ਮਿਲੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਕਿ ਸੰਯੁਕਤ ਰਾਸ਼ਟਰ ਦੁਆਰਾ ਸਾਲ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਐਲਾਨਿਆ ਗਿਆ ਹੈ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕਰਨਾਟਕ ਵਿੱਚ ਜਵਾਰ ਅਤੇ ਰਾਗੀ ਜਿਹੇ ਮੋਟੇ ਅਨਾਜ ਦਾ ਉਤਪਾਦਨ ਬਹੁਤ ਜ਼ਿਆਦਾ ਹੁੰਦਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਡਬਲ-ਇੰਜਣ ਵਾਲੀ ਸਰਕਾਰ ਇਸ ਪੌਸ਼ਟਿਕ ਮੋਟੇ ਅਨਾਜ ਦੇ ਉਤਪਾਦਨ ਨੂੰ ਵਧਾਉਣ ਅਤੇ ਇਸ ਨੂੰ ਵਿਸ਼ਵ ਭਰ ਵਿੱਚ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਰਨਾਟਕ ਦੇ ਕਿਸਾਨ ਇਸ ਪਹਿਲ ਨੂੰ ਅੱਗੇ ਲਿਜਾਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।
ਕਰਨਾਟਕ ਵਿੱਚ ਕਨੈਕਟੀਵਿਟੀ ਦੀ ਗੱਲ ਆਉਣ 'ਤੇ ਡਬਲ-ਇੰਜਣ ਵਾਲੀ ਸਰਕਾਰ ਦੇ ਲਾਭਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੇਤੀਬਾੜੀ, ਉਦਯੋਗ ਅਤੇ ਟੂਰਿਜ਼ਮ ਲਈ ਬਰਾਬਰ ਮਹੱਤਵਪੂਰਨ ਹੈ ਅਤੇ ਸੂਰਤ-ਚੇਨਈ ਆਰਥਿਕ ਗਲਿਆਰੇ ਦੇ ਮੁਕੰਮਲ ਹੋਣ ਨਾਲ ਉੱਤਰੀ ਕਰਨਾਟਕ ਦੇ ਵੱਡੇ ਹਿੱਸਿਆਂ ਨੂੰ ਹੋਣ ਵਾਲੇ ਲਾਭਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ਵਾਸੀਆਂ ਲਈ ਉੱਤਰੀ ਕਰਨਾਟਕ ਦੇ ਟੂਰਿਸਟ ਸਥਾਨਾਂ ਅਤੇ ਤੀਰਥ ਸਥਾਨਾਂ ਤੱਕ ਪਹੁੰਚਣਾ ਵੀ ਆਸਾਨ ਹੋਵੇਗਾ, ਜਿਸ ਨਾਲ ਨੌਜਵਾਨਾਂ ਲਈ ਹਜ਼ਾਰਾਂ ਨਵੇਂ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ, "ਬੁਨਿਆਦੀ ਢਾਂਚੇ ਅਤੇ ਸੁਧਾਰਾਂ 'ਤੇ ਡਬਲ ਇੰਜਣ ਵਾਲੀ ਸਰਕਾਰ ਦਾ ਫੋਕਸ ਕਰਨਾਟਕ ਨੂੰ ਨਿਵੇਸ਼ਕਾਂ ਦੀ ਪਸੰਦ ਵਿੱਚ ਬਦਲ ਰਿਹਾ ਹੈ।" ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਭਾਰਤ ਵਿੱਚ ਨਿਵੇਸ਼ ਦੇ ਉਤਸ਼ਾਹ ਕਾਰਨ ਅਜਿਹੇ ਨਿਵੇਸ਼ ਭਵਿੱਖ ਵਿੱਚ ਹੋਰ ਵਧਣ ਜਾ ਰਹੇ ਹਨ।
ਇਸ ਮੌਕੇ ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਅਤੇ ਕਰਨਾਟਕ ਸਰਕਾਰ ਦੇ ਮੰਤਰੀਆਂ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਪਿਛੋਕੜ
ਸਾਰੇ ਪਰਿਵਾਰਾਂ ਨੂੰ ਵਿਅਕਤੀਗਤ ਘਰੇਲੂ ਟੂਟੀ ਕਨੈਕਸ਼ਨਾਂ ਰਾਹੀਂ ਸੁਰੱਖਿਅਤ ਅਤੇ ਲੋੜੀਂਦਾ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਇੱਕ ਹੋਰ ਕਦਮ ਵਜੋਂ, ਜਲ ਜੀਵਨ ਮਿਸ਼ਨ ਦੇ ਤਹਿਤ ਕੋਡੇਕਲ, ਯਾਦਗੀਰ ਜ਼ਿਲ੍ਹੇ ਵਿੱਚ ਯਾਦਗੀਰ ਬਹੁ-ਗ੍ਰਾਮ ਪੀਣਯੋਗ ਜਲ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਕੀਮ ਤਹਿਤ 117 ਐੱਮਐੱਲਡੀ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। 2050 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਯਾਦਗੀਰ ਜ਼ਿਲ੍ਹੇ ਦੇ 700 ਤੋਂ ਵੱਧ ਗ੍ਰਾਮੀਣ ਬਸਤੀਆਂ ਅਤੇ ਤਿੰਨ ਕਸਬਿਆਂ ਦੇ ਲਗਭਗ 2.3 ਲੱਖ ਘਰਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗਾ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਨਾਰਾਇਣਪੁਰ ਲੈਫਟ ਬੈਂਕ ਨਹਿਰ - ਐਕਸਟੈਂਸ਼ਨ ਨਵੀਨੀਕਰਣ ਅਤੇ ਆਧੁਨਿਕੀਕਰਣ ਪ੍ਰੋਜੈਕਟ (ਐੱਨਐੱਲਬੀਸੀ-ਈਆਰਐੱਮ) ਦਾ ਉਦਘਾਟਨ ਵੀ ਕੀਤਾ। 10,000 ਕਿਊਸਿਕ ਦੀ ਨਹਿਰੀ ਸਮਰੱਥਾ ਵਾਲਾ ਇਹ ਪ੍ਰੋਜੈਕਟ ਕਮਾਂਡ ਖੇਤਰ ਦੇ 4.5 ਲੱਖ ਹੈਕਟੇਅਰ ਰਕਬੇ ਦੀ ਸਿੰਚਾਈ ਕਰ ਸਕਦਾ ਹੈ। ਇਸ ਨਾਲ ਕਲਬੁਰਗੀ, ਯਾਦਗੀਰ ਅਤੇ ਵਿਜਯਪੁਰ ਜ਼ਿਲ੍ਹਿਆਂ ਦੇ 560 ਪਿੰਡਾਂ ਦੇ ਤਿੰਨ ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 4700 ਕਰੋੜ ਰੁਪਏ ਹੈ।
ਉਨ੍ਹਾਂ ਨੇ ਐੱਨਐੱਚ-150ਸੀ ਦੇ 65.5 ਕਿਲੋਮੀਟਰ ਸੈਕਸ਼ਨ ਦਾ ਨੀਂਹ ਪੱਥਰ ਵੀ ਰੱਖਿਆ। ਇਹ 6-ਲੇਨ ਗ੍ਰੀਨਫੀਲਡ ਰੋਡ ਪ੍ਰੋਜੈਕਟ ਸੂਰਤ - ਚੇਨਈ ਐਕਸਪ੍ਰੈੱਸਵੇਅ ਦਾ ਹਿੱਸਾ ਹੈ। ਇਸ ਨੂੰ ਲਗਭਗ 2000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।
*****
ਡੀਐੱਸ/ਟੀਐੱਸ
(Release ID: 1892710)
Visitor Counter : 180
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam