ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਦੇ ਤਹਿਤ 71,000 ਨਿਯੁਕਤੀ ਪੱਤਰ ਵੰਡੇ


ਨਵ-ਨਿਯੁਕਤਾਂ ਨਾਲ ਗੱਲਬਾਤ ਕੀਤੀ

"ਨਿਯਮਿਤ ਰੋਜ਼ਗਾਰ ਮੇਲੇ ਇਸ ਸਰਕਾਰ ਦੀ ਨਿਸ਼ਾਨੀ ਬਣੇ"

"ਕੇਂਦਰੀ ਨੌਕਰੀਆਂ ਵਿੱਚ, ਭਰਤੀ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਸਮਾਂਬੱਧ ਹੋਈ"

“ਪਾਰਦਰਸ਼ੀ ਭਰਤੀ ਅਤੇ ਤਰੱਕੀ ਨੌਜਵਾਨਾਂ ਵਿੱਚ ਵਿਸ਼ਵਾਸ ਪੈਦਾ ਕਰਦੇ ਹਨ”

"ਸੇਵਾ ਭਾਵਨਾ ਨਾਲ ਸੇਵਾ ਕਰੋ, ਕਿਉਂਕਿ 'ਨਾਗਰਿਕ ਹਮੇਸ਼ਾ ਸਹੀ ਹੁੰਦਾ ਹੈ'"

"ਟੈਕਨੋਲੋਜੀ ਨਾਲ ਸਵੈ-ਸਿੱਖਿਆ ਅੱਜ ਦੀ ਪੀੜ੍ਹੀ ਲਈ ਇੱਕ ਮੌਕਾ ਹੈ"

“ਅੱਜ ਦਾ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਜਿਸ ਨਾਲ ਸਵੈ-ਰੋਜ਼ਗਾਰ ਦੇ ਮੌਕਿਆਂ ਦਾ ਵਿਸਤਾਰ ਹੋ ਰਿਹਾ ਹੈ”

"ਤੁਹਾਨੂੰ ਸਿੱਖਣਾ ਪਵੇਗਾ ਅਤੇ ਦੇਸ਼ ਨੂੰ ਅੱਗੇ ਲਿਜਾਣ ਲਈ ਆਪਣੇ ਆਪ ਨੂੰ ਸਮਰੱਥ ਬਣਾਉਣਾ ਪਵੇਗਾ"

Posted On: 20 JAN 2023 11:59AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵ-ਨਿਯੁਕਤਾਂ ਨੂੰ 71,000 ਨਿਯੁਕਤੀ ਪੱਤਰ ਵੰਡੇ। ਇਹ ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਤੀਬੱਧਤਾ ਦੀ ਪੂਰਤੀ ਵੱਲ ਇੱਕ ਕਦਮ ਹੈ। ਰੋਜ਼ਗਾਰ ਮੇਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੋਜ਼ਗਾਰ ਪੈਦਾ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ ਨਵ-ਨਿਯੁਕਤਾਂ ਨਾਲ ਗੱਲਬਾਤ ਵੀ ਕੀਤੀ।

ਪੱਛਮੀ ਬੰਗਾਲ ਦੀ ਕੁਮਾਰੀ ਸੁਪ੍ਰਭਾ ਬਿਸਵਾਸ, ਜਿਸ ਨੂੰ ਪੰਜਾਬ ਨੈਸ਼ਨਲ ਬੈਂਕ ਲਈ ਨਿਯੁਕਤੀ ਪੱਤਰ ਮਿਲਿਆ, ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਵਾਲੀ ਪਹਿਲੀ ਨਵ-ਨਿਯੁਕਤ ਸੀ। ਉਨ੍ਹਾਂ ਨੇ ਨਿਯੁਕਤੀ ਦੀਆਂ ਰਸਮਾਂ ਜਲਦੀ ਪੂਰੀਆਂ ਕਰਨ ਅਤੇ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੜ੍ਹਾਈ ਜਾਰੀ ਰੱਖਣ ਬਾਰੇ ਵੀ ਪੁੱਛਿਆ। ਉਨ੍ਹਾਂ ਆਈਜੀਓਟੀ (iGOT) ਮੌਡਿਊਲ ਨਾਲ ਆਪਣੇ ਤਾਲਮੇਲ ਦੀ ਵਿਆਖਿਆ ਕੀਤੀ ਅਤੇ ਮੌਡਿਊਲ ਦੇ ਲਾਭਾਂ ਬਾਰੇ ਵਿਸਤਾਰ ਨਾਲ ਦੱਸਿਆ। ਸ਼੍ਰੀ ਮੋਦੀ ਨੇ ਆਪਣੀ ਨੌਕਰੀ ਵਿੱਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਲੜਕੀਆਂ ਦੇ ਹਰ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ 'ਤੇ ਖੁਸ਼ੀ ਜ਼ਾਹਰ ਕੀਤੀ।

ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਦੇ ਜਨਾਬ ਫੈਜ਼ਲ ਸ਼ੌਕਤ ਸ਼ਾਹ, ਜੋ ਕਿ ਐੱਨਆਈਟੀ ਸ਼੍ਰੀਨਗਰ ਵਿੱਚ ਜੂਨੀਅਰ ਸਹਾਇਕ ਵਜੋਂ ਨਿਯੁਕਤ ਹੋਏ ਹਨ, ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਪਰਿਵਾਰ ਦੇ ਪਹਿਲੇ ਮੈਂਬਰ ਹਨ, ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਸਾਥੀਆਂ 'ਤੇ ਉਨ੍ਹਾਂ ਦੀ ਨਿਯੁਕਤੀ ਦੇ ਪ੍ਰਭਾਵ ਬਾਰੇ ਪੁੱਛਿਆ। ਫੈਜ਼ਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਮਿੱਤਰ ਸਰਕਾਰੀ ਨੌਕਰੀ ਹਾਸਲ ਕਰਨ ਲਈ ਪ੍ਰੇਰਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਈਜੀਓਟੀ ਮੌਡਿਊਲ ਦੇ ਲਾਭਾਂ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਫੈਜ਼ਲ ਜਿਹੇ ਨੌਜਵਾਨਾਂ ਦੇ ਜ਼ਰੀਏ ਜੰਮੂ-ਕਸ਼ਮੀਰ ਨਵੀਆਂ ਉਚਾਈਆਂ 'ਤੇ ਪਹੁੰਚੇਗਾ। ਉਨ੍ਹਾਂ ਨੌਜਵਾਨ ਨਵ-ਨਿਯੁਕਤਾਂ ਨੂੰ ਸਿੱਖਦੇ ਰਹਿਣ ਲਈ ਵੀ ਆਖਿਆ।

ਮਣੀਪੁਰ ਤੋਂ ਸੁਸ਼੍ਰੀ ਵਾਹਨੀ ਚੋਂਗ ਨੂੰ ਏਮਸ, ਗੁਵਾਹਾਟੀ ਵਿਖੇ ਨਰਸਿੰਗ ਅਫ਼ਸਰ ਵਜੋਂ ਨਿਯੁਕਤੀ ਪੱਤਰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਵਿੱਚ ਸਿਹਤ ਖੇਤਰ ਵਿੱਚ ਸ਼ਾਮਲ ਹੋਣਾ ਉਨ੍ਹਾਂ ਦਾ ਸੁਪਨਾ ਸੀ। ਦੂਸਰਿਆਂ ਵਾਂਗ, ਉਹ ਵੀ ਆਪਣੇ ਪਰਿਵਾਰ ਵਿੱਚੋਂ ਸਰਕਾਰੀ ਨੌਕਰੀ ਹਾਸਲ ਕਰਨ ਵਾਲੀ ਪਹਿਲੀ ਮੈਂਬਰ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਜੇਕਰ ਕੋਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਆਪਣਾ ਅਨੁਭਵ ਸਾਂਝਾ ਕਰਨ ਲਈ ਵੀ ਕਿਹਾ। ਉਨ੍ਹਾਂ ਨਿਰੰਤਰ ਸਿੱਖਣ ਦੀ ਆਪਣੀ ਇੱਛਾ ਵੀ ਜ਼ਾਹਰ ਕੀਤੀ। ਉਨ੍ਹਾਂ ਕੰਮ ਵਾਲੀ ਥਾਂ 'ਤੇ ਜਿਣਸੀ ਸੋਸ਼ਣ ਨਾਲ ਨਜਿੱਠਣ ਦੇ ਪ੍ਰਬੰਧਾਂ ਬਾਰੇ ਸੰਵੇਦਨਸ਼ੀਲਤਾ ਅਤੇ ਸਿੱਖਣ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਉੱਤਰ-ਪੂਰਬੀ ਖੇਤਰ ਵਿੱਚ ਨਿਯੁਕਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਖੇਤਰ ਦੇ ਵਿਕਾਸ ਲਈ ਪ੍ਰਤੀਬੱਧ ਹੈ।

ਬਿਹਾਰ ਦੇ ਇੱਕ ਦਿੱਵਯਾਂਗ ਸ਼੍ਰੀ ਰਾਜੂ ਕੁਮਾਰ ਨੂੰ ਭਾਰਤੀ ਪੂਰਬੀ ਰੇਲਵੇ ਵਿੱਚ ਜੂਨੀਅਰ ਇੰਜੀਨੀਅਰ ਵਜੋਂ ਨਿਯੁਕਤੀ ਪੱਤਰ ਮਿਲਿਆ ਹੈ। ਦਿੱਵਯਾਂਗ ਰਾਜੂ ਨੇ ਆਪਣੇ ਸਫ਼ਰ ਬਾਰੇ ਦੱਸਿਆ ਅਤੇ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਦੀ ਇੱਛਾ ਪ੍ਰਗਟਾਈ। ਉਨ੍ਹਾਂ ਆਪਣੇ ਸਾਥੀਆਂ ਅਤੇ ਪਰਿਵਾਰ ਤੋਂ ਮਿਲੇ ਸਮਰਥਨ ਬਾਰੇ ਵੀ ਗੱਲ ਕੀਤੀ। ਰਾਜੂ ਨੇ ਕਰਮਯੋਗੀ ਪ੍ਰਾਰੰਭ ਕੋਰਸ 'ਤੇ 8 ਕੋਰਸ ਕੀਤੇ ਹਨ ਅਤੇ ਤਣਾਅ ਪ੍ਰਬੰਧਨ ਅਤੇ ਆਚਾਰ ਸੰਹਿਤਾ 'ਤੇ ਕੋਰਸ ਤੋਂ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਯੂਪੀਐੱਸਸੀ ਦੀ ਸਿਵਲ ਸੇਵਾ ਪਰੀਖਿਆ ਲਈ ਕੋਸ਼ਿਸ਼ ਕਰਨਗੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਤੇਲੰਗਾਨਾ ਤੋਂ ਕੰਨਮਾਲਾ ਵਾਮਸੀ ਕ੍ਰਿਸ਼ਨਾ ਨੂੰ ਕੋਲ ਇੰਡੀਆ ਲਿਮਿਟਿਡ ਵਿੱਚ ਇੱਕ ਮੈਨੇਜਮੈਂਟ ਟ੍ਰੇਨੀ ਵਜੋਂ ਨਿਯੁਕਤੀ ਪੱਤਰ ਮਿਲਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮਾਤਾ-ਪਿਤਾ ਦੀ ਸਖ਼ਤ ਮਿਹਨਤ ਅਤੇ ਔਕੜਾਂ ਦਾ ਜ਼ਿਕਰ ਕੀਤਾ ਅਤੇ ਨਵੇਂ ਟ੍ਰੇਨੀ ਨੇ ਵੀ ਆਪਣੀ ਯਾਤਰਾ ਦਾ ਜ਼ਿਕਰ ਕੀਤਾ ਅਤੇ ਰੋਜ਼ਗਾਰ ਮੇਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਕੰਨਮਾਲਾ ਵਾਮਸੀ ਕ੍ਰਿਸ਼ਨਾ ਨੇ ਵੀ ਮੌਡਿਊਲ ਨੂੰ ਬਹੁਤ ਲਾਭਦਾਇਕ ਪਾਇਆ, ਕਿਉਂਕਿ ਇਹ ਮੋਬਾਈਲ ਫੋਨਾਂ 'ਤੇ ਉਪਲਬਧ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਆਪਣੇ ਕੈਰੀਅਰ ਵਿੱਚ ਸਿੱਖਦੇ ਰਹਿਣਗੇ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ 2023 ਦਾ ਪਹਿਲਾ ਰੋਜ਼ਗਾਰ ਮੇਲਾ ਹੈ, ਜੋ 71,000 ਪਰਿਵਾਰਾਂ ਲਈ ਸਰਕਾਰੀ ਖੇਤਰ ਵਿੱਚ ਰੋਜ਼ਗਾਰ ਦਾ ਅਨਮੋਲ ਤੋਹਫ਼ਾ ਲੈ ਕੇ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਨਵ-ਨਿਯੁਕਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰੋਜ਼ਗਾਰ ਦੇ ਇਹ ਮੌਕੇ ਨਾ ਸਿਰਫ਼ ਨਵ-ਨਿਯੁਕਤਾਂ ਵਿੱਚ ਬਲਕਿ ਕਰੋੜਾਂ ਪਰਿਵਾਰਾਂ ਵਿੱਚ ਵੀ ਉਮੀਦ ਦੀ ਇੱਕ ਨਵੀਂ ਆਸ ਦੀ ਕਿਰਨ ਪੈਦਾ ਕਰਨਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੱਖਾਂ ਨਵੇਂ ਪਰਿਵਾਰ ਸਰਕਾਰੀ ਨੌਕਰੀਆਂ 'ਤੇ ਨਿਯੁਕਤ ਹੋਣਗੇ ਕਿਉਂਕਿ ਐੱਨਡੀਏ ਸ਼ਾਸਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰੋਜ਼ਗਾਰ ਮੇਲੇ ਨਿਯਮਿਤ ਤੌਰ 'ਤੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਸਾਮ ਸਰਕਾਰ ਨੇ ਕੱਲ੍ਹ ਹੀ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਸੀ ਅਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਉੱਤਰਾਖੰਡ ਜਿਹੇ ਰਾਜ ਬਹੁਤ ਜਲਦੀ ਇਸ ਦਾ ਆਯੋਜਨ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਨਿਯਮਿਤ ਰੋਜ਼ਗਾਰ ਮੇਲੇ ਇਸ ਸਰਕਾਰ ਦੀ ਨਿਸ਼ਾਨੀ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਰਕਾਰ ਦੁਆਰਾ ਜੋ ਵੀ ਸੰਕਲਪ ਲਿਆ ਗਿਆ ਹੈ, ਉਹ ਸਾਕਾਰ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਨਵੇਂ ਨਿਯੁਕਤ ਕੀਤੇ ਗਏ ਉਮੀਦਵਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਸੰਤੁਸ਼ਟੀ ਸਪੱਸ਼ਟ ਤੌਰ 'ਤੇ ਦੇਖ ਸਕਦੇ ਹਨ ਅਤੇ ਜ਼ਿਕਰ ਕੀਤਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਉਮੀਦਵਾਰ ਆਮ ਪਿਛੋਕੜ ਤੋਂ ਆਉਂਦੇ ਹਨ ਅਤੇ ਬਹੁਤ ਸਾਰੇ ਆਪਣੇ ਪਰਿਵਾਰ ਵਿੱਚ ਪੰਜ ਪੀੜ੍ਹੀਆਂ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਰਕਾਰੀ ਨੌਕਰੀ ਪ੍ਰਾਪਤ ਕਰਨ ਤੋਂ ਕਿਤੇ ਪਰ੍ਹੇ ਹੈ। ਉਮੀਦਵਾਰ ਖੁਸ਼ ਹਨ ਕਿ ਇੱਕ ਪਾਰਦਰਸ਼ੀ ਅਤੇ ਸਪੱਸ਼ਟ ਭਰਤੀ ਪ੍ਰਕਿਰਿਆ ਰਾਹੀਂ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਤੁਸੀਂ ਭਰਤੀ ਪ੍ਰਕਿਰਿਆ ਵਿੱਚ ਇੱਕ ਵੱਡੇ ਬਦਲਾਅ ਨੂੰ ਮਹਿਸੂਸ ਕੀਤਾ ਹੋਵੇਗਾ। ਕੇਂਦਰੀ ਨੌਕਰੀਆਂ ਵਿੱਚ, ਭਰਤੀ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਸਮਾਂਬੱਧ ਹੋ ਗਈ ਹੈ।" 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਗਤੀ ਅੱਜ ਸਰਕਾਰ ਦੇ ਕੰਮਕਾਜ ਦੇ ਹਰ ਪਹਿਲੂ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਰੁਟੀਨ ਦੀਆਂ ਤਰੱਕੀਆਂ ਵੀ ਦੇਰੀ ਅਤੇ ਵਿਵਾਦਾਂ ਵਿੱਚ ਫਸੀਆਂ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਨੇ ਅਜਿਹੇ ਮੁੱਦਿਆਂ ਨੂੰ ਹੱਲ ਕੀਤਾ ਹੈ ਅਤੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਕਿਹਾ, "ਪਾਰਦਰਸ਼ੀ ਭਰਤੀ ਅਤੇ ਤਰੱਕੀ ਨੌਜਵਾਨਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ।"

ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਲਈ ਅੱਜ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਯੋਗਦਾਨਾਂ ਅਤੇ ਭਾਈਵਾਲੀਆਂ 'ਤੇ ਚਾਨਣਾ ਪਾਇਆ, ਜੋ ਉਹ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਸਰਕਾਰੀ ਮਸ਼ੀਨਰੀ ਦਾ ਹਿੱਸਾ ਬਣ ਕੇ ਕਰਨਗੇ। ਉਨ੍ਹਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਨਵ ਨਿਯੁਕਤ ਸਰਕਾਰ ਦੇ ਸਿੱਧੇ ਪ੍ਰਤੀਨਿਧ ਵਜੋਂ ਆਮ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਉਹ ਆਪਣੇ ਤਰੀਕੇ ਨਾਲ ਪ੍ਰਭਾਵ ਪੈਦਾ ਕਰਨਗੇ। 'ਵਪਾਰ ਅਤੇ ਉਦਯੋਗ ਦੀ ਦੁਨੀਆ ਵਿੱਚ ਖਪਤਕਾਰ ਹਮੇਸ਼ਾ ਸਹੀ ਹੁੰਦਾ ਹੈ', ਇਸ ਕਹਾਵਤ ਦੀ ਤੁਲਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 'ਨਾਗਰਿਕ ਹਮੇਸ਼ਾ ਸਹੀ ਹੁੰਦਾ ਹੈ' ਦੇ ਇੱਕ ਸਮਾਨ ਮੰਤਰ ਨੂੰ ਪ੍ਰਸ਼ਾਸਨ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਨਾਲ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਇਸ ਨੂੰ ਮਜ਼ਬੂਤੀ ਵੀ ਮਿਲਦੀ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਸਰਕਾਰੀ ਅਹੁਦੇ 'ਤੇ ਨਿਯੁਕਤ ਹੁੰਦਾ ਹੈ, ਤਾਂ ਇਸ ਨੂੰ ਸਰਕਾਰੀ ਸੇਵਾ ਕਿਹਾ ਜਾਂਦਾ ਹੈ ਨਾ ਕਿ ਨੌਕਰੀ। ਉਨ੍ਹਾਂ ਨੇ 140 ਕਰੋੜ ਭਾਰਤੀ ਨਾਗਰਿਕਾਂ ਦੀ ਸੇਵਾ ਕਰਕੇ ਅਨੁਭਵ ਕੀਤੇ ਜਾਣ ਵਾਲੇ ਆਨੰਦ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਦਾ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।

ਆਈਜੀਓਟੀ (iGOT) ਕਰਮਯੋਗੀ ਪਲੈਟਫਾਰਮ 'ਤੇ ਔਨਲਾਈਨ ਕੋਰਸ ਕਰਨ ਵਾਲੇ ਬਹੁਤ ਸਾਰੇ ਸਰਕਾਰੀ ਕਰਮਚਾਰੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰਤ ਟ੍ਰੇਨਿੰਗ ਤੋਂ ਇਲਾਵਾ, ਇਸ ਪਲੈਟਫਾਰਮ 'ਤੇ ਨਿਜੀ ਵਿਕਾਸ ਲਈ ਬਹੁਤ ਸਾਰੇ ਕੋਰਸ ਹਨ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਰਾਹੀਂ ਸਵੈ-ਸਿੱਖਿਆ ਅੱਜ ਦੀ ਪੀੜ੍ਹੀ ਲਈ ਇੱਕ ਮੌਕਾ ਹੈ। ਸ਼੍ਰੀ ਮੋਦੀ ਨੇ ਆਪਣੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਅੰਦਰਲੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ, "ਸਵੈ-ਸਿੱਖਿਆ ਦੀ ਭਾਵਨਾ ਟ੍ਰੇਨੀ, ਉਸ ਦੇ ਅਦਾਰਿਆਂ ਅਤੇ ਭਾਰਤ ਦੀਆਂ ਸਮਰੱਥਾਵਾਂ ਵਿੱਚ ਸੁਧਾਰ ਕਰੇਗੀ।" 

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਤੇਜ਼ੀ ਨਾਲ ਬਦਲ ਰਹੇ ਭਾਰਤ ਵਿੱਚ, ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਲਗਾਤਾਰ ਵਧ ਰਹੇ ਹਨ। ਤੇਜ਼ ਵਿਕਾਸ ਸਵੈ-ਰੋਜ਼ਗਾਰ ਦੇ ਮੌਕਿਆਂ ਦੀ ਵੱਡੇ ਪਸਾਰ ਵੱਲ ਅਗਵਾਈ ਕਰਦਾ ਹੈ। ਅੱਜ ਦਾ ਭਾਰਤ ਇਸ ਦਾ ਗਵਾਹ ਹੈ।"

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਸੰਪੂਰਨ ਪਹੁੰਚ ਨਾਲ ਰੋਜ਼ਗਾਰ ਦੇ ਲੱਖਾਂ ਮੌਕੇ ਪੈਦਾ ਹੋਏ ਹਨ। ਉਨ੍ਹਾਂ ਨੇ ਬੁਨਿਆਦੀ ਢਾਂਚੇ ਵਿੱਚ ਸੌ ਲੱਖ ਕਰੋੜ ਦੇ ਨਿਵੇਸ਼ ਦੀ ਉਦਾਹਰਨ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਨਵੀਂ ਬਣੀ ਸੜਕ ਮਾਰਗ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਦੀ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਨਵੀਆਂ ਸੜਕਾਂ ਜਾਂ ਰੇਲਵੇ ਲਾਈਨਾਂ ਦੇ ਨਾਲ-ਨਾਲ ਨਵੇਂ ਬਜ਼ਾਰ ਉੱਭਰਦੇ ਹਨ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਦਿੰਦੇ ਹਨ ਅਤੇ ਖੇਤ ਤੋਂ ਮੈਦਾਨ ਤੱਕ ਅਨਾਜ ਦੀ ਢੋਆ-ਢੁਆਈ ਨੂੰ ਬਹੁਤ ਅਸਾਨ ਬਣਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਇਨ੍ਹਾਂ ਸਾਰੀਆਂ ਸੰਭਾਵਨਾਵਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।"

ਹਰ ਪਿੰਡ ਵਿੱਚ ਬਰੌਡਬੈਂਡ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਭਾਰਤ-ਨੈੱਟ ਪ੍ਰੋਜੈਕਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸੰਪਰਕ ਨਾਲ ਰੋਜ਼ਗਾਰ ਦੇ ਨਵੇਂ ਮੌਕਿਆਂ 'ਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਟੈਕਨੋਲੋਜੀ ਮਾਹਿਰ ਨਹੀਂ ਹਨ, ਉਹ ਵੀ ਇਸ ਦੇ ਫਾਇਦਿਆਂ ਨੂੰ ਸਮਝਦੇ ਹਨ। ਇਸ ਨਾਲ ਪਿੰਡਾਂ ਵਿੱਚ ਔਨਲਾਈਨ ਸੇਵਾਵਾਂ ਪ੍ਰਦਾਨ ਕਰਕੇ ਉੱਦਮਤਾ ਦਾ ਇੱਕ ਨਵਾਂ ਖੇਤਰ ਖੁੱਲ੍ਹਿਆ ਹੈ। ਸ਼੍ਰੀ ਮੋਦੀ ਨੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਵਧਦੇ ਸਟਾਰਟਅੱਪ ਦ੍ਰਿਸ਼ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸਫ਼ਲਤਾ ਨੇ ਦੁਨੀਆ ਵਿੱਚ ਨੌਜਵਾਨਾਂ ਲਈ ਇੱਕ ਨਵੀਂ ਪਹਿਚਾਣ ਬਣਾਈ ਹੈ।

ਨਵ-ਨਿਯੁਕਤਾਂ ਦੇ ਸਫ਼ਰ ਅਤੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਯਾਦ ਰੱਖਣ ਲਈ ਪ੍ਰੇਰਿਤ ਕੀਤਾ ਕਿ ਕਿਹੜੀ ਚੀਜ਼ ਉਨ੍ਹਾਂ ਨੂੰ ਇੱਥੇ ਲੈ ਕੇ ਆਈ ਹੈ ਅਤੇ ਉਨ੍ਹਾਂ ਨੂੰ ਨਿਮਰਤਾ ਰੱਖਣ ਅਤੇ ਸੇਵਾ ਕਰਦੇ ਰਹਿਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, "ਤੁਹਾਨੂੰ ਦੇਸ਼ ਨੂੰ ਅੱਗੇ ਲਿਜਾਣ ਲਈ ਸਿੱਖਣਾ ਅਤੇ ਆਪਣੇ ਆਪ ਨੂੰ ਸਮਰੱਥ ਬਣਾਉਣਾ ਹੋਵੇਗਾ।"

ਪਿਛੋਕੜ

ਰੋਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ਦੀ ਪ੍ਰਤੀਬੱਧਤਾ ਦੀ ਪੂਰਤੀ ਵੱਲ ਇੱਕ ਕਦਮ ਹੈ। ਇਸ ਰੋਜ਼ਗਾਰ ਮੇਲੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੋਜ਼ਗਾਰ ਪੈਦਾ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰੇਗਾ।

ਦੇਸ਼ ਭਰ ਤੋਂ ਚੁਣੇ ਗਏ ਨਵ-ਨਿਯੁਕਤ ਭਾਰਤ ਸਰਕਾਰ ਦੇ ਅਧੀਨ ਵੱਖ-ਵੱਖ ਪਦਾਂ/ਅਹੁਦਿਆਂ ਜਿਵੇਂ ਕਿ ਜੂਨੀਅਰ ਇੰਜੀਨੀਅਰ, ਲੋਕੋ ਪਾਇਲਟ, ਟੈਕਨੀਸ਼ੀਅਨ, ਇੰਸਪੈਕਟਰ, ਸਬ-ਇੰਸਪੈਕਟਰ, ਕਾਂਸਟੇਬਲ, ਸਟੈਨੋਗ੍ਰਾਫਰ, ਜੂਨੀਅਰ ਲੇਖਾਕਾਰ, ਗ੍ਰਾਮੀਣ ਡਾਕ ਸੇਵਕ, ਆਮਦਨ ਕਰ ਇੰਸਪੈਕਟਰ, ਅਧਿਆਪਕ, ਨਰਸ, ਡਾਕਟਰ, ਸਮਾਜਿਕ ਸੁਰੱਖਿਆ ਅਫ਼ਸਰ, ਪੀਏ, ਐੱਮਟੀਐੱਸ 'ਤੇ ਨਿਯੁਕਤ ਹੋਣਗੇ।  

ਇਸ ਰੋਜ਼ਗਾਰ ਪ੍ਰੋਗਰਾਮ ਦੌਰਾਨ ਕਰਮਯੋਗੀ ਪ੍ਰਾਰੰਭ ਮੌਡਿਊਲ ਤੋਂ ਸਿੱਖਣ ਲਈ ਨਵੇਂ ਸ਼ਾਮਲ ਕੀਤੇ ਗਏ ਅਧਿਕਾਰੀਆਂ ਦੇ ਅਨੁਭਵ ਨੂੰ ਵੀ ਸਾਂਝਾ ਕੀਤਾ ਜਾਵੇਗਾ। ਕਰਮਯੋਗੀ ਪ੍ਰਾਰੰਭ ਮੌਡਿਊਲ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਸਾਰੇ ਨਵ-ਨਿਯੁਕਤਾਂ ਲਈ ਇੱਕ ਔਨਲਾਈਨ ਓਰੀਐਂਟੇਸ਼ਨ ਕੋਰਸ ਹੈ।

 

 

*****

 

ਡੀਐੱਸ/ਟੀਐੱਸ 


(Release ID: 1892707) Visitor Counter : 172