ਰਾਸ਼ਟਰਪਤੀ ਸਕੱਤਰੇਤ
ਮਿਲਿਟਰੀ ਇੰਜੀਨੀਅਰ ਸਰਵਿਸਿਜ਼ ਦੇ ਅਫ਼ਸਰ ਟ੍ਰੇਨੀਆਂ ਨੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਰਾਸ਼ਟਰਪਤੀ ਮੁਰਮੂ ਨੇ ਐੱਮਈਐੱਸ ਅਧਿਕਾਰੀਆਂ ਨੂੰ ਆਪਣੇ ਭਵਿੱਖ ਦੇ ਪ੍ਰੋਜੈਕਟਾਂ ਵਿੱਚ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੀਆਂ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਲਈ ਆਖਿਆ
Posted On:
05 JAN 2023 12:56PM by PIB Chandigarh
ਮਿਲਿਟਰੀ ਇੰਜੀਨੀਅਰ ਸਰਵਿਸਿਜ਼ (ਐੱਮਈਐੱਸ) ਦੇ ਅਫ਼ਸਰ ਟ੍ਰੇਨੀਆਂ ਨੇ ਅੱਜ (5 ਜਨਵਰੀ, 2023) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਅਫ਼ਸਰ ਟ੍ਰੇਨੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ, ਉਹ ਅਜਿਹੇ ਸਮੇਂ ਵਿੱਚ ਸੇਵਾਵਾਂ ਵਿੱਚ ਸ਼ਾਮਲ ਹੋਏ ਹਨ, ਜਦੋਂ ਭਾਰਤ ਨੇ ਹੁਣੇ ਹੀ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਜੀ-20 ਦੀ ਪ੍ਰਧਾਨਗੀ ਵੀ ਸੰਭਾਲੀ ਹੈ। ਇਹ ਉਹ ਸਮਾਂ ਹੈ ਜਦੋਂ ਦੁਨੀਆ ਨਵੇਂ ਨਵਾਚਾਰਾਂ ਅਤੇ ਹੱਲਾਂ ਲਈ ਭਾਰਤ ਵੱਲ ਦੇਖ ਰਹੀ ਹੈ। ਮਿਲਿਟਰੀ ਇੰਜੀਨੀਅਰ ਸਰਵਿਸਿਜ਼ ਦੇ ਅਧਿਕਾਰੀ ਹੋਣ ਦੇ ਨਾਤੇ ਤੁਸੀਂ ਸਾਰੇ ਰੱਖਿਆ ਅੰਗਾਂ ਯਾਨੀ ਕਿ ਥਲ ਸੈਨਾ, ਵਾਯੂ ਸੈਨਾ, ਜਲ ਸੈਨਾ, ਕੋਸਟ ਗਾਰਡ ਅਤੇ ਹੋਰ ਸੰਸਥਾਵਾਂ ਨੂੰ ਰੀਅਰ ਲਾਈਨ ਇੰਜੀਨੀਅਰਿੰਗ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਓਗੇ। ਹਥਿਆਰਬੰਦ ਬਲਾਂ ਨੂੰ ਪ੍ਰਦਾਨ ਕੀਤੀ ਜਾਂਦੀ ਸਮਰਪਿਤ ਇੰਜੀਨੀਅਰਿੰਗ ਸਹਾਇਤਾ ਉਨ੍ਹਾਂ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਵਧਾਉਂਦੀ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਸੰਕਟ ਨੂੰ ਪੂਰਾ ਕਰਨ ਲਈ ਤਿਆਰ ਰੱਖਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਉਸਾਰੀ ਦੇ ਖੇਤਰ ਵਿੱਚ ਨੌਜਵਾਨ ਅਫ਼ਸਰ ਹੋਣ ਦੇ ਨਾਤੇ, ਐੱਮਈਐੱਸ ਅਫਸਰਾਂ ਦਾ ਵਾਤਾਵਰਣ ਦੀ ਸੰਭਾਲ ਕਰਨਾ ਵੀ ਮੁੱਖ ਫਰਜ਼ ਹੈ। ਸਾਨੂੰ ਟਿਕਾਊ ਵਿਕਾਸ ਲਈ ਅਖੁੱਟ ਊਰਜਾ ਦੀ ਵਧਦੀ ਵਰਤੋਂ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਐੱਮਈਐੱਸ ਵੱਡੀ ਗਿਣਤੀ ਵਿੱਚ ਸੋਲਰ ਫੋਟੋਵੋਲਟੇਇਕ ਪ੍ਰੋਜੈਕਟਾਂ ਨੂੰ ਪੂਰਾ ਕਰਕੇ ਰਾਸ਼ਟਰੀ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਬਹੁਤ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਨਵਾਚਾਰ ਅਤੇ ਨਵੀਂ ਇਮਾਰਤ ਸਮੱਗਰੀ ਦੀ ਵਰਤੋਂ ਕਰ ਸਕਦੇ ਹਨ, ਜੋ ਨਿਵਾਸੀਆਂ ਨੂੰ ਖਤਰਨਾਕ ਰਸਾਇਣਾਂ ਤੋਂ ਬਚਾਉਂਦੇ ਹਨ। ਉਨ੍ਹਾਂ ਅੱਗੇ ਕਿਹਾ, "ਕੁਦਰਤੀ ਸਮੱਗਰੀਆਂ ਨਾਲ ਘਿਰੇ ਹੋਣ 'ਤੇ ਸਮੁੱਚੀ ਮਾਨਵੀ ਕਲਿਆਣ ਵਧਦਾ ਹੈ।"
ਰਾਸ਼ਟਰਪਤੀ ਨੇ ਕਿਹਾ ਕਿ ਉਸਾਰੀ ਖੇਤਰ ਬਹੁਤ ਗਤੀਸ਼ੀਲ ਹੈ ਅਤੇ ਤਕਨੀਕਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਹਨ। ਇਹ ਖੇਤਰ ਆਰਥਿਕ ਪ੍ਰਗਤੀ ਅਤੇ ਵਿਕਾਸ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਐੱਮਈਐੱਸ ਅਧਿਕਾਰੀ ਪ੍ਰੋਜੈਕਟ ਪ੍ਰਬੰਧਨ ਦੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਕੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਪ੍ਰੋਜੈਕਟਾਂ ਵਿੱਚ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵਧੇਰੇ ਕੁਸ਼ਲ ਡਿਜ਼ਾਈਨ ਅਤੇ ਨਿਰਮਾਣ ਲਈ ਸਮਾਂ ਸੀਮਾ ਘੱਟ ਕਰਨ ਵਿੱਚ ਮਦਦ ਮਿਲੇਗੀ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਮਈਐੱਸ ਨੇ ਗਾਂਧੀਨਗਰ, ਗੁਜਰਾਤ ਵਿਖੇ ਪਹਿਲੇ 3ਡੀ ਪ੍ਰਿੰਟਿਡ ਹਾਊਸਾਂ ਦੇ ਨਿਰਮਾਣ ਨੂੰ ਪੂਰਾ ਕਰ ਲਿਆ ਹੈ। ਉਨ੍ਹਾਂ ਐੱਮਈਐੱਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਹੋਰ ਤਕਨੀਕਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ, ਜੋ ਕਿ ਲਾਗਤ ਪ੍ਰਭਾਵਸ਼ਾਲੀ ਹੋਣ ਅਤੇ ਬਰਬਾਦੀ ਤੋਂ ਬਚਣ ਵਿੱਚ ਮਦਦਗਾਰ ਹੋਣ। ਉਨ੍ਹਾਂ ਨੇ ਜਿੱਥੇ ਵੀ ਸੰਭਵ ਹੋਵੇ ਸਮੱਗਰੀ ਦੀ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
*********
ਡੀਐੱਸ/ਏਕੇ
(Release ID: 1889172)
Visitor Counter : 134