ਪ੍ਰਧਾਨ ਮੰਤਰੀ ਦਫਤਰ
ਅੱਜ, ਭਾਰਤ ਆਪਣੀ ਜੀ-20 ਪ੍ਰੈਜ਼ੀਡੈਂਸੀ ਦੀ ਸ਼ੁਰੂਆਤ ਕਰ ਰਿਹਾ ਹੈ
Posted On:
01 DEC 2022 9:59AM by PIB Chandigarh
ਸ਼੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ
ਜੀ20 ਦੀਆਂ ਪਿਛਲੀਆਂ 17 ਪ੍ਰੈਜ਼ੀਡੈਂਸੀਆਂ ਨੇ ਕਈ ਹੋਰ ਨਤੀਜਿਆਂ ਦੇ ਨਾਲ ਨਾਲ - ਮੈਕਰੋ-ਇਕਨੌਮਿਕ ਸਥਿਰਤਾ ਨੂੰ ਯਕੀਨੀ ਬਣਾਉਣ, ਅੰਤਰਰਾਸ਼ਟਰੀ ਟੈਕਸਾਂ ਨੂੰ ਤਰਕਸੰਗਤ ਬਣਾਉਣ, ਦੇਸ਼ਾਂ 'ਤੇ ਕਰਜ਼ੇ ਦੇ ਬੋਝ ਨੂੰ ਘਟ ਕਰਨ ਲਈ ਮਹੱਤਵਪੂਰਨ ਨਤੀਜੇ ਪ੍ਰਦਾਨ ਕੀਤੇ ਹਨ। ਅਸੀਂ ਇਨ੍ਹਾਂ ਪ੍ਰਾਪਤੀਆਂ ਤੋਂ ਲਾਭ ਉਠਾਵਾਂਗੇ, ਅਤੇ ਉਨ੍ਹਾਂ 'ਤੇ ਅੱਗੇ ਵਧਾਂਗੇ।
ਹਾਲਾਂਕਿ, ਜਿਵੇਂ ਕਿ ਭਾਰਤ ਨੇ ਇਹ ਮਹੱਤਵਪੂਰਨ ਅਹੁਦਾ ਸੰਭਾਲਿਆ ਹੈ, ਮੈਂ ਆਪਣੇ ਆਪ ਤੋਂ ਪੁੱਛਦਾ ਹਾਂ - ਕੀ ਜੀ-20 ਅਜੇ ਵੀ ਅੱਗੇ ਵਧ ਸਕਦਾ ਹੈ? ਕੀ ਅਸੀਂ ਸਮੁੱਚੀ ਮਾਨਵਤਾ ਨੂੰ ਲਾਭ ਪਹੁੰਚਾਉਣ ਲਈ ਮਾਨਸਿਕਤਾ ਵਿੱਚ ਇੱਕ ਬੁਨਿਆਦੀ ਤਬਦੀਲੀ ਨੂੰ ਉਤਪ੍ਰੇਰਿਤ ਕਰ ਸਕਦੇ ਹਾਂ?
ਮੈਨੂੰ ਵਿਸ਼ਵਾਸ ਹੈ ਕਿ ਅਸੀਂ ਕਰ ਸਕਦੇ ਹਾਂ।
ਸਾਡੀ ਮਾਨਸਿਕਤਾ ਨੂੰ ਸਾਡੇ ਹਾਲਾਤਾਂ ਦੁਆਰਾ ਆਕਾਰ ਦਿੱਤਾ ਜਾਂਦਾ ਹੈ। ਪੂਰੇ ਇਤਿਹਾਸ ਦੇ ਦੌਰਾਨ, ਮਾਨਵਤਾ ਆਭਾਵ ਵਿੱਚ ਰਹੀ ਹੈ। ਅਸੀਂ ਸੀਮਿਤ ਸੰਸਾਧਨਾਂ ਲਈ ਲੜੇ, ਕਿਉਂਕਿ ਸਾਡਾ ਬਚਾਅ ਦੂਸਰਿਆਂ ਨੂੰ ਸੰਸਾਧਨ ਨਾ ਦੇਣ 'ਤੇ ਨਿਰਭਰ ਕਰਦਾ ਹੈ। ਵਿਚਾਰਾਂ, ਵਿਚਾਰਧਾਰਾਵਾਂ ਅਤੇ ਪਹਿਚਾਣਾਂ ਦਰਮਿਆਨ ਟਕਰਾਅ ਅਤੇ ਮੁਕਾਬਲਾ - ਆਦਰਸ਼ ਬਣ ਗਏ ਹਨ।
ਬਦਕਿਸਮਤੀ ਨਾਲ, ਅਸੀਂ ਅੱਜ ਵੀ ਉਸੇ ਜ਼ੀਰੋ-ਸਮ ਮਾਈਂਡਸੈੱਟ ਵਿੱਚ ਫਸੇ ਹੋਏ ਹਾਂ। ਅਸੀਂ ਇਸ ਨੂੰ ਉਸ ਵੇਲੇ ਦੇਖਦੇ ਹਾਂ ਜਦੋਂ ਦੇਸ਼ ਖੇਤਰ ਜਾਂ ਸੰਸਾਧਨਾਂ ਨੂੰ ਲੈ ਕੇ ਲੜਦੇ ਹਨ। ਅਸੀਂ ਇਸਨੂੰ ਉਦੋਂ ਦੇਖਦੇ ਹਾਂ ਜਦੋਂ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਹਥਿਆਰ ਬਣਾਇਆ ਜਾਂਦਾ ਹੈ। ਅਸੀਂ ਇਹ ਉਦੋਂ ਦੇਖਦੇ ਹਾਂ ਜਦੋਂ ਕੁਝ ਲੋਕਾਂ ਦੁਆਰਾ ਟੀਕੇ (ਵੈਕਸੀਨ) ਜਮ੍ਹਾ ਕੀਤੇ ਜਾਂਦੇ ਹਨ, ਭਾਵੇਂ ਕਿ ਅਰਬਾਂ ਲੋਕ ਅਸੁਰੱਖਿਅਤ ਹੋਣ।
ਕੁਝ ਲੋਕ ਇਹ ਦਲੀਲ ਦੇ ਸਕਦੇ ਹਨ ਕਿ ਟਕਰਾਅ ਅਤੇ ਲਾਲਚ ਮਾਨਵੀ ਸੁਭਾਅ ਹਨ। ਮੈਂ ਅਸਹਿਮਤ ਹਾਂ। ਜੇ ਇਨਸਾਨ ਸੁਭਾਵਿਕ ਤੌਰ 'ਤੇ ਸੁਆਰਥੀ ਹੁੰਦੇ, ਤਾਂ ਇੰਨੀਆਂ ਸਾਰੀਆਂ ਅਧਿਆਤਮਿਕ ਪਰੰਪਰਾਵਾਂ ਦੀ ਸਥਾਈ ਅਪੀਲ ਦੀ ਕੀ ਵਿਆਖਿਆ ਹੋਵੇਗੀ ਜੋ ਸਾਡੇ ਸਾਰਿਆਂ ਦੀ ਬੁਨਿਆਦੀ ਏਕਤਾ ਦੀ ਵਕਾਲਤ ਕਰਦੀਆਂ ਹਨ?
ਇੱਕ ਅਜਿਹੀ ਪਰੰਪਰਾ, ਜੋ ਭਾਰਤ ਵਿੱਚ ਪ੍ਰਚਲਿਤ ਹੈ, ਸਾਰੇ ਜੀਵਾਂ ਅਤੇ ਇੱਥੋਂ ਤੱਕ ਕਿ ਨਿਰਜੀਵ ਚੀਜ਼ਾਂ ਨੂੰ ਵੀ ਉਸੇ ਪੰਜ ਮੂਲ ਤੱਤਾਂ - ਧਰਤੀ, ਪਾਣੀ, ਅੱਗ, ਹਵਾ ਅਤੇ ਪੁਲਾੜ ਦੇ ਪੰਚਤੱਤਾਂ ਤੋਂ ਬਣੀ ਹੋਈ ਸਮਝਦੀ ਹੈ।
ਇਨ੍ਹਾਂ ਤੱਤਾਂ ਵਿੱਚ ਇਕਸੁਰਤਾ - ਸਾਡੇ ਅੰਦਰ ਅਤੇ ਸਾਡੇ ਦਰਮਿਆਨ - ਸਾਡੀ ਸਰੀਰਕ, ਸਮਾਜਿਕ ਅਤੇ ਵਾਤਾਵਰਣਕ ਭਲਾਈ ਲਈ ਜ਼ਰੂਰੀ ਹੈ।
ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਇਸ ਵਿਸ਼ਵਵਿਆਪੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗੀ। ਇਸੇ ਲਈ ਸਾਡਾ ਥੀਮ ਹੈ - 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ'। ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ। ਇਹ ਮਾਨਵੀ ਸਥਿਤੀਆਂ ਵਿੱਚ ਹਾਲ ਹੀ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਦਾ ਹੈ, ਜਿਸਦੀ ਅਸੀਂ ਸਮੂਹਿਕ ਤੌਰ 'ਤੇ ਸ਼ਲਾਘਾ ਕਰਨ ਵਿੱਚ ਅਸਫਲ ਰਹੇ ਹਾਂ।
ਅੱਜ, ਸਾਡੇ ਕੋਲ ਦੁਨੀਆ ਦੇ ਸਾਰੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੁੜੀਂਦਾ ਉਤਪਾਦਨ ਕਰਨ ਦੇ ਸਾਧਨ ਮੌਜੂਦ ਹਨ।
ਅੱਜ, ਸਾਨੂੰ ਆਪਣੇ ਬਚਾਅ ਲਈ ਲੜਨ ਦੀ ਜ਼ਰੂਰਤ ਨਹੀਂ ਹੈ - ਸਾਡੇ ਯੁਗ ਨੂੰ ਯੁੱਧ ਦੀ ਜ਼ਰੂਰਤ ਨਹੀਂ ਹੈ। ਦਰਅਸਲ, ਅਜਿਹਾ ਨਹੀਂ ਹੋਣਾ ਚਾਹੀਦਾ!
ਅੱਜ, ਸਾਡੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ - ਜਲਵਾਯੂ ਪਰਿਵਰਤਨ, ਆਤੰਕਵਾਦ ਅਤੇ ਮਹਾਮਾਰੀ - ਨੂੰ ਇੱਕ ਦੂਸਰੇ ਨਾਲ ਲੜ ਕੇ ਨਹੀਂ, ਬਲਕਿ ਮਿਲ ਕੇ ਕੰਮ ਕਰਕੇ ਹੱਲ ਕੀਤਾ ਜਾ ਸਕਦਾ ਹੈ।
ਖੁਸ਼ਕਿਸਮਤੀ ਨਾਲ, ਅੱਜ ਦੀ ਟੈਕਨੋਲੋਜੀ ਸਾਨੂੰ ਮਾਨਵਤਾ-ਵਿਆਪਕ ਪੱਧਰ 'ਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਾਧਨ ਵੀ ਦਿੰਦੀ ਹੈ। ਅੱਜ ਅਸੀਂ ਜਿਸ ਵਿਸ਼ਾਲ ਵਰਚੁਅਲ ਦੁਨੀਆ ਵਿੱਚ ਰਹਿੰਦੇ ਹਾਂ, ਉਹ ਡਿਜੀਟਲ ਟੈਕਨੋਲੋਜੀਆਂ ਦੀ ਮਾਪਯੋਗਤਾ ਨੂੰ ਦਰਸਾਉਂਦੀ ਹੈ।
ਮਾਨਵਤਾ ਦੇ ਛੇਵੇਂ ਹਿੱਸੇ ਦਾ ਘਰ, ਅਤੇ ਭਾਸ਼ਾਵਾਂ, ਧਰਮਾਂ, ਰੀਤੀ-ਰਿਵਾਜਾਂ ਅਤੇ ਵਿਸ਼ਵਾਸਾਂ ਦੀ ਵਿਸ਼ਾਲ ਵਿਵਿਧਤਾ ਦੇ ਨਾਲ, ਭਾਰਤ ਦੁਨੀਆ ਦਾ ਇੱਕ ਸੂਖਮ ਜਗਤ ਹੈ।
ਸਮੂਹਿਕ ਫੈਸਲੇ ਲੈਣ ਦੀਆਂ ਸਭ ਤੋਂ ਪੁਰਾਤਨ ਪਰੰਪਰਾਵਾਂ ਦੇ ਨਾਲ, ਭਾਰਤ ਲੋਕਤੰਤਰ ਦੇ ਬੁਨਿਆਦੀ ਡੀਐੱਨਏ ਵਿੱਚ ਯੋਗਦਾਨ ਪਾਉਂਦਾ ਹੈ। ਲੋਕਤੰਤਰ ਦੀ ਜਨਨੀ ਹੋਣ ਦੇ ਨਾਤੇ, ਭਾਰਤ ਦੀ ਰਾਸ਼ਟਰੀ ਸਹਿਮਤੀ ਹੁਕਮ ਦੁਆਰਾ ਨਹੀਂ, ਬਲਕਿ ਲੱਖਾਂ ਆਜ਼ਾਦ ਆਵਾਜ਼ਾਂ ਨੂੰ ਇੱਕ ਸੁਰੀਲੀ ਧੁਨ ਵਿੱਚ ਮਿਲਾ ਕੇ ਬਣਾਈ ਜਾਂਦੀ ਹੈ।
ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਬੜੀ ਅਰਥਵਿਵਸਥਾ ਹੈ। ਸਾਡਾ ਨਾਗਰਿਕ-ਕੇਂਦ੍ਰਿਤ ਸ਼ਾਸਨ ਮਾਡਲ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਸਿਰਜਣਾਤਮਕ ਪ੍ਰਤਿਭਾ ਦਾ ਪੋਸ਼ਣ ਕਰਦੇ ਹੋਏ, ਸਾਡੇ ਸਭ ਤੋਂ ਹਾਸ਼ੀਏ ਵਾਲੇ ਨਾਗਰਿਕਾਂ ਦਾ ਵੀ ਧਿਆਨ ਰੱਖਦਾ ਹੈ।
ਅਸੀਂ ਰਾਸ਼ਟਰੀ ਵਿਕਾਸ ਨੂੰ ਉੱਪਰ ਤੋਂ ਹੇਠਾਂ ਦੇ ਸ਼ਾਸਨ ਦੇ ਵਿਵਹਾਰ ਵਿੱਚ ਨਹੀਂ, ਬਲਕਿ ਨਾਗਰਿਕਾਂ ਦੀ ਅਗਵਾਈ ਵਾਲੀ 'ਲੋਕ ਲਹਿਰ' ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਅਸੀਂ ਡਿਜੀਟਲ ਪਬਲਿਕ ਗੁਡਸ ਬਣਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਇਆ ਹੈ ਜੋ ਖੁੱਲ੍ਹੀਆਂ, ਸੰਮਲਿਤ ਅਤੇ ਅੰਤਰ-ਸੰਚਾਲਿਤ ਹਨ। ਇਨ੍ਹਾਂ ਨੇ ਸਮਾਜਿਕ ਸੁਰੱਖਿਆ, ਵਿੱਤੀ ਸਮਾਵੇਸ਼, ਅਤੇ ਇਲੈਕਟ੍ਰੌਨਿਕ ਭੁਗਤਾਨਾਂ ਜਿਹੇ ਵਿਭਿੰਨ ਖੇਤਰਾਂ ਵਿੱਚ ਕ੍ਰਾਂਤੀਕਾਰੀ ਪ੍ਰਗਤੀ ਪ੍ਰਦਾਨ ਕੀਤੀ ਹੈ।
ਇਨ੍ਹਾਂ ਸਾਰੇ ਕਾਰਨਾਂ ਕਰਕੇ, ਭਾਰਤ ਦੇ ਅਨੁਭਵ ਸੰਭਵ ਗਲੋਬਲ ਸਮਾਧਾਨਾਂ ਲਈ ਸਮਝ ਪ੍ਰਦਾਨ ਕਰ ਸਕਦੇ ਹਨ।
ਸਾਡੀ ਜੀ-20 ਪ੍ਰੈਜ਼ੀਡੈਂਸੀ ਦੇ ਦੌਰਾਨ, ਅਸੀਂ ਭਾਰਤ ਦੇ ਅਨੁਭਵਾਂ, ਸਿੱਖਿਆਵਾਂ ਅਤੇ ਮਾਡਲਾਂ ਨੂੰ ਦੂਸਰਿਆਂ, ਖਾਸ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ ਲਈ ਸੰਭਵ ਨਮੂਨੇ ਵਜੋਂ ਪੇਸ਼ ਕਰਾਂਗੇ।
ਸਾਡੀਆਂ ਜੀ20 ਪ੍ਰਾਥਮਿਕਤਾਵਾਂ ਨੂੰ ਸਿਰਫ਼ ਸਾਡੇ ਜੀ20 ਭਾਈਵਾਲਾਂ ਹੀ ਨਹੀਂ, ਬਲਕਿ ਗਲੋਬਲ ਸਾਊਥ ਵਿੱਚ ਸਾਡੇ ਸਾਥੀ-ਯਾਤਰੂਆਂ ਨਾਲ ਵੀ ਸਲਾਹ-ਮਸ਼ਵਰਾ ਕਰਕੇ ਆਕਾਰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਆਵਾਜ਼ ਅਕਸਰ ਸੁਣੀ ਨਹੀਂ ਜਾਂਦੀ।
ਸਾਡੀਆਂ ਤਰਜੀਹਾਂ ਸਾਡੀ 'ਇੱਕ ਪ੍ਰਿਥਵੀ' ਦੀ ਤੰਦਰੁਸਤੀ, ਸਾਡੇ 'ਇੱਕ ਪਰਿਵਾਰ' ਵਿੱਚ ਸਦਭਾਵਨਾ ਪੈਦਾ ਕਰਨ ਅਤੇ ਸਾਡੇ 'ਇੱਕ ਭਵਿੱਖ' ਲਈ ਉਮੀਦ ਦੇਣ 'ਤੇ ਕੇਂਦ੍ਰਿਤ ਹੋਣਗੀਆਂ।
ਸਾਡੇ ਗ੍ਰਹਿ ਦਾ ਉਪਚਾਰ ਕਰਨ ਲਈ, ਅਸੀਂ ਕੁਦਰਤ ਪ੍ਰਤੀ ਵਿਸ਼ਵਾਸ ਦੀ ਭਾਰਤ ਦੀ ਪਰੰਪਰਾ ਦੇ ਅਧਾਰ 'ਤੇ ਟਿਕਾਊ ਅਤੇ ਵਾਤਾਵਰਣ-ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਾਂਗੇ।
ਮਾਨਵ ਪਰਿਵਾਰ ਦੇ ਅੰਦਰ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ, ਅਸੀਂ ਖੁਰਾਕ, ਖਾਦਾਂ ਅਤੇ ਮੈਡੀਕਲ ਉਤਪਾਦਾਂ ਦੀ ਆਲਮੀ ਸਪਲਾਈ ਨੂੰ ਸਿਆਸਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਭੂ-ਰਾਜਨੀਤਕ ਤਣਾਅ ਮਾਨਵਤਾਵਾਦੀ ਸੰਕਟਾਂ ਦਾ ਕਾਰਨ ਨਾ ਬਣਨ। ਸਾਡੇ ਆਪਣੇ ਪਰਿਵਾਰਾਂ ਵਾਂਗ, ਜਿਨ੍ਹਾਂ ਦੀਆਂ ਜ਼ਰੂਰਤਾਂ ਸਭ ਤੋਂ ਵੱਡੀਆਂ ਹੁੰਦੀਆਂ ਹਨ, ਹਮੇਸ਼ਾਂ ਉਨ੍ਹਾਂ ਬਾਰੇ ਸਾਡੀ ਪਹਿਲੀ ਚਿੰਤਾ ਹੋਣੀ ਚਾਹੀਦੀ ਹੈ।
ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉਮੀਦ ਜਗਾਉਣ ਲਈ, ਅਸੀਂ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚ - ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੁਆਰਾ ਪੈਦਾ ਹੋਣ ਵਾਲੇ ਜੋਖਮਾਂ ਨੂੰ ਘਟਾਉਣ ਅਤੇ ਵਿਸ਼ਵ ਸੁਰੱਖਿਆ ਨੂੰ ਵਧਾਉਣ ਬਾਰੇ ਇੱਕ ਇਮਾਨਦਾਰ ਗੱਲਬਾਤ ਨੂੰ ਉਤਸ਼ਾਹਿਤ ਕਰਾਂਗੇ।
ਭਾਰਤ ਦਾ ਜੀ-20 ਏਜੰਡਾ ਸਮਾਵੇਸ਼ੀ, ਖਾਹਿਸ਼ੀ, ਕਾਰਜ-ਮੁਖੀ ਅਤੇ ਨਿਰਣਾਇਕ ਹੋਵੇਗਾ।
ਆਓ ਅਸੀਂ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਨੂੰ ਤੰਦਰੁਸਤੀ, ਸਦਭਾਵਨਾ ਅਤੇ ਉਮੀਦ ਦੀ ਪ੍ਰਧਾਨਗੀ ਬਣਾਉਣ ਲਈ ਇਕੱਠੇ ਹੋਈਏ।
ਆਉ ਅਸੀਂ ਮਾਨਵ-ਕੇਂਦ੍ਰਿਤ ਵਿਸ਼ਵੀਕਰਣ ਦੇ ਇੱਕ ਨਵੇਂ ਪੈਰਾਡਾਈਮ ਨੂੰ ਆਕਾਰ ਦੇਣ ਲਈ ਮਿਲ ਕੇ ਕੰਮ ਕਰੀਏ।
***
ਡੀਐੱਸ
(Release ID: 1880248)
Visitor Counter : 265
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam