ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੋਆ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ


"ਸਵਯੰਪੂਰਣ ਗੋਆ" ਦਾ ਵਿਜ਼ਨ ਰਾਜ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਹੈ"

"ਗੋਆ ਸਰਕਾਰ ਨੇ ਰਾਜ ਦੇ ਵਿਕਾਸ ਲਈ ਇੱਕ ਨਵਾਂ ਬਲੂਪ੍ਰਿੰਟ ਲਿਆਂਦਾ ਹੈ"

“ਤੁਹਾਡੇ ਜੀਵਨ ਦੇ ਸਭ ਤੋਂ ਮਹੱਤਵਪੂਰਨ 25 ਸਾਲ ਹੁਣ ਸ਼ੁਰੂ ਹੋਣ ਜਾ ਰਹੇ ਹਨ। ਤੁਹਾਡੇ ਪਾਸ ਗੋਆ ਦੇ ਵਿਕਾਸ ਦੇ ਨਾਲ-ਨਾਲ 2047 ਦੇ ਨਿਊ ਇੰਡੀਆ ਦਾ ਲਕਸ਼ ਹੈ"

Posted On: 24 NOV 2022 12:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਗੋਆ ਸਰਕਾਰ ਦੇ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਧਨਤੇਰਸ 'ਤੇ ਕੇਂਦਰੀ ਪੱਧਰ 'ਤੇ ਰੋਜ਼ਗਾਰ ਮੇਲੇ ਦਾ ਸੰਕਲਪ ਲਾਂਚ ਕੀਤਾ ਸੀ। ਇਹ ਸਰਕਾਰ ਦੀ ਕੇਂਦਰੀ ਪੱਧਰ 'ਤੇ 10 ਲੱਖ ਨੌਕਰੀਆਂ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਸੀ। ਉਦੋਂ ਤੋਂ ਹੀ ਪ੍ਰਧਾਨ ਮੰਤਰੀ ਨੇ ਗੁਜਰਾਤ, ਜੰਮੂ-ਕਸ਼ਮੀਰ ਅਤੇ ਮਹਾਰਾਸ਼ਟਰ ਸਰਕਾਰਾਂ ਦੇ ਰੋਜ਼ਗਾਰ ਮੇਲਿਆਂ ਨੂੰ ਸੰਬੋਧਨ ਕੀਤਾ ਹੈ ਅਤੇ ਇੱਕ ਦਿਨ ਪਹਿਲਾਂ ਨਵੇਂ ਭਰਤੀ ਕੀਤੇ ਗਏ ਲੋਕਾਂ ਨੂੰ ਲਗਭਗ 71,000 ਨਿਯੁਕਤੀ ਪੱਤਰ ਵੰਡਦੇ ਹੋਏ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਸਾਰੇ ਨਵੇਂ ਨਿਯੁਕਤੀਆਂ ਲਈ ਔਨਲਾਈਨ ਓਰੀਐਂਟੇਸ਼ਨ ਕੋਰਸਾਂ ਲਈ ਕਰਮਯੋਗੀ ਪ੍ਰਾਰੰਭ ਮੌਡਿਊਲ ਵੀ ਲਾਂਚ ਕੀਤਾ ਹੈ। 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਟਿੱਪਣੀ ਕੀਤੀ ਕਿ ਇਹ ਰੋਜ਼ਗਾਰ ਸਿਰਜਣ ਵਿੱਚ ਗੋਆ ਸਰਕਾਰ ਦਾ ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਗੋਆ ਪੁਲਿਸ ਅਤੇ ਹੋਰ ਵਿਭਾਗਾਂ ਵਿੱਚ ਹੋਰ ਭਰਤੀਆਂ ਸ਼ੁਰੂ ਹੋਣ ਜਾ ਰਹੀਆਂ ਹਨ। "ਉਨ੍ਹਾਂ ਕਿਹਾ, "ਇਹ ਗੋਆ ਪੁਲਿਸ ਬਲ ਨੂੰ ਮਜ਼ਬੂਤ ​​ਕਰੇਗਾ ਅਤੇ ਇਸ ਦੇ ਨਤੀਜੇ ਵਜੋਂ ਨਾਗਰਿਕਾਂ ਅਤੇ ਸੈਲਾਨੀਆਂ ਲਈ ਸੁਰੱਖਿਆ ਪ੍ਰਣਾਲੀ ਵਿੱਚ ਸੁਧਾਰ ਹੋਵੇਗਾ।"

ਸ਼੍ਰੀ ਮੋਦੀ ਨੇ ਕਿਹਾ, “ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਲਗਾਤਾਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਦਕਿ ਕੇਂਦਰ ਸਰਕਾਰ ਵੀ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰ ਰਹੀ ਹੈ।” ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਸਸ਼ਕਤੀਕਰਣ ਲਈ ਆਪਣੇ ਪੱਧਰ 'ਤੇ ਅਜਿਹੇ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਨ ਲਈ ਦੋਹਰੇ ਇੰਜਣ ਵਾਲੀਆਂ ਸਰਕਾਰਾਂ ਵਲੋਂ ਸ਼ਾਸਿਤ ਰਾਜਾਂ ਦੇ ਯਤਨਾਂ 'ਤੇ ਖੁਸ਼ੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਪਿਛਲੇ 8 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਗੋਆ ਦੇ ਵਿਕਾਸ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਲਗਭਗ 3000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮੋਪਾ ਵਿਖੇ ਜਲਦੀ ਹੀ ਉਦਘਾਟਨ ਹੋਣ ਵਾਲੇ ਹਵਾਈ ਅੱਡੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਚਲ ਰਹੇ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਤਰ੍ਹਾਂ ਇਹ ਵੀ ਗੋਆ ਦੇ ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "'ਸਵਯੰਪੂਰਣ ਗੋਆ' ਦਾ ਵਿਜ਼ਨ ਰਾਜ ਵਿੱਚ ਬੁਨਿਆਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਹੈ।" ਗੋਆ ਟੂਰਿਜ਼ਮ ਮਾਸਟਰ ਪਲਾਨ ਅਤੇ ਨੀਤੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਗੋਆ ਦੇ ਵਿਕਾਸ ਲਈ ਇੱਕ ਨਵਾਂ ਖਾਕਾ ਲੈ ਕੇ ਆਈ ਹੈ, ਜਿਸ ਨਾਲ ਟੂਰਿਜ਼ਮ ਖੇਤਰ ਵਿੱਚ ਨਿਵੇਸ਼ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹੀਆਂ ਹਨ ਅਤੇ ਇਸ ਨਾਲ ਵੱਡੀ ਗਿਣਤੀ ਵਿੱਚ ਰੋਜ਼ਗਾਰ ਨੂੰ ਹੁਲਾਰਾ ਮਿਲੇਗਾ। ਗੋਆ ਦੇ ਗ੍ਰਾਮੀਣ ਖੇਤਰਾਂ ਨੂੰ ਰਵਾਇਤੀ ਖੇਤੀ ਵਿੱਚ ਰੋਜ਼ਗਾਰ ਵਧਾਉਣ ਲਈ ਆਰਥਿਕ ਮਜ਼ਬੂਤੀ ਦੇਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਝੋਨਾ, ਫਲ ਪ੍ਰੋਸੈੱਸਿੰਗ, ਨਾਰੀਅਲ, ਪਟਸਨ ਅਤੇ ਮਸਾਲੇ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਸਵੈ-ਸਹਾਇਤਾ ਸਮੂਹਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਯਤਨ ਗੋਆ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਈ ਨਵੇਂ ਅਵਸਰ ਪੈਦਾ ਕਰ ਰਹੇ ਹਨ।

ਨਵ ਨਿਯੁਕਤ ਲੋਕਾਂ ਨੂੰ ਗੋਆ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਵਿਕਾਸ ਲਈ ਕੰਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਤੁਹਾਡੇ ਜੀਵਨ ਦੇ ਸਭ ਤੋਂ ਮਹੱਤਵਪੂਰਨ 25 ਸਾਲ ਹੁਣ ਸ਼ੁਰੂ ਹੋਣ ਜਾ ਰਹੇ ਹਨ।" ਪ੍ਰਧਾਨ ਮੰਤਰੀ ਨੇ ਇੱਕ ਵਿਕਸਿਤ ਭਾਰਤ ਦੇ ਆਪਣੇ ਵਿਜ਼ਨ 'ਤੇ ਚਾਨਣਾ ਪਾਉਂਦੇ ਹੋਏ ਅਤੇ 2047 ਦੇ ਨਿਊ ਇੰਡੀਆ ਦਾ ਲਕਸ਼ ਅੱਗੇ ਰੱਖਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡੇ ਪਾਸ ਗੋਆ ਦੇ ਵਿਕਾਸ ਦੇ ਨਾਲ-ਨਾਲ 2047 ਦੇ ਨਵੇਂ ਭਾਰਤ ਦਾ ਵੀ ਲਕਸ਼ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਪੂਰੀ ਲਗਨ ਅਤੇ ਤਤਪਰਤਾ ਨਾਲ ਆਪਣੇ  ਕਰਤਵਯ ਪਥ ਦਾ ਅਨੁਸਰਣ ਕਰਦੇ ਰਹੋਗੇ।”

 

*****

ਡੀਐੱਸ/ਟੀਐੱਸ 



(Release ID: 1878568) Visitor Counter : 103