ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਦੀ ਪ੍ਰਧਾਨਗੀ ਵਿੱਚ ਭਾਰਤ ਦੁਆਰਾ ਮੇਜ਼ਬਾਨੀ ਕੀਤੀ ਗਈ ਬਿਮਸਟੇਕ ਦੇ ਖੇਤੀਬਾੜੀ ਮੰਤਰੀਆਂ ਦੀ ਦੂਜੀ ਮੀਟਿੰਗ


ਇੱਕ ਦੋਸਤਾਨਾ ਖੇਤੀਬਾੜੀ ਭੋਜਨ ਪ੍ਰਣਾਲੀ ਅਤੇ ਪੋਸ਼ਣ ਲਈ ਬਾਜਰੇ (ਮਿਲੇਟ) ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਪਹਿਲ ਵਿੱਚ ਭਾਗੀਦਾਰੀ ਲਈ ਅਪੀਲ

Posted On: 10 NOV 2022 3:00PM by PIB Chandigarh

ਬੰਗਾਲ ਦੀ ਖਾੜੀ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਉਪਕ੍ਰਮ (ਬਿਮਸਟੇਕ) ਦੀ ਦੂਜੀ ਖੇਤੀਬਾੜੀ ਮੰਤਰੀ ਪੱਧਰੀ ਮੀਟਿੰਗ ਅੱਜ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਪ੍ਰਧਾਨਗੀ ਹੇਠ ਭਾਰਤ ਦੁਆਰਾ ਆਯੋਜਿਤ ਕੀਤੀ ਗਈ। ਇਸ ਵਿੱਚ ਭੂਟਾਨ, ਬੰਗਲਾਦੇਸ਼, ਨੇਪਾਲ, ਮਿਆਮਾਰ, ਸ੍ਰੀਲੰਕਾ ਅਤੇ ਥਾਈਲੈਂਡ ਦੇ ਖੇਤੀ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ।

 

ਮੀਟਿੰਗ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਸ਼੍ਰੀ ਤੋਮਰ ਨੇ ਮੈਂਬਰ ਦੇਸ਼ਾਂ ਨੂੰ ਖੇਤੀਬਾੜੀ ਦੇ ਬਦਲਾਅ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਿਆਪਕ ਖੇਤਰੀ ਰਣਨੀਤੀ ਵਿਕਸਿਤ ਕਰਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।ਇੱਕ ਪੌਸ਼ਟਿਕ ਭੋਜਨ ਵਜੋਂ ਬਾਜਰੇ  (ਮਿਲੇਟ) ਦੀ ਮਹੱਤਤਾ ਅਤੇ ਅੰਤਰਰਾਸ਼ਟਰੀ ਬਾਜਰਾ (ਮਿਲੇਟ) ਸਾਲ 2023 ਦੌਰਾਨ ਬਾਜਰੇ(ਮਿਲੇਟ) ਅਤੇ ਇਸ ਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਵੱਲੋਂ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਇੱਕ ਦੋਸਤਾਨਾ ਖੇਤੀ-ਭੋਜਨ ਪ੍ਰਣਾਲੀ ਅਤੇ ਸਾਰਿਆਂ ਲਈ ਸਿਹਤਮੰਦ ਖੁਰਾਕ ਅਪਣਾਉਣ ਦੀ ਅਪੀਲ ਕੀਤੀ। ਬਾਜਰੇ (ਮਿਲੇਟ) ਨੂੰ ਭੋਜਨ ਵਜੋਂ ਉਤਸ਼ਾਹਿਤ ਕਰਨ ਲਈ ਭਾਰਤ ਦੀ ਪਹਿਲਕਦਮੀ ਵਿੱਚ ਇੱਕ ਸਰਗਰਮ ਭਾਗੀਦਾਰ ਬਣਨ। ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਜੈਵ ਵਿਭਿੰਨਤਾ ਨੂੰ ਬਚਾਉਣ ਅਤੇ ਰਸਾਇਣਾਂ ਦੀ ਵਰਤੋਂ ਨੂੰ ਘਟਾਉਣ ਲਈ ਕੁਦਰਤੀ ਅਤੇ ਵਾਤਾਵਰਣਕ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

 

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਡਿਜੀਟਲ ਖੇਤੀ ਅਤੇ ਸ਼ੁੱਧ ਖੇਤੀ ਦੇ ਨਾਲ-ਨਾਲ  'ਵਨ ਹੈਲਥ' ਦ੍ਰਿਸ਼ਟੀਕੋਣ ਤਹਿਤ ਕੀਤੀ ਜਾਣ ਵਾਲੀ ਪਹਿਲ ਵੀ ਭਾਰਤ ਵਿੱਚ ਸਾਕਾਰ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਨੇ ਭੋਜਨ ਸੁਰੱਖਿਆ, ਪੋਸ਼ਣ, ਵਾਤਾਵਰਣ ਸਥਿਰਤਾ ਅਤੇ ਆਜੀਵਿਕਾ ਸਹਾਇਤਾ ਸੁਨਿਸ਼ਚਿਤ ਕਰਨ ਦੇ ਲਈ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ । ਜਿਸ ਦੇ ਲਈ  'ਵਨ ਹੈਲਥ' ਦ੍ਰਿਸ਼ਟੀਕੋਣ ਅਤੇ ਹੋਰ ਪ੍ਰੋਗਰਾਮਾਂ ਤਹਿਤ  ਜਲਵਾਯੂ ਪਰਿਵਰਤਨ, ਖੇਤੀ-ਜੈਵਿਕ ਵਿਭਿੰਨਤਾ, ਸੂਖਮ-ਜੀਵ ਰੋਗਾਣੂ ਰੋਕੂ ਪ੍ਰਤੀਰੋਧ ਦੀਆਂ ਚੁਣੌਤੀਆਂ ਨਾਲ ਨਿਪਟਣ ਹੇਤੂ ਤਕਨੀਕੀ ਅਤੇ ਆਰਥਿਕ ਸਹਿਯੋਗ ਨੂੰ ਵਧਾਉਣਾ ਜ਼ਰੂਰੀ ਹੈ।

ਸ਼੍ਰੀ ਤੋਮਰ ਨੇ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਿਆਨ ਨੂੰ ਦੁਹਰਾਇਆ ਜੋ ਕਿ ਉਨ੍ਹਾਂ ਦੁਆਰਾ ਮਾਰਚ-2022 ਵਿੱਚ ਕੋਲੰਬੋ ਵਿੱਚ 5ਵੇਂ ਬਿਮਸਟੇਕ ਸਿਖਰ ਸੰਮੇਲਨ ਵਿੱਚ ਖੇਤਰ ਵਿੱਚ ਭੋਜਨ ਸੁਰੱਖਿਆ, ਸ਼ਾਂਤੀ ਅਤੇ ਖੁਸ਼ਹਾਲੀ ਲਈ ਬਿਮਸਟੇਕ ਦੇਸ਼ਾਂ ਦੇ ਖੇਤਰੀ ਸਹਿਯੋਗ ਨੂੰ ਵਧਾਉਣਾ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਖੇਤੀਬਾੜੀ ਉਤਪਾਦਕਤਾ, ਭੋਜਨ ਸੁਰੱਖਿਆ ਅਤੇ ਪੋਸ਼ਣ, ਸਥਿਰਤਾ, ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਖੇਤੀ-ਕਾਰੋਬਾਰ, ਜਲਵਾਯੂ ਪਰਿਵਰਤਨ ਪ੍ਰਬੰਧਨ, ਡਿਜੀਟਲ ਖੇਤੀਬਾੜੀ ਆਦਿ ਦੇ ਖੇਤਰਾਂ ਵਿੱਚ ਬਿਮਸਟੇਕ ਨਾਲ ਸਹਿਯੋਗ ਵਧਾਉਣ ਹੇਤੂ ਭਾਰਤ ਦੀ ਵਚਨਬੱਧਤਾ ਪ੍ਰਗਟਾਈ।

 

ਦੂਜੀ ਬਿਮਸਟੇਕ ਖੇਤੀਬਾੜੀ ਮੰਤਰੀ ਪੱਧਰੀ ਮੀਟਿੰਗ ਵਿੱਚ ਬਿਮਸਟੇਕ ਖੇਤੀਬਾੜੀ ਸਹਿਯੋਗ (2023-2027) ਨੂੰ ਮਜ਼ਬੂਤ ਕਰਨ ਲਈ ਕਾਰਜ ਯੋਜਨਾ ਨੂੰ ਅੰਗੀਕਾਰ ਕੀਤਾ ਗਿਆ ਅਤੇ ਬਿਮਸਟੇਕ ਸਕੱਤਰੇਤ ਅਤੇ ਅੰਤਰਰਾਸ਼ਟਰੀ ਖੁਰਾਕ ਨੀਤੀ ਖੋਜ ਸੰਸਥਾ (ਆਈਐਫਪੀਆਰਆਈ)ਦਰਮਿਆਨ ਸਹਿਮਤੀ ਪੱਤਰ ਅਤੇ ਮੱਛੀ ਪਾਲਣ ਅਤੇ ਪਸ਼ੂ ਧਨ ਉਪ-ਖੇਤਰਾਂ  ਨੂੰ ਖੇਤੀਬਾੜੀ ਕਾਰਜ ਸਮੂਹ ਦੇ ਅਧੀਨ ਲਿਆਉਣ ਲਈ ਪ੍ਰਵਾਨਗੀ ਦਿੱਤੀ ਗਈ। ਬਿਮਸਟੇਕ ਮੈਂਬਰ ਦੇਸ਼ਾਂ ਨੇ ਖੇਤੀਬਾੜੀ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਵਿੱਚ ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਪ੍ਰੋਗਰਾਮਾਂ ਲਈ ਛੇ-ਛੇ ਵਜ਼ੀਫ਼ੇ ਦੇਣ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

ਮੀਟਿੰਗ ਵਿੱਚ ਭਾਰਤੀ ਵਫ਼ਦ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ, ਸਕੱਤਰ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਅਤੇ ਡਾ: ਹਿਮਾਂਸ਼ੂ ਪਾਠਕ, ਡਾਇਰੈਕਟਰ ਜਨਰਲ, ਭਾਰਤੀ ਖੇਤੀ ਖੋਜ ਪਰੀਸ਼ਦ (ਆਈਸੀਏਆਰ) ਸਮੇਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

 

ਬਿਮਸਟੇਕ ਦੀ ਸਥਾਪਨਾ ਸਾਲ 1997 ਵਿੱਚ ਹੋਈ ਸੀ। ਇਸ ਵਿੱਚ ਦੱਖਣੀ ਏਸ਼ੀਆ ਦੇ ਪੰਜ ਦੇਸ਼ - ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਸ੍ਰੀਲੰਕਾ ਅਤੇ ਦੱਖਣ-ਪੂਰਬੀ ਏਸ਼ੀਆ ਦੇ ਦੋ ਦੇਸ਼-ਮਿਆਮਾਰ ਅਤੇ ਥਾਈਲੈਂਡ ਸ਼ਾਮਲ ਹਨ। ਇਹ ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਵਿਚਕਾਰ ਇੱਕ ਵਿਲੱਖਣ ਕੜੀ ਹੈ।

****

ਐੱਸਐੱਨਸੀ/ਪੀਕੇ/ਐੱਮਐੱਸ



(Release ID: 1875191) Visitor Counter : 114