ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕੀਤਾ; ਕਿਹਾ "ਇਹ ਸਾਡੇ ਮਹਾਨ ਗੁਰੂਆਂ ਦੀ ਸ੍ਰੇਸ਼ਠ ਅਧਿਆਤਮਕ ਪ੍ਰੰਪਰਾ ਦਾ ਪ੍ਰਤੀਕ"


ਸ਼੍ਰੀ ਧਨਖੜ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਉਪ ਰਾਸ਼ਟਰਪਤੀ ਦਾ ਪੰਜਾਬ ਦਾ ਇੱਕ ਦਿਨਾ ਦੌਰਾ ਮੁਕੰਮਲ

Posted On: 26 OCT 2022 6:12PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ (ਗੋਲਡਨ ਟੈਂਪਲ) ਦਾ ਦੌਰਾ ਕੀਤਾ ਅਤੇ ਇਸ ਨੂੰ "ਸਾਡੇ ਮਹਾਨ ਗੁਰੂਆਂ ਦੀ ਸ੍ਰੇਸ਼ਟ ਅਧਿਆਤਮਕ ਪ੍ਰੰਪਰਾ ਦਾ ਰੌਸ਼ਨ ਪ੍ਰਤੀਕ" ਦੱਸਿਆ।

ਉਪ ਰਾਸ਼ਟਰਪਤੀ ਵਜੋਂ ਪੰਜਾਬ ਰਾਜ ਦੇ ਆਪਣੇ ਪਹਿਲੇ ਇੱਕ ਦਿਨਾ ਦੌਰੇ 'ਤੇ ਅੰਮ੍ਰਿਤਸਰ ਪਹੁੰਚੇ ਸ਼੍ਰੀ ਧਨਖੜ ਨੇ ਹਰਿਮੰਦਰ ਸਾਹਿਬ ਵਿਖੇ "ਸ਼ਾਂਤੀ, ਸਹਿਜਤਾ, ਸ਼ਰਧਾ ਅਤੇ ਸੇਵਾ ਭਾਵਨਾ" ਨੂੰ "ਅਭੁੱਲਣਯੋਗ ਅਨੁਭਵ" ਦੱਸਿਆ।

ਵਿਜ਼ਟਰ ਬੁੱਕ ਵਿੱਚ ਆਪਣੀ ਟਿੱਪਣੀ ਲਿਖਦਿਆਂ ਉਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਨਮਨ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਸ੍ਰੀ ਹਰਿਮੰਦਰ ਸਾਹਿਬ ਸਦੀਆਂ ਤੋਂ ਪਿਆਰ, ਮਨੁੱਖਤਾ, ਦਇਆ ਅਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਆ ਰਿਹਾ ਹੈ।"

ਆਪਣੀ ਫੇਰੀ ਦੌਰਾਨ ਉਪ ਰਾਸ਼ਟਰਪਤੀ ਨੇ ਹਰਿਮੰਦਰ ਸਾਹਿਬ ਵਿਖੇ ਲੰਗਰ ਛਕਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸੇਵਾ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿਖੇ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਨੂੰ ਰਾਸ਼ਟਰੀ ਮਹੱਤਵ ਦੀ ਯਾਦਗਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਦੇ ਅਸੀਂ ਸਦਾ ਲਈ ਰਿਣੀ ਹਾਂ। ਸ਼੍ਰੀ ਧਨਖੜ ਨੇ ਇਹ ਵੀ ਟਿੱਪਣੀ ਕੀਤੀ ਕਿ ਸ਼ਹੀਦਾਂ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ "ਇੱਕ ਖੁਸ਼ਹਾਲ, ਸਮਾਵੇਸ਼ੀ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰਨਾ ਹੈ, ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਕੀਤੀ ਸੀ।"

ਬਾਅਦ ਵਿੱਚ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼੍ਰੀ ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮ ਤੀਰਥ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ।

ਇਸ ਦੌਰੇ ਦੌਰਾਨ ਉਪ ਰਾਸ਼ਟਰਪਤੀ ਦੇ ਨਾਲ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼, ਪੰਜਾਬ ਦੇ ਟਰਾਂਸਪੋਰਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਅਤੇ ਰਾਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ।

*****

ਐੱਮਐੱਸ/ਆਰਕੇ/ਡੀਪੀ 


(Release ID: 1871049) Visitor Counter : 193