ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਮੱਧ ਪ੍ਰਦੇਸ਼ ਨੂੰ 5ਵੀਆਂ ਖੇਲੋ ਇੰਡੀਆ ਯੂਥ ਗੇਮਸ ਦਾ ਆਯੋਜਨ ਸਥਾਨ ਘੋਸ਼ਿਤ ਕੀਤਾ



ਇਹ ਖੇਡਾਂ ਅਗਲੇ ਸਾਲ 31 ਜਨਵਰੀ ਤੋਂ 11 ਫਰਵਰੀ ਤੱਕ ਮੱਧ ਪ੍ਰਦੇਸ਼ ਦੇ 8 ਸ਼ਹਿਰਾਂ ਵਿੱਚ ਕਰਵਾਈਆਂ ਜਾਣਗੀਆਂ

ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਪਹਿਲੀ ਵਾਰ ਵਾਟਰ ਸਪੋਰਟਸ ਨੂੰ ਸ਼ਾਮਲ ਕੀਤਾ ਜਾਵੇਗਾ

Posted On: 20 OCT 2022 5:03PM by PIB Chandigarh

ਖੇਲੋ ਇੰਡੀਆ ਯੂਥ ਗੇਮਸ ਦਾ ਆਗਾਮੀ ਐਡੀਸ਼ਨ ਮੱਧ ਪ੍ਰਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਐਲਾਨ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕੀਤਾ। ਇਹ ਖੇਡ ਮੁਕਾਬਲਾ 31 ਜਨਵਰੀ, 2023 ਤੋਂ ਸ਼ੁਰੂ ਹੋਵੇਗਾ ਅਤੇ 11 ਫਰਵਰੀ, 2023 ਨੂੰ ਸਮਾਪਤ ਹੋਵੇਗਾ।

 

ਵੀਰਵਾਰ ਦੁਪਹਿਰ ਨੂੰ ਹੋਏ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ, ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਨਿਕ; ਮੱਧ ਪ੍ਰਦੇਸ਼ ਸਰਕਾਰ ਵਿੱਚ ਖੇਡ ਅਤੇ ਯੁਵਕ ਭਲਾਈ ਮੰਤਰੀ ਸੁਸ਼੍ਰੀ ਯਸ਼ੋਧਰਾ ਰਾਜੇ ਸਿੰਧੀਆ; ਖੇਡ ਸਕੱਤਰ ਸੁਸ਼੍ਰੀ ਸੁਜਾਤਾ ਚਤੁਰਵੇਦੀ; ਡਾਇਰੈਕਟਰ ਜਨਰਲ, ਭਾਰਤੀ ਖੇਡ ਅਥਾਰਟੀ ਸ਼੍ਰੀ ਸੰਦੀਪ ਪ੍ਰਧਾਨ ਅਤੇ ਕੇਂਦਰੀ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਦੇ ਨਾਲ-ਨਾਲ ਮੱਧ ਪ੍ਰਦੇਸ਼ ਰਾਜ ਸਰਕਾਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

 

ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, “ਮੈਂ ਮੱਧ ਪ੍ਰਦੇਸ਼ ਨੂੰ ਖੇਲੋ ਇੰਡੀਆ ਯੂਥ ਗੇਮਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ।  ਅਸੀਂ ਇਸਨੂੰ ਹੁਣ ਤੱਕ ਦੀਆਂ ਸਭ ਤੋਂ ਵਿਸ਼ੇਸ਼ ਖੇਲੋ ਇੰਡੀਆ ਗੇਮਸ ਬਣਾਉਣ ਦਾ ਵਾਅਦਾ ਕਰਦੇ ਹਾਂ ਅਤੇ 'ਅਤਿਥੀ ਦੇਵੋ ਭਵਾ' ਦੇ ਸਾਡੇ ਫਲਸਫੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਦੀ ਮੇਜ਼ਬਾਨੀ ਕਰਦੇ ਹਾਂ।"

 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ, “ਸਾਡੇ ਕੋਲ ਮੱਧ ਪ੍ਰਦੇਸ਼ ਵਿੱਚ ਸ਼ੂਟਿੰਗ ਅਤੇ ਵਾਟਰ ਸਪੋਰਟਸ ਅਕੈਡਮੀਆਂ ਜਿਹੇ ਆਲਮੀ ਪੱਧਰ ਦੇ ਖੇਡ ਸਟੇਡੀਅਮ ਹਨ। ਕਈ ਹੋਰ ਸੁਵਿਧਾਵਾਂ ਵੀ ਉਸਾਰੀ ਅਧੀਨ ਹਨ। ਬੁਨਿਆਦੀ ਢਾਂਚੇ ਵਿੱਚ ਵੱਧ ਰਹੇ ਵਿਕਾਸ ਅਤੇ ਖੇਲੋ ਇੰਡੀਆ ਯੂਥ ਗੇਮਸ ਦੀ ਮੇਜ਼ਬਾਨੀ ਦੇ ਵਿਸ਼ੇਸ਼ ਅਧਿਕਾਰ ਦੇ ਨਾਲ, ਮੈਨੂੰ ਯਕੀਨ ਹੈ ਕਿ ਮੱਧ ਪ੍ਰਦੇਸ਼ ਇੱਕ ਖੇਡ ਕ੍ਰਾਂਤੀ ਆਏਗੀ।”

 

ਇਸ ਤੱਥ ਦਾ ਜ਼ਿਕਰ ਕਰਦੇ ਹੋਏ ਕਿ ਸਵਦੇਸ਼ੀ ਖੇਡਾਂ ਇੱਕ ਵਾਰ ਫਿਰ ਆਗਾਮੀ ਖੇਲੋ ਇੰਡੀਆ ਯੁਵਕ ਗੇਮਸ ਦਾ ਹਿੱਸਾ ਹੋਣਗੀਆਂ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਓਲੰਪਿਕ ਖੇਡਾਂ ਅਤੇ ਸਵਦੇਸ਼ੀ ਖੇਡਾਂ ਨੂੰ ਇੱਕੋ ਜਿਹਾ ਸਮਰਥਨ ਦੇਣਾ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ। ਮੈਂ ਮੱਧ ਪ੍ਰਦੇਸ਼ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੱਲਖੰਬ ਨੂੰ ਆਪਣਾ ਰਾਜ ਖੇਡ ਬਣਾਇਆ ਹੈ।”

 

ਕੇਂਦਰੀ ਮੰਤਰੀ ਨੇ ਕਿਹਾ, “ਖੇਡਾਂ ਰਾਜ ਦਾ ਵਿਸ਼ਾ ਹਨ। ਮੈਨੂੰ ਖੁਸ਼ੀ ਹੈ ਕਿ ਮੱਧ ਪ੍ਰਦੇਸ਼ ਜਿਹੇ ਰਾਜ ਸਾਡੇ ਸਪੋਰਟਸ ਈਕੋਸਿਸਟਮ ਨੂੰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਅੱਗੇ ਆ ਰਹੇ ਹਨ। ਸਾਰੇ ਰਾਜਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਸਾਨੂੰ ਖੇਡਾਂ ਦੇ ਵਿਕਾਸ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਪੂਰਾ ਯੋਗਦਾਨ ਪਾਉਣਾ ਹੋਵੇਗਾ। ਉਨ੍ਹਾਂ ਖੇਡ ਮਹਾਕੁੰਭ ਅਤੇ ਮੁੱਖ ਮੰਤਰੀ ਕੱਪ (ਮੱਧ ਪ੍ਰਦੇਸ਼) ਜਿਹੇ ਸਪੋਰਟਸ ਈਵੈਂਟਸ ਦੁਆਰਾ ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਦੁਹਰਾਇਆ ਕਿ ਖੇਲੋ ਇੰਡੀਆ ਯੂਥ ਗੇਮਸ ਨੇ ਦੇਸ਼ ਵਿੱਚ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ, ਇਹੀ ਕਾਰਨ ਹੈ ਕਿ ਹਰਿਆਣਾ ਵਿੱਚ ਹੋਈਆਂ ਪਿਛਲੀਆਂ ਖੇਲੋ ਇੰਡੀਆ ਯੂਥ ਗੇਮਸ ਵਿੱਚ 12 ਰਾਸ਼ਟਰੀ ਰਿਕਾਰਡ ਟੁੱਟੇ ਸਨ।

 

ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ, ਸ਼੍ਰੀ ਨਿਸਿਥ ਪ੍ਰਮਾਣਿਕ ​​ਨੇ ਕਿਹਾ, “ਮੱਧ ਪ੍ਰਦੇਸ਼ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਅਥਲੀਟਾਂ ਦੀ ਸਹਾਇਤਾ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਹਰ ਰਾਜ ਨੂੰ ਇਸ ਉਦਾਹਰਣ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਵੇਂ ਪ੍ਰਧਾਨ ਮੰਤਰੀ ਦਾ ਵਿਜ਼ਨ ਅਥਲੀਟਾਂ ਨੂੰ ਉਨ੍ਹਾਂ ਦੇ ਸਿਖਰ 'ਤੇ ਪਹੁੰਚਣ ਵਿੱਚ ਮਦਦ ਕਰਨ ਲਈ ਰੂਪ ਧਾਰਨ ਕਰ ਰਿਹਾ ਹੈ। ਮੈਨੂੰ ਯਕੀਨ ਹੈ ਕਿ 'ਮਹਾਕਾਲ ਦੀ ਭੂਮੀ' 'ਤੇ ਹੋਣ ਵਾਲੀਆਂ ਇਹ ਆਉਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਸ ਹੁਣ ਤੱਕ ਦੀਆਂ ਸਭ ਤੋਂ ਖਾਸ ਹੋਣਗੀਆਂ।

 

ਸੁਸ਼੍ਰੀ ਯਸ਼ੋਧਰਾ ਰਾਜੇ ਨੇ ਕਿਹਾ ਕਿ ਸਰਕਾਰ ਨੇ ਭਾਰਤ ਵਿੱਚ ਖੇਡਾਂ ਲਈ ਸਕਾਰਾਤਮਕ ਮਾਹੌਲ ਬਣਾਉਣ ਲਈ ਕੰਮ ਕੀਤਾ ਹੈ। ਭਾਰਤੀ ਖਿਡਾਰੀ ਦੁਨੀਆ ਭਰ ਵਿੱਚ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸਾਡੀਆਂ ਬੇਟੀਆਂ ਲਗਾਤਾਰ ਤਗਮੇ ਜਿੱਤ ਕੇ ਖੇਡਾਂ ਵਿੱਚ ਭਾਰਤ ਦਾ ਮਾਣ ਵਧਾ ਰਹੀਆਂ ਹਨ।

 

ਖੇਲੋ ਇੰਡੀਆ ਯੂਥ ਗੇਮਜ਼ ਦੇ ਆਗਾਮੀ ਐਡੀਸ਼ਨ ਵਿੱਚ ਕੁੱਲ 27 ਈਵੈਂਟ ਹੋਣਗੇ। ਇਨ੍ਹਾਂ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਟਰ ਸਪੋਰਟਸ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਹੋਰ ਆਮ ਅਤੇ ਸਵਦੇਸ਼ੀ ਖੇਡਾਂ ਦੇ ਨਾਲ ਨਵੀਆਂ ਖੇਡਾਂ ਜਿਵੇਂ ਕਿ ਕੈਨੋਏ ਸਲੈਲੋਮ, ਕਾਇਆਕਿੰਗ, ਕੈਨੋਇੰਗ ਅਤੇ ਰੋਇੰਗ ਵੀ ਸ਼ਾਮਲ ਹੋਣਗੀਆਂ। ਇਹ ਖੇਡਾਂ ਮੱਧ ਪ੍ਰਦੇਸ਼ ਦੇ ਅੱਠ ਸ਼ਹਿਰਾਂ ਭੋਪਾਲ, ਇੰਦੌਰ, ਉਜੈਨ, ਗਵਾਲੀਅਰ, ਜਬਲਪੁਰ, ਮੰਡਲਾ, ਖਰਗੋਨ (ਮਹੇਸ਼ਵਰ) ਅਤੇ ਬਾਲਾਘਾਟ ਵਿਖੇ ਆਯੋਜਿਤ ਹੋਣਗੀਆਂ।


 

 **********

 

ਐੱਨਬੀ/ਓਏ



(Release ID: 1869803) Visitor Counter : 96