ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸ਼੍ਰੀ ਮਹਾਕਾਲ ਲੋਕ ਵਿਖੇ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕੀਤਾ


ਪ੍ਰਧਾਨ ਮੰਤਰੀ ਨੇ ਅੰਦਰਲੇ ਪਵਿੱਤਰ ਅਸਥਾਨ 'ਤੇ ਪੂਜਾ ਅਤੇ ਆਰਤੀ ਕੀਤੀ

ਪ੍ਰੋਜੈਕਟ ਦਾ ਉਦੇਸ਼ ਵਿਰਾਸਤੀ ਢਾਂਚਿਆਂ ਦੀ ਸੰਭਾਲ ਤੇ ਬਹਾਲੀ 'ਤੇ ਵਿਸ਼ੇਸ਼ ਜ਼ੋਰ ਦੇਣਾ ਹੈ

ਸਮੁੱਚੇ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 850 ਕਰੋੜ ਰੁਪਏ ਹੈ

ਸ਼ਰਧਾਲੂਆਂ ਦੀ ਲਗਭਗ 1.5 ਕਰੋੜ ਪ੍ਰਤੀ ਸਾਲ ਦੀ ਮੌਜੂਦਾ ਆਮਦ ਦੇ ਦੁੱਗਣੀ ਹੋਣ ਦੀ ਉਮੀਦ

Posted On: 11 OCT 2022 7:41PM by PIB Chandigarh

ਪ੍ਰਧਾਨ ਮੰਤਰੀ. ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਸ਼੍ਰੀ ਮਹਾਕਾਲ ਲੋਕ ਵਿੱਚ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਜਦੋਂ ਨੰਦੀ ਦੁਆਰ ਤੋਂ ਸ਼੍ਰੀ ਮਹਾਕਾਲ ਲੋਕ ਪਹੁੰਚੇ ਤਾਂ ਉਨ੍ਹਾਂ ਰਵਾਇਤੀ ਧੋਤੀ ਪਹਿਨੀ ਹੋਈ ਸੀ। ਅੰਦਰਲੇ ਪਵਿੱਤਰ ਅਸਥਾਨ 'ਤੇ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਪੂਜਾ ਕੀਤੀ ਅਤੇ ਦਰਸ਼ਨ ਕੀਤੇ ਅਤੇ ਮੰਦਿਰ ਦੇ ਪੁਜਾਰੀਆਂ ਦੀ ਮੌਜੂਦਗੀ ਵਿੱਚ ਭਗਵਾਨ ਸ਼੍ਰੀ ਮਹਾਕਾਲ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ। ਆਰਤੀ ਕਰਨ ਅਤੇ ਪੁਸ਼ਪਾਂਜਲੀ ਚੜ੍ਹਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਅੰਦਰੂਨੀ ਪਾਵਨ ਅਸਥਾਨ ਦੇ ਦੱਖਣੀ ਕੋਣੇ ਵਿੱਚ ਬੈਠ ਗਏ ਅਤੇ ਮੰਤਰਾਂ ਦਾ ਜਾਪ ਕਰਦਿਆਂ ਧਿਆਨ ਕੀਤਾ। ਪ੍ਰਧਾਨ ਮੰਤਰੀ ਨੇ ਨੰਦੀ ਦੀ ਮੂਰਤੀ ਕੋਲ ਬੈਠ ਕੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਮਹਾਕਾਲ ਲੋਕ ਦੇ ਸਮਰਪਣ ਨੂੰ ਦਰਸਾਉਣ ਵਾਲੇ ਚਿੰਨ੍ਹ ਦਾ ਉਦਘਾਟਨ ਕਰਨ ਲਈ ਗਏ। ਪ੍ਰਧਾਨ ਮੰਤਰੀ ਨੇ ਮੰਦਿਰ ਦੇ ਸੰਤਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਸੰਖੇਪ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਫਿਰ ਮਹਾਕਾਲ ਲੋਕ ਮੰਦਿਰ ਕੰਪਲੈਕਸ ਦਾ ਦੌਰਾ ਕੀਤਾ ਅਤੇ ਸੈਰ ਕੀਤੀ ਅਤੇ ਸਪਤ–ਰਿਸ਼ੀ ਮੰਡਲ, ਮੰਡਪਮ, ਤ੍ਰਿਪੁਰਾਸੁਰਾ ਵਧ ਅਤੇ ਨਵਗੜ੍ਹ ਨੂੰ ਦੇਖਿਆ। ਪ੍ਰਧਾਨ ਮੰਤਰੀ ਨੇ ਸ਼ਿਵ ਪੁਰਾਣ ਦੀਆਂ ਰਚਨਾਵਾਂ, ਗਣੇਸ਼ ਦੇ ਜਨਮ, ਸਤੀ ਅਤੇ ਦਕਸ਼ ਦੀ ਕਹਾਣੀ ਅਤੇ ਹੋਰਾਂ ਬਾਰੇ ਕਹਾਣੀਆਂ 'ਤੇ ਅਧਾਰਿਤ ਮਾਰਗ ਦੇ ਨਾਲ ਕੰਧ-ਚਿੱਤਰ ਵੀ ਦੇਖੇ। ਸ਼੍ਰੀ ਮੋਦੀ ਨੇ ਬਾਅਦ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੇਖਿਆ, ਜੋ ਮੌਕੇ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ ਤੇ ਮਾਨਸਰੋਵਰ ਵਿਖੇ ਮਲਖੰਬ ਪ੍ਰਦਰਸ਼ਨ ਨੂੰ ਦੇਖਿਆ। ਇਸ ਤੋਂ ਬਾਅਦ ਭਾਰਤ ਮਾਤਾ ਮੰਦਿਰ ਦੇ ਦਰਸ਼ਨ ਕੀਤੇ।

ਪ੍ਰਧਾਨ ਮੰਤਰੀ ਦੇ ਨਾਲ ਮੱਧ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਵੀ ਸਨ।

ਪਿਛੋਕੜ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਸ਼੍ਰੀ ਮਹਾਕਾਲ ਲੋਕ ਵਿੱਚ ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਰਾਸ਼ਟਰ ਨੂੰ ਸਮਰਪਿਤ ਕੀਤਾ। ਮਹਾਕਾਲ ਲੋਕ ਪ੍ਰੋਜੈਕਟ ਦਾ ਪਹਿਲਾ ਪੜਾਅ ਵਿਸ਼ਵ–ਪੱਧਰੀ ਆਧੁਨਿਕ ਸਹੂਲਤਾਂ ਪ੍ਰਦਾਨ ਕਰਕੇ ਮੰਦਿਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੇ ਅਨੁਭਵ ਨੂੰ ਵਧਾਉਣ ਵਿੱਚ ਮਦਦ ਕਰੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਪੂਰੇ ਖੇਤਰ ਦੀ ਭੀੜ ਨੂੰ ਘੱਟ ਕਰਨਾ ਹੈ ਅਤੇ ਵਿਰਾਸਤੀ ਢਾਂਚੇ ਦੀ ਸੰਭਾਲ ਅਤੇ ਬਹਾਲੀ 'ਤੇ ਵੀ ਵਿਸ਼ੇਸ਼ ਜ਼ੋਰ ਦੇਣਾ ਹੈ। ਪ੍ਰੋਜੈਕਟ ਤਹਿਤ ਮੰਦਿਰ ਦੇ ਖੇਤਰ ਦਾ ਲਗਭਗ ਸੱਤ ਗੁਣਾ ਵਿਸਥਾਰ ਕੀਤਾ ਜਾਵੇਗਾ। ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 850 ਕਰੋੜ ਰੁਪਏ ਹੈ। ਮੰਦਿਰ ’ਚ ਸ਼ਰਧਾਲੂਆਂ ਦੀ ਜਿਹੜੀ ਮੌਜੂਦਾ ਗਿਣਤੀ ਇਸ ਵੇਲੇ ਲਗਭਗ 1.5 ਕਰੋੜ ਪ੍ਰਤੀ ਸਾਲ ਹੈ, ਉਸ ਦੇ ਦੁੱਗਣੇ ਹੋਣ ਦੀ ਉਮੀਦ ਹੈ। ਪ੍ਰੋਜੈਕਟ ਦੇ ਵਿਕਾਸ ਦੀ ਯੋਜਨਾ ਦੋ ਪੜਾਵਾਂ ਵਿੱਚ ਬਣਾਈ ਗਈ ਹੈ।

ਮਹਾਕਾਲ ਪਾਠ ਵਿੱਚ 108 ਸਤੰਭ (ਥੰਮ੍ਹ) ਹਨ, ਜੋ ਭਗਵਾਨ ਸ਼ਿਵ ਦੇ ਆਨੰਦ ਤਾਂਡਵ ਸਵਰੂਪ (ਨ੍ਰਿਤ ਰੂਪ) ਨੂੰ ਦਰਸਾਉਂਦੇ ਹਨ। ਭਗਵਾਨ ਸ਼ਿਵ ਦੇ ਜੀਵਨ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਧਾਰਮਿਕ ਮੂਰਤੀਆਂ ਮਹਾਕਾਲ ਮਾਰਗ ਦੇ ਨਾਲ ਸਥਾਪਿਤ ਕੀਤੀਆਂ ਗਈਆਂ ਹਨ। ਰਸਤੇ ਦੇ ਨਾਲ ਵਾਲੇ ਕੰਧ ਚਿੱਤਰ ਸ਼ਿਵ ਪੁਰਾਣ ਦੀਆਂ ਰਚਨਾਵਾਂ, ਗਣੇਸ਼ ਦੇ ਜਨਮ, ਸਤੀ ਅਤੇ ਦਕਸ਼ ਦੀ ਕਹਾਣੀ ਅਤੇ ਹੋਰਾਂ ਬਾਰੇ ਕਹਾਣੀਆਂ 'ਤੇ ਅਧਾਰਤ ਹੈ। ਪਲਾਜ਼ਾ ਦਾ ਖੇਤਰਫਲ 2.5 ਹੈਕਟੇਅਰ ’ਚ ਫੈਲਿਆ ਹੋਇਆ ਹੈ ਤੇ ਇੱਕ ਕਮਲ ਦੇ ਤਲਾਬ ਨਾਲ ਘਿਰਿਆ ਹੋਇਆ ਹੈ, ਜਿਸ ਵਿੱਚ ਪਾਣੀ ਦੇ ਫੁਹਾਰਿਆਂ ਦੇ ਨਾਲ ਸ਼ਿਵ ਦੀ ਮੂਰਤੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਿਗਰਾਨੀ ਕੈਮਰਿਆਂ ਦੀ ਮਦਦ ਨਾਲ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੁਆਰਾ ਸਮੁੱਚੇ ਪਰਿਸਰ ਦੀ 24x7 ਨਿਗਰਾਨੀ ਕੀਤੀ ਜਾਵੇਗੀ।

 

*****

ਡੀਐੱਸ/ਟੀਐੱਸ



(Release ID: 1867234) Visitor Counter : 177