ਪ੍ਰਧਾਨ ਮੰਤਰੀ ਦਫਤਰ
ਸੰਯੁਕਤ ਰਾਸ਼ਟਰ ਵਿਸ਼ਵ ਭੂ-ਸਥਾਨਕ ਇੰਟਰਨੈਸ਼ਨਲ ਕਾਂਗਰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
11 OCT 2022 11:39AM by PIB Chandigarh
ਇੰਟਰਨੈਸ਼ਨਲ ਡੈਲੀਗੇਟਸ, ਗਲੋਬਲ ਜੀਓ-ਸਪੇਸ਼ੀਅਲ ਸੈਕਟਰ ਦੇ ਮਾਹਿਰ, ਸਤਿਕਾਰਤ ਭਾਗੀਦਾਰ ਅਤੇ ਮਿੱਤਰੋ। ਭਾਰਤ ਵਿੱਚ ਤੁਹਾਡਾ ਸੁਆਗਤ ਹੈ!
ਦੂਸਰੀ ਸੰਯੁਕਤ ਰਾਸ਼ਟਰ ਗਲੋਬਲ ਜਿਓਸਪੇਸ਼ੀਅਲ ਇੰਟਰਨੈਸ਼ਨਲ ਕਾਂਗਰਸ ਦੇ ਹਿੱਸੇ ਵਜੋਂ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ। ਭਾਰਤ ਦੇ ਲੋਕਾਂ ਨੂੰ ਇਸ ਇਤਿਹਾਸਕ ਮੌਕੇ 'ਤੇ ਤੁਹਾਡੀ ਮੇਜ਼ਬਾਨੀ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਅਸੀਂ ਮਿਲ ਕੇ ਆਪਣੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ। ਕਮਾਲ ਦੀ ਗੱਲ ਹੈ ਕਿ ਇਹ ਕਾਨਫਰੰਸ ਹੈਦਰਾਬਾਦ ਵਿੱਚ ਹੋ ਰਹੀ ਹੈ। ਇਹ ਸ਼ਹਿਰ ਆਪਣੀ ਸੰਸਕ੍ਰਿਤੀ ਅਤੇ ਪਕਵਾਨ, ਇਸਦੀ ਪਰਾਹੁਣਚਾਰੀ ਅਤੇ ਹਾਈ-ਟੈੱਕ ਵਿਜ਼ਨ ਲਈ ਜਾਣਿਆ ਜਾਂਦਾ ਹੈ।
ਮਿੱਤਰੋ,
ਇਸ ਕਾਨਫਰੰਸ ਦਾ ਥੀਮ 'ਜੀਓ-ਇਨੇਬਲਿੰਗ ਦ ਗਲੋਬਲ ਵਿਲੇਜ: ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ' ਹੈ। ਇਹ ਇੱਕ ਅਜਿਹਾ ਵਿਸ਼ਾ ਹੈ ਜੋ ਭਾਰਤ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਕੀਤੇ ਗਏ ਉਪਾਵਾਂ ਵਿੱਚ ਦੇਖਿਆ ਹੈ। ਅਸੀਂ ਅੰਤਯੋਦਯ ਦੇ ਇੱਕ ਵਿਜ਼ਨ 'ਤੇ ਕੰਮ ਕਰ ਰਹੇ ਹਾਂ, ਜਿਸ ਦਾ ਅਰਥ ਹੈ ਆਖਰੀ ਸਿਰੇ 'ਤੇ ਆਖਰੀ ਵਿਅਕਤੀ ਨੂੰ ਇੱਕ ਮਿਸ਼ਨ ਮੋਡ ਵਿੱਚ ਸਸ਼ਕਤ ਕਰਨਾ। ਇਹ ਉਹ ਵਿਜ਼ਨ ਹੈ ਜਿਸ ਨੇ ਵੱਡੇ ਪੱਧਰ 'ਤੇ ਆਖਰੀ ਸਿਰੇ ਦੇ ਸਸ਼ਕਤੀਕਰਣ ਵਿੱਚ ਸਾਡਾ ਮਾਰਗਦਰਸ਼ਨ ਕੀਤਾ ਹੈ। 450 ਮਿਲੀਅਨ ਬੈਂਕਿੰਗ ਰਹਿਤ ਲੋਕਾਂ ਨੂੰ ਬੈਂਕਿੰਗ ਨੈੱਟਵਰਕ ਨਾਲ ਜੋੜਨਾ, ਯੂਐੱਸਏ ਤੋਂ ਵੱਧ ਆਬਾਦੀ, 135 ਮਿਲੀਅਨ ਬੀਮਾ ਰਹਿਤ ਲੋਕਾਂ ਦਾ ਬੀਮਾ ਕਰਨਾ, ਫਰਾਂਸ ਦੀ ਆਬਾਦੀ ਤੋਂ ਲਗਭਗ ਦੁੱਗਣਾ, 110 ਮਿਲੀਅਨ ਪਰਿਵਾਰਾਂ ਨੂੰ ਸੈਨੀਟੇਸ਼ਨ ਸੁਵਿਧਾਵਾਂ ਦੇਣਾ, ਅਤੇ 60 ਮਿਲੀਅਨ ਤੋਂ ਵੱਧ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਦੇਣਾ, ਭਾਰਤ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ।
ਮਿੱਤਰੋ,
ਭਾਰਤ ਦੀ ਵਿਕਾਸ ਯਾਤਰਾ ਵਿੱਚ, ਦੋ ਥੰਮ੍ਹ ਕੁੰਜੀ ਹਨ: ਟੈਕਨੋਲੋਜੀ ਅਤੇ ਪ੍ਰਤਿਭਾ। ਆਓ ਅਸੀਂ ਪਹਿਲੇ ਥੰਮ੍ਹ - ਟੈਕਨੋਲੋਜੀ ਨੂੰ ਦੇਖੀਏ। ਟੈਕਨੋਲੋਜੀ ਤਬਦੀਲੀ ਲਿਆਉਂਦੀ ਹੈ। ਤੁਹਾਡੇ ਵਿੱਚੋਂ ਕਈਆਂ ਨੇ ਸੁਣਿਆ ਹੋਵੇਗਾ ਕਿ ਰੀਅਲ-ਟਾਈਮ ਡਿਜੀਟਲ ਭੁਗਤਾਨ ਵਿੱਚ ਭਾਰਤ ਦੁਨੀਆ ਦਾ ਨੰਬਰ 1 ਹੈ। ਜੇਕਰ ਤੁਸੀਂ ਉੱਦਮ ਕਰਦੇ ਹੋ, ਤਾਂ ਤੁਸੀਂ ਦੇਖੋਗੇ ਕਿ ਸਭ ਤੋਂ ਛੋਟੇ ਵਿਕਰੇਤਾ ਵੀ ਡਿਜੀਟਲ ਭੁਗਤਾਨ ਸਵੀਕਾਰ ਕਰਦੇ ਹਨ, ਇੱਥੋਂ ਤੱਕ ਕਿ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ, ਇਹ ਟੈਕਨੋਲੋਜੀ ਦੁਆਰਾ ਸੀ ਕਿ ਅਸੀਂ ਕੋਵਿਡ-19 ਦੌਰਾਨ ਗਰੀਬਾਂ ਦੀ ਮਦਦ ਕੀਤੀ। ਸਾਡੀ ਟੈੱਕ-ਅਧਾਰਿਤ ਜੈਮ (JAM) ਟ੍ਰਿਨਿਟੀ ਨੇ 800 ਮਿਲੀਅਨ ਲੋਕਾਂ ਨੂੰ ਨਿਰਵਿਘਨ ਭਲਾਈ ਲਾਭ ਪ੍ਰਦਾਨ ਕੀਤੇ! ਇੱਥੋਂ ਤੱਕ ਕਿ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਡ੍ਰਾਈਵ ਇੱਕ ਟੈੱਕ ਪਲੈਟਫਾਰਮ ਦੁਆਰਾ ਸੰਚਾਲਿਤ ਸੀ। ਭਾਰਤ ਵਿੱਚ, ਟੈਕਨੋਲੋਜੀ ਬੇਦਖਲੀ ਦਾ ਏਜੰਟ ਨਹੀਂ ਹੈ। ਇਹ ਸਮਾਵੇਸ਼ ਦਾ ਏਜੰਟ ਹੈ। ਤੁਸੀਂ ਸਾਰੇ ਜੀਓਸਪੇਸ਼ੀਅਲ ਸੈਕਟਰ ਨਾਲ ਜੁੜੇ ਲੋਕ ਹੋ। ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ, ਜੀਓ-ਸਪੇਸ਼ੀਅਲ ਟੈਕਨੋਲੋਜੀ ਸਮਾਵੇਸ਼ ਅਤੇ ਪ੍ਰਗਤੀ ਨੂੰ ਅੱਗੇ ਵਧਾ ਰਹੀ ਹੈ। ਉਦਾਹਰਣ ਲਈ, ਸਾਡੀ ਸਵਾਮਿਤਵ (Svamitva) ਸਕੀਮ ਨੂੰ ਲਓ। ਅਸੀਂ ਪਿੰਡਾਂ ਵਿੱਚ ਜਾਇਦਾਦਾਂ ਦਾ ਨਕਸ਼ਾ ਬਣਾਉਣ ਲਈ ਡ੍ਰੋਨ ਦੀ ਵਰਤੋਂ ਕਰ ਰਹੇ ਹਾਂ। ਇਸ ਡੇਟਾ ਦੀ ਵਰਤੋਂ ਕਰਕੇ ਪਿੰਡ ਵਾਸੀ ਪ੍ਰਾਪਰਟੀ ਕਾਰਡ ਪ੍ਰਾਪਤ ਕਰ ਰਹੇ ਹਨ। ਦਹਾਕਿਆਂ ਵਿੱਚ ਪਹਿਲੀ ਵਾਰ, ਗ੍ਰਾਮੀਣ ਖੇਤਰਾਂ ਦੇ ਲੋਕਾਂ ਕੋਲ ਮਾਲਕੀ ਦੇ ਸਪਸ਼ਟ ਦਸਤਾਵੇਜ਼ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਕਿ ਜਾਇਦਾਦ ਦੇ ਅਧਿਕਾਰ ਦੁਨੀਆ ਵਿੱਚ ਕਿਤੇ ਵੀ ਸਮ੍ਰਿੱਧੀ ਦਾ ਅਧਾਰ ਹਨ। ਇਹ ਸਮ੍ਰਿੱਧੀ ਹੋਰ ਤੇਜ਼ ਗਤੀ ਹਾਸਲ ਕਰ ਸਕਦੀ ਹੈ ਜਦੋਂ ਮਹਿਲਾਵਾਂ ਮਾਲਕੀ ਦੀਆਂ ਮੁੱਖ ਲਾਭਾਰਥੀ ਹੋਣ।
ਇਹੀ ਅਸੀਂ ਭਾਰਤ ਵਿੱਚ ਕਰ ਰਹੇ ਹਾਂ। ਸਾਡੀ ਪਬਲਿਕ ਹਾਊਸਿੰਗ ਸਕੀਮ ਨੇ ਲਗਭਗ 24 ਮਿਲੀਅਨ ਗ਼ਰੀਬ ਪਰਿਵਾਰਾਂ ਨੂੰ ਘਰ ਮੁਹੱਈਆ ਕਰਵਾਏ ਹਨ। ਇਨ੍ਹਾਂ ਘਰਾਂ ਵਿੱਚੋਂ ਕਰੀਬ 70% ਮਹਿਲਾਵਾਂ ਇਕੱਲੀਆਂ ਜਾਂ ਸਾਂਝੇ ਤੌਰ ‘ਤੇ ਮਾਲਕ ਹਨ। ਇਨ੍ਹਾਂ ਉਪਾਵਾਂ ਦਾ ਗ਼ਰੀਬੀ ਅਤੇ ਲਿੰਗ ਸਮਾਨਤਾ 'ਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਲਕਸ਼ਾਂ 'ਤੇ ਪ੍ਰਤੱਖ ਅਸਰ ਪੈਂਦਾ ਹੈ। ਸਾਡਾ ਖ਼ਾਹਿਸ਼ੀ ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ ਮਲਟੀ-ਮੋਡਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ। ਇਹ ਜੀਓ-ਸਪੇਸ਼ੀਅਲ ਟੈਕਨੋਲੋਜੀ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ। ਸਾਡਾ ਡਿਜੀਟਲ ਓਸ਼ਨ ਪਲੈਟਫਾਰਮ ਸਾਡੇ ਸਮੁੰਦਰਾਂ ਦੇ ਪ੍ਰਬੰਧਨ ਲਈ ਭੂ-ਸਥਾਨਕ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ। ਇਹ ਸਾਡੇ ਵਾਤਾਵਰਣ ਅਤੇ ਸਮੁੰਦਰੀ ਈਕੋ-ਸਿਸਟਮ ਲਈ ਮਹੱਤਵਪੂਰਨ ਹੈ। ਭਾਰਤ ਨੇ ਭੂ-ਸਥਾਨਕ ਟੈਕਨੋਲੋਜੀ ਦੇ ਲਾਭਾਂ ਨੂੰ ਸਾਂਝਾ ਕਰਨ ਵਿੱਚ ਪਹਿਲਾਂ ਹੀ ਇੱਕ ਮਿਸਾਲ ਕਾਇਮ ਕੀਤੀ ਹੈ। ਸਾਡਾ ਦੱਖਣੀ ਏਸ਼ੀਆ ਸੈਟੇਲਾਈਟ ਸਾਡੇ ਗੁਆਂਢ ਵਿੱਚ ਸੰਪਰਕ ਨੂੰ ਵਧਾ ਰਿਹਾ ਹੈ ਅਤੇ ਸੰਚਾਰ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ।
ਮਿੱਤਰੋ,
ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਭਾਰਤ ਦੀ ਯਾਤਰਾ ਟੈਕਨੋਲੋਜੀ ਅਤੇ ਪ੍ਰਤਿਭਾ ਦੁਆਰਾ ਸੰਚਾਲਿਤ ਹੈ। ਹੁਣ, ਦੂਸਰੇ ਥੰਮ੍ਹ ਪ੍ਰਤਿਭਾ ਵੱਲ ਆਉਂਦੇ ਹਾਂ। ਭਾਰਤ ਜ਼ਬਰਦਸਤ ਇਨੋਵੇਟਿਵ ਭਾਵਨਾ ਵਾਲਾ, ਇੱਕ ਨੌਜਵਾਨ ਰਾਸ਼ਟਰ ਹੈ। ਅਸੀਂ ਦੁਨੀਆ ਦੇ ਚੋਟੀ ਦੇ ਸਟਾਰਟਅੱਪ ਹੱਬਾਂ ਵਿੱਚੋਂ ਇੱਕ ਹਾਂ। 2021 ਤੋਂ, ਅਸੀਂ ਯੂਨੀਕੌਰਨ ਸਟਾਰਟਅੱਪਸ ਦੀ ਸੰਖਿਆ ਲਗਭਗ ਦੁੱਗਣੀ ਕਰ ਦਿੱਤੀ ਹੈ। ਇਹ ਭਾਰਤ ਦੀ ਨੌਜਵਾਨ ਪ੍ਰਤਿਭਾ ਦੇ ਕਾਰਨ ਹੈ। ਭਾਰਤ ਬਸਤੀਵਾਦੀ ਸ਼ਾਸਨ ਤੋਂ ਅਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾ ਰਿਹਾ ਹੈ। ਸਭ ਤੋਂ ਮਹੱਤਵਪੂਰਨ ਅਜ਼ਾਦੀਆਂ ਵਿੱਚੋਂ ਇੱਕ ਹੈ ਇਨੋਵੇਟ ਕਰਨ ਦੀ ਅਜ਼ਾਦੀ। ਭਾਰਤ ਵਿੱਚ ਜੀਓ-ਸਪੇਸ਼ੀਅਲ ਸੈਕਟਰ ਲਈ ਇਹ ਯਕੀਨੀ ਬਣਾਇਆ ਗਿਆ ਹੈ। ਅਸੀਂ ਆਪਣੇ ਉੱਜਵਲ, ਨੌਜਵਾਨ ਦਿਮਾਗ਼ਾਂ ਲਈ ਇਹ ਸੈਕਟਰ ਖੋਲ੍ਹ ਦਿੱਤਾ ਹੈ। ਦੋ ਸਦੀਆਂ ਤੋਂ ਇਕੱਠਾ ਕੀਤਾ ਸਾਰਾ ਡੇਟਾ ਅਚਾਨਕ ਮੁਫ਼ਤ ਅਤੇ ਪਹੁੰਚਯੋਗ ਬਣ ਗਿਆ। ਭੂ-ਸਥਾਨਕ ਡੇਟਾ ਦੇ ਸੰਗ੍ਰਹਿ, ਉਤਪਾਦਨ ਅਤੇ ਡਿਜੀਟਾਈਜ਼ੇਸ਼ਨ ਦਾ ਹੁਣ ਲੋਕਤੰਤਰੀਕਰਣ ਕੀਤਾ ਗਿਆ ਹੈ। ਅਜਿਹੇ ਸੁਧਾਰ ਅਲੱਗ-ਥਲੱਗ ਨਹੀਂ ਹਨ। ਜੀਓ-ਸਪੇਸ਼ੀਅਲ ਸੈਕਟਰ ਦੇ ਨਾਲ, ਅਸੀਂ ਆਪਣੇ ਡ੍ਰੋਨ ਸੈਕਟਰ ਨੂੰ ਇੱਕ ਮਹੱਤਵਪੂਰਨ ਹੁਲਾਰਾ ਦਿੱਤਾ ਹੈ। ਸਾਡਾ ਪੁਲਾੜ ਖੇਤਰ ਵੀ ਪ੍ਰਾਈਵੇਟ ਭਾਗੀਦਾਰੀ ਲਈ ਖੁੱਲ੍ਹ ਗਿਆ ਹੈ। ਭਾਰਤ ਵਿੱਚ ਵੀ 5ਜੀ ਸ਼ੁਰੂ ਹੋ ਰਹੀ ਹੈ। ਮੌਜੂਦਾ ਡੇਟਾ ਤੱਕ ਪਹੁੰਚ, ਨਵਾਂ ਡੇਟਾ ਪ੍ਰਾਪਤ ਕਰਨ ਲਈ ਡ੍ਰੋਨ ਟੈਕਨੋਲੋਜੀ, ਪੁਲਾੜ ਸਮਰੱਥਾਵਾਂ ਲਈ ਪਲੈਟਫਾਰਮ, ਅਤੇ ਹਾਈ-ਸਪੀਡ ਕਨੈਕਟੀਵਿਟੀ ਨੌਜਵਾਨ ਭਾਰਤ ਅਤੇ ਦੁਨੀਆ ਲਈ ਇੱਕ ਗੇਮ-ਚੇਂਜਰ ਹੋਵੇਗੀ।
ਮਿੱਤਰੋ,
ਜਦੋਂ ਅਸੀਂ ਕਹਿੰਦੇ ਹਾਂ 'ਕਿਸੇ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ', ਇਹ ਸਾਰੇ ਪਾਸੇ ਲਾਗੂ ਹੁੰਦਾ ਹੈ। ਕੋਵਿਡ-19 ਮਹਾਮਾਰੀ ਹਰ ਕਿਸੇ ਨੂੰ ਨਾਲ ਲੈ ਕੇ ਚਲਣ ਲਈ ਦੁਨੀਆ ਲਈ ਇੱਕ ਵੇਕ-ਅੱਪ ਕਾਲ ਹੋਣਾ ਚਾਹੀਦਾ ਸੀ। ਵਿਕਾਸਸ਼ੀਲ ਸੰਸਾਰ ਵਿੱਚ ਅਰਬਾਂ ਲੋਕਾਂ ਨੂੰ ਡਾਇਗਨੌਸਟਿਕਸ, ਦਵਾਈਆਂ, ਮੈਡੀਕਲ ਸਾਜ਼ੋ-ਸਮਾਨ, ਟੀਕਿਆਂ ਅਤੇ ਹੋਰ ਬਹੁਤ ਕੁਝ ਦੀ ਜ਼ਰੂਰਤ ਸੀ। ਫਿਰ ਵੀ, ਉਨ੍ਹਾਂ ਨੂੰ ਆਪਣੀ ਕਿਸਮਤ 'ਤੇ ਛੱਡ ਦਿੱਤਾ ਗਿਆ ਸੀ। ਸੰਕਟ ਦੇ ਸਮੇਂ ਇੱਕ ਦੂਸਰੇ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਇੱਕ ਸੰਸਥਾਗਤ ਪਹੁੰਚ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਜਿਹੀਆਂ ਆਲਮੀ ਸੰਸਥਾਵਾਂ ਹਰ ਖੇਤਰ ਵਿੱਚ ਸੰਸਾਧਨਾਂ ਨੂੰ ਆਖਰੀ ਸਿਰੇ ਤੱਕ ਲਿਜਾਣ ਦਾ ਰਾਹ ਪੱਧਰਾ ਕਰ ਸਕਦੀਆਂ ਹਨ। ਜਲਵਾਯੂ ਪਰਿਵਰਤਨ ਨਾਲ ਲੜਨ ਵਿੱਚ ਵੀ, ਹੈਂਡ-ਹੋਲਡਿੰਗ ਅਤੇ ਟੈਕਨੋਲੋਜੀ ਦਾ ਤਬਾਦਲਾ ਮਹੱਤਵਪੂਰਨ ਹੈ। ਅਸੀਂ ਇੱਕੋ ਗ੍ਰਹਿ ਨੂੰ ਸਾਂਝਾ ਕਰਦੇ ਹਾਂ। ਮੈਨੂੰ ਯਕੀਨ ਹੈ ਕਿ ਅਸੀਂ ਆਪਣੇ ਗ੍ਰਹਿ ਨੂੰ ਬਚਾਉਣ ਲਈ ਵੀ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰ ਸਕਦੇ ਹਾਂ। ਜੀਓ-ਸਪੇਸ਼ੀਅਲ ਟੈਕਨੋਲੋਜੀ ਦੀਆਂ ਸੰਭਾਵਨਾਵਾਂ ਬੇਅੰਤ ਹਨ। ਟਿਕਾਊ ਸ਼ਹਿਰੀ ਵਿਕਾਸ, ਪ੍ਰਬੰਧਨ ਅਤੇ ਇੱਥੋਂ ਤੱਕ ਕਿ ਆਪਦਾਵਾਂ ਨੂੰ ਘਟ ਕਰਨ, ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਟ੍ਰੈਕ ਕਰਨ, ਜੰਗਲ ਪ੍ਰਬੰਧਨ, ਜਲ ਪ੍ਰਬੰਧਨ, ਮਾਰੂਥਲੀਕਰਣ ਨੂੰ ਰੋਕਣ, ਖੁਰਾਕ ਸੁਰੱਖਿਆ, ਇੱਥੇ ਬਹੁਤ ਕੁਝ ਹੈ ਜੋ ਅਸੀਂ ਜੀਓ-ਸਪੇਸ਼ੀਅਲ ਟੈਕਨੋਲੋਜੀ ਦੁਆਰਾ ਆਪਣੇ ਗ੍ਰਹਿ ਲਈ ਕਰ ਸਕਦੇ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਕਾਨਫਰੰਸ ਅਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਹੋ ਰਹੇ ਵਿਕਾਸ ਬਾਰੇ ਚਰਚਾ ਕਰਨ ਲਈ ਇੱਕ ਪਲੈਟਫਾਰਮ ਬਣ ਜਾਵੇ।
ਮਿੱਤਰੋ,
ਦੂਸਰੀ ਸੰਯੁਕਤ ਰਾਸ਼ਟਰ ਗਲੋਬਲ ਜੀਓ-ਸਪੇਸ਼ੀਅਲ ਇੰਟਰਨੈਸ਼ਨਲ ਕਾਂਗਰਸ ਮੈਨੂੰ ਆਸ਼ਾਵਾਦੀ ਬਣਾਉਂਦੀ ਹੈ। ਗਲੋਬਲ ਜੀਓ-ਸਪੇਸ਼ੀਅਲ ਇੰਡਸਟ੍ਰੀ ਦੇ ਹਿਤਧਾਰਕਾਂ ਦੇ ਇਕੱਠੇ ਆਉਣ ਦੇ ਨਾਲ, ਨੀਤੀ ਨਿਰਮਾਤਾਵਾਂ ਅਤੇ ਅਕਾਦਮਿਕ ਜਗਤ ਦੇ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਨਾਲ, ਮੈਨੂੰ ਵਿਸ਼ਵਾਸ ਹੈ ਕਿ ਇਹ ਕਾਨਫਰੰਸ ਗਲੋਬਲ ਵਿਲੇਜ ਨੂੰ ਇੱਕ ਨਵੇਂ ਭਵਿੱਖ ਵੱਲ ਲਿਜਾਣ ਵਿੱਚ ਮਦਦ ਕਰੇਗੀ।
ਤੁਹਾਡਾ ਧੰਨਵਾਦ!
**********
ਡੀਐੱਸ/ਐੱਲਪੀ/ਏਕੇ
(Release ID: 1866979)
Visitor Counter : 178
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam