ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਬਡੋਲੀ ਵਿੱਚ ਇੱਕ ਸਮਾਗਮ ਵਿੱਚ ਹਥਿਆਰਬੰਦ ਬਲਾਂ ਦੇ ਸ਼ਹੀਦ ਨਾਇਕਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ; ਕਿਹਾ, ਦੇਸ਼ ਸਦਾ ਉਨ੍ਹਾਂ ਦਾ ਰਿਣੀ ਰਹੇਗਾ
ਸ਼ਾਂਤੀ ਪਸੰਦ ਭਾਰਤ ਨੂੰ ਜੰਗ ਤੋਂ ਡਰਨ ਵਾਲਾ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ: ਸ਼੍ਰੀ ਰਾਜਨਾਥ ਸਿੰਘ
“ਮਿੱਤਰ ਦੇਸ਼ਾਂ ਨੂੰ ਸੁਰੱਖਿਆ ਦੀ ਭਾਵਨਾ ਦੇਣ ਅਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਢੁੱਕਵਾਂ ਜਵਾਬ ਦੇਣ ਲਈ ਸਰਕਾਰ ‘ਨਿਊ ਇੰਡੀਆ’ ਦਾ ਨਿਰਮਾਣ ਕਰ ਰਹੀ ਹੈ”
Posted On:
26 SEP 2022 3:39PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 26 ਸਤੰਬਰ, 2022 ਨੂੰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਥਿਆਰਬੰਦ ਬਲਾਂ ਦੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਰਾਜ ਦੇ ਕਾਂਗੜਾ ਜ਼ਿਲ੍ਹੇ ਦੇ ਬਡੋਲੀ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਰਕਸ਼ਾ ਮੰਤਰੀ ਨੇ ਜੰਗੀ ਨਾਇਕਾਂ ਨੂੰ ਸ਼ਾਨਦਾਰ ਸ਼ਰਧਾਂਜਲੀ ਭੇਟ ਕੀਤੀ; ਪਹਿਲੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਮੇਜਰ ਸੋਮਨਾਥ ਸ਼ਰਮਾ (1947) ਸਮੇਤ; ਬ੍ਰਿਗੇਡੀਅਰ ਸ਼ੇਰ ਜੰਗ ਥਾਪਾ, ਮਹਾਂਵੀਰ ਚੱਕਰ (1948); ਲੈਫਟੀਨੈਂਟ ਕਰਨਲ ਧੰਨ ਸਿੰਘ ਥਾਪਾ, ਪੀਵੀਸੀ (1962); ਕੈਪਟਨ ਵਿਕਰਮ ਬੱਤਰਾ, ਪੀਵੀਸੀ (1999) ਅਤੇ ਸੂਬੇਦਾਰ ਮੇਜਰ ਸੰਜੇ ਕੁਮਾਰ, ਪੀਵੀਸੀ (1999) ਦੇ ਨਾਮ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਲਈ ਹਰ ਭਾਰਤੀ ਦੇ ਦਿਲ ਵਿੱਚ ਉੱਕਰੇ ਹੋਏ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਜੰਗੀ ਨਾਇਕਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਦਾ ਸਦਾ ਰਿਣੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਹਮੇਸ਼ਾ ਲੋਕਾਂ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣਗੀਆਂ, ਕਿਉਂਕਿ ਉਨ੍ਹਾਂ ਵਿੱਚ ਅਨੁਸ਼ਾਸਨ, ਕਰਤੱਵ ਪ੍ਰਤੀ ਸਮਰਪਣ, ਦੇਸ਼ ਭਗਤੀ ਅਤੇ ਕੁਰਬਾਨੀ ਵਰਗੇ ਗੁਣ ਹੁੰਦੇ ਹਨ ਅਤੇ ਇਹ ਰਾਸ਼ਟਰੀ ਸਵੈਮਾਣ ਅਤੇ ਭਰੋਸੇ ਦਾ ਪ੍ਰਤੀਕ ਹਨ। “ਪਿਛੋਕੜ, ਧਰਮ ਅਤੇ ਮੱਤ ਕੋਈ ਮਾਇਨੇ ਨਹੀਂ ਰੱਖਦੇ, ਮਾਇਨੇ ਰੱਖਦਾ ਹੈ ਕਿ ਸਾਡਾ ਪਿਆਰਾ ਤਿਰੰਗਾ ਹਮੇਸ਼ਾ ਉੱਚਾ ਫਹਿਰਾਉਂਦਾ ਰਹੇ,” ਉਨ੍ਹਾਂ ਨੇ ਕਿਹਾ।
ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਅਤੇ ਇਸ ਨੂੰ ਫੌਜ ਦੀ ਬਹਾਦਰੀ ਲਈ ਦੁਨੀਆ ਭਰ ਵਿੱਚ ਸਨਮਾਨ ਕੀਤਾ ਜਾਂਦਾ ਹੈ। ਇਸ ਗੱਲ ਨੂੰ ਕਾਇਮ ਰੱਖਦੇ ਹੋਏ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਉਸ ਨੇ ਵਿਦੇਸ਼ੀ ਧਰਤੀ ’ਤੇ ਇੱਕ ਇੰਚ ਦਾ ਵੀ ਕਬਜ਼ਾ ਕੀਤਾ ਹੈ, ਉਨ੍ਹਾਂ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਜੇਕਰ ਕਦੇ ਵੀ ਭਾਰਤ ਦੀ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। “ਭਾਰਤ ਇੱਕ ਸ਼ਾਂਤੀ ਪਸੰਦ ਦੇਸ਼ ਹੈ, ਪਰ ਇਸ ਨੂੰ ਡਰਪੋਕ ਜਾਂ ਯੁੱਧ ਤੋਂ ਡਰਨ ਵਾਲਾ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਅਜਿਹੇ ਸਮੇਂ ਜਦੋਂ ਅਸੀਂ ਪੂਰੀ ਦੁਨੀਆ ਵਿੱਚ ਕੋਵਿਡ-19 ਦੇ ਨਾਲ ਨਜਿੱਠ ਰਹੇ ਸੀ, ਸਾਨੂੰ ਚੀਨ ਨਾਲ ਲਗਦੀ ਉੱਤਰੀ ਸਰਹੱਦ ’ਤੇ ਵੀ ਤਣਾਅ ਦਾ ਸਾਹਮਣਾ ਕਰਨਾ ਪਿਆ। ਗਲਵਾਨ ਕਾਂਡ ਦੌਰਾਨ ਸਾਡੇ ਜਵਾਨਾਂ ਦੀ ਦਲੇਰੀ ਨੇ ਸਾਬਤ ਕਰ ਦਿੱਤਾ ਕਿ ਤਾਕਤ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ; ਭਾਰਤ ਕਦੇ ਨਹੀਂ ਝੁਕੇਗਾ”, ਉਨ੍ਹਾਂ ਨੇ ਕਿਹਾ।
2016 ਦੇ ਸਰਜੀਕਲ ਸਟ੍ਰਾਈਕ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ’ਤੇ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਤਵਾਦ ਵਿਰੁੱਧ ਭਾਰਤ ਦੀ ਨਵੀਂ ਰਣਨੀਤੀ ਨੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਕਮਰ ਤੋੜ ਦਿੱਤੀ ਹੈ। “ਪਾਕਿਸਤਾਨ ਵਿੱਚ ਇੱਕ ਸੋਚੀ ਸਮਝੀ ਨੀਤੀ ਤਹਿਤ ਸਰਹੱਦ ਪਾਰ ਤੋਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ। ਉਰੀ ਅਤੇ ਪੁਲਵਾਮਾ ਹਮਲਿਆਂ ਤੋਂ ਬਾਅਦ, ਸਾਡੀ ਸਰਕਾਰ ਅਤੇ ਹਥਿਆਰਬੰਦ ਬਲਾਂ ਨੇ, 2016 ਦੇ ਸਰਜੀਕਲ ਸਟ੍ਰਾਈਕ ਅਤੇ 2019 ਦੇ ਬਾਲਾਕੋਟ ਹਵਾਈ ਹਮਲੇ ਦੁਆਰਾ, ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਭਾਰਤ ਦੀ ਅਟੱਲ ਵਚਨਬੱਧਤਾ ਨੂੰ ਦੁਨੀਆ ਦੇ ਸਾਹਮਣੇ ਦਿਖਾਇਆ। ਅਸੀਂ ਦਿਖਾਇਆ ਕਿ ਸਾਡੀਆਂ ਫੌਜਾਂ ਇਸ ਪਾਸੇ ਅਤੇ ਲੋੜ ਪੈਣ ’ਤੇ ਸਰਹੱਦ ਦੇ ਦੂਸਰੇ ਪਾਸੇ ਵੀ ਕਾਰਵਾਈ ਕਰਨ ਦੀ ਸਮਰੱਥਾ ਰੱਖਦੀਆਂ ਹਨ। ਭਾਰਤ ਦਾ ਅਕਸ ਬਦਲ ਗਿਆ ਹੈ। ਇਸ ਨੂੰ ਹੁਣ ਅੰਤਰਰਾਸ਼ਟਰੀ ਪਲੇਟਫਾਰਮਾਂ ’ਤੇ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ”, ਉਨ੍ਹਾਂ ਨੇ ਕਿਹਾ।
ਰਕਸ਼ਾ ਮੰਤਰੀ ਨੇ ਦੇਸ਼ ਨੂੰ ਮਜ਼ਬੂਤ ਬਣਾਉਣ ਅਤੇ ‘ਆਤਮਨਿਰਭਰ’ ਬਣਾਉਣ ਲਈ ਸਰਕਾਰ ਦੇ ਅਟੁੱਟ ਸੰਕਲਪ ਅਤੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਚੁੱਕੇ ਗਏ ਉਪਾਵਾਂ ਕਾਰਨ ਪ੍ਰਾਪਤ ਹੋਈ ਤਰੱਕੀ ’ਤੇ ਰੌਸ਼ਨੀ ਪਾਈ। “ਪਹਿਲਾਂ, ਭਾਰਤ ਨੂੰ ਰੱਖਿਆ ਆਯਾਤਕ ਵਜੋਂ ਜਾਣਿਆ ਜਾਂਦਾ ਸੀ। ਅੱਜ, ਇਹ ਦੁਨੀਆ ਦੇ ਚੋਟੀ ਦੇ 25 ਰੱਖਿਆ ਨਿਰਯਾਤਕਾਂ ਵਿੱਚੋਂ ਇੱਕ ਹੈ। ਅੱਠ ਸਾਲ ਪਹਿਲਾਂ ਕਰੀਬ 900 ਕਰੋੜ ਰੁਪਏ ਤੋਂ ਰੱਖਿਆ ਨਿਰਯਾਤ 13,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਸਾਨੂੰ ਉਮੀਦ ਹੈ ਕਿ 2025 ਤੱਕ ਰੱਖਿਆ ਨਿਰਯਾਤ 35,000 ਕਰੋੜ ਰੁਪਏ ਨੂੰ ਛੂਹ ਜਾਵੇਗਾ ਅਤੇ 2047 ਲਈ ਰੱਖਿਆ ਨਿਰਯਾਤ ਦੇ 2.7 ਲੱਖ ਕਰੋੜ ਰੁਪਏ ਦੇ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ”, ਉਨ੍ਹਾਂ ਨੇ ਕਿਹਾ।
ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਚੀਫ ਆਵ੍ ਡਿਫੈਂਸ ਸਟਾਫ਼ ਦੇ ਅਹੁਦੇ ਦਾ ਗਠਨ ਅਤੇ ਫੌਜੀ ਮਾਮਲਿਆਂ ਦੇ ਵਿਭਾਗ ਦੀ ਸਥਾਪਨਾ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਕੁਝ ਵੱਡੇ ਸੁਧਾਰ ਹਨ। “ਰਾਸ਼ਟਰੀ ਰੱਖਿਆ ਅਕੈਡਮੀ (ਐੱਨਡੀਏ) ਦੇ ਦਰਵਾਜ਼ੇ ਲੜਕੀਆਂ ਲਈ ਖੋਲ੍ਹ ਦਿੱਤੇ ਗਏ ਹਨ, ਹਥਿਆਰਬੰਦ ਬਲਾਂ ਵਿੱਚ ਔਰਤਾਂ ਨੂੰ ਸਥਾਈ ਅਧਿਕਾਰ ਦਿੱਤਾ ਜਾ ਰਿਹਾ ਹੈ। ਅਸੀਂ ਜੰਗੀ ਜਹਾਜ਼ਾਂ ’ਤੇ ਔਰਤਾਂ ਦੀ ਤੈਨਾਤੀ ਦਾ ਰਾਹ ਖੋਲ੍ਹ ਦਿੱਤਾ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ‘ਨਿਊ ਇੰਡੀਆ’ ਦਾ ਨਿਰਮਾਣ ਕਰ ਰਹੀ ਹੈ ਜੋ ਸਾਡੇ ਸਾਰੇ ਸ਼ਾਂਤੀ ਪਸੰਦ ਮਿੱਤਰ ਦੇਸ਼ਾਂ ਨੂੰ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪ੍ਰਦਾਨ ਕਰੇਗਾ, ਤੇ ਮਾੜੇ ਇਰਾਦਿਆਂ ਵਾਲੇ ਦੇਸ਼ਾਂ ਨੂੰ ਮੋੜਵੇਂ ਜਵਾਬ ਤੋਂ ਇਲਾਵਾ ਕੁਝ ਨਹੀਂ ਮਿਲੇਗਾ।
ਰਕਸ਼ਾ ਮੰਤਰੀ ਦਾ ਵਿਚਾਰ ਸੀ ਕਿ ਹਥਿਆਰਬੰਦ ਸੈਨਾਵਾਂ ਦੇ ਨਾਇਕਾਂ ਤੋਂ ਲਈ ਗਈ ਪ੍ਰੇਰਣਾ ਹੀ ਭਾਰਤ ਦੁਆਰਾ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧਣ ਦਾ ਕਾਰਨ ਹੈ। “ਜਦੋਂ ਯੁੱਧ ਦੇ ਕਾਲੇ ਬੱਦਲ ਦਿਖਾਈ ਦਿੰਦੇ ਹਨ ਅਤੇ ਰਾਸ਼ਟਰੀ ਹਿੱਤਾਂ ’ਤੇ ਹਮਲਾ ਹੁੰਦਾ ਹੈ, ਤਾਂ ਇਹ ਸਿਪਾਹੀ ਹੀ ਹੁੰਦਾ ਹੈ ਜੋ ਉਸ ਹਮਲੇ ਨੂੰ ਸਹਿਣ ਕਰਦਾ ਹੈ ਅਤੇ ਦੇਸ਼ ਦੀ ਰੱਖਿਆ ਕਰਦਾ ਹੈ। ਇਹ ਸ਼ਹੀਦ ਹੋਏ ਨਾਇਕਾਂ ਦੀ ਸਰਵਉੱਚ ਕੁਰਬਾਨੀ ਹੈ ਜੋ ਲੋਕਾਂ ਨੂੰ ਜ਼ਿੰਦਾ ਰੱਖਦੀ ਹੈ”, ਉਨ੍ਹਾਂ ਨੇ ਕਿਹਾ।
ਸ਼੍ਰੀ ਰਾਜਨਾਥ ਸਿੰਘ ਨੇ ਹਿਮਾਚਲ ਪ੍ਰਦੇਸ਼ ਅਤੇ ਸਰਹੱਦੀ ਖੇਤਰਾਂ ਵਿੱਚ ਵੱਸਦੇ ਲੋਕਾਂ ਨੂੰ ਭਾਰਤ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਸਰਹੱਦੀ ਸੂਬਾ ਕਰਾਰ ਦਿੱਤਾ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਸਰਹੱਦੀ ਬੁਨਿਆਦੀ ਢਾਂਚੇ ਦੇ ਨਾਲ-ਨਾਲ ਦੇਸ਼ ਦੀ ਖੁਫੀਆ ਅਤੇ ਸੰਚਾਰ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਸੈਂਕੜੇ ਕਿਲੋਮੀਟਰ ਸੜਕਾਂ, ਪੁਲਾਂ ਅਤੇ ਸੁਰੰਗਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਅਟਲ ਸੁਰੰਗ ਇੱਕ ਮੈਗਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ।
ਰਕਸ਼ਾ ਮੰਤਰੀ ਨੇ ਸਾਬਕਾ ਸੈਨਿਕਾਂ ਨੂੰ ਦੇਸ਼ ਦਾ ਸਰਮਾਇਆ ਦੱਸਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਾਤ ਭੂਮੀ ਦੀ ਸੇਵਾ ਵਿੱਚ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕੋਈ ਕੀਮਤ ਨਹੀਂ ਆਂਕੀ ਜਾ ਸਕਦੀ। ਉਨ੍ਹਾਂ ਨੇ ਸਾਬਕਾ ਸੈਨਿਕਾਂ ਦੀ ਸਲਾਮਤੀ ਅਤੇ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਅਤੇ ਫਰਜ਼ ਨੂੰ ਦੁਹਰਾਇਆ। ਉਨ੍ਹਾਂ ਨੇ ਰੱਖਿਆ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਨੂੰ ਸੂਚੀਬੱਧ ਕੀਤਾ, ਜਿਸ ਵਿੱਚ ਉਨ੍ਹਾਂ ਦੇ ਰਹਿਣ-ਸਹਿਣ ਦੀ ਸੌਖ ਨੂੰ ਵਧਾਉਣ ਲਈ ‘ਡਿਜੀਟਲ ਇੰਡੀਆ’ ਦੇ ਤਹਿਤ ਔਨਲਾਈਨ ਸੇਵਾਵਾਂ ਸ਼ਾਮਲ ਹਨ। ਇਨ੍ਹਾਂ ਵਿੱਚ ਸਮਾਰਟ ਕੰਟੀਨ ਕਾਰਡ, ਸਾਬਕਾ ਸੈਨਿਕ ਪਛਾਣ ਪੱਤਰ; ਕੇਂਦਰੀ ਸੈਨਿਕ ਬੋਰਡ ਅਤੇ ਡਾਇਰੈਕਟੋਰੇਟ ਜਨਰਲ ਆਵ੍ ਰੀਸੈਟਲਮੈਂਟ ਸਰਵਿਸਿਜ਼ ਤੱਕ ਔਨਲਾਈਨ ਪਹੁੰਚ ਅਤੇ ਸਿਸਟਮ ਫਾਰ ਪੈਨਸ਼ਨ ਐਡਮਿਨਸਟ੍ਰੇਸ਼ਨ (ਰਕਸ਼ਾ) (ਸਪਰਸ਼) ਪਹਿਲਕਦਮੀ ਲਈ ਦੀ ਸ਼ੁਰੂਆਤ।
ਸ਼੍ਰੀ ਰਾਜਨਾਥ ਸਿੰਘ ਨੇ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਇਤਿਹਾਸ ਵਿੱਚ ਕਿਸੇ ਵੀ ਕਿਸਮ ਦੀ ਜਾਇਦਾਦ, ਅਧਿਕਾਰਾਂ ਜਾਂ ਸ਼ਕਤੀ ਦੀ ਬਜਾਏ ਮਨੁੱਖਤਾ ਲਈ ਲੜੀ ਗਈ ਜੰਗ ਵਜੋਂ ਯਾਦ ਕੀਤਾ ਜਾਵੇਗਾ। “ਜਨਰਲ ਸੈਮ ਮਾਨੇਕ ਸ਼ਾਅ, ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਜੈਕਬ, ਜਨਰਲ ਸੁਜਾਨ ਸਿੰਘ ਉਬਾਨ ਅਤੇ ਜਨਰਲ ਆਫਿਸਰ ਇਨ ਕਮਾਂਡ ਏਅਰ ਮਾਰਸ਼ਲ ਲਤੀਫ਼ ਵਰਗੇ ਬਹਾਦੁਰ ਸੈਨਿਕਾਂ ਨੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ, ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਜੰਗ ਵਿੱਚ ਭਾਰਤੀ ਸੈਨਿਕਾਂ ਵਿੱਚ ਹਿੰਦੂ, ਮੁਸਲਮਾਨ, ਪਾਰਸੀ, ਸਿੱਖ ਅਤੇ ਯਹੂਦੀ ਸ਼ਾਮਲ ਸਨ। ਇਹ ਸਰਵਧਰਮ ਸੰਭਵ (ਸਾਰੇ ਧਰਮਾਂ ਦਾ ਸਤਿਕਾਰ) ਪ੍ਰਤੀ ਭਾਰਤ ਦੇ ਵਿਸ਼ਵਾਸ ਦਾ ਸਬੂਤ ਹੈ। ਇਹ ਸਾਰੇ ਬਹਾਦਰ ਸਿਪਾਹੀ ਵੱਖ-ਵੱਖ ਰਾਜਾਂ ਅਤੇ ਵੱਖ-ਵੱਖ ਮਾਤ ਭਾਸ਼ਾਵਾਂ ਨਾਲ ਸਬੰਧਿਤ ਸਨ। ਉਹ ਭਾਰਤੀਤਾ ਦੇ ਮਜ਼ਬੂਤ ਅਤੇ ਸਾਂਝੇ ਧਾਗੇ ਨਾਲ ਬੱਝੇ ਹੋਏ ਸਨ”, ਉਨ੍ਹਾਂ ਨੇ ਕਿਹਾ।
*********
ਏਬੀਬੀ/ ਸੈਵੀ
(Release ID: 1862349)
Visitor Counter : 135