ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਸਵਾਲ ਪੁੱਛਣ ਅਤੇ ਸ਼ੰਕਾ ਪ੍ਰਗਟਾਉਣ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ



ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ

Posted On: 05 SEP 2022 1:48PM by PIB Chandigarh

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਅਧਿਆਪਕ ਦਿਵਸ ਮੌਕੇ ਦੇਸ਼ ਦੇ 45 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ।

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਆਪਣੇ ਅਧਿਆਪਕਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਨੇ ਉਨ੍ਹਾਂ ਨੂੰ ਨਾ ਸਿਰਫ਼ ਪੜ੍ਹਾਇਆ ਬਲਕਿ ਪਿਆਰ ਤੇ ਪ੍ਰੇਰਣਾ ਵੀ ਦਿੱਤੀ। ਇਹ ਆਪਣੇ ਪਰਿਵਾਰ ਅਤੇ ਅਧਿਆਪਕਾਂ ਦੇ ਮਾਰਗ–ਦਰਸ਼ਨ ਦੇ ਬਲ 'ਤੇ ਹੀ ਸੀ ਕਿ ਉਹ ਕਾਲਜ ਜਾਣ ਵਾਲੀ ਆਪਣੇ ਪਿੰਡ ਦੀ ਪਹਿਲੀ ਬੇਟੀ ਬਣੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਜੋ ਵੀ ਪ੍ਰਾਪਤੀ ਕੀਤੀ ਹੈ, ਉਸ ਲਈ ਉਹ ਹਮੇਸ਼ਾ ਆਪਣੇ ਅਧਿਆਪਕਾਂ ਦੀ ਰਿਣੀ ਮਹਿਸੂਸ ਕਰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਗਿਆਨ ਅਰਥਚਾਰੇ ਵਿੱਚ ਵਿਗਿਆਨ, ਰੀਸਰਚ ਅਤੇ ਇਨੋਵੇਸ਼ਨ ਵਿਕਾਸ ਦਾ ਅਧਾਰ ਹਨ। ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦਾ ਨੀਂਹ ਪੱਥਰ ਸਕੂਲੀ ਸਿੱਖਿਆ ਰਾਹੀਂ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਵਿਗਿਆਨ, ਸਾਹਿਤ ਜਾਂ ਸਮਾਜ ਵਿਗਿਆਨ ਵਿੱਚ ਮੌਲਿਕ ਪ੍ਰਤਿਭਾ ਦਾ ਵਿਕਾਸ ਮਾਤ–ਭਾਸ਼ਾ ਰਾਹੀਂ ਹੀ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਹ ਸਾਡੀਆਂ ਮਾਵਾਂ ਹਨ ਜੋ ਸਾਨੂੰ ਸ਼ੁਰੂਆਤੀ ਜੀਵਨ ਵਿੱਚ ਜਿਊਣ ਦੀ ਕਲਾ ਸਿਖਾਉਂਦੀਆਂ ਹਨ। ਇਸ ਲਈ ਮਾਤ–ਭਾਸ਼ਾ ਕੁਦਰਤੀ ਪ੍ਰਤਿਭਾ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ। ਮਾਂ ਤੋਂ ਬਾਅਦ ਅਧਿਆਪਕ ਸਾਡੇ ਜੀਵਨ ਵਿੱਚ ਸਿੱਖਿਆ ਨੂੰ ਅੱਗੇ ਵਧਾਉਂਦੇ ਹਨ। ਜੇ ਅਧਿਆਪਕ ਵੀ ਵਿਦਿਆਰਥੀਆਂ ਨੂੰ ਆਪਣੀ ਮਾਤ–ਭਾਸ਼ਾ ਵਿੱਚ ਪੜ੍ਹਾਉਣ ਤਾਂ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਅਸਾਨੀ ਨਾਲ ਨਿਖਾਰ ਸਕਦੇ ਹਨ। ਇਸੇ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਸਕੂਲੀ ਸਿੱਖਿਆ ਅਤੇ ਉੱਚ ਸਿੱਖਿਆ ਲਈ ਭਾਰਤੀ ਭਾਸ਼ਾਵਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਿਦਿਆਰਥੀਆਂ ਵਿੱਚ ਵਿਗਿਆਨ ਅਤੇ ਖੋਜ ਪ੍ਰਤੀ ਰੁਚੀ ਪੈਦਾ ਕਰਨ। ਚੰਗੇ ਅਧਿਆਪਕ ਗੁੰਝਲਦਾਰ ਸਿਧਾਂਤਾਂ ਨੂੰ ਕੁਦਰਤ ਵਿੱਚ ਮੌਜੂਦ ਜੀਵਿਤ ਉਦਾਹਰਣਾਂ ਦੀ ਮਦਦ ਨਾਲ ਸਰਲ ਬਣਾ ਕੇ ਸਮਝਾ ਸਕਦੇ ਹਨ। ਅਧਿਆਪਕਾਂ ਬਾਰੇ ਇੱਕ ਮਸ਼ਹੂਰ ਕਹਾਵਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, "ਇੱਕ ਔਸਤ ਦਰਜੇ ਦਾ ਅਧਿਆਪਕ ਕੁਝ ਸਮਝਾਉਂਦਾ ਹੈ; ਇੱਕ ਚੰਗਾ ਅਧਿਆਪਕ ਉਸ ਨੂੰ ਸਮਝਾਉਂਦਾ ਹੈ; ਇੱਕ ਵਧੀਆ ਅਧਿਆਪਕ ਪ੍ਰਦਰਸ਼ਿਤ ਕਰਦਾ ਹੈ ਅਤੇ ਇੱਕ ਮਹਾਨ ਅਧਿਆਪਕ ਪ੍ਰੇਰਣਾ ਦਿੰਦਾ ਹੈ।" ਉਨ੍ਹਾਂ ਕਿਹਾ ਕਿ ਇੱਕ ਆਦਰਸ਼ ਅਧਿਆਪਕ ਵਿੱਚ ਇਹ ਚਾਰੇ ਗੁਣ ਹੁੰਦੇ ਹਨ। ਅਜਿਹੇ ਆਦਰਸ਼ ਅਧਿਆਪਕ ਹੀ ਵਿਦਿਆਰਥੀਆਂ ਦੇ ਜੀਵਨ ਦਾ ਨਿਰਮਾਣ ਕਰਕੇ ਸਹੀ ਅਰਥਾਂ ਵਿੱਚ ਦੇਸ਼ ਦਾ ਨਿਰਮਾਣ ਕਰਦੇ ਹਨ।

ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਵਿੱਚ ਸਵਾਲ ਪੁੱਛਣ ਅਤੇ ਆਪਣੇ ਸ਼ੰਕਿਆਂ ਦਾ ਪ੍ਰਗਟਾਵਾ ਕਰਨ ਦੀ ਆਦਤ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦੇਣ ਅਤੇ ਸ਼ੰਕਿਆਂ ਦਾ ਨਿਪਟਾਰਾ ਕਰਨ ਨਾਲ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਹੋਵੇਗਾ। ਇੱਕ ਚੰਗਾ ਅਧਿਆਪਕ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਉਤਸ਼ਾਹਿਤ ਹੁੰਦਾ ਹੈ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

 *** *** ***

ਡੀਐੱਸ/ਏਕੇ


(Release ID: 1857066) Visitor Counter : 190