ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 76ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ
Posted On:
15 AUG 2022 2:17PM by PIB Chandigarh
ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਮੁੱਖ-ਅੰਸ਼ ਨਿਮਨਲਿਖਿਤ ਹਨ:
1. ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
2. ਮੈਂ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ 'ਤੇ ਦੁਨੀਆ ਭਰ ਵਿੱਚ ਫੈਲੇ ਭਾਰਤ ਦੇ ਪ੍ਰੇਮੀਆਂ, ਭਾਰਤੀਆਂ ਨੂੰ ਬਹੁਤ–ਬਹੁਤ ਵਧਾਈ ਦਿੰਦਾ ਹਾਂ।
3. ਅੱਜ, ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਇਹ ਉਨ੍ਹਾਂ ਸਾਰਿਆਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਹੈ, ਜੋ ਪਿਛਲੇ 75 ਸਾਲਾਂ ਵਿੱਚ ਦੇਸ਼ ਲਈ ਜਿਉਂਦੇ ਅਤੇ ਸ਼ਹੀਦ ਹੋਏ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕੀਤੀ ਅਤੇ ਦੇਸ਼ ਦੇ ਸੰਕਲਪਾਂ ਨੂੰ ਪੂਰਾ ਕੀਤਾ।
4. ਸਾਡੀ 75 ਸਾਲਾਂ ਦੀ ਯਾਤਰਾ ਉਤਰਾਅ-ਚੜ੍ਹਾਅ ਨਾਲ ਭਰਪੂਰ ਰਹੀ ਹੈ। ਸੁਖ–ਦੁਖ ਦਾ ਪਰਛਾਵਾਂ ਛਾਇਆ ਰਿਹਾ ਹੈ ਅਤੇ ਇਸ ਦੇ ਵਿਚਕਾਰ ਵੀ ਸਾਡੇ ਦੇਸ਼ਵਾਸੀਆਂ ਨੇ ਪ੍ਰਾਪਤੀਆਂ ਕੀਤੀਆਂ ਹਨ, ਯਤਨ ਕੀਤੇ ਹਨ, ਹਿੰਮਤ ਨਹੀਂ ਹਾਰੀ, ਆਪਣੇ ਸੰਕਲਪਾਂ ਨੂੰ ਓਹਲੇ ਨਹੀਂ ਹੋਣ ਦਿੱਤਾ।
5. ਭਾਰਤ ਦੀ ਵਿਵਿਧਤਾ ਭਾਰਤ ਦੀ ਅਨਮੋਲ ਸ਼ਕਤੀ ਹੈ। ਸ਼ਕਤੀ ਦਾ ਇੱਕ ਅਟੁੱਟ ਸਬੂਤ। ਦੁਨੀਆ ਇਹ ਨਹੀਂ ਜਾਣਦੀ ਸੀ ਕਿ ਭਾਰਤ ਵਿੱਚ ਇੱਕ inherent ਸਮਰੱਥਾ ਹੈ, ਇੱਕ ਸੰਸਕਾਰ ਸਰਿਤਾ ਹੈ, ਅਤੇ ਉਹ ਹੈ ਭਾਰਤ ਲੋਕਤੰਤਰ ਦੀ ਜਣਨੀ ਹੈ, Mother of Democracy ਹੈ।
6. 2014 ਵਿੱਚ ਦੇਸ਼ਵਾਸੀਆਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ। ਆਜ਼ਾਦੀ ਤੋਂ ਬਾਅਦ ਪੈਦਾ ਹੋਇਆ ਮੈਂ ਪਹਿਲਾ ਵਿਅਕਤੀ ਸੀ ਜਿਸ ਨੂੰ ਲਾਲ ਕਿਲੇ ਤੋਂ ਦੇਸ਼ਵਾਸੀਆਂ ਦਾ ਗੌਰਵ–ਗਾਣ ਕਰਨ ਦਾ ਮੌਕਾ ਮਿਲਿਆ।
7. ਮਹਾਤਮਾ ਗਾਂਧੀ ਦਾ ਸੁਪਨਾ, ਅੰਤਿਮ ਇਨਸਾਨ ਦੀ ਚਿੰਤਾ ਕਰਨ ਦਾ, ਅੰਤਿਮ ਸਿਰੇ 'ਤੇ ਬੈਠੇ ਵਿਅਕਤੀ ਨੂੰ ਸਮਰੱਥ ਬਣਾਉਣ ਦੀ ਮਹਾਤਮਾ ਗਾਂਧੀ ਦੀ ਇੱਛਾ, ਮੈਂ ਆਪਣੇ ਆਪ ਨੂੰ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ।
8. ਅੰਮ੍ਰਿਤਕਾਲ ਦੀ ਪਹਿਲੀ ਸਵੇਰ Aspirational Society ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਸੁਨਹਿਰੀ ਮੌਕਾ ਹੈ। ਤਿਰੰਗੇ ਝੰਡੇ ਨੇ ਸਾਡੇ ਦੇਸ਼ ਅੰਦਰ ਵੱਡੀ ਸਮਰੱਥਾ ਨੂੰ ਦਰਸਾਇਆ ਹੈ। ਸਾਡਾ ਤਿਰੰਗਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪੂਰੇ ਮਾਣ ਨਾਲ ਲਹਿਰਾ ਰਿਹਾ ਹੈ।
9. ਸਰਕਾਰਾਂ ਨੂੰ ਵੀ ਸਮੇਂ ਦੇ ਨਾਲ ਚਲਣਾ ਪੈਂਦਾ ਹੈ ਅਤੇ ਮੇਰਾ ਮੰਨਣਾ ਹੈ ਕਿ ਭਾਵੇਂ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਸਥਾਨਕ ਸਵਰਾਜ ਦੀਆਂ ਸੰਸਥਾਵਾਂ ਹੋਣ, ਭਾਵੇਂ ਕੋਈ ਵੀ ਸ਼ਾਸਨ ਪ੍ਰਣਾਲੀ ਕਿਉਂ ਨਾ ਹੋਵੇ, ਹਰ ਕਿਸੇ ਨੂੰ ਇਸ aspiration society ਨੂੰ address ਕਰਨਾ ਪਵੇਗਾ, ਉਨ੍ਹਾਂ ਦੀਆਂ ਆਕਾਂਖਿਆਵਾਂ ਲਈ ਅਸੀਂ ਜ਼ਿਆਦਾ ਉਡੀਕ ਨਹੀਂ ਕਰ ਸਕਦੇ।
10. ਅਸੀਂ ਪਿਛਲੇ ਦਿਨਾਂ ’ਚ ਜੋ ਤਾਕਤ ਅਨੁਭਵ ਕੀਤੀ ਹੈ, ਉਹ ਹੈ ਭਾਰਤ ਵਿੱਚ ਸਮੂਹਿਕ ਚੇਤਨਾ ਦਾ ਪੁਨਰਜਾਗਰਣ। ਆਜ਼ਾਦੀ ਦੇ ਇੰਨੇ ਸੰਘਰਸ਼ਾਂ ਵਿੱਚ ਜੋ ਅੰਮ੍ਰਿਤ ਸੀ, ਹੁਣ ਉਸ ਨੂੰ ਸੰਭਾਲਿਆ ਜਾ ਰਿਹਾ ਹੈ, ਸੰਕਲਿਤ ਕੀਤਾ ਜਾ ਰਿਹਾ ਹੈ।
11. ਕੋਰੋਨਾ ਦੇ ਦੌਰ 'ਚ ਦੁਨੀਆ ਇਸ ਭੰਬਲਭੂਸੇ 'ਚ ਰਹਿ ਰਹੀ ਸੀ ਕਿ ਵੈਕਸੀਨ ਲਵੇ ਜਾਂ ਨਹੀਂ, ਵੈਕਸੀਨ ਲਾਭਦਾਇਕ ਹੈ ਜਾਂ ਨਹੀਂ। ਉਸ ਸਮੇਂ ਮੇਰੇ ਗ਼ਰੀਬ ਦੇਸ਼ ਨੇ ਦੋ ਸੌ ਕਰੋੜ ਖੁਰਾਕਾਂ ਦਾ ਲਕਸ਼ ਹਾਸਲ ਕਰਕੇ ਹੈਰਾਨ ਕਰਨ ਵਾਲਾ ਕੰਮ ਕੀਤਾ ਹੈ।
12. ਦੁਨੀਆ ਭਾਰਤ ਵੱਲ ਮਾਣ ਨਾਲ ਦੇਖ ਰਹੀ ਹੈ। ਉਮੀਦ ਦੀ ਉਡੀਕ ਵਿੱਚ ਦੇਖ ਰਹੀ ਹੈ। ਦੁਨੀਆ ਨੇ ਭਾਰਤ ਦੀ ਧਰਤੀ 'ਤੇ ਸਮੱਸਿਆਵਾਂ ਦਾ ਹੱਲ ਲੱਭਣਾ ਸ਼ੁਰੂ ਕਰ ਦਿੱਤਾ ਹੈ। ਸੰਸਾਰ ਵਿੱਚ ਇਹ ਤਬਦੀਲੀ, ਸੰਸਾਰ ਦੀ ਸੋਚ ਵਿੱਚ ਇਹ ਤਬਦੀਲੀ ਸਾਡੇ 75 ਸਾਲਾਂ ਦੇ ਅਨੁਭਵ ਯਾਤਰਾ ਦਾ ਨਤੀਜਾ ਹੈ।
13. ਜਦੋਂ ਰਾਜਨੀਤਕ ਸਥਿਰਤਾ ਹੋਵੇ, ਨੀਤੀਆਂ ਵਿੱਚ ਗਤੀਸ਼ੀਲਤਾ ਹੋਵੇ, ਫ਼ੈਸਲਿਆਂ ਵਿੱਚ ਗਤੀ ਹੋਵੇ, ਤਦ ਹਰ ਕੋਈ ਵਿਕਾਸ ਲਈ ਭਾਈਵਾਲ ਬਣ ਜਾਂਦਾ ਹੈ। ਅਸੀਂ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਮੰਤਰ ਲੈ ਕੇ ਚਲੇ ਸਾਂ ਪਰ ਦੇਖਦੇ ਹੀ ਦੇਖਦੇ ਦੇਸ਼ਵਾਸੀਆਂ ਨੇ ਸਾਰਿਆਂ ਦੇ ਵਿਸ਼ਵਾਸ ਅਤੇ ਸਾਰਿਆਂ ਦੇ ਪ੍ਰਯਤਨਾਂ ਨਾਲ ਇਸ ਵਿੱਚ ਹੋਰ ਰੰਗ ਭਰ ਦਿੱਤੇ ਹਨ।
14. ਮੈਨੂੰ ਲਗਦਾ ਹੈ ਕਿ ਆਉਣ ਵਾਲੇ 25 ਸਾਲਾਂ ਲਈ ਸਾਨੂੰ ਆਪਣੀ ਸ਼ਕਤੀ ਪੰਚ ਪ੍ਰਣ 'ਤੇ ਕੇਂਦ੍ਰਿਤ ਕਰਨੀ ਪਵੇਗੀ। ਜਦੋਂ ਮੈਂ ਪੰਚਪ੍ਰਣ ਦੀ ਗੱਲ ਕਰਦਾ ਹਾਂ ਤਾਂ ਪਹਿਲਾ ਪ੍ਰਣ ਇਹ ਹੈ ਕਿ ਹੁਣ ਦੇਸ਼ ਵੱਡੇ ਸੰਕਲਪ ਲੈ ਕੇ ਹੀ ਚਲੇਗਾ। ਦੂਸਰਾ ਪ੍ਰਣ ਇਹ ਹੈ ਕਿ ਅਸੀਂ ਆਪਣੇ ਮਨਾਂ ਅਤੇ ਆਦਤਾਂ ਵਿੱਚ ਗ਼ੁਲਾਮੀ ਦਾ ਕੋਈ ਨਿਸ਼ਾਨ ਬਾਕੀ ਨਹੀਂ ਛੱਡਣਾ। ਤੀਸਰਾ ਪ੍ਰਣ, ਸਾਨੂੰ ਆਪਣੇ ਵਿਰਸੇ 'ਤੇ ਮਾਣ ਹੋਣਾ ਚਾਹੀਦਾ ਹੈ। ਚੌਥਾ ਪ੍ਰਣ ਹੈ ਏਕਤਾ ਅਤੇ ਇਕਜੁੱਟਤਾ। ਅਤੇ ਪੰਜਵਾਂ ਪ੍ਰਣ ਹੈ ਨਾਗਰਿਕਾਂ ਦਾ ਕਰਤੱਵ, ਜਿਸ ਵਿੱਚ ਪ੍ਰਧਾਨ ਮੰਤਰੀ ਵੀ ਬਾਹਰ ਨਹੀਂ ਹੁੰਦਾ, ਮੁੱਖ ਮੰਤਰੀ ਵੀ ਬਾਹਰ ਨਹੀਂ ਹੁੰਦਾ।
15. ਮਹਾਸੰਕਲਪ, ਮੇਰਾ ਦੇਸ਼ ਇੱਕ ਵਿਕਸਿਤ ਦੇਸ਼ ਹੋਵੇਗਾ, developed country, ਵਿਕਾਸ ਦੇ ਹਰ ਮਾਪਦੰਡ ਵਿੱਚ ਇੱਕ ਮਨੁੱਖੀ-ਕੇਂਦ੍ਰਿਤ ਪ੍ਰਣਾਲੀ ਦਾ ਵਿਕਾਸ ਕਰਾਂਗੇ, ਸਾਡੇ ਕੇਂਦਰ ਵਿੱਚ ਮਨੁੱਖ ਹੋਵੇਗਾ, ਸਾਡੇ ਕੇਂਦਰ ਵਿੱਚ ਮਨੁੱਖੀ ਉਮੀਦਾਂ ਅਤੇ ਇੱਛਾਵਾਂ ਹੋਣਗੀਆਂ। ਅਸੀਂ ਜਾਣਦੇ ਹਾਂ ਕਿ ਜਦੋਂ ਭਾਰਤ ਵੱਡੇ ਸੰਕਲਪ ਲੈਂਦਾ ਹੈ, ਤਾਂ ਉਹ ਇਹ ਕਰ ਕੇ ਵੀ ਦਿਖਾਉਂਦਾ ਹੈ।
16. ਜਦੋਂ ਮੈਂ ਆਪਣੇ ਪਹਿਲੇ ਭਾਸ਼ਣ ਵਿੱਚ ਇੱਥੇ ਸਵੱਛਤਾ ਦੀ ਗੱਲ ਕੀਤੀ ਸੀ ਤਾਂ ਦੇਸ਼ ਚਲ ਪਿਆ ਹੈ, ਜਿਸ ਤੋਂ ਜਿੰਨਾ ਹੋ ਸਕਿਆ, ਉਹ ਸਵੱਛਤਾ ਵੱਲ ਅੱਗੇ ਵਧਿਆ ਅਤੇ ਗੰਦਗੀ ਪ੍ਰਤੀ ਨਫ਼ਰਤ ਇੱਕ ਸੁਭਾਅ ਬਣਦਾ ਗਿਆ ਹੈ।
17. ਜਦੋਂ ਅਸੀਂ 10 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਦਾ ਲਕਸ਼ ਰੱਖਿਆ ਸੀ, ਤਾਂ ਇਹ ਇੱਕ ਵੱਡੇ ਸੁਪਨੇ ਵਾਂਗ ਜਾਪਦਾ ਸੀ। ਪੁਰਾਣਾ ਇਤਿਹਾਸ ਦੱਸਦਾ ਸੀ ਕਿ ਇਹ ਸੰਭਵ ਨਹੀਂ ਹੈ, ਪਰ ਸਮੇਂ ਤੋਂ ਪਹਿਲਾਂ 10 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਕਰਕੇ ਦੇਸ਼ ਨੇ ਇਹ ਸੁਪਨਾ ਪੂਰਾ ਕਰ ਦਿੱਤਾ ਹੈ।
18. ਇੰਨੇ ਥੋੜ੍ਹੇ ਸਮੇਂ ਵਿੱਚ 2.5 ਕਰੋੜ ਲੋਕਾਂ ਨੂੰ ਬਿਜਲੀ ਕਨੈਕਸ਼ਨ ਦੇਣਾ ਕੋਈ ਛੋਟਾ ਕੰਮ ਨਹੀਂ ਸੀ, ਦੇਸ਼ ਨੇ ਇਹ ਕਰ ਦਿਖਾਇਆ ਹੈ।
19. ਕੀ ਅਸੀਂ ਆਪਣੇ ਮਾਪਦੰਡ ਆਪ ਤੈਅ ਨਾ ਕਰੀਏ? ਕੀ 130 ਕਰੋੜ ਦਾ ਦੇਸ਼ ਆਪਣੇ ਮਾਪਦੰਡਾਂ ਨੂੰ ਪਾਰ ਕਰਨ ਲਈ ਪੁਰਸ਼ਾਰਥ ਨਹੀਂ ਕਰ ਸਕਦਾ? ਕਿਸੇ ਵੀ ਹਾਲਤ ਵਿੱਚ ਸਾਨੂੰ ਦੂਜਿਆਂ ਜਿਹਾ ਦਿਸਣ ਦੀ ਜ਼ਰੂਰਤ ਨਹੀਂ ਹੈ। ਅਸੀਂ ਜਿਹੋ ਜਿਹੇ ਹਾਂ, ਉਂਝ ਹੀ ਸਮਰੱਥਾ ਨਾਲ ਡਟੇ ਰਹਾਂਗੇ, ਇਹ ਸਾਡਾ ਮਿਜ਼ਾਜ ਹੋਣਾ ਚਾਹੀਦਾ ਹੈ।
20. ਜਿਸ ਤਰ੍ਹਾਂ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣੀ ਹੈ, ਜਿਸ ਮੰਥਨ ਨਾਲ ਬਣੀ ਹੈ ਅਤੇ ਜਿਸ ਤਰ੍ਹਾਂ ਦੀ ਸਿੱਖਿਆ ਨੀਤੀ ਭਾਰਤ ਦੀ ਧਰਤੀ ਨਾਲ ਸਬੰਧਿਤ ਬਣਾਈ ਗਈ ਹੈ, ਉਸ ਦੇ ਰਸਕਸ ਸਾਡੀ ਧਰਤੀ ਤੋਂ ਹੀ ਮਿਲੇ ਹਨ। ਜਿਸ ਹੁਨਰ 'ਤੇ ਅਸੀਂ ਜ਼ੋਰ ਦਿੱਤਾ ਹੈ, ਇਹ ਇੱਕ ਅਜਿਹੀ ਸ਼ਮਰੱਥਾ ਹੈ, ਜੋ ਸਾਨੂੰ ਗ਼ੁਲਾਮੀ ਤੋਂ ਮੁਕਤ ਹੋਣ ਦੀ ਤਾਕਤ ਦੇਵੇਗੀ।
21. ਸਾਨੂੰ ਆਪਣੇ ਦੇਸ਼ ਦੀ ਹਰ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਭਾਸ਼ਾ ਜਾਣਦੇ ਹਾਂ ਜਾਂ ਨਹੀਂ ਜਾਣਦੇ, ਪਰ ਇਹ ਮੇਰੇ ਦੇਸ਼ ਦੀ ਭਾਸ਼ਾ ਹੈ, ਇਹ ਮੇਰੇ ਪੁਰਖਿਆਂ ਦੁਆਰਾ ਦੁਨੀਆ ਨੂੰ ਦਿੱਤੀ ਗਈ ਭਾਸ਼ਾ ਹੈ, ਸਾਨੂੰ ਮਾਣ ਹੋਣਾ ਚਾਹੀਦਾ ਹੈ।
22. ਅੱਜ ਪੂਰੀ ਦੁਨੀਆ holistic health care ਦੀ ਚਰਚਾ ਕਰ ਰਹੀ ਹੈ, ਪਰ ਜਦੋਂ holistic health care ਦੀ ਚਰਚਾ ਕਰਦੀ ਹੈ, ਤਾਂ ਇਸ ਦੀ ਨਜ਼ਰ ਭਾਰਤ ਦੇ ਯੋਗਾ, ਭਾਰਤ ਦੇ ਆਯੁਰਵੇਦ, ਭਾਰਤ ਦੇ holistic life-style ਵੱਲ ਜਾਂਦੀ ਹੈ। ਇਹ ਸਾਡੀ ਵਿਰਾਸਤ ਹੈ ਜੋ ਅਸੀਂ ਦੁਨੀਆ ਨੂੰ ਦੇ ਰਹੇ ਹਾਂ।
23. ਅੱਜ ਵਿਸ਼ਵ ਵਾਤਾਵਰਣ ਦੀ ਸਮੱਸਿਆ ਨਾਲ ਜੋ ਜੂਝ ਰਿਹਾ ਹੈ। ਸਾਡੇ ਕੋਲ ਗਲੋਬਲ ਵਾਰਮਿੰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਰਾਹ ਹੈ। ਇਸ ਲਈ ਸਾਡੇ ਕੋਲ ਉਹ ਵਿਰਾਸਤ ਹੈ, ਜੋ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੀ ਹੈ।
24. ਜਦੋਂ ਸਾਡੀਆਂ family values, ਸੰਸਾਰ ਦੇ ਸਮਾਜਿਕ ਤਣਾਵਾਂ ਦੀ ਚਰਚਾ ਹੋ ਰਹੀ ਹੈ। ਜਦੋਂ ਨਿਜੀ ਤਣਾਅ ਦੀ ਗੱਲ ਕੀਤੀ ਜਾਂਦੀ ਹੈ, ਤਾਂ ਲੋਕਾਂ ਨੂੰ ਯੋਗ ਦਿਸਦਾ ਹੈ। ਜਦੋਂ ਸਮੂਹਿਕ ਤਣਾਅ ਦੀ ਗੱਲ ਹੁੰਦੀ ਹੈ, ਤਾਂ ਭਾਰਤ ਦੀ ਪਰਿਵਾਰਕ ਵਿਵਸਥਾ ਦਿਸਦੀ ਹੈ।
25. ਅਸੀਂ ਉਹ ਲੋਕ ਹਾਂ ਜੋ ਜੀਵ ਵਿੱਚ ਸ਼ਿਵ ਨੂੰ ਦੇਖਦੇ ਹਾਂ, ਅਸੀਂ ਉਹ ਲੋਕ ਹਾਂ ਜੋ ਨਰ ਵਿੱਚ ਨਾਰਾਇਣ ਨੂੰ ਦੇਖਦੇ ਹਾਂ, ਅਸੀਂ ਉਹ ਲੋਕ ਹਾਂ ਜੋ ਮਹਿਲਾ ਨੂੰ ਨਾਰਾਇਣੀ ਕਹਿੰਦੇ ਹਾਂ, ਅਸੀਂ ਉਹ ਲੋਕ ਹਾਂ ਜੋ ਪੌਦੇ ਵਿੱਚ ਪਰਮਾਤਮਾ ਦੇਖਦੇ ਹਾਂ, ਅਸੀਂ ਉਹ ਲੋਕ ਹਾਂ ਜੋ ਨਦੀ ਨੂੰ ਮਾਂ ਮੰਨਦੇ ਹਾਂ, ਅਸੀਂ ਉਹ ਲੋਕ ਹਾਂ ਜੋ ਸ਼ੰਕਰ ਨੂੰ ਕੰਕਰ–ਕੰਕਰ ਵਿੱਚ ਦੇਖਦੇ ਹਾਂ।
26. ਜਨ ਕਲਿਆਣ ਤੋਂ ਜਗ ਕਲਿਆਣ ਦੀ ਰਾਹ ਉੱਤੇ ਚਲਣ ਵਾਲੇ ਅਸੀਂ ਲੋਕ ਜਦੋਂ ਦੁਨੀਆ ਦੀ ਕਾਮਨਾ ਕਰਦੇ ਹਾਂ, ਤਾਂ ਕਹਿੰਦੇ ਹਾਂ - सर्वे भवन्तु सुखिनः। सर्वे सन्तु निरामयाः॥
27. ਇਕ ਹੋਰ ਮਹੱਤਵਪੂਰਨ ਵਿਸ਼ਾ ਹੈ ਏਕਤਾ, ਇਕਜੁੱਟਤਾ। ਅਸੀਂ ਇੰਨੇ ਵੱਡੇ ਦੇਸ਼ ਨੂੰ ਉਸ ਦੀ ਵਿਵਿਧਤਾ ਨੂੰ ਅਸੀਂ ਸੈਲਿਬ੍ਰੇਟ ਕਰਨਾ ਹੈ, ਇੰਨੇ ਪੰਥ ਤੇ ਪਰੰਪਰਾਵਾਂ ਇਹ ਸਾਡਾ ਆਨ–ਬਾਨ–ਸ਼ਾਨ ਹੈ। ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ, ਸਭ ਬਰਾਬਰ ਹਨ। ਕੋਈ ਮੇਰਾ ਨਹੀਂ, ਕੋਈ ਪਰਾਇਆ ਨਹੀਂ, ਸਭ ਆਪਣੇ ਹਨ।
28. ਜੇ ਬੇਟਾ–ਬੇਟੀ ਬਰਾਬਰ ਨਹੀਂ ਹੋਣਗੇ, ਤਾਂ ਏਕਤਾ ਦੇ ਮੰਤਰ ਦਾ ਉਚਾਰਨ ਨਹੀਂ ਕੀਤਾ ਜਾ ਸਕਦਾ। ਜੈਂਡਰ ਈਕੁਐਲਿਟੀ ਸਾਡੀ ਏਕਤਾ ਦੀ ਪਹਿਲੀ ਸ਼ਰਤ ਹੈ।
29. ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਹਾਂ, ਜੇਕਰ ਸਾਡੇ ਕੋਲ ਸਿਰਫ਼ ਇੱਕੋ ਪੈਰਾਮੀਟਰ ਹੋਵੇ, ਸਿਰਫ਼ ਇੱਕ ਹੀ ਮਾਪਦੰਡ ਹੋਵੇ, ਜਿਸ ਮਾਪਦੰਡ ਨੂੰ ਅਸੀਂ ਆਖੀਏ ਇੰਡੀਆ ਫ਼ਸਟ, ਮੈਂ ਜੋ ਵੀ ਸੋਚ ਰਿਹਾ ਹਾਂ, ਜੋ ਵੀ ਬੋਲ ਰਿਹਾ ਹਾਂ, ਉਹ ਇੰਡੀਆ ਫ਼ਸਟ ਦੇ ਅਨੁਕੂਲ ਹੈ।
30. ਕੀ ਅਸੀਂ ਹਰ ਉਸ ਚੀਜ਼ ਤੋਂ ਛੁਟਕਾਰਾ ਪਾਉਣ ਦਾ ਪ੍ਰਣ ਲੈ ਸਕਦੇ ਹਾਂ ਜੋ ਸਾਡੇ ਰੋਜ਼ਾਨਾ ਜੀਵਨ ਵਿੱਚ, ਸੁਭਾਅ ਦੁਆਰਾ, ਸੱਭਿਆਚਾਰ ਦੁਆਰਾ ਔਰਤਾਂ ਨੂੰ ਅਪਮਾਨਿਤ ਕਰਦੀ ਹੈ? ਰਾਸ਼ਟਰ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਔਰਤਾਂ ਦਾ ਮਾਣ ਬਹੁਤ ਵੱਡੀ ਪੂੰਜੀ ਬਣਨ ਵਾਲਾ ਹੈ। ਮੈਂ ਇਸ ਸਮਰੱਥਾ ਨੂੰ ਦੇਖ ਰਿਹਾ ਹਾਂ ਅਤੇ ਇਸ ਲਈ ਮੈਂ ਇਸ 'ਤੇ ਜ਼ੋਰ ਦਿੰਦਾ ਹਾਂ.
31. ਸਾਨੂੰ ਫ਼ਰਜ਼ 'ਤੇ ਜ਼ੋਰ ਦੇਣਾ ਹੀ ਹੋਵੇਗਾ। ਭਾਵੇਂ ਪੁਲਿਸ ਹੋਵੇ ਜਾਂ ਪੀਪਲ, ਸ਼ਾਸਕ ਜਾਂ ਪ੍ਰਸ਼ਾਸਕ ਹੋਵੇ, ਕੋਈ ਵੀ ਇਸ ਨਾਗਰਿਕ ਕਰਤੱਵ ਤੋਂ ਅਛੂਤਾ ਨਹੀਂ ਰਹਿ ਸਕਦਾ। ਜੇ ਹਰ ਕੋਈ ਨਾਗਰਿਕ ਦਾ ਕਰਤੱਵ ਨਿਭਾਵੇ ਤਾਂ ਮੈਨੂੰ ਯਕੀਨ ਹੈ ਕਿ ਅਸੀਂ ਸਮੇਂ ਤੋਂ ਪਹਿਲਾਂ ਲੋੜੀਂਦਾ ਲਕਸ਼ ਹਾਸਲ ਕਰ ਸਕਦੇ ਹਾਂ।
32. ਆਤਮਨਿਰਭਰ ਭਾਰਤ, ਇਹ ਹਰ ਨਾਗਰਿਕ ਦੀ, ਹਰ ਸਰਕਾਰ ਦੀ, ਸਮਾਜ ਦੀ ਹਰ ਇਕਾਈ ਦੀ ਜ਼ਿੰਮੇਵਾਰੀ ਬਣ ਜਾਂਦਾ ਹੈ। ਇਹ ਆਤਮਨਿਰਭਰ ਭਾਰਤ, ਇਹ ਸਰਕਾਰ ਦਾ ਏਜੰਡਾ ਸਰਕਾਰੀ ਪ੍ਰੋਗਰਾਮ ਨਹੀਂ ਹੈ। ਇਹ ਸਮਾਜ ਦੀ ਲੋਕ ਲਹਿਰ ਹੈ, ਜਿਸ ਨੂੰ ਅਸੀਂ ਅੱਗੇ ਲੈ ਵਧਾਉਣਾ ਹੈ।
33. ਤੁਸੀਂ ਦੇਖੋ PLI ਸਕੀਮ, ਇੱਕ ਲੱਖ ਕਰੋੜ ਰੁਪਏ, ਦੁਨੀਆ ਦੇ ਲੋਕ ਆਪਣੀ ਕਿਸਮਤ ਅਜ਼ਮਾਉਣ ਲਈ ਭਾਰਤ ਆ ਰਹੇ ਹਨ। ਟੈਕਨੋਲੋਜੀ ਲੈ ਕੇ ਆ ਰਹੇ ਹਨ। ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੇ ਹਨ। ਭਾਰਤ ਮੈਨੂਫੈਕਚਰਿੰਗ ਹੱਬ ਬਣਦਾ ਰਿਹਾ ਹੈ।
34. ਆਜ਼ਾਦੀ ਦੇ 75 ਸਾਲਾਂ ਬਾਅਦ, ਜਿਸ ਆਵਾਜ਼ ਨੂੰ ਸੁਣਨ ਲਈ ਸਾਡੇ ਕੰਨ ਤਰਸ ਰਹੇ ਸਨ, ਉਹ ਆਵਾਜ਼ 75 ਸਾਲਾਂ ਬਾਅਦ ਸੁਣੀ ਗਈ ਹੈ। 75 ਸਾਲ ਬਾਅਦ Made in India ਤੋਪ ਰਾਹੀਂ ਲਾਲ ਕਿਲੇ ਤੋਂ ਤਿਰੰਗੇ ਨੂੰ ਸਲਾਮੀ ਦੇਣ ਦਾ ਕੰਮ ਪਹਿਲੀ ਵਾਰ ਕੀਤਾ ਗਿਆ ਹੈ। ਕੌਣ ਹਿੰਦੁਸਤਾਨੀ ਹੋਵੇਗਾ, ਜਿਸ ਨੂੰ ਇਹ ਆਵਾਜ਼ ਨਵੀਂ ਪ੍ਰੇਰਣਾ, ਤਾਕਤ ਨਹੀਂ ਦੇਵੇਗੀ।
35. ਮੈਂ ਦੇਸ਼ ਦੀ ਸੈਨਾ ਦੇ ਜਵਾਨਾਂ ਨੂੰ ਦਿਲ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਮੇਰੀ ਆਤਮਨਿਰਭਰ ਦੀ ਗੱਲ ਨੂੰ ਇੱਕ ਸੰਗਠਿਤ ਰੂਪ ਵਿੱਚ, ਦਲੇਰੀ ਦੇ ਰੂਪ ਵਿੱਚ ਜਿਸ ਨਾਲ ਮੇਰੀ ਸੈਨਾ ਦੇ ਜਵਾਨਾਂ ਨੇ, ਸੈਨਾ ਨਾਇਕਾਂ ਨੇ ਜਿਸ ਜ਼ਿੰਮੇਵਾਰੀ ਨਾਲ ਆਪਣੇ ਮੋਢਿਆਂ ਉੱਤੇ ਚੁੱਕਿਆ ਹੈ। ਮੈਂ ਉਨ੍ਹਾਂ ਨੂੰ ਜਿੰਨਾ salute ਕਰਾਂ, ਓਨਾ ਹੀ ਘੱਟ ਹੈ!
36. ਸਾਨੂੰ ਆਤਮਨਿਰਭਰ ਬਣਨਾ ਹੈ ਐਨਰਜੀ ਸੈਕਟਰ ਵਿੱਚ। ਚਾਹੇ ਸੋਲਰ ਸੈਕਟਰ ਹੋਵੇ, ਵਿੰਡ ਐਨਰਜੀ ਦਾ ਖੇਤਰ ਹੋਵੇ, ਰੀਨਿਊਏਬਲ ਦੇ ਜੋ ਵੀ ਹੋਰ ਰਾਹ ਹੋਣ, ਚਾਹੇ ਉਹ ਮਿਸ਼ਨ ਹਾਈਡ੍ਰੋਜਨ ਹੋਵੇ, ਬਾਇਓਫਿਊਲ ਦੀ ਕੋਸ਼ਿਸ਼ ਹੋਵੇ, ਚਾਹੇ electric vehicle ਉੱਤੇ ਜਾਣ ਦੀ ਗੱਲ ਹੋਵੇ, ਸਾਨੂੰ ਆਤਮਨਿਰਭਰ ਬਣ ਕੇ ਇਨ੍ਹਾਂ ਵਿਵਸਥਾਵਾਂ ਨੂੰ ਅੱਗੇ ਵਧਾਉਣਾ ਹੋਵੇਗਾ।
37. ਮੈਂ ਪ੍ਰਾਈਵੇਟ ਸੈਕਟਰ ਨੂੰ ਵੀ ਸੱਦਾ ਦਿੰਦਾ ਹਾਂ, ਆਓ... ਅਸੀਂ ਦੁਨੀਆ 'ਤੇ ਛਾ ਜਾਣਾ ਹੈ। ਆਤਮਨਿਰਭਰ ਭਾਰਤ ਦਾ ਇਹ ਵੀ ਸੁਪਨਾ ਹੈ ਕਿ ਦੁਨੀਆ ਦੀ ਜੋ ਵੀ ਆਵਸ਼ਕਤਾਵਾਂ ਹਨ, ਉਨ੍ਹਾਂ ਨੂੰ ਪੂਰਾ ਕਰਨ ਵਿੱਚ ਭਾਰਤ ਪਿੱਛੇ ਨਹੀਂ ਰਹੇਗਾ। ਛੋਟੀਆਂ ਸਨਅਤਾਂ ਹੋਣ, ਸੂਖਮ ਉਦਯੋਗ ਹੋਣ, ਕੁਟੀਰ ਉਦਯੋਗ ਹੋਣ, ਸਾਨੂੰ ‘ਜ਼ੀਰੋ ਡਿਫੈਕਟ ਜ਼ੀਰੋ ਇਫੈਕਟ’ ਕਰ ਕੇ ਦੁਨੀਆਂ ਵਿੱਚ ਜਾਣਾ ਹੋਵੇਗਾ। ਸਾਨੂੰ ਸਵਦੇਸ਼ੀ 'ਤੇ ਮਾਣ ਕਰਨਾ ਹੋਵੇਗਾ।
38. ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਬੇਅੰਤ ਪੁਲਾੜ ਤੋਂ ਲੈ ਕੇ ਸਮੁੰਦਰ ਦੀ ਡੂੰਘਾਈ ਤੱਕ ਖੋਜ ਲਈ ਭਰਪੂਰ ਮਦਦ ਮਿਲੇ। ਇਸ ਲਈ ਅਸੀਂ ਪੁਲਾੜ ਮਿਸ਼ਨ, Deep Ocean Mission ਦਾ ਵਿਸਤਾਰ ਕਰ ਰਹੇ ਹਾਂ। ਸਪੇਸ ਅਤੇ ਸਮੁੰਦਰ ਦੀ ਡੂੰਘਾਈ ਵਿੱਚ ਹੀ ਸਾਡੇ ਭਵਿੱਖ ਦੇ ਜ਼ਰੂਰੀ ਹੱਲ ਹਨ।
39. ਅਸੀਂ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਵਾਰ-ਵਾਰ ਯਾਦ ਕਰਦੇ ਹਾਂ, ਉਨ੍ਹਾਂ ਦਾ ਜੈ ਜਵਾਨ-ਜੈ ਕਿਸਾਨ ਦਾ ਮੰਤਰ ਅੱਜ ਵੀ ਦੇਸ਼ ਲਈ ਪ੍ਰੇਰਣਾ ਸਰੋਤ ਹੈ। ਬਾਅਦ ਵਿੱਚ ਜਦੋਂ ਅਟਲ ਬਿਹਾਰੀ ਵਾਜਪੇਈ ਜੀ ਨੇ ਵਿਗਿਆਨ ਕਹਿ ਕੇ ਇਸ ਵਿੱਚ ਇੱਕ ਕੜੀ ਜੋੜ ਦਿੱਤੀ ਸੀ ਅਤੇ ਦੇਸ਼ ਨੇ ਇਸ ਨੂੰ ਪਹਿਲ ਦਿੱਤੀ ਸੀ। ਪਰ ਹੁਣ ਅੰਮ੍ਰਿਤਕਾਲ ਲਈ ਇੱਕ ਹੋਰ ਜ਼ਰੂਰੀ ਗੱਲ ਹੈ ਅਤੇ ਉਹ ਹੈ ਜੈ ਅਨੁਸੰਧਾਨ। ਜੈ ਜਵਾਨ-ਜੈ ਕਿਸਾਨ-ਜੈ ਵਿਗਿਆਨ-ਜੈ ਅਨੁਸੰਧਾਨ-ਇਨੋਵੇਸ਼ਨ।
40. ਇਨੋਵੇਸ਼ਨ ਦੀ ਤਾਕਤ ਦੇਖੋ, ਅੱਜ ਸਾਡਾ UPI-BHIM, ਸਾਡੇ ਡਿਜੀਟਲ ਪੇਮੈਂਟ, ਫਿਨਟੈੱਕ ਦੀ ਦੁਨੀਆ ਵਿੱਚ ਸਾਡੀ ਜਗ੍ਹਾ, ਅੱਜ ਦੁਨੀਆ ਵਿੱਚ 40% ਰੀਅਲ ਟਾਈਮ ਵਿੱਤੀ ਲੈਣ-ਦੇਣ ਮੇਰੇ ਦੇਸ਼ ਵਿੱਚ ਹੋ ਰਿਹਾ ਹੈ, ਹਿੰਦੁਸਤਾਨ ਨੇ ਇਹ ਕਰ ਕੇ ਦਿਖਾਇਆ ਹੈ।
41. ਅੱਜ ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਚਾਰ ਲੱਖ ਕੌਮਨ ਸਰਵਿਸ ਸੈਂਟਰ ਪਿੰਡਾਂ ਵਿੱਚ ਵਿਕਸਿਤ ਕੀਤੇ ਜਾ ਰਹੇ ਹਨ। ਪਿੰਡ ਦੇ ਨੌਜਵਾਨ ਬੇਟੇ-ਬੇਟੀਆਂ ਕੌਮਨ ਸਰਵਿਸ ਸੈਂਟਰ ਚਲਾ ਰਹੇ ਹਨ।
42. ਇਹ ਡਿਜੀਟਲ ਇੰਡੀਆ ਦੀ ਮੂਵਮੈਂਟ ਹੈ, ਜੋ ਅਸੀਂ ਸੈਮੀਕੰਡਕਟਰ ਵੱਲ ਕਦਮ ਵਧਾ ਰਹੇ ਹਾਂ, ਅਸੀਂ 5ਜੀ ਵੱਲ ਕਦਮ ਵਧਾ ਰਹੇ ਹਾਂ, ਅਸੀਂ ਆਪਟੀਕਲ ਫਾਈਬਰ ਨੈੱਟਵਰਕ ਵਿਛਾ ਰਹੇ ਹਾਂ, ਇਹ ਸਿਰਫ਼ ਆਧੁਨਿਕਤਾ ਦੀ ਪਹਿਚਾਣ ਹੈ, ਅਜਿਹਾ ਨਹੀਂ ਹੈ। ਇਸ ਦੇ ਅੰਦਰ ਤਿੰਨ ਮਹਾਨ ਸ਼ਕਤੀਆਂ ਮੌਜੂਦ ਹਨ। ਸਿੱਖਿਆ ਵਿੱਚ ਇੱਕ ਬੁਨਿਆਦੀ ਕ੍ਰਾਂਤੀ ਕ੍ਰਾਂਤੀ ਡਿਜੀਟਲ ਰਾਹੀਂ ਆਉਣ ਵਾਲੀ ਹੈ। ਕਿਸੇ ਜੀਵਨ ’ਚ ਵੀ ਬਹੁਤ ਵੱਡੀ ਤਬਦੀਲੀ ਡਿਜੀਟਲ ਰਾਹੀਂ ਆਉਣ ਵਾਲੀ ਹੈ।
43. ਸਾਡਾ ਅਟਲ ਇਨੋਵੇਸ਼ਨ ਮਿਸ਼ਨ, ਸਾਡੇ incubation centre, ਸਾਡੇ ਸਟਾਰਟਅੱਪ ਇੱਕ ਨਵੇਂ, ਪੂਰੇ ਖੇਤਰ ਦਾ ਵਿਕਾਸ ਕਰ ਰਹੇ ਹਨ, ਜੋ ਨੌਜਵਾਨ ਪੀੜ੍ਹੀ ਲਈ ਨਵੇਂ ਮੌਕੇ ਲਿਆ ਰਹੇ ਹਨ।
44. ਸਾਡੇ ਛੋਟੇ ਕਿਸਾਨ-ਉਨ੍ਹਾਂ ਦੀ ਸਮਰੱਥਾ, ਸਾਡੇ ਛੋਟੇ ਉੱਦਮੀ-ਉਨ੍ਹਾਂ ਦੀ ਸਮਰੱਥਾ, ਸਾਡੇ ਲਘੂ ਉਦਯੋਗ, ਕੁਟੀਰ ਉਦਯੋਗ, ਸੂਖਮ ਉਦਯੋਗ, ਰੇਹੜੀ–ਪਟੜੀ ਵਾਲੇ ਲੋਕ, ਘਰੇਲੂ ਕਾਮੇ, ਆਟੋ ਰਿਕਸ਼ਾ ਚਾਲਕ, ਬੱਸ ਸੇਵਾ ਪ੍ਰਦਾਨ ਕਰਨ ਵਾਲੇ, ਇਹ ਸਮਾਜ ਦਾ ਸਭ ਤੋਂ ਵੱਡਾ ਵਰਗ ਹੈ, ਇਸ ਦਾ ਸਮਰੱਥਾਵਾਨ ਹੋਣਾ, ਭਾਰਤ ਦੀ ਸਮਰੱਥਾ ਦੀ ਗਾਰੰਟੀ ਹੈ।
45. ਨਾਰੀ ਸ਼ਕਤੀ: ਅਸੀਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਦੇਖੀਏ, ਖੇਡ–ਕੁੱਦ ਦਾ ਮੈਦਾਨ ਦੇਖੀਏ ਜਾਂ ਜੰਗ ਦਾ ਮੈਦਾਨ ਦੇਖੀਏ, ਭਾਰਤ ਦੀ ਨਾਰੀ ਸ਼ਕਤੀ ਇੱਕ ਨਵੀਂ ਸਮਰੱਥਾ ਨਵੇਂ ਵਿਸ਼ਵਾਸ ਨਾਲ ਅੱਗੇ ਆ ਰਹੀ ਹੈ। ਭਾਰਤ ਦੇ 75 ਸਾਲਾਂ ਦੇ ਸਫ਼ਰ ਵਿੱਚ ਉਸ ਨੇ ਜੋ ਯੋਗਦਾਨ ਪਾਇਆ ਹੈ, ਉਸ ਵਿੱਚ ਮੈਂ ਹੁਣ ਆਉਣ ਵਾਲੇ 25 ਸਾਲਾਂ ਵਿੱਚ ਮਹਿਲਾ ਸ਼ਕਤੀ ਦਾ ਯੋਗਦਾਨ ਕਈ ਗੁਣਾ ਦੇਖ ਰਿਹਾ ਹਾਂ।
46. ਮੈਂ ਭਾਰਤ ਦੇ ਸੰਵਿਧਾਨ ਦੇ ਨਿਰਮਾਤਾਵਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਾਨੂੰ federal structure ਦਿੱਤਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ cooperative federalism ਦੇ ਨਾਲ-ਨਾਲ cooperative competitive federalism ਦੀ ਜ਼ਰੂਰਤ ਹੈ, ਸਾਨੂੰ ਵਿਕਾਸ ਦੇ ਮੁਕਾਬਲੇ ਦੀ ਜ਼ਰੂਰਤ ਹੈ।
47. ਦੇਸ਼ ਦੇ ਸਾਹਮਣੇ ਦੋ ਵੱਡੀਆਂ ਚੁਣੌਤੀਆਂ: ਪਹਿਲੀ ਚੁਣੌਤੀ-ਭ੍ਰਿਸ਼ਟਾਚਾਰ, ਦੂਸਰੀ ਚੁਣੌਤੀ-ਭਾਈ–ਭਤੀਜਾਵਾਦ, ਪਰਿਵਾਰਵਾਦ।
48. ਭ੍ਰਿਸ਼ਟਾਚਾਰ ਦੇਸ਼ ਨੂੰ ਦੀਮਕ ਵਾਂਗ ਖੋਖਲਾ ਕਰ ਰਿਹਾ ਹੈ, ਦੇਸ਼ ਨੂੰ ਇਸ ਨਾਲ ਲੜਨਾ ਹੀ ਹੋਵੇਗਾ। ਸਾਡੀ ਕੋਸ਼ਿਸ਼ ਹੈ ਕਿ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਵਾਪਸ ਵੀ ਕਰਨਾ ਪਵੇ, ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ।
49. ਜਦੋਂ ਮੈਂ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਦੀ ਗੱਲ ਕਰਦਾ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਕਿ ਮੈਂ ਸਿਰਫ਼ ਰਾਜਨੀਤੀ ਦੀ ਗੱਲ ਕਰ ਰਿਹਾ ਹਾਂ। ਜੀ ਨਹੀਂ, ਬਦਕਿਸਮਤੀ ਨਾਲ ਰਾਜਨੀਤਕ ਖੇਤਰ ਦੀ ਉਸ ਬੁਰਾਈ ਨੇ ਭਾਰਤ ਦੀ ਹਰ ਸੰਸਥਾ ਵਿੱਚ ਪਰਿਵਾਰਵਾਦ ਨੂੰ ਪਾਲਿਆ ਹੈ।
50. ਮੇਰੇ ਦੇਸ਼ ਦੇ ਨੌਜਵਾਨੋ, ਤੁਹਾਡੇ ਉੱਜਲ ਭਵਿੱਖ ਲਈ, ਤੁਹਾਡੇ ਸੁਪਨਿਆਂ ਲਈ, ਮੈਂ ਭਾਈ-ਭਤੀਜਾਵਾਦ ਵਿਰੁੱਧ ਲੜਾਈ ਵਿੱਚ ਤੁਹਾਡਾ ਸਾਥ ਚਾਹੁੰਦਾ ਹਾਂ।
51. ਇਸ ਅੰਮ੍ਰਿਤ ਕਾਲ ਵਿੱਚ, ਸਾਨੂੰ ਆਉਣ ਵਾਲੇ 25 ਸਾਲਾਂ ਵਿੱਚ ਇੱਕ ਪਲ ਵੀ ਨਹੀਂ ਭੁੱਲਣਾ ਚਾਹੀਦਾ। ਇੱਕ ਦਿਨ, ਸਮੇਂ ਦਾ ਹਰ ਪਲ, ਜ਼ਿੰਦਗੀ ਦਾ ਹਰ ਕਣ, ਮਾਤ੍ਰ–ਭੂਮੀ ਲਈ ਜਿਊਣਾ ਤਾਂ ਹੀ ਆਜ਼ਾਦੀ ਦੇ ਦੀਵਾਨਿਆਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
52. ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਹੁਣ ਅੰਮ੍ਰਿਤ ਦੀ ਦਿਸ਼ਾ ਵੱਲ ਪਲਟ ਚੁੱਕਿਆ ਹੈ, ਅੱਗੇ ਵਧ ਚੁੱਕਿਆ ਹੈ, ਤਦ ਇਸ ਅੰਮ੍ਰਿਤ ਕਾਲ ਵਿੱਚ ਸਾਰਿਆਂ ਦੇ ਪ੍ਰਯਤਨ ਜ਼ਰੂਰੀ ਹਨ। ਟੀਮ ਇੰਡੀਆ ਦੀ ਭਾਵਨਾ ਹੀ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਹੈ। 130 ਕਰੋੜ ਦੇਸ਼ਵਾਸੀਆਂ ਦੀ ਇਹ ਟੀਮ ਇੰਡੀਆ ਇੱਕ ਟੀਮ ਦੇ ਰੂਪ ਵਿੱਚ ਅੱਗੇ ਵਧ ਕੇ ਸਾਰੇ ਸੁਪਨੇ ਸਾਕਾਰ ਕਰੇਗੀ। ਇਸੇ ਪੂਰੇ ਭਰੋਸੇ ਨਾਲ ਮੇਰੇ ਨਾਲ ਬੋਲੋ
53. ਜੈ ਹਿੰਦ।
********
ਡੀਐੱਸ/ਐੱਸਐੱਨਸੀ/ਆਰਆਰ
(Release ID: 1852227)
Visitor Counter : 282
Read this release in:
Hindi
,
Gujarati
,
Telugu
,
Kannada
,
Malayalam
,
Assamese
,
Bengali
,
Odia
,
English
,
Urdu
,
Marathi
,
Manipuri
,
Tamil