ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਭਲਕੇ ਖੇਲੋ ਇੰਡੀਆ ਯੂਥ ਗੇਮਸ 2021 ਦਾ ਉਦਘਾਟਨ ਕਰਨਗੇ; ਸ਼ਾਨਦਾਰ ਉਦਘਾਟਨੀ ਸਮਾਰੋਹ ਦੀ ਯੋਜਨਾ



ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਇਸ ਸਮਾਗਮ ਵਿੱਚ ਹਿੱਸਾ ਕਰਨਗੇ



ਇਨ੍ਹਾਂ ਗੇਮਸ ਵਿੱਚ ਕੁੱਲ 25 ਖੇਡਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਭਾਰਤ ਦੀਆਂ 5 ਸਵਦੇਸ਼ੀ ਖੇਡਾਂ - ਕਲਾਰੀਪਯੱਟੂ, ਥਾਂਗ-ਟਾ, ਗੱਤਕਾ, ਮੱਲਖੰਬ ਅਤੇ ਯੋਗ-ਆਸਣ ਸ਼ਾਮਲ ਹਨ

Posted On: 03 JUN 2022 6:17PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ਨੀਵਾਰ (4 ਜੂਨ) ਨੂੰ ਪੰਚਕੁਲਾ, ਹਰਿਆਣਾ ਵਿੱਚ ਖੇਲੋ ਇੰਡੀਆ ਯੂਥ ਗੇਮਸ 2021 ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਹੋਣਗੇ। ਇਹ ਖੇਲੋ ਇੰਡੀਆ ਯੂਥ ਗੇਮਸ ਦਾ ਚੌਥਾ ਸੰਸਕਰਣ ਹੈ - ਭਾਰਤ ਵਿੱਚ ਸਭ ਤੋਂ ਵੱਡਾ ਦੇਸ਼ਵਿਆਪੀ ਜ਼ਮੀਨੀ ਪੱਧਰ ਦਾ ਇਹ ਖੇਡ ਮੁਕਾਬਲਾ, ਕੇਂਦਰ ਸਰਕਾਰ ਦੁਆਰਾ 2018 ਵਿੱਚ ਸ਼ੁਰੂ ਕੀਤਾ ਗਿਆ ਸੀ।

 

ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਖੱਟਰ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਤੋਂ ਇਲਾਵਾ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਸਮੇਤ ਰਾਜ ਦੇ ਹੋਰ ਪਤਵੰਤੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਕੁੱਲ ਮਿਲਾ ਕੇ, 4,700 ਐਥਲੀਟ, ਜਿਨ੍ਹਾਂ ਵਿੱਚ 2,262 ਲੜਕੀਆਂ ਸ਼ਾਮਲ ਹਨ, 25 ਖੇਡਾਂ ਵਿੱਚ 269 ਗੋਲਡ, 269 ਸਿਲਵਰ ਅਤੇ 358 ਕਾਂਸੀ ਦੇ ਮੈਡਲਾਂ ਲਈ ਮੁਕਾਬਲਾ ਕਰਨਗੇ, ਜੋ 4 ਜੂਨ ਤੋਂ ਸ਼ੁਰੂ ਹੋ ਕੇ 13 ਜੂਨ ਨੂੰ ਖ਼ਤਮ ਹੋਣਗੀਆਂ।

 

ਖੇਲੋ ਇੰਡੀਆ ਯੂਥ ਗੇਮਸ 2021 ਵਿੱਚ ਭਾਰਤ ਦੇ 37 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਇਹ 5 ਸ਼ਹਿਰਾਂ (ਪੰਚਕੁਲਾ, ਸ਼ਾਹਬਾਦ, ਅੰਬਾਲਾ, ਚੰਡੀਗੜ੍ਹ ਅਤੇ ਦਿੱਲੀ) ਵਿੱਚ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਵਿੱਚ ਕੁੱਲ 25 ਖੇਡਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਭਾਰਤ ਦੀਆਂ 5 ਸਵਦੇਸ਼ੀ ਖੇਡਾਂ - ਕਲਾਰੀਪਯੱਟੂ, ਥਾਂਗ-ਟਾ, ਗੱਤਕਾ, ਮੱਲਖੰਬ ਅਤੇ ਯੋਗ-ਆਸਣ ਸ਼ਾਮਲ ਹਨ।

 

ਪਿਛਲੇ ਸੰਸਕਰਣਾਂ ਦੇ ਉਲਟ, ਜਿੱਥੇ ਖੇਲੋ ਇੰਡੀਆ ਯੂਥ ਗੇਮਸ ਦੋ ਉਮਰ ਵਰਗਾਂ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ, ਇਸ ਵਾਰ ਸਿਰਫ਼ ਅੰਡਰ-18 ਖਿਡਾਰੀ ਹੀ ਸਨਮਾਨਾਂ ਲਈ ਮੁਕਾਬਲਾ ਕਰਨਗੇ। ਮੇਜ਼ਬਾਨ ਹਰਿਆਣਾ ਨੇ 396 ਮੈਂਬਰੀ ਦਲ ਉਤਾਰਿਆ ਹੈ, ਜੋ ਕਿ ਖੇਲੋ ਇੰਡੀਆ ਯੂਥ ਗੇਮਸ 2021 ਵਿੱਚ ਸਭ ਤੋਂ ਵੱਡਾ ਹੈ, ਅਤੇ ਹਰੇਕ ਖੇਡ ਮੁਕਾਬਲੇ ਵਿੱਚ ਹਿੱਸਾ ਲਵੇਗਾ। ਇਸ ਦੌਰਾਨ, ਦੋ ਵਾਰ ਦਾ ਕੇਆਈਵਾਈਜੀ ਚੈਂਪੀਅਨ ਮਹਾਰਾਸ਼ਟਰ, 318 ਮੈਂਬਰਾਂ ਵਾਲਾ ਮਜ਼ਬੂਤ ਦਲ ਭੇਜ ਰਿਹਾ ਹੈ ਅਤੇ ਹਰਿਆਣਾ ਵਿੱਚ ਹੋ ਰਹੇ 25 ਵਿੱਚੋਂ 23 ਮੁਕਾਬਲਿਆਂ ਵਿੱਚ ਹਿੱਸਾ ਲਵੇਗਾ।

 

ਹਰਿਆਣਾ, ਜਿਸ ਨੇ ਕਈ ਓਲੰਪਿਕਸ, ਪੈਰਾਲੰਪਿਕਸ ਅਤੇ ਏਸ਼ੀਅਨ ਖੇਡਾਂ ਦੇ ਮੈਡਲ ਜੇਤੂ ਪੈਦਾ ਕੀਤੇ ਹਨ, 2018 ਵਿੱਚ ਸ਼ੁਰੂਆਤੀ ਖੇਲੋ ਇੰਡੀਆ ਸਕੂਲ ਗੇਮਸ ਨੂੰ ਜਿੱਤ ਕੇ ਨੰਬਰ ਇੱਕ ਖੇਡ ਰਾਜ ਬਣਿਆ ਸੀ। ਅਗਲੇ ਹੀ ਸਾਲ, ਮਹਾਰਾਸ਼ਟਰ ਨੇ ਆਪਣੇ ਘਰੇਲੂ ਲਾਭ ਦਾ ਸਭ ਤੋਂ ਵੱਧ ਫਾਇਦਾ ਉਠਾਉਂਦੇ ਹੋਏ, ਈਵੈਂਟ ਵਿੱਚ ਟੇਬਲ ਦੇ ਸਿਖਰ 'ਤੇ ਪਹੁੰਚਿਆ, ਜਿਸ ਦਾ ਨਾਮ ਬਦਲ ਕੇ ਯੂਥ ਗੇਮਸ ਰੱਖਿਆ ਗਿਆ ਸੀ। ਉਨ੍ਹਾਂ ਨੇ ਪੁਣੇ ਵਿੱਚ ਨਵੇਂ ਚੈਂਪੀਅਨ ਵਜੋਂ ਉਭਰਦਿਆਂ ਹਰਿਆਣਾ ਦੇ 62 ਦੇ ਮੁਕਾਬਲੇ 85 ਗੋਲਡ ਮੈਡਲ ਜਿੱਤੇ।

 

ਮਹਾਰਾਸ਼ਟਰ ਨੇ ਗੁਵਾਹਾਟੀ ਵਿੱਚ ਵੀ ਅਗਲੇ ਐਡੀਸ਼ਨ ਵਿੱਚ ਆਪਣੀ ਸਰਦਾਰੀ ਨੂੰ ਮਜ਼ਬੂਤ ਕੀਤਾ, ਕੁੱਲ 78 ਗੋਲਡ ਮੈਡਲ ਜਿੱਤੇ।

 

ਖੇਡਾਂ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਅਤੇ ਖਿਡਾਰੀਆਂ ਦੇ ਡੋਪ ਟੈਸਟ ਆਦਿ ਲਈ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੁਆਰਾ ਪੂਰੇ ਪ੍ਰਬੰਧ ਕੀਤੇ ਜਾਣਗੇ।

 

 

*********

 

ਐੱਨਬੀ/ਓਏ



(Release ID: 1830993) Visitor Counter : 103