ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਪਾਨ ਦੇ ਪ੍ਰਧਾਨ ਮੰਤਰੀ ਨਾਲ ਪ੍ਰਧਾਨ ਮੰਤਰੀ ਦੀ ਬੈਠਕ

Posted On: 24 MAY 2022 6:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਫੁਮੀਓ ਕਿਸ਼ੀਦਾ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਕਿਸ਼ੀਦਾ ਨੇ ਪ੍ਰਧਾਨ ਮੰਤਰੀ ਮੋਦੀ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧ ਵਧਾਉਣ ਦੇ ਨਾਲ-ਨਾਲ ਕੁਝ ਖੇਤਰੀ ਅਤੇ ਵਿਸ਼ਵ–ਪੱਧਰੀ ਮੁੱਦਿਆਂ 'ਤੇ ਵਿਚਾਰਾਂ ਦਾ ਉਸਾਰੂ ਅਦਾਨ-ਪ੍ਰਦਾਨ ਕੀਤਾ।

ਦੋਵੇਂ ਨੇਤਾ ਰੱਖਿਆ ਨਿਰਮਾਣ ਦੇ ਖੇਤਰ ਸਮੇਤ ਦੁਵੱਲੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ। ਉਨ੍ਹਾਂ ਸਹਿਮਤੀ ਪ੍ਰਗਟਾਈ ਕਿ ਅਗਲੀ 2+2 ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰ ਦੀ ਮੀਟਿੰਗ ਛੇਤੀ ਤੋਂ ਛੇਤੀ ਜਪਾਨ ਵਿੱਚ ਹੋ ਸਕਦੀ ਹੈ।

ਦੋਵੇਂ ਨੇਤਾਵਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਵਧਦੇ ਆਰਥਿਕ ਸਬੰਧਾਂ ਦੀ ਸ਼ਲਾਘਾ ਕੀਤੀ। ਉਹ ਸਹਿਮਤ ਹੋਏ ਕਿ ਦੋਵੇਂ ਧਿਰਾਂ ਨੂੰ ਅਗਲੇ ਪੰਜ ਸਾਲਾਂ ਵਿੱਚ ਜਪਾਨ ਤੋਂ ਭਾਰਤ ਨੂੰ 5 ਟ੍ਰਿਲੀਅਨ ਯੇਨ ਦੇ ਜਨਤਕ ਅਤੇ ਨਿਜੀ ਨਿਵੇਸ਼ ਅਤੇ ਵਿੱਤੀ ਸਹਾਇਤਾ ਦੇ ਆਪਣੇ ਫ਼ੈਸਲੇ ਨੂੰ ਲਾਗੂ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ‘ਗਤੀ ਸ਼ਕਤੀ’ ਪਹਿਲ ਰਾਹੀਂ ਵਪਾਰ ਕਰਨ ਵਿੱਚ ਆਸਾਨੀਲੌਜਿਸਟਿਕਸ ਵਿੱਚ ਸੁਧਾਰ ਕਰਨ ਲਈ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਨੂੰ ਉਜਾਗਰ ਕੀਤਾ ਅਤੇ ਪ੍ਰਧਾਨ ਮੰਤਰੀ ਕਿਸ਼ੀਦਾ ਨੂੰ ਭਾਰਤ ਵਿੱਚ ਜਪਾਨੀ ਕੰਪਨੀਆਂ ਵੱਲੋਂ ਵਧੇਰੇ ਨਿਵੇਸ਼ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਅਜਿਹੇ ਨਿਵੇਸ਼ ਲਚਕੀਲੀ ਸਪਲਾਈ ਚੇਨ ਬਣਾਉਣ ਵਿੱਚ ਮਦਦ ਕਰਨਗੇ ਅਤੇ ਪਰਸਪਰ ਲਾਹੇਵੰਦ ਹੋਣਗੇ। ਇਸ ਸੰਦਰਭ ਵਿੱਚਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਜਪਾਨੀ ਕੰਪਨੀਆਂ ਭਾਰਤ ਵਿੱਚ ਆਪਣਾ ਨਿਵੇਸ਼ ਵਧਾ ਰਹੀਆਂ ਹਨ ਅਤੇ 24 ਜਪਾਨੀ ਕੰਪਨੀਆਂ ਨੇ ਵੱਖ-ਵੱਖ ਪੀਐੱਲਆਈ ਸਕੀਮਾਂ ਅਧੀਨ ਸਫ਼ਲਤਾਪੂਰਵਕ ਅਰਜ਼ੀਆਂ ਦਿੱਤੀਆਂ ਹਨ।

ਦੋਵੇਂ ਨੇਤਾਵਾਂ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ (ਐੱਮਏਐੱਚਐੱਸਆਰ) ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਨੂੰ ਨੋਟ ਕੀਤਾ ਅਤੇ ਇਸ ਪ੍ਰੋਜੈਕਟ ਲਈ ਤੀਜੀ ਕਿਸ਼ਤ ਦੇ ਕਰਜ਼ੇ ਦੇ ਨੋਟਸ ਦੇ ਅਦਾਨ-ਪ੍ਰਦਾਨ 'ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਦੋਵੇਂ ਨੇਤਾਵਾਂ ਨੇ ਸੂਚਨਾ ਅਤੇ ਸੰਚਾਰ ਤਕਨੀਕਾਂ ਦੇ ਵਧਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਇਸ ਸਬੰਧ ਵਿੱਚ ਅਗਲੀ ਪੀੜ੍ਹੀ ਦੀ ਸੰਚਾਰ ਟੈਕਨੋਲੋਜੀ ਦੇ ਵਿਕਾਸ ਵਿੱਚ ਦੋਵੇਂ ਪੱਖਾਂ ਦੇ ਨਿਜੀ ਖੇਤਰਾਂ ਦਰਮਿਆਨ ਵੱਧ ਤੋਂ ਵੱਧ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ। ਉਨ੍ਹਾਂ ਨੇ ਨਾਜ਼ੁਕ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਜਿਵੇਂ ਕਿ 5G, 5G ਤੋਂ ਪਰ੍ਹਾਂ ਅਤੇ ਸੈਮੀਕੰਡਕਟਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਗ੍ਰੀਨ ਹਾਈਡ੍ਰੋਜਨ ਸਮੇਤ ਸਵੱਛ ਊਰਜਾ ਦੇ ਖੇਤਰ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਅਤੇ ਇਸ ਸਬੰਧ ਵਿੱਚ ਵਪਾਰਕ ਸਹਿਯੋਗ ਨੂੰ ਹੋਰ ਵਧਾਉਣ ਲਈ ਉਤਸ਼ਾਹਿਤ ਕੀਤਾ।

ਦੋਵੇਂ ਆਗੂਆਂ ਨੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਲਈ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਕਿਸ਼ੀਦਾ ਨੇ ਨੋਟ ਕੀਤਾ ਕਿ ਅਜਿਹੇ ਸਬੰਧ ਦੁਵੱਲੇ ਸਬੰਧਾਂ ਦੀ ਰੀੜ੍ਹ ਦੀ ਹੱਡੀ ਬਣਨੇ ਚਾਹੀਦੇ ਹਨ। ਇਸ ਸਬੰਧ ਵਿੱਚਉਨ੍ਹਾਂ ਵਿਸ਼ੇਸ਼ ਹੁਨਰਮੰਦ ਵਰਕਰ (SSW) ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਦਾ ਨੋਟਿਸ ਲਿਆ ਅਤੇ ਇਸ ਪ੍ਰੋਗਰਾਮ ਨੂੰ ਹੋਰ ਵਧਾਉਣ ਲਈ ਸਹਿਮਤੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕੋਵੈਕਸਿਨ ਅਤੇ ਕੋਵਿਸ਼ੀਲਡ ਟੀਕਾਕਰਣ ਸਰਟੀਫਿਕੇਟ ਲੈ ਕੇ ਜਾਣ ਵਾਲੇ ਭਾਰਤ ਤੋਂ ਯਾਤਰੀਆਂ ਲਈ ਜਪਾਨ ਵਿੱਚ ਕੁਆਰੰਟੀਨ ਮੁਕਤ ਦਾਖਲੇ ਦੀ ਸੁਵਿਧਾ ਲਈ ਯਾਤਰਾ ਪਾਬੰਦੀਆਂ ਨੂੰ ਹੋਰ ਸੌਖਾ ਕਰਨ ਦਾ ਮੁੱਦਾ ਉਠਾਇਆ। ਦੋਵੇਂ ਆਗੂਆਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਭਾਰਤ-ਜਪਾਨ ਐਕਟ ਈਸਟ ਫੋਰਮ ਭਾਰਤ ਦੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇਣ ਲਈ ਲਾਭਦਾਇਕ ਸੀਅਤੇ ਸਲਾਨਾ ਸਮਿਟ ਦੌਰਾਨ ਦੋਵੇਂ ਧਿਰਾਂ ਦੁਆਰਾ ਸ਼ਨਾਖ਼ਤ ਕੀਤੇ ਗਏ ਵੱਖ-ਵੱਖ ਪ੍ਰੋਜੈਕਟਾਂ ਨੂੰ ਛੇਤੀ ਲਾਗੂ ਕਰਨ ਦੀ ਉਮੀਦ ਕਰਦਾ ਹੈ।

ਦੋਵੇਂ ਆਗੂਆਂ ਨੇ ਹਾਲ ਹੀ ਦੇ ਵਿਸ਼ਵ ਪੱਧਰੀ ਅਤੇ ਖੇਤਰੀ ਘਟਨਾਕ੍ਰਮ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਹਿੰਦ–ਪ੍ਰਸ਼ਾਂਤ ਖੇਤਰ ਲਈ ਆਪੋ-ਆਪਣੇ ਦ੍ਰਿਸ਼ਟੀਕੋਣਾਂ ਵਿੱਚ ਇਕਸਾਰਤਾ ਨੂੰ ਨੋਟ ਕੀਤਾ ਅਤੇ ਇੱਕ ਮੁਕਤਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਇਸ ਸੰਦਰਭ ਵਿੱਚਉਨ੍ਹਾਂ ਨੇ ਕਵਾਡ ਦੇ ਸਮਕਾਲੀ ਅਤੇ ਉਸਾਰੂ ਏਜੰਡੇ ਵਿੱਚ ਪ੍ਰਗਤੀ ਦਾ ਸੁਆਗਤ ਕੀਤਾ ਜਿਵੇਂ ਕਿ ਟੀਕੇਸਕਾਲਰਸ਼ਿਪਨਾਜ਼ੁਕ ਟੈਕਨੋਲੋਜੀਆਂ ਅਤੇ ਬੁਨਿਆਦੀ ਢਾਂਚੇ।

ਪ੍ਰਧਾਨ ਮੰਤਰੀ ਮੋਦੀ ਨੇ ਦੌਰੇ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਨੂੰ ਦਿੱਤੇ ਨਿੱਘ ਅਤੇ ਪ੍ਰਾਹੁਣਚਾਰੀ ਲਈ ਪ੍ਰਧਾਨ ਮੰਤਰੀ ਕਿਸ਼ੀਦਾ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਕਿਸ਼ੀਦਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਸਲਾਨਾ ਦੁਵੱਲੇ ਸਮਿਟ ਲਈ ਜਪਾਨ ਦਾ ਦੌਰਾ ਕਰਨ ਦਾ ਸੱਦਾ ਦਿੱਤਾਜਿਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ ਗਿਆ।

 

 

 ************

ਡੀਐੱਸ/ਏਕੇ


(Release ID: 1828101) Visitor Counter : 128