ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਵਿੱਚ; ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਰਾਜਨੀਤਕ ਲੀਡਰਸ਼ਿਪ ਨੂੰ ਮਿਲੇ


ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਹਾਊਸ ਅਸੈਂਬਲੀ ਦੀ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕੀਤਾ; ਕਿੰਗਸਟਾਊਨ ਵਿੱਚ ਭਾਰਤੀ ਭਾਈਚਾਰੇ ਵਲੋਂ ਸੁਆਗਤ

ਸਮਕਾਲੀ ਆਲਮੀ ਹਕੀਕਤ ਨੂੰ ਦਰਸਾਉਣ ਲਈ ਆਲਮੀ ਸੰਸਥਾਵਾਂ ਵਿੱਚ ਸੁਧਾਰ ਸਮੇਂ ਦੀ ਜ਼ਰੂਰਤ: ਰਾਸ਼ਟਰਪਤੀ ਕੋਵਿੰਦ

ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਨੇ ਟੈਕਸਾਂ ਦੀ ਉਗਰਾਹੀ ਵਿੱਚ ਜਾਣਕਾਰੀ ਅਤੇ ਸਹਾਇਤਾ ਦੇ ਅਦਾਨ-ਪ੍ਰਦਾਨ ਅਤੇ ਪੁਰਾਣੇ ਕੈਲਡਰ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਲਈ ਸਮਝੌਤੇ 'ਤੇ ਹਸਤਾਖਰ ਕੀਤੇ

Posted On: 20 MAY 2022 10:43AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 18 ਮਈ 2022 ਨੂੰ ਦੋ ਦੇਸ਼ਾਂ- ਜਮੈਕਾ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਆਪਣੀ ਅਧਿਕਾਰਤ ਯਾਤਰਾ ਦੇ ਅੰਤਿਮ ਪੜਾਅ ਵਿੱਚ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਰਾਜਧਾਨੀ ਕਿੰਗਸਟਾਊਨ ਪਹੁੰਚੇ। ਕਿਸੇ ਭਾਰਤੀ ਰਾਸ਼ਟਰਪਤੀ ਦੀ ਇਸ ਦੇਸ਼ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੈ। ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਗਵਰਨਰ ਜਨਰਲ, ਐੱਚਈ ਮਿਸ ਡੇਮ ਸੂਜ਼ਨ ਡੌਗਨ, ਪ੍ਰਧਾਨ ਮੰਤਰੀ ਮਾਨਯੋਗ ਡਾ. ਰਾਲਫ ਈ ਗੋਂਸਾਲਵੇਸ ਅਤੇ ਹੋਰ ਪਤਵੰਤਿਆਂ ਨੇ ਆਰਗਾਇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਾਸ਼ਟਰਪਤੀ ਦਾ ਸੁਆਗਤ ਕੀਤਾ। ਹਵਾਈ ਅੱਡੇ 'ਤੇ ਪਹੁੰਚਣ 'ਤੇ ਰਾਸ਼ਟਰਪਤੀ ਨੂੰ ਗਾਰਡ ਆਵ੍ ਆਨਰ ਦਿੱਤਾ ਗਿਆ।

ਕੱਲ੍ਹ (19 ਮਈ, 2022), ਰਾਸ਼ਟਰਪਤੀ ਨੇ ਸਰਕਾਰੀ ਸਦਨ ਵਿੱਚ ਜਾ ਕੇ ਆਪਣੇ ਰੁਝੇਵਿਆਂ ਦੀ ਸ਼ੁਰੂਆਤ ਕੀਤੀ, ਜਿੱਥੇ ਉਨ੍ਹਾਂ ਗਵਰਨਰ ਜਨਰਲ ਡੇਮ ਸੂਜ਼ਨ ਡੌਗਨ ਅਤੇ ਪ੍ਰਧਾਨ ਮੰਤਰੀ ਡਾ. ਰਾਲਫ਼ ਗੋਨਸਾਲਵੇਸ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨਾਲ ਮੁਲਾਕਾਤ ਦੌਰਾਨ, ਰਾਸ਼ਟਰਪਤੀ ਨੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਵਿੱਚ ਉਨ੍ਹਾਂ ਦੀ ਨਿੱਘੀ ਅਤੇ ਦਿਆਲੂ ਪ੍ਰਾਹੁਣਚਾਰੀ ਲਈ ਦੋਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੂਚਨਾ ਟੈਕਨੋਲੋਜੀ, ਸਿਹਤ, ਸਿੱਖਿਆ, ਟੂਰਿਜ਼ਮ ਅਤੇ ਸੱਭਿਆਚਾਰ ਦੇ ਖੇਤਰਾਂ ਅਤੇ ਬਹੁ-ਪੱਖੀ ਮੰਚਾਂ ਵਿੱਚ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦਰਮਿਆਨ ਸਹਿਯੋਗ ਨੂੰ ਮਜ਼ਬੂਤ ​​ਕਰਨ ਬਾਰੇ ਚਰਚਾ ਕੀਤੀ।

ਮੀਟਿੰਗ ਤੋਂ ਬਾਅਦ, ਰਾਸ਼ਟਰਪਤੀ ਕੋਵਿੰਦ, ਗਵਰਨਰ ਜਨਰਲ ਡੇਮ ਸੂਜ਼ਨ ਡੋਗਨ ਅਤੇ ਪ੍ਰਧਾਨ ਮੰਤਰੀ ਡਾ. ਰਾਲਫ਼ ਗੋਂਸਾਲਵੇਸ ਦੀ ਮੌਜੂਦਗੀ ਵਿੱਚ ਟੈਕਸਾਂ ਦੀ ਉਗਰਾਹੀ ਵਿੱਚ ਸੂਚਨਾ ਅਤੇ ਸਹਾਇਤਾ ਦੇ ਅਦਾਨ-ਪ੍ਰਦਾਨ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਗਏ ਅਤੇ ਅਦਾਨ-ਪ੍ਰਦਾਨ ਕੀਤਾ ਗਿਆ ਅਤੇ ਪੁਰਾਣੇ ਕੈਲਡਰ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ 'ਤੇ ਇੱਕ ਐੱਮਓਯੂ ਕੀਤਾ।

ਇਸ ਤੋਂ ਬਾਅਦ, ਰਾਸ਼ਟਰਪਤੀ ਨੇ ਕਿੰਗਸਟਾਊਨ ਦੇ ਬੋਟੈਨੀਕਲ ਗਾਰਡਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇੰਡੀਅਨ ਵ੍ਹਾਈਟ ਸੈਂਡਲਵੁੱਡ ਦਾ ਇੱਕ ਬੂਟਾ ਲਗਾਇਆ ਅਤੇ ਵਿਨਸੈਂਟੀਅਨ ਅਤੇ ਭਾਰਤੀ ਸੰਸਕ੍ਰਿਤੀ ਦੇ ਸੁਮੇਲ ਵਾਲੇ ਸੱਭਿਆਚਾਰਕ ਪ੍ਰਦਰਸ਼ਨ ਨੂੰ ਦੇਖਿਆ।

ਅਗਲੇ ਰੁਝੇਵਿਆਂ ਵਿੱਚ, ਰਾਸ਼ਟਰਪਤੀ ਨੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਹਾਊਸ ਅਸੈਂਬਲੀ ਦੀ ਵਿਸ਼ੇਸ਼ ਬੈਠਕ ਨੂੰ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਇੱਕ ਸੰਮਲਿਤ ਵਿਸ਼ਵ ਵਿਵਸਥਾ ਵੱਲਵਿਸ਼ੇ 'ਤੇ ਸੰਬੋਧਨ ਕੀਤਾ।

ਇਸ ਮੌਕੇ 'ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇੱਕ ਅਜਿਹੇ ਵਿਸ਼ਵ ਵਿੱਚ ਰਹਿੰਦੇ ਹਾਂ, ਜਿਸ ਦੀ ਵਿਸ਼ੇਸ਼ਤਾ ਰਾਸ਼ਟਰ-ਰਾਜਾਂ ਅਤੇ ਦੁਨੀਆ ਭਰ ਦੇ ਲੋਕਾਂ ਦਰਮਿਆਨ ਬਹੁਤ ਸਾਰੇ ਸਬੰਧਾਂ ਨਾਲ ਹੁੰਦੀ ਹੈ। ਅੱਜ ਦੀ ਨੇੜਿਓਂ ਜੁੜੀ ਦੁਨੀਆ ਨੇ ਨਵੇਂ ਬਜ਼ਾਰਾਂ, ਨਵੇਂ ਵਿਦਿਅਕ ਅਤੇ ਰੋਜ਼ਗਾਰ ਦੇ ਮੌਕਿਆਂ, ਜਾਣਕਾਰੀ ਤੱਕ ਵਧੇਰੇ ਪਹੁੰਚ ਅਤੇ ਦੇਸ਼ਾਂ ਨੂੰ ਬਾਹਰੀ ਦੁਨੀਆ ਨਾਲ ਜੁੜਨ ਲਈ ਨਵੇਂ ਦ੍ਰਿਸ਼ਟੀਕੋਣਾਂ ਦੇ ਖੁੱਲ੍ਹਣ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਬਹੁਤ ਲਾਭ ਪਹੁੰਚਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਸ਼ਵੀਕਰਣ ਦੀ ਵਿਸ਼ਵ ਵਿਵਸਥਾ ਨੇ ਆਪਣੀਆਂ ਚੁਣੌਤੀਆਂ ਦਾ ਇੱਕ ਸਮੂਹ ਵੀ ਨਾਲ ਲਿਆਂਦਾ ਹੈਜਲਵਾਯੂ ਪਰਿਵਰਤਨ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਸਿਆਸੀ ਸੰਘਰਸ਼, ਸਰਹੱਦ ਪਾਰ ਅਤਿਵਾਦ, ਸਪਲਾਈ-ਚੇਨ ਵਿਘਨ - ਕੁਝ ਪ੍ਰਮੁੱਖ ਵਿਸ਼ਵ ਚੁਣੌਤੀਆਂ ਹਨ, ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰ ਰਾਜਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੇ ਸੌੜੇ ਸਵਾਰਥਾਂ ਤੋਂ ਪਰ੍ਹੇ ਦੇਖਣਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਬਹੁਪੱਖਵਾਦ ਅੱਜ ਦੇ ਅੰਤਰ-ਸਬੰਧੀ ਅਤੇ ਅੰਤਰ-ਨਿਰਭਰ ਸੰਸਾਰ ਵਿੱਚ ਸਾਡੇ ਸਾਂਝੇ ਇਤਿਹਾਸ ਵਿੱਚ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਪ੍ਰਾਸੰਗਿਕ ਹੈ। ਬਹੁਪੱਖਵਾਦ ਨੂੰ ਸਾਰੇ ਰਾਸ਼ਟਰ-ਰਾਜਾਂ ਵਿੱਚ ਮਜ਼ਬੂਤ, ਟਿਕਾਊ, ਸੰਤੁਲਿਤ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਾਧਨ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਜਦਕਿ, ਬਹੁਪੱਖੀ ਅਤੇ ਪ੍ਰਭਾਵੀ ਬਣੇ ਰਹਿਣ ਲਈ, ਸੰਸਥਾਵਾਂ ਨੂੰ ਸੁਧਾਰਨ ਦੀ ਜ਼ਰੂਰਤ ਹੈ। ਢਾਂਚਾ ਅਤੇ ਸੰਸਥਾਵਾਂ ਜੋ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਉੱਭਰੀਆਂ ਸਨ, ਇੱਕ ਪ੍ਰਮੁੱਖ ਮੁੱਦੇ 'ਤੇ ਕੇਂਦ੍ਰਿਤ ਸਨ - ਉਹ ਹੈ ਦੂਸਰੇ ਵਿਸ਼ਵ ਯੁੱਧ ਨੂੰ ਰੋਕਣਾ। ਅੱਜ ਦੇ ਗੁੰਝਲਦਾਰ ਮੁੱਦਿਆਂ ਨਾਲ ਨਜਿੱਠਣ ਲਈ, ਨਵੀਂ ਵਿਸ਼ਵ ਵਿਵਸਥਾ ਜਿਸ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਹੋਵੇਗੀ, ਜਿੱਥੇ ਹਰ ਦੇਸ਼ ਆਪਣੇ ਜਾਇਜ਼ ਹਿਤਾਂ ਨੂੰ ਪ੍ਰਗਟ ਕਰ ਸਕਦਾ ਹੈ। ਇਹ ਕੇਵਲ ਮੁੱਖ ਆਲਮੀ ਸੰਸਥਾਵਾਂ ਵਿੱਚ ਇੱਕ ਵਿਸਤ੍ਰਿਤ ਅਤੇ ਬਿਹਤਰ-ਡਿਜ਼ਾਈਨ ਵਾਲੀ ਨੁਮਾਇੰਦਗੀ ਪ੍ਰਣਾਲੀ ਦੁਆਰਾ ਹੋ ਸਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਦੀ ਵਕਾਲਤ ਕਰਨ ਦਾ ਸਾਡਾ ਉਦੇਸ਼ ਇੱਕ ਸਰਬਵਿਆਪਕ, ਨਿਯਮਾਂ-ਅਧਾਰਿਤ, ਮੁਕਤ, ਪਾਰਦਰਸ਼ੀ, ਅਨੁਮਾਨਯੋਗ, ਵਿਤਕਰੇ ਰਹਿਤ ਅਤੇ ਬਰਾਬਰੀ ਵਾਲੀ ਬਹੁਪੱਖੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਸਮਕਾਲੀ ਆਲਮੀ ਹਕੀਕਤ ਨੂੰ ਦਰਸਾਉਣ ਲਈ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕੇਂਦਰ ਵਿੱਚ, ਆਲਮੀ ਸੰਸਥਾਵਾਂ ਵਿੱਚ ਸੁਧਾਰ ਕਰਨਾ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜਾਣਿਆ ਕਿ ਇਸ ਮੁੱਦੇ 'ਤੇ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੀ ਸਾਂਝੀ ਦਿਲਚਸਪੀ, ਪਹੁੰਚ ਅਤੇ ਸਮਝ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਦਾ ਮਨੋਰਥ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸਹੈ, ਜਿਸ ਦਾ ਭਾਵ ਹੈ ਕਿ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦੇ ਭਰੋਸੇ ਅਤੇ ਸਾਰਿਆਂ ਦੇ ਯਤਨਾਂ ਨਾਲ। ਇਹ ਗਲੋਬਲ ਖੇਤਰ ਵਿੱਚ ਭਾਰਤ ਦੀ ਪਹੁੰਚ ਨੂੰ ਵੀ ਦਰਸਾਉਂਦਾ ਹੈ, ਜਿਸ ਦਾ ਅਰਥ ਹੈ ਕਿ ਭਾਰਤ ਆਕਾਰ ਜਾਂ ਦੌਲਤ ਦੀ ਪਰਵਾਹ ਕੀਤੇ ਬਿਨਾ ਇੱਕ ਸੰਮਲਿਤ ਵਿਸ਼ਵ ਵਿਵਸਥਾ ਵਿੱਚ ਵਿਸ਼ਵਾਸ ਰੱਖਦਾ ਹੈ ਜੋ ਹਰ ਦੇਸ਼ ਅਤੇ ਖੇਤਰ ਦੇ ਜਾਇਜ਼ ਹਿਤਾਂ ਅਤੇ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਾਰਤ ਸਮੁੱਚੀ ਮਨੁੱਖਤਾ ਦੇ ਭਵਿੱਖ ਲਈ ਸੋਚਦਾ ਅਤੇ ਕੰਮ ਕਰਦਾ ਹੈ। ਇਹ ਵਿਕਾਸ ਦੀ ਆਪਣੀ ਯਾਤਰਾ ਦੌਰਾਨ ਹਾਸਲ ਕੀਤੇ ਆਪਣੇ ਅਨੁਭਵ, ਗਿਆਨ ਅਤੇ ਹੁਨਰ ਨੂੰ ਸਾਥੀ ਵਿਕਾਸਸ਼ੀਲ ਦੇਸ਼ਾਂ ਨਾਲ ਸਾਂਝਾ ਕਰਨ ਦੀ ਆਪਣੀ ਵਚਨਬੱਧਤਾ 'ਤੇ ਟਿਕਿਆ ਰਿਹਾ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਇੱਕ ਸਮਾਵੇਸ਼ੀ ਵਿਸ਼ਵ ਵਿਵਸਥਾ ਲਈ ਇਨ੍ਹਾਂ ਸਾਂਝੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।

ਦੁਪਹਿਰ ਬਾਅਦ ਰਾਸ਼ਟਰਪਤੀ ਨੇ ਕਿੰਗਸਟਾਊਨ ਦੇ ਕੈਲਡਰ ਰੋਡ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ 'ਤੇ ਆਪਣੀਆਂ ਸੰਖੇਪ ਟਿੱਪਣੀਆਂ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਪ੍ਰਵਾਸੀ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਵਿੱਚ ਰਹਿਣ ਵਾਲੇ ਭਾਰਤੀ ਭਾਰਤ ਦੀ ਸਮ੍ਰਿੱਧ ਵਿਭਿੰਨਤਾ, ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਦਰਸਾਉਂਦੇ ਹਨ ਅਤੇ ਭਾਰਤ ਨੂੰ ਉਨ੍ਹਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਨਾਲ ਭਾਰਤ ਦੀ ਵਿਕਾਸ ਸਾਂਝੇਦਾਰੀ ਵਿਸ਼ਵ-ਵਿਆਪੀ ਭਾਈਚਾਰੇ ਦੀ ਭਾਵਨਾ 'ਤੇ ਅਧਾਰਿਤ ਹੈ। ਭਾਰਤ ਲੋਕਾਂ ਦੀ ਭਲਾਈ ਲਈ ਮਹੱਤਵ ਵਧਾਉਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨਾਲ ਇੱਕ ਮਜ਼ਬੂਤ ​​ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਬਣਾਉਣ ਵਿੱਚ ਉਨ੍ਹਾਂ ਦਾ ਸਮਰਥਨ ਕਰਨਾ ਚਾਹੁੰਦਾ ਹੈ। ਉਨ੍ਹਾਂ ਸਾਰਿਆਂ ਨੂੰ ਨਿਊ ਇੰਡੀਆ, ਇਸ ਦੀ ਅਥਾਹ ਊਰਜਾ ਅਤੇ ਤੇਜ਼ ਆਰਥਿਕ ਵਿਕਾਸ ਨਾਲ ਜੁੜਨ ਦੀ ਅਪੀਲ ਕੀਤੀ।

ਇਸ ਤੋਂ ਬਾਅਦ, ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਗੋਂਸਾਲਵੇਸ, ਭਾਰਤੀ ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਇੱਕ ਤਖ਼ਤੀ ਤੋਂ ਪਰਦਾ ਹਟਾ ਕੇ ਕਾਲਡਰ ਰੋਡ ਦਾ ਨਾਮ ਬਦਲ ਕੇ 'ਇੰਡੀਆ ਡਰਾਈਵ' ਰੱਖਿਆ।

ਦਿਨ ਦੇ ਅੰਤਿਮ ਰੁਝੇਵਿਆਂ ਵਿੱਚ, ਰਾਸ਼ਟਰਪਤੀ ਨੇ ਗਵਰਨਰ ਹਾਊਸ ਵਿੱਚ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਸ ਦੇ ਗਵਰਨਰ ਜਨਰਲ ਦੁਆਰਾ ਆਯੋਜਿਤ ਦਾਅਵਤ ਵਿੱਚ ਸ਼ਿਰਕਤ ਕੀਤੀ।

*****

ਡੀਐੱਸ/ਬੀਐੱਮ



(Release ID: 1826952) Visitor Counter : 163