ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਜਮੈਕਾ ਵਿੱਚ; ਗਵਰਨਰ ਜਨਰਲ, ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ
ਅੰਬੇਡਕਰ ਐਵੇਨਿਊ ਦਾ ਉਦਘਾਟਨ ਕੀਤਾ ਅਤੇ ਕਿੰਗਸਟਨ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ-ਮਿੱਤਰਾਂ ਨੂੰ ਸੰਬੋਧਨ ਕੀਤਾ
ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ ਅਤੇ ਜਮੈਕਾ ਦੇ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਮੰਤਰਾਲੇ ਦੇ ਦਰਮਿਆਨ ਕੂਟਨੀਤਕ ਟ੍ਰੇਨਿੰਗ ਦੇ ਲਈ ਸਹਿਮਤੀ ਪੱਤਰ 'ਤੇ ਹਸਤਾਖਰ
Posted On:
17 MAY 2022 11:57AM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 15 ਮਈ, 2022 ਦੀ ਸ਼ਾਮ ਨੂੰ ਜਮੈਕਾ ਦੇ ਕਿੰਗਸਟਨ ਸਥਿਤ ਨੌਰਮਨ ਮੈਨਲੇ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੇ, ਜਿੱਥੇ ਜਮੈਕਾ ਦੇ ਗਵਰਨਰ ਜਨਰਲ, ਮਹਾਮਹਿਮ ਸਰ ਪੈਟ੍ਰਿਕ ਐਲਨ, ਜਮੈਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਐਂਡਰਿਊ ਹੋਲਨੈੱਸ ਅਤੇ ਹੋਰ ਪਤਵੰਤਿਆਂ ਨੇ ਉਨ੍ਹਾਂ ਦੀ ਅਗਵਾਨੀ ਕੀਤੀ। ਇੱਥੇ ਆਗਮਨ 'ਤੇ ਰਾਸ਼ਟਰਪਤੀ ਨੂੰ ਸਲਾਮੀ ਗਾਰਦ ਪੇਸ਼ ਕੀਤੀ ਗਈ। ਭਾਰਤ ਦੇ ਕਿਸੇ ਵੀ ਰਾਸ਼ਟਰਪਤੀ ਦੀ ਜਮੈਕਾ ਦੀ ਇਹ ਪਹਿਲੀ ਯਾਤਰਾ ਹੈ, ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 60 ਵਰ੍ਹਿਆਂ ਬਾਅਦ ਹੋ ਰਹੀ ਹੈ।
ਕੱਲ੍ਹ (16 ਮਈ, 2022) ਰਾਸ਼ਟਰਪਤੀ ਨੇ ਕਿੰਗਸਟਨ ਵਿੱਚ ਨੈਸ਼ਨਲ ਹੀਰੋਜ਼ ਪਾਰਕ ਦੇ ਦੌਰੇ ਨਾਲ ਆਪਣੇ ਰੁਝੇਵਿਆਂ ਦੀ ਸ਼ੁਰੂਆਤ ਕੀਤੀ। ਉੱਥੇ ਉਨ੍ਹਾਂ ਨੇ ਮਾਰਕਸ ਗਾਰਵੇ ਨੂੰ ਸ਼ਰਧਾਂਜਲੀ ਦਿੱਤੀ। ਉਸ ਦੇ ਬਾਅਦ, ਉਹ ਜਮੈਕਾ ਦੇ ਗਵਰਨਰ ਜਨਰਲ ਦੇ ਸਰਕਾਰੀ ਨਿਵਾਸ ਕਿੰਗਸ ਹਾਊਸ ਪਹੁੰਚੇ ਅਤੇ ਗਵਰਨਰ ਜਨਰਲ ਸਰ ਪੈਟ੍ਰਿਕ ਐਲਨ ਨਾਲ ਮੁਲਾਕਾਤ ਕੀਤੀ। ਚਰਚਾ ਦੇ ਦੌਰਾਨ ਰਾਸ਼ਟਰਪਤੀ ਨੇ ਗਰਮਜੋਸ਼ੀ ਭਰੇ ਸੁਆਗਤ-ਸਤਿਕਾਰ ਦੇ ਲਈ ਗਵਰਨਰ ਜਨਰਲ ਦਾ ਧੰਨਵਾਦ ਕੀਤਾ। ਦੋਹਾਂ ਸਿਖਰਲੇ ਨੇਤਾਵਾਂ ਨੇ ਸੂਚਨਾ ਟੈਕਨੋਲੋਜੀ ਅਤੇ ਸਬੰਧਿਤ ਸੇਵਾਵਾਂ, ਮੈਡੀਕਲ ਅਤੇ ਫਾਰਮਾ ਸੈਕਟਰ, ਖੇਡਾਂ, ਸਿੱਖਿਆ, ਟੂਰਿਜ਼ਮ, ਪ੍ਰਾਹੁਣਚਾਰੀ ਉਦਯੋਗ ਜਿਹੇ ਦੁਵੱਲੇ ਸਹਿਯੋਗ ਅਤੇ ਸਾਂਝੇਦਾਰੀ ਨੂੰ ਅੱਗੇ ਵਧਾਉਣ 'ਤੇ ਚਰਚਾ ਕੀਤੀ।
ਰਾਸ਼ਟਰਪਤੀ ਨੇ ਨੋਟ ਕੀਤਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਉਤਪੰਨ ਰੁਕਾਵਟਾਂ ਦੇ ਬਾਵਜੂਦ, ਭਾਰਤ ਅਤੇ ਜਮੈਕਾ ਦੇ ਦਰਮਿਆਨ ਦੁਵੱਲੇ ਵਪਾਰ ਅਤੇ ਆਰਥਿਕ ਅਤੇ ਕਮਰਸ਼ੀਅਲ ਅਦਾਨ-ਪ੍ਰਦਾਨ ਵਿੱਚ ਲਗਾਤਾਰ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰ ਅਤੇ ਨਿਵੇਸ਼ ਦੀਆਂ, ਖਾਸ ਕਰਕੇ ਸੂਚਨਾ ਟੈਕਨੋਲੋਜੀ (ਆਈਟੀ) ਅਤੇ ਆਈਟੀ ਦਕਸ਼ ਸੇਵਾਵਾਂ, ਮੈਡੀਕਲ, ਫਾਰਮਾ ਸੈਕਟਰ, ਸਿੱਖਿਆ, ਸਮਰੱਥਾ ਨਿਰਮਾਣ, ਟੂਰਿਜ਼ਮ, ਪ੍ਰਾਹੁਣਚਾਰੀ ਉਦਯੋਗ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ, ਅਪਾਰ ਸੰਭਾਵਨਾਵਾਂ ਹਨ।
ਦੋਹਾਂ ਦੇਸ਼ਾਂ ਦੇ ਦਰਮਿਆਨ ਸਾਂਝੀਦਾਰੀ ਵਿਕਾਸ ਅਤੇ ਸਿੱਖਿਆ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਕਾਸ ਯਾਤਰਾ ਵਿੱਚ ਭਾਰਤ, ਜਮੈਕਾ ਜਿਹੇ ਆਪਣੇ ਵਿਕਾਸਸ਼ੀਲ ਸਾਥੀ ਦੇਸ਼ਾਂ ਨਾਲ ਆਪਣੇ ਅਨੁਭਵ, ਗਿਆਨ ਅਤੇ ਕੌਸ਼ਲ ਨੂੰ ਸਾਂਝਾ ਕਰਨ ਦੇ ਲਈ ਦ੍ਰਿੜ੍ਹ ਸੰਕਲਪਿਤ ਹੈ। ਸਾਡੀ ਵਿਕਾਸ ਸਾਂਝੀਦਾਰੀ ਦੀਆਂ ਗਤੀਵਿਧੀਆਂ ਦੀਆਂ ਜੜ੍ਹਾਂ ਦੱਖਣ-ਦੱਖਣ ਸਹਿਯੋਗ ਦੀ ਧਾਰਨਾ ਵਿੱਚ ਡੂੰਘੀਆਂ ਜਮੀਆਂ ਹਨ ਅਤੇ ਸਾਡੇ ਸਾਂਝੀਦਾਰਾਂ ਦੀ ਰਾਸ਼ਟਰੀ ਪ੍ਰਾਥਮਿਕਤਾ ਦੇ ਅਨੁਰੂਪ ਸਵੈ-ਇੱਛੁਕ ਸਾਂਝੀਦਾਰੀ ਦੇ ਸਿਧਾਂਤਾਂ 'ਤੇ ਅਧਾਰਿਤ ਹਨ। ਭਾਰਤ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਦੇ ਤਹਿਤ ਵਿਭਿੰਨ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਕੋਰਸਾਂ ਦੇ ਜ਼ਰੀਏ ਸਾਨੂੰ ਜਮੈਕਾ ਵਿੱਚ ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਕਰਨ ਵਿੱਚ ਸਹਿਯੋਗ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਭਾਰਤ ਨੂੰ ਆਈਟੀਈਸੀ ਸਲੌਟ 30 ਤੋਂ ਵਧਾ ਕੇ 50 ਕਰਨ 'ਤੇ ਪ੍ਰਸੰਨਤਾ ਹੋਵੇਗੀ।
ਗਵਰਨਰ ਜਨਰਲ ਨਾਲ ਮੁਲਾਕਾਤ ਦੇ ਬਾਅਦ ਰਾਸ਼ਟਰਪਤੀ ਜਮੈਕਾ ਹਾਊਸ ਗਏ, ਜਿੱਥੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੈੱਸ ਨੇ ਉਨ੍ਹਾਂ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਵਪਾਰ, ਨਿਵੇਸ਼, ਸੇਵਾ, ਸਿਹਤ, ਰੇਲਵੇ, ਟ੍ਰਾਂਸਪੋਰਟ ਸੇਵਾਵਾਂ, ਖੇਡਾਂ ਸਹਿਤ ਖੇਤਰੀ ਅਤੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਸੇਵਾ ਸੈਕਟਰ ਅਤੇ ਗਿਆਨ ਅਰਥਵਿਵਸਥਾ ਵਿੱਚ ਸਹਿਯੋਗ ਦੀ ਅਪਾਰ ਸਮਰੱਥਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਜਮੈਕਾ ਦੀ ਰੁਚੀ ਸਿੱਖਿਆ ਵਿੱਚ,ਖਾਸ ਤੌਰ ’ਤੇ ਵਿੱਦਿਅਕ ਸੰਸਥਾਵਾਂ ਨਾਲ ਸਹਿਯੋਗ ਕਰਨ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸੁਆਗਤ ਕਰਦਾ ਹੈ ਕਿ ਜਮੈਕਾ ਨੂੰ ਆਪਣੀ ਕਿਸੇ ਯੂਨੀਵਰਸਿਟੀ ਵਿੱਚ ਕਿਸੇ ਵੀ ਭਾਰਤੀ ਵਿੱਦਿਅਕ ਸੰਸਥਾ ਦੀ ਸ਼ਾਖਾ ਖੋਲ੍ਹਣ ਵਿੱਚ ਦਿਲਚਸਪੀ ਹੈ।
ਬੈਠਕ ਦੇ ਬਾਅਦ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹੋਲਨੈੱਸ, ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ (ਐੱਸਐੱਸਐੱਫਐੱਸਆਈ) ਅਤੇ ਜਮੈਕਾ ਦੇ ਵਿਦੇਸ਼ ਮਾਮਲੇ ਅਤੇ ਵਿਦੇਸ਼ੀ ਵਪਾਰ ਮੰਤਰਾਲੇ ਦੇ ਦਰਮਿਆਨ ਡਿਪਲੋਮੈਟਿਕ ਟ੍ਰੇਨਿੰਗ ਦੇ ਲਈ ਇੱਕ ਸਹਿਮਤੀ-ਪੱਤਰ 'ਤੇ ਹਸਤਾਖਰ ਅਤੇ ਅਦਾਨ-ਪ੍ਰਦਾਨ ਦੇ ਸਮੇਂ ਮੌਜੂਦ ਰਹੇ। ਇਸ ਸਹਿਮਤੀ-ਪੱਤਰ ਨਾਲ ਐੱਸਐੱਸਐੱਫਐੱਸਆਈ ਵਿੱਚ ਜਮੈਕਾ ਦੇ ਵਿਦੇਸ਼ ਸੇਵਾ ਦੇ ਅਧਿਕਾਰੀਆਂ ਲਈ ਟ੍ਰੇਨਿੰਗ ਅਤੇ ਅਕਾਦਮਿਕ ਗਤੀਵਿਧੀਆਂ ਸ਼ਾਮਲ ਹੋਣ ਦੀ ਸੁਵਿਧਾ ਮਿਲੇਗੀ।
ਇਸ ਦੇ ਬਾਅਦ, ਰਾਸ਼ਟਰਪਤੀ ਡਾਊਨਟਾਊਨ ਕਿੰਗਸਟਨ ਗਏ, ਜਿੱਥੇ ਉਨ੍ਹਾਂ ਨੇ ਅੰਬੇਡਕਰ ਐਵੇਨਿਊ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਜਮੈਕਾ ਦੀ ਸਥਾਨਕ ਸਰਕਾਰ ਅਤੇ ਗ੍ਰਾਮੀਣ ਵਿਕਾਸ ਮੰਤਰੀ, ਮਾਣਯੋਗ ਡੈਸਮੰਡ ਮੈਕੇਂਜੀ, ਕਿੰਗਸਟਨ ਸਿਟੀ ਦੇ ਮੇਅਰ, ਮਾਣਯੋਗ ਡੈੱਲਰੌਏ ਵਿਲੀਅਮਸ ਅਤੇ ਭਾਰਤੀ ਭਾਈਚਾਰੇ ਦੇ ਲੋਕ ਹਾਜ਼ਰ ਸਨ।
ਇਸ ਅਵਸਰ 'ਤੇ ਆਪਣੇ ਸੰਖੇਪ ਬਿਆਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਡਾ. ਭੀਮਰਾਓ ਅੰਬੇਡਕਰ ਨੇ ਵੰਚਿਤ ਵਰਗਾਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਣ ਦੇ ਪ੍ਰਗਤੀਸ਼ੀਲ ਆਦਰਸ਼ਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਸੀ। ਉਨ੍ਹਾਂ ਨੇ ਅਸਮਾਨਤਾ ਦੂਰ ਕਰਨ ਦੇ ਲਈ ਲੋਕਾਂ ਨੂੰ ਸਿੱਖਿਅਤ ਅਤੇ ਪ੍ਰੇਰਿਤ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਇਸ ਗੱਲ 'ਤੇ ਹੈਰਾਨੀ ਹੋ ਸਕਦੀ ਹੈ ਕਿ ਜਮੈਕਾ ਵਿੱਚ ਡਾ. ਅੰਬੇਡਕਰ ਦੀ ਕੀ ਪ੍ਰਾਸੰਗਿਕਤਾ ਹੈ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਡਾ. ਅੰਬੇਡਕਰ ਅਤੇ ਮਾਰਕਸ ਗਾਰਵੇ ਜਿਹੀਆਂ ਸ਼ਖ਼ਸੀਅਤਾਂ ਸਿਰਫ਼ ਇੱਕ ਰਾਸ਼ਟਰ ਜਾਂ ਸਮੁਦਾਇ ਤੱਕ ਸੀਮਿਤ ਨਹੀਂ ਰਹਿੰਦੀਆਂ। ਸਮਾਨਤਾ ਦਾ ਉਨ੍ਹਾਂ ਦਾ ਸੰਦੇਸ਼, ਭੇਦ-ਭਾਵ ਦੇ ਹਰ ਪ੍ਰਕਾਰ ਨੂੰ ਸਮਾਪਤ ਕਰਨ ਦੇ ਉਨ੍ਹਾਂ ਦੇ ਸੱਦੇ ਦੀ ਗੂੰਜ ਪੂਰੇ ਵਿਸ਼ਵ ਵਿੱਚ ਹੈ। ਇਸੇ ਲਈ ਡਾ. ਅੰਬੇਡਕਰ ਦਾ ਸੰਦੇਸ਼ ਭਾਰਤ ਸਹਿਤ ਜਮੈਕਾ ਵਿੱਚ ਵੀ ਪ੍ਰਾਸੰਗਿਕ ਹੈ।
ਰਾਸ਼ਟਰਪਤੀ ਦੇ ਅਗਲੇ ਰੁਝੇਵੇਂ ਵਿੱਚ, ਜਮੈਕਾ ਦੇ ਨਿਚਲੇ ਸਦਨ ਦੇ ਵਿਰੋਧੀ ਧਿਰ ਦੇ ਨੇਤਾ, ਮਾਣਯੋਗ ਮਾਰਕ ਹੋਲਡਿੰਗ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਚਰਚਾ ਦੇ ਦੌਰਾਨ, ਦੋਨੋਂ ਨੇਤਾਵਾਂ ਨੇ ਦੁਵੱਲੇ ਸਹਿਯੋਗ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਸੱਭਿਆਚਾਰਕ ਸੰਪਰਕਾਂ ਤੇ ਲੋਕਾਂ ਦੇ ਦਰਮਿਆਨ ਮੇਲ-ਮਿਲਾਪ ਨੂੰ ਹੁਲਾਰਾ ਦੇਣ 'ਤੇ ਜ਼ੋਰ ਦਿੱਤਾ।
ਸ਼ਾਮ ਨੂੰ ਰਾਸ਼ਟਰਪਤੀ ਕਿੰਗਸਟਨ ਵਿੱਚ ਹੋਪ ਬੋਟੈਨੀਕਲ ਗਾਰਡਨ ਗਏ ਅਤੇ ਉੱਥੇ ਇੰਡੀਆ-ਜਮੈਕਾ ਫ੍ਰੈਂਡਸ਼ਿਪ ਗਾਰਡਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਜਮੈਕਾ ਦੀ ਪ੍ਰਥਮ ਮਹਿਲਾ ਲੇਡੀ ਐਲਨ ਦੀ ਮੌਜੂਦਗੀ ਵਿੱਚ ਚੰਦਨ ਦਾ ਪੌਦਾ ਲਗਾਇਆ। ਲੇਡੀ ਐਲਨ ਗਾਰਡਨ ਦੀ ਪੈਟਰਨ (Patron) ਹਨ। ਇਸ ਅਵਸਰ 'ਤੇ ਖੇਤੀਬਾੜੀ ਮੰਤਰੀ ਮਾਣਯੋਗ ਪੀਅਰਨੇਲ ਚਾਰਲਸ ਜੂਨੀਅਰ (Hon. Pearnel Charles Jr.) ਅਤੇ ਨੈਸ਼ਨਲ ਪ੍ਰੀਜ਼ਰਵੇਸ਼ਨ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਅਲਫ੍ਰੇਡ ਥੌਮਸ ਵੀ ਮੌਜੂਦ ਸਨ।
ਉਸ ਦਿਨ ਦੇ ਆਪਣੇ ਅੰਤਿਮ ਰੁਝੇਵੇਂ ਦੇ ਦੌਰਾਨ, ਰਾਸ਼ਟਰਪਤੀ ਰਿਸੈਪਸ਼ਨ ਵਿੱਚ ਸ਼ਾਮਲ ਹੋਏ ਅਤੇ ਭਾਰਤੀ ਭਾਈਚਾਰੇ ਅਤੇ ਭਾਰਤ-ਮਿੱਤਰਾਂ ਨਾਲ ਮੁਲਾਕਾਤ ਕੀਤੀ। ਰਿਸੈਪਸ਼ਨ ਦੀ ਮੇਜ਼ਬਾਨੀ ਜਮੈਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਮਾਸਾਕੁਈ ਰੁੰਗਸੁੰਗ ਨੇ ਕੀਤੀ ਸੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤਵਾਸੀਆਂ ਅਤੇ ਜਮੈਕਾਵਾਸੀਆਂ ਦੇ ਮਜ਼ਬੂਤ ਸਬੰਧਾਂ ਦੀ ਜੜ੍ਹ ਸਾਡੇ ਸੱਭਿਆਚਾਰਕ ਸੰਪਰਕ ਵਿੱਚ ਨਿਹਿਤ ਹੈ, ਜੋ ਸਾਡੀ ਬਹੁਪੱਖੀ ਸਾਂਝੇਦਾਰੀ ਨੂੰ ਸਮ੍ਰਿੱਧ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਜਮੈਕਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਰਬਉੱਚ ਪੱਧਰ 'ਤੇ ਮਾਣ-ਸਨਮਾਨ ਮਿਲਦਾ ਹੈ। ਸਾਨੂੰ ਜਮੈਕਾ ਵਿੱਚ ਭਾਰਤੀ ਭਾਈਚਾਰੇ ਦੀਆਂ ਉਪਲਬਧੀਆਂ 'ਤੇ ਮਾਣ ਹੈ।
ਰਾਸ਼ਟਰਪਤੀ ਨੇ ਕਿਹਾ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਜ਼ਰੀਏ ਭਾਰਤ ਆਪਣੀ ਸੁਤੰਤਰਤਾ ਅਤੇ ਆਪਣੇ ਦੇਸ਼ਵਾਸੀਆਂ ਦੇ ਗੌਰਵਸ਼ਾਲੀ ਇਤਿਹਾਸ, ਸੱਭਿਆਚਾਰ ਅਤੇ ਉਪਲਬਧੀਆਂ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਿਹਾ ਹੈ। ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਅੱਗੇ ਵੱਧ-ਚੜ੍ਹ ਕੇ ਇਸ ਉਤਸਵ ਵਿੱਚ ਹਿੱਸਾ ਲੈਣ।
ਰਾਸ਼ਟਰਪਤੀ ਨੇ ਕਿਹਾ ਕਿ ਡਿਜੀਟਲ ਅਰਥਵਿਵਸਥਾ, ਨਵੀਆਂ ਟੈਕਨੋਲੋਜੀਆਂ, ਜਲਵਾਯੂ ਪਰਿਵਰਤਨ ਸਬੰਧੀ ਕਾਰਵਾਈ ਅਤੇ ਗਿਆਨ ਸਮਾਜ ਦੀ ਰੂਪਰੇਖਾ ਤਿਆਰ ਕਰਨ ਦੇ ਲਈ ਅਸੀਂ ਮੋਹਰੀ ਭੂਮਿਕਾ ਨਿਭਾਉਣ ਦਾ ਯਤਨ ਕਰ ਰਹੇ ਹਾਂ। ਇਸ ਨਵੇਂ ਭਾਰਤ ਵਿੱਚ ਉਸ ਦੀ ਪ੍ਰਗਤੀ ਅਤੇ ਸਮ੍ਰਿੱਧੀ ਵਿੱਚ ਹਿੱਸਾ ਲੈਣ ਦੇ ਲਈ ਭਾਰਤੀ ਭਾਈਚਾਰੇ ਦੇ ਸਾਹਮਣੇ ਅਪਾਰ ਅਵਸਰ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਨਵੇਂ ਭਾਰਤ ਦੇ ਲਈ ਭਾਰਤੀ ਭਾਈਚਾਰੇ ਦਾ ਸਮਰਥਨ ਚਾਹੁੰਦੇ ਹਾਂ, ਜਿਸ ਨਾਲ ਲੱਖਾਂ ਘਰਾਂ ਤੱਕ ਪ੍ਰਗਤੀ ਅਤੇ ਸਮ੍ਰਿੱਧੀ ਦਾ ਉਜਾਲਾ ਪਹੁੰਚ ਸਕੇ; ਇੱਕ ਅਜਿਹਾ ਭਾਰਤ ਬਣ ਸਕੇ, ਜਿੱਥੇ ਸਭ ਦੀ ਦੇਖਭਾਲ਼ ਹੁੰਦੀ ਹੈ।
ਇਸ ਅਵਸਰ 'ਤੇ, ਰਾਸ਼ਟਰਪਤੀ ਨੇ ਜਮੈਕਾ ਕ੍ਰਿਕਟ ਐਸੋਸੀਏਸ਼ਨ ਨੂੰ ਇੱਕ ਕ੍ਰਿਕਟ ਕਿੱਟ ਪ੍ਰਦਾਨ ਕੀਤੀ, ਜਿਸ ਨੂੰ ਕੀਤਾ ਐਸੋਸੀਏਸ਼ਨ ਦੇ ਪ੍ਰਧਾਨ ਬਿਲੀ ਹੈਵਨ ਨੇ ਪ੍ਰਾਪਤ ਕੀਤਾ।
**********
ਡੀਐੱਸ/ਐੱਸਐੱਚ/ਬੀਐੱਮ
(Release ID: 1826186)
Visitor Counter : 129