ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2021 ਵਿੱਚ ਵੇਟਲਿਫਟਿੰਗ ਵਿੱਚ 26 ਕੇਆਈਯੂਜੀ ਰਿਕਾਰਡ ਬਣੇ, 1 ਰਾਸ਼ਟਰੀ ਰਿਕਾਰਡ ਟੁੱਟਿਆ


ਸਾਰੀਆਂ ਤਿੰਨ ਕੈਟੇਗਰੀਆਂ ਵਿੱਚ ਸੱਤ ਭਾਰ ਵਰਗਾਂ ਵਿੱਚ ਨਵੇਂ ਰਿਕਾਰਡ ਬਣੇ

ਐੱਨ ਨੇ ਕੇਆਈਯੂਜੀ 2021 ਵਿੱਚ ਕਲੀਨ-ਐਂਡ-ਜਰਕ ਵਿੱਚ 129 ਕਿਲੋਗ੍ਰਾਮ ਭਾਰ ਚੁੱਕ ਕੇ +87 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ ਵਿੱਚ ਇੱਕ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ

Posted On: 28 APR 2022 3:08PM by PIB Chandigarh

ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੀ ਕੋਮਲ ਕੋਹਾੜ ਨੇ ਖੇਲੋ ਯੂਨੀਵਰਸਿਟੀ ਖੇਡਾਂ 2021 ਦਾ ਪਹਿਲਾ ਸੋਨ ਤਮਗਾ ਜਿੱਤ ਕੇ ਸਾਰਿਆਂ ਨੂੰ ਉਤਸ਼ਾਹਿਤ ਕੀਤਾ। 45 ਕਿਲੋਗ੍ਰਾਮ ਵਰਗ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਗ ਲੈਂਦਿਆਂ ਕੋਹਾੜ ਨੇ ਤਿੰਨਾਂ ਸ਼੍ਰੇਣੀਆਂ (ਸਨੈਚ, ਕਲੀਨ ਅਤੇ ਜਰਕ, ਕੁੱਲ ਮਿਲਾ ਕੇ) ਵਿੱਚ ਰਿਕਾਰਡ ਤੋੜ ਕੇ ਸੋਨ ਤਮਗਾ ਜਿੱਤਿਆ। ਇਹ ਤਿੰਨ ਦਿਨਾਂ ਈਵੈਂਟ ਲਈ ਮੁਕੰਮਲ ਸ਼ੁਰੂਆਤੀ ਸਮਾਗਮ ਸੀ, ਜਿਸ ਵਿੱਚ 20 ਭਾਰ ਵਰਗਾਂ ਵਿੱਚ 26 ਨਵੇਂ ਕੇਆਈਯੂਜੀ ਰਿਕਾਰਡ ਅਤੇ ਇੱਕ ਰਾਸ਼ਟਰੀ ਰਿਕਾਰਡ ਬਣੇ।

ਜੇਕਰ ਪਹਿਲੇ ਦਿਨ ਲੈਅ ਬਣਦੀ, ਤਾਂ ਇਹ ਫਾਈਨਲ ਇੱਕ ਸੰਪੂਰਣ ਅੰਤ ਸੀ, ਜਿਸ ਵਿੱਚ ਔਰਤ ਦੇ +87 ਕਿਲੋਗ੍ਰਾਮ ਵਰਗ ਵਿੱਚ ਐੱਨ ਮਾਰੀਆ (Ann Mariya) ਨੇ ਕਲੀਨ ਐਂਡ ਜਰਕ ਵਿੱਚ ਰਾਸ਼ਟਰੀ ਰਿਕਾਰਡ ਤੋੜਿਆ। ਉਸ ਨੇ 129 ਕਿਲੋਗ੍ਰਾਮ ਭਾਰ ਚੁੱਕ ਕੇ ਮਨਪ੍ਰੀਤ ਕੌਰ ਦੇ 128 ਕਿਲੋਗ੍ਰਾਮ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ, ਜੋ ਇਸ ਸਾਲ ਦੇ ਸ਼ੁਰੂ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸਥਾਪਿਤ ਕੀਤਾ ਗਿਆ ਸੀ।

ਐੱਨ ਮਾਰੀਆ ਨੇ ਮਾਰਚ ਵਿੱਚ ਭੁਵਨੇਸ਼ਵਰ ਵਿੱਚ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਕੁੱਲ 231 ਕਿਲੋਗ੍ਰਾਮ ਭਾਰ ਚੁੱਕ ਕੇ ਰਾਸ਼ਟਰੀ ਸੰਯੁਕਤ ਰਿਕਾਰਡ ਤੋੜਿਆ ਸੀ। ਆਪਣੀ ਸ਼ਾਨਦਾਰ ਲਿਫਟ ਅਤੇ 101 ਕਿਲੋਗ੍ਰਾਮ ਸਨੈਚ ਤੋਂ ਬਾਅਦ, ਉਸਨੇ ਮੈਂਗਲੋਰ ਯੂਨੀਵਰਸਿਟੀ ਲਈ ਸੋਨ ਤਮਗਾ ਜਿੱਤਿਆ।

ਐੱਨ ਮਾਰੀਆ ਨੇ ਆਪਣੀ ਵੱਡੀ ਜਿੱਤ ਤੋਂ ਬਾਅਦ ਕਿਹਾ, "ਮੈਂ ਕੇਆਈਯੂਜੀ 2021 'ਚ ਆਉਣ ਤੋਂ ਪਹਿਲਾਂ ਸੀਨੀਅਰ ਨੈਸ਼ਨਲ 'ਚ ਹਿੱਸਾ ਲਿਆ ਸੀ। ਨੈਸ਼ਨਲਜ਼ ਤੋਂ ਬਾਅਦ ਮੈਂ ਥੋੜ੍ਹਾ ਕਮਜ਼ੋਰ ਮਹਿਸੂਸ ਕਰ ਰਹੀ ਸੀ ਕਿਉਂਕਿ ਮੇਰੇ ਮੋਢੇ 'ਤੇ ਸੱਟ ਲੱਗ ਗਈ ਸੀ ਅਤੇ ਮੈਂ ਜ਼ਿਆਦਾ ਕੁਝ ਨਹੀਂ ਕਰ ਪਾ ਰਹੀ ਸੀ। ਮੈਂ ਅੱਜ ਇਹ ਨਤੀਜਾ ਹਾਸਲ ਕਰਨ ਦੀ ਉਮੀਦ ਨਹੀਂ ਕੀਤੀ ਸੀ, ਪਰ ਮੈਨੂੰ ਆਪਣੇ ਯਤਨਾਂ 'ਤੇ ਬਹੁਤ ਮਾਣ ਹੈ"।

ਪਾਵਰਲਿਫਟਿੰਗ ਵਿੱਚ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਐੱਨ (Ann) ਨੂੰ ਮਾਂ ਨੇ ਭਾਰ ਘਟਾਉਣ ਲਈ ਵੇਟਲਿਫਟਿੰਗ ਦੇ ਅਖਾੜੇ ਵਿੱਚ ਜਾਣ ਲਈ ਰਾਜ਼ੀ ਕੀਤਾ ਸੀ। ਪਰ ਜਲਦੀ ਹੀ, ਉਸਨੇ ਖੇਡ ਦਾ ਅਨੰਦ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਵਿੱਚ ਬਿਹਤਰ ਹੋਣ ਲਈ ਤੀਬਰਤਾ ਨਾਲ ਸਿਖਲਾਈ ਸ਼ੁਰੂ ਕਰ ਦਿੱਤੀ।

ਉਸ ਨੇ ਕਿਹਾ, "ਮੈਂ ਹਰ ਰੋਜ਼ ਸਿਖਲਾਈ ਲਈ ਜਾਣਾ ਸ਼ੁਰੂ ਕੀਤਾ ਅਤੇ ਸਖ਼ਤ ਮਿਹਨਤ ਕੀਤੀ। ਵੇਟਲਿਫਟਿੰਗ ਉਹ ਹੈ ਜਿਸ ਨਾਲ ਮੈਨੂੰ ਪਿਆਰ ਹੋ ਗਿਆ ਸੀ ਅਤੇ ਇਸ ਤੋਂ ਇਲਾਵਾ ਕੋਈ ਹੋਰ ਖੇਡ ਜਾਂ ਕੰਮ ਨਹੀਂ ਹੈ ਜੋ ਮੈਂ ਕਰਾਂਗੀ,"

ਐੱਨ ਨੇ ਅੱਗੇ ਕਿਹਾ, "ਮੇਰੀ ਮਾਂ ਯੁਵਾ ਸਮੇਂ ਇੱਕ ਵੇਟਲਿਫਟਰ ਸੀ ਪਰ ਉਦੋਂ ਕੋਈ ਸਹਿਯੋਗ ਨਹੀਂ ਸੀ। ਮੈਂ ਉਨ੍ਹਾਂ ਨੂੰ ਅਤੇ ਮੇਰੇ ਪਿਤਾ ਨੂੰ, ਜੋ ਇੱਕ ਰਿਕਸ਼ਾ ਚਾਲਕ ਹਨ, ਨੂੰ ਆਪਣੀ ਪ੍ਰੇਰਨਾ ਮੰਨਦੀ ਹਾਂ, ਕਿਉਂਕਿ ਉਹ ਹਰ ਤਰ੍ਹਾਂ ਨਾਲ ਮੇਰਾ ਸਮਰਥਨ ਕਰਦੇ ਹਨ,"

ਪਿਛਲੇ ਤਿੰਨ ਸਾਲਾਂ ਤੋਂ ਐੱਨ ਬੈਂਗਲੁਰੂ ਵਿੱਚ ਐੱਸਏਆਈ ਸੈਂਟਰ ਵਿੱਚ ਸਿਖਲਾਈ ਲੈ ਰਹੀ ਹੈ। ਉਸਦੇ ਕੋਚ ਇਹ ਦੱਸਦੇ ਹਨ ਕਿ ਉਹ ਪਿਛਲੇ ਇੱਕ ਸਾਲ ਵਿੱਚ ਆਪਣੀ ਛਾਪ ਛੱਡਣ ਦੇ ਯੋਗ ਕਿਵੇਂ ਰਹੀ ਹੈ।

ਦੋ ਮਹੀਨਿਆਂ ਵਿੱਚ ਦੋ ਰਾਸ਼ਟਰੀ ਰਿਕਾਰਡ ਤੋੜਨ ਤੋਂ ਬਾਅਦ, ਐੱਨ ਮਾਰੀਆ ਦੀ ਕੋਚ ਮੀਨਾਕਸ਼ੀ ਸੁੰਦਰੇਸ਼ਵਰਨ ਨੇ ਕਿਹਾ, "ਉਸ ਦਾ ਸਨੈਚ ਅਤੇ ਕਲੀਨ-ਐਂਡ-ਜਰਕ ਵਿਚਕਾਰ ਅਨੁਪਾਤ ਕਾਫ਼ੀ ਵਧੀਆ ਹੈ। ਇਹ ਉਸ ਲਈ ਪ੍ਰਮੁੱਖ ਸਮਾਂ ਹੈ। 25 ਤੱਕ, ਇਹ ਉਸ ਦਾ ਸਿਖਰ ਦਾ ਸਮਾਂ ਹੈ। ਉਹ ਇਸ ਸਮੇਂ 23 ਦੀ ਹੈ। ਉਸਦੀ ਅਗਲੀ ਚੈਂਪੀਅਨਸ਼ਿਪ ਏਸ਼ੀਅਨ ਖੇਡਾਂ ਹਨ ਅਤੇ ਫਿਰ ਉਹ ਸੀਨੀਅਰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾਵੇਗੀ।"

ਕੋਚ ਸੁੰਦਰੇਸ਼ਵਰਨ ਨੇ ਕੇਆਈਯੂਜੀ 2021 'ਤੇ ਆਪਣੀ ਰਣਨੀਤੀ ਦੀ ਹੋਰ ਵਿਆਖਿਆ ਕੀਤੀ ਅਤੇ ਦੱਸਿਆ ਕਿ ਕਿਉਂ ਐੱਨ ਆਪਣੇ ਓਵਰਆਲ ਰਾਸ਼ਟਰੀ ਰਿਕਾਰਡ ਨੂੰ ਪਾਰ ਕਰਨ ਤੋਂ ਖੁੰਝ ਗਈ।

ਉਨ੍ਹਾਂ ਕਿਹਾ, "ਉਹ ਇਸ ਨੂੰ ਤੋੜਨ ਦੇ ਸਮਰੱਥ ਹੈ, ਪਰ ਇਹ ਜਾਣਬੁੱਝ ਕੇ ਕੀਤਾ ਸੀ। ਅਸੀਂ ਇਸ ਦੀ ਯੋਜਨਾ ਬਣਾਈ ਸੀ ਤਾਂ ਜੋ ਉਹ ਸੋਨ ਤਮਗਾ ਜਿੱਤੇ, ਜਿਸ ਬਾਰੇ ਸਾਨੂੰ ਯਕੀਨ ਸੀ ਕਿ ਜਦੋਂ ਉਹ 101 ਕਿਲੋਗ੍ਰਾਮ ਸਨੈਚ ਲਿਫਟ ਕਰੇਗੀ,"

ਆਪਣੇ ਸਿਖਿਆਰਥੀ 'ਤੇ ਸਪੱਸ਼ਟ ਭਰੋਸਾ ਰੱਖਦੇ ਹੋਏ, ਕੋਚ ਸੁੰਦਰੇਸ਼ਵਰਨ ਨੇ ਅੱਗੇ ਕਿਹਾ ਕਿ ਜਲਦੀ ਹੀ, ਐੱਨ ਦੁਨੀਆ ਭਰ ਦੇ ਚੋਟੀ ਦੇ ਵੇਟਲਿਫਟਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹੋਵੇਗੀ। "ਇਹ ਸੰਭਵ ਹੈ ਕਿ ਥੋੜ੍ਹੀ ਜਿਹੀ ਪੂਰਵ-ਯੋਜਨਾ ਦੇ ਨਾਲ, ਐੱਨ ਆਪਣੇ ਭਾਰ ਵਰਗ ਵਿੱਚ ਆਪਣੇ ਅੰਤਰਰਾਸ਼ਟਰੀ ਵਿਰੋਧੀਆਂ ਦਾ ਮੁਕਾਬਲਾ ਕਰਨ ਅਤੇ ਦੇਸ਼ ਲਈ ਮਾਣ ਹਾਸਲ ਕਰਨ ਦੇ ਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇੱਕ ਬਹੁਤ ਹੀ ਪ੍ਰਤੀਯੋਗੀ ਅਥਲੀਟ ਹੈ ਅਤੇ ਉਸਦੇ ਕਰੀਅਰ ਵਿੱਚ ਵੱਡੀਆਂ ਚੀਜ਼ਾਂ ਹੋਣਗੀਆਂ।"

*******

ਐੱਨਬੀ/ਓਏ



(Release ID: 1821022) Visitor Counter : 126