ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦੇ ਸਾਲ ਭਰ ਚਲਣ ਵਾਲੇ ਸੰਯੁਕਤ ਜਸ਼ਨਾਂ ਦੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ
"ਸੰਯੁਕਤ ਸਮਾਰੋਹ ਭਾਰਤ ਦੇ ਉਸ ਵਿਚਾਰ ਦੀ ਅਮਰ ਯਾਤਰਾ ਦਾ ਪ੍ਰਤੀਕ ਹੈ, ਜੋ ਵੱਖੋ-ਵੱਖਰੇ ਦੌਰ ਵਿੱਚ ਵਿਭਿੰਨ ਮਾਧਿਅਮਾਂ ਜ਼ਰੀਏ ਅੱਗੇ ਵਧਦਾ ਰਹਿੰਦਾ ਹੈ”
"ਸਾਡੇ ਤੀਰਥ ਅਸਥਾਨ ਸਿਰਫ਼ ਊਰਜਾ ਕੇਂਦਰ ਨਹੀਂ ਹਨ, ਇਹ ਸਿਰਫ਼ ਵਿਸ਼ਵਾਸ ਦੇ ਕੇਂਦਰ ਨਹੀਂ ਹਨ, ਇਹ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਦੀਆਂ ਜਾਗ੍ਰਿਤ ਸਥਾਪਨਾਵਾਂ ਹਨ"
"ਭਾਰਤ ਵਿੱਚ, ਸਾਡੇ ਰਿਸ਼ੀ-ਮੁਨੀਆਂ ਅਤੇ ਗੁਰੂਆਂ ਨੇ ਹਮੇਸ਼ਾ ਸਾਡੇ ਵਿਚਾਰਾਂ ਵਿੱਚ ਸ਼ੁਧਤਾ ਲਿਆਂਦੀ ਅਤੇ ਸਾਡੇ ਵਿਵਹਾਰ ਵਿੱਚ ਸੁਧਾਰ ਕੀਤਾ ਹੈ"
"ਸ਼੍ਰੀ ਨਰਾਇਣ ਗੁਰੂ ਨੇ ਜਾਤੀਵਾਦ ਦੇ ਨਾਮ 'ਤੇ ਵਿਤਕਰੇ ਵਿਰੁੱਧ ਇੱਕ ਤਰਕਪੂਰਨ ਅਤੇ ਵਿਹਾਰਕ ਲੜਾਈ ਲੜੀ। ਨਰਾਇਣ ਗੁਰੂ ਜੀ ਦੀ ਇਸੇ ਪ੍ਰੇਰਣਾ ਨਾਲ ਦੇਸ਼ ਅੱਜ ਗ਼ਰੀਬ, ਦੱਬੇ ਕੁਚਲੇ, ਪਛੜੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਰਿਹਾ ਹੈ”
"ਸ਼੍ਰੀ ਨਰਾਇਣ ਗੁਰੂ ਇੱਕ ਇਨਕਲਾਬੀ ਚਿੰਤਕ ਅਤੇ ਇੱਕ ਵਿਹਾਰਕ ਸੁਧਾਰਕ ਸਨ"
"ਜਦੋਂ ਅਸੀਂ ਸਮਾਜ ਸੁਧਾਰ ਦੇ ਰਾਹ 'ਤੇ ਚੱਲਦੇ ਹਾਂ, ਤਾਂ ਸਮਾਜ ਵਿੱਚ ਸਵੈ-ਸੁਧਾਰ ਦੀ ਸ਼ਕਤੀ ਵੀ ਜਾਗਦੀ ਹੈ, ‘ਬੇਟੀ ਬਚਾਓ, ਬੇਟੀ ਪੜ੍ਹਾਓ’ ਇਸ ਦੀ ਮਿਸਾਲ ਹੈ”
Posted On:
26 APR 2022 12:29PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 7 ਲੋਕ ਕਲਿਆਣ ਮਾਰਗ ਵਿਖੇ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦੇ ਸਾਲ ਭਰ ਚੱਲਣ ਵਾਲੇ ਸੰਯੁਕਤ ਜਸ਼ਨਾਂ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਾਲ ਭਰ ਚੱਲਣ ਵਾਲੇ ਸੰਯੁਕਤ ਜਸ਼ਨਾਂ ਲਈ ਲੋਗੋ ਵੀ ਲਾਂਚ ਕੀਤਾ। ਸ਼ਿਵਗਿਰੀ ਤੀਰਥ ਯਾਤਰਾ ਅਤੇ ਬ੍ਰਹਮਾ ਵਿਦਿਆਲਯ ਦੋਵੇਂ ਮਹਾਨ ਸਮਾਜ ਸੁਧਾਰਕ ਸ਼੍ਰੀ ਨਰਾਇਣ ਗੁਰੂ ਦੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਨਾਲ ਸ਼ੁਰੂ ਹੋਏ ਸਨ। ਇਸ ਮੌਕੇ 'ਤੇ ਸ਼ਿਵਗਿਰੀ ਮੱਠ ਦੇ ਅਧਿਆਤਮਕ ਆਗੂਆਂ ਅਤੇ ਸ਼ਰਧਾਲੂਆਂ ਤੋਂ ਇਲਾਵਾ ਕੇਂਦਰੀ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਅਤੇ ਸ਼੍ਰੀ ਵੀ ਮੁਰਲੀਧਰਨ ਵੀ ਹੋਰ ਪਤਵੰਤਿਆਂ ਦੇ ਨਾਲ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਆਪਣੇ ਗ੍ਰਹਿ ਵਿਖੇ ਸੰਤਾਂ ਦੇ ਆਉਣ ‘ਤੇ ਉਨ੍ਹਾਂ ਦਾ ਸੁਆਗਤ ਕਰਦਿਆਂ ਖੁਸ਼ੀ ਪ੍ਰਗਟਾਈ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਉਹ ਵਰ੍ਹਿਆਂ ਦੌਰਾਨ ਸ਼ਿਵਗਿਰੀ ਮੱਠ ਦੇ ਸੰਤਾਂ ਅਤੇ ਸ਼ਰਧਾਲੂਆਂ ਨੂੰ ਮਿਲ ਕੇ ਅਤੇ ਗੱਲਬਾਤ ਕਰਕੇ ਹਮੇਸ਼ਾ ਊਰਜਾਵਾਨ ਮਹਿਸੂਸ ਕਰਦੇ ਸਨ। ਉਨ੍ਹਾਂ ਉੱਤਰਾਖੰਡ-ਕੇਦਾਰਨਾਥ ਦੁਖਾਂਤ ਦੇ ਸਮੇਂ ਨੂੰ ਯਾਦ ਕੀਤਾ ਜਦੋਂ ਕੇਂਦਰ ਵਿੱਚ ਇੱਕ ਕਾਂਗਰਸ ਸਰਕਾਰ ਅਤੇ ਕੇਰਲ ਤੋਂ ਇੱਕ ਰੱਖਿਆ ਮੰਤਰੀ ਹੋਣ ਦੇ ਬਾਵਜੂਦ, ਉਨ੍ਹਾਂ ਨੂੰ, ਗੁਜਰਾਤ ਦੇ ਮੁੱਖ ਮੰਤਰੀ ਵਜੋਂ, ਮੱਠ ਦੁਆਰਾ ਸ਼ਿਵਗਿਰੀ ਮੱਠ ਦੇ ਸੰਤਾਂ ਦੀ ਮਦਦ ਕਰਨ ਲਈ ਕਿਹਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸ਼ਿਵਗਿਰੀ ਤੀਰਥ ਯਾਤਰਾ ਦੀ 90ਵੀਂ ਵਰ੍ਹੇਗੰਢ ਅਤੇ ਬ੍ਰਹਮ ਵਿਦਿਆਲਯ ਦੀ ਗੋਲਡਨ ਜੁਬਲੀ ਦਾ ਜਸ਼ਨ ਸਿਰਫ਼ ਇਨ੍ਹਾਂ ਸੰਸਥਾਵਾਂ ਦੀ ਯਾਤਰਾ ਤੱਕ ਸੀਮਿਤ ਨਹੀਂ ਹੈ, ਸਗੋਂ “ਇਹ ਭਾਰਤ ਦੇ ਉਸ ਵਿਚਾਰ ਦੀ ਅਮਰ ਯਾਤਰਾ ਵੀ ਹੈ, ਜੋ ਵੱਖੋ-ਵੱਖਰੇ ਦੌਰ ਵਿੱਚ ਵਿਭਿੰਨ ਮਾਧਿਅਮਾਂ ਜ਼ਰੀਏ ਅੱਗੇ ਵਧਦਾ ਰਹਿੰਦਾ ਹੈ।” ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ "ਭਾਵੇਂ ਇਹ ਵਾਰਾਣਸੀ ਵਿੱਚ ਸ਼ਿਵ ਦਾ ਸ਼ਹਿਰ ਹੋਵੇ ਜਾਂ ਵਰਕਲਾ ਵਿੱਚ ਸ਼ਿਵਗਿਰੀ, ਭਾਰਤ ਦੀ ਊਰਜਾ ਦਾ ਹਰ ਕੇਂਦਰ ਸਾਡੇ ਸਾਰੇ ਭਾਰਤੀਆਂ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਸਥਾਨ ਸਿਰਫ਼ ਤੀਰਥ ਅਸਥਾਨ ਨਹੀਂ ਹਨ, ਇਹ ਸਿਰਫ਼ ਆਸਥਾ ਦੇ ਕੇਂਦਰ ਨਹੀਂ ਹਨ, ਇਹ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਦੇ ਜਾਗ੍ਰਿਤ ਸੰਸਥਾਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੱਥੇ ਬਹੁਤ ਸਾਰੇ ਦੇਸ਼ ਅਤੇ ਸਭਿਅਤਾਵਾਂ ਆਪਣੇ ਧਰਮ ਤੋਂ ਭਟਕ ਗਈਆਂ ਹਨ ਅਤੇ ਭੌਤਿਕਵਾਦ ਅਧਿਆਤਮਵਾਦ ਦੀ ਥਾਂ ਲੈ ਗਿਆ ਹੈ, ਪਰੰਤੂ ਭਾਰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਰਿਸ਼ੀ-ਮੁਨੀਆਂ ਅਤੇ ਗੁਰੂਆਂ ਨੇ ਹਮੇਸ਼ਾ ਸਾਡੇ ਵਿਚਾਰਾਂ ਵਿੱਚ ਸ਼ੁਧਤਾ ਲਿਆਂਦੀ ਹੈ ਅਤੇ ਸਾਡੇ ਵਿਵਹਾਰ ਵਿੱਚ ਸੁਧਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਨਰਾਇਣ ਗੁਰੂ ਨੇ ਆਧੁਨਿਕਤਾ ਦੀ ਗੱਲ ਕੀਤੀ ਪਰ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੂੰ ਵੀ ਭਰਪੂਰ ਕੀਤਾ। ਉਨ੍ਹਾਂ ਸਿੱਖਿਆ ਅਤੇ ਵਿਗਿਆਨ ਦੀ ਗੱਲ ਕੀਤੀ ਪਰ ਭਾਰਤ ਦੇ ਧਰਮ, ਵਿਸ਼ਵਾਸ ਅਤੇ ਹਜ਼ਾਰਾਂ ਵਰ੍ਹੇ ਪੁਰਾਣੀ ਪਰੰਪਰਾ ਦੀ ਸ਼ਾਨ ਨੂੰ ਉੱਚਾ ਚੁੱਕਣ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਸ਼੍ਰੀ ਨਰਾਇਣ ਗੁਰੂ ਨੇ ਰੂੜ੍ਹੀਆਂ ਅਤੇ ਬੁਰਾਈਆਂ ਦੇ ਵਿਰੁੱਧ ਮੁਹਿੰਮ ਚਲਾਈ ਅਤੇ ਭਾਰਤ ਨੂੰ ਇਸਦੀ ਅਸਲੀਅਤ ਤੋਂ ਜਾਣੂ ਕਰਵਾਇਆ। ਉਨ੍ਹਾਂ ਜਾਤੀਵਾਦ ਦੇ ਨਾਂ 'ਤੇ ਹੋ ਰਹੇ ਵਿਤਕਰੇ ਵਿਰੁੱਧ ਤਰਕਪੂਰਨ ਅਤੇ ਵਿਹਾਰਕ ਲੜਾਈ ਲੜੀ। ਪ੍ਰਧਾਨ ਮੰਤਰੀ ਨੇ ਕਿਹਾ, “ਨਾਰਾਇਣ ਗੁਰੂ ਜੀ ਦੀ ਉਸੇ ਪ੍ਰੇਰਣਾ ਨਾਲ ਅੱਜ ਦੇਸ਼ ਗ਼ਰੀਬਾਂ, ਦੱਬੇ-ਕੁਚਲੇ, ਪਛੜੇ ਲੋਕਾਂ ਦੀ ਸੇਵਾ ਕਰ ਰਿਹਾ ਹੈ, ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ।
ਸ਼੍ਰੀ ਨਰਾਇਣ ਗੁਰੂ ਨੂੰ ਇੱਕ ਰੈਡੀਕਲ ਚਿੰਤਕ ਅਤੇ ਵਿਹਾਰਕ ਸੁਧਾਰਕ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਮੇਸ਼ਾ ਚਰਚਾ ਦੀ ਮਰਿਆਦਾ ਦਾ ਪਾਲਣ ਕੀਤਾ ਅਤੇ ਹਮੇਸ਼ਾ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਦੂਸਰੇ ਵਿਅਕਤੀ ਨਾਲ ਕੰਮ ਕਰਕੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝੇ ਰੂਪ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਮਾਜ ਵਿੱਚ ਅਜਿਹਾ ਮਾਹੌਲ ਸਿਰਜਦੇ ਸੀ ਕਿ ਸਮਾਜ ਖੁਦ ਹੀ ਸਹੀ ਤਰਕ ਨਾਲ ਸਵੈ-ਸੁਧਾਰ ਦੀ ਦਿਸ਼ਾ ਵਿੱਚ ਚੱਲਦਾ ਸੀ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਕਿਹਾ ਕਿ ਜਦੋਂ ਅਸੀਂ ਸਮਾਜ ਸੁਧਾਰ ਦੇ ਇਸ ਮਾਰਗ 'ਤੇ ਚੱਲਦੇ ਹਾਂ ਤਾਂ ਸਮਾਜ ਵਿੱਚ ਸਵੈ-ਸੁਧਾਰ ਦੀ ਸ਼ਕਤੀ ਵੀ ਜਾਗਦੀ ਹੈ। ਉਨ੍ਹਾਂ ਅਜੋਕੇ ਸਮੇਂ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਮੁਹਿੰਮ ਨੂੰ ਸਮਾਜਿਕ ਤੌਰ ’ਤੇ ਅਪਣਾਉਣ ਦੀ ਮਿਸਾਲ ਦਿੱਤੀ, ਜਿੱਥੇ ਸਰਕਾਰ ਦੁਆਰਾ ਢੁੱਕਵਾਂ ਮਾਹੌਲ ਸਿਰਜਣ ਕਾਰਨ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਭਾਰਤੀ ਹੋਣ ਦੇ ਨਾਤੇ, ਸਾਡੇ ਕੋਲ ਸਿਰਫ਼ ਇੱਕ ਜਾਤੀ ਹੈ ਯਾਨੀ ਭਾਰਤੀਤਾ। ਸਾਡਾ ਇੱਕ ਹੀ ਧਰਮ ਹੈ - ਸੇਵਾ ਅਤੇ ਕਰਤੱਵ ਦਾ ਧਰਮ। ਸਾਡੇ ਕੋਲ ਇੱਕ ਹੀ ਦੇਵਤਾ ਹੈ - ਭਾਰਤ ਮਾਤਾ। ਉਨ੍ਹਾਂ ਕਿਹਾ ਕਿ ਸ਼੍ਰੀ ਨਰਾਇਣ ਗੁਰੂ ਦਾ ‘ਇੱਕ ਜਾਤੀ, ਇੱਕ ਧਰਮ, ਇੱਕ ਪ੍ਰਮਾਤਮਾ’ ਦਾ ਉਪਦੇਸ਼ ਸਾਡੀ ਦੇਸ਼ ਭਗਤੀ ਨੂੰ ਇੱਕ ਅਧਿਆਤਮਿਕ ਪਹਿਲੂ ਦਿੰਦਾ ਹੈ। ਉਨ੍ਹਾਂ ਕਿਹਾ "ਅਸੀਂ ਸਾਰੇ ਜਾਣਦੇ ਹਾਂ ਕਿ ਇੱਕਮੁੱਠ ਹੋਏ ਭਾਰਤੀਆਂ ਲਈ ਦੁਨੀਆ ਦਾ ਕੋਈ ਵੀ ਲਕਸ਼ ਅਸੰਭਵ ਨਹੀਂ ਹੈ।”
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਪਿੱਠਭੂਮੀ ਵਿੱਚ, ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸੁਤੰਤਰਤਾ ਸੰਗਰਾਮ ਦਾ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ, ਜਿਸਦਾ ਉਨ੍ਹਾਂ ਅਨੁਸਾਰ ਹਮੇਸ਼ਾ ਅਧਿਆਤਮਿਕ ਅਧਾਰ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਸੁਤੰਤਰਤਾ ਸੰਘਰਸ਼ ਕਦੇ ਵੀ ਵਿਰੋਧ ਦੇ ਪ੍ਰਗਟਾਵੇ ਅਤੇ ਰਾਜਨੀਤਿਕ ਰਣਨੀਤੀਆਂ ਤੱਕ ਸੀਮਿਤ ਨਹੀਂ ਸੀ, ਜਦਕਿ ਇਹ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਦੀ ਲੜਾਈ ਸੀ, ਇਹ ਇਸ ਵਿਜ਼ਨ ਨਾਲ ਦਰਸਾਇਆ ਗਿਆ ਸੀ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਰੂਪ ਵਿੱਚ ਕਿਵੇਂ ਹੋਵਾਂਗੇ, ਸਿਰਫ਼ ਉਹ ਚੀਜ਼ ਮਹੱਤਵਪੂਰਨ ਨਹੀਂ ਹੈ ਜਿਸਦਾ ਅਸੀਂ ਵਿਰੋਧ ਕਰਦੇ ਹਾਂ, ਅਸੀਂ ਕਿਸ ਲਈ ਖੜ੍ਹੇ ਹਾਂ ਇਹ ਜ਼ਿਆਦਾ ਮਹੱਤਵਪੂਰਣ ਹੈ।”
ਪ੍ਰਧਾਨ ਮੰਤਰੀ ਨੇ ਸ਼੍ਰੀ ਨਰਾਇਣ ਗੁਰੂ ਨਾਲ ਸੁਤੰਤਰਤਾ ਸੰਗਰਾਮ ਦੇ ਦਿੱਗਜਾਂ ਦੀਆਂ ਯੁੱਗ-ਰਚਨਾ ਵਾਲੀਆਂ ਮੁਲਾਕਾਤਾਂ ਨੂੰ ਯਾਦ ਕੀਤਾ। ਗੁਰੂਦੇਵ ਰਬਿੰਦਰਨਾਥ ਟੈਗੋਰ, ਗਾਂਧੀ ਜੀ ਅਤੇ ਸਵਾਮੀ ਵਿਵੇਕਾਨੰਦ ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼੍ਰੀ ਨਰਾਇਣ ਗੁਰੂ ਨੂੰ ਵੱਖੋ-ਵੱਖਰੇ ਮੌਕਿਆਂ 'ਤੇ ਮਿਲੇ ਸਨ ਅਤੇ ਇਨ੍ਹਾਂ ਮੁਲਾਕਾਤਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦੇ ਪੁਨਰ ਨਿਰਮਾਣ ਦੇ ਬੀਜ ਬੀਜੇ ਗਏ ਸਨ, ਜਿਸ ਦੇ ਨਤੀਜੇ ਅੱਜ ਦੇ ਭਾਰਤ ਅਤੇ ਰਾਸ਼ਟਰ ਦੀ 75 ਵਰ੍ਹਿਆਂ ਦੀ ਯਾਤਰਾ ਵਿੱਚ ਦਿਖਾਈ ਦੇ ਰਹੇ ਹਨ। ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ 10 ਵਰ੍ਹਿਆਂ ਵਿੱਚ ਸ਼ਿਵਗਿਰੀ ਤੀਰਥ ਯਾਤਰਾ ਅਤੇ 25 ਵਰ੍ਹਿਆਂ ਵਿੱਚ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਕੇ 'ਤੇ ਸਾਡੀ ਪ੍ਰਾਪਤੀ ਅਤੇ ਦ੍ਰਿਸ਼ਟੀ ਅਯਾਮ ਵਿਚ ਗਲੋਬਲ ਹੋਣੀ ਚਾਹੀਦੀ ਹੈ।
ਸ਼ਿਵਗਿਰੀ ਤੀਰਥ ਯਾਤਰਾ ਹਰ ਵਰ੍ਹੇ 30 ਦਸੰਬਰ ਤੋਂ 1 ਜਨਵਰੀ ਤੱਕ ਤਿੰਨ ਦਿਨਾਂ ਲਈ ਸ਼ਿਵਗਿਰੀ, ਤਿਰੂਵਨੰਤਪੁਰਮ ਵਿਖੇ ਆਯੋਜਿਤ ਕੀਤੀ ਜਾਂਦੀ ਹੈ। ਸ਼੍ਰੀ ਨਰਾਇਣ ਗੁਰੂ ਦੇ ਅਨੁਸਾਰ, ਤੀਰਥ ਯਾਤਰਾ ਦਾ ਉਦੇਸ਼ ਲੋਕਾਂ ਵਿੱਚ ਵਿਆਪਕ ਗਿਆਨ ਦੀ ਸਿਰਜਣਾ ਹੋਣਾ ਚਾਹੀਦਾ ਹੈ ਅਤੇ ਤੀਰਥ ਯਾਤਰਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਅਤੇ ਸਮ੍ਰਿਧੀ ਵਿੱਚ ਸਹਾਈ ਹੋਣੀ ਚਾਹੀਦੀ ਹੈ। ਇਸ ਲਈ ਤੀਰਥ ਯਾਤਰਾ ਅੱਠ ਵਿਸ਼ਿਆਂ ਯਾਨੀ ਕਿ ਸਿੱਖਿਆ, ਸਵੱਛਤਾ, ਪਵਿਤਰਤਾ, ਦਸਤਕਾਰੀ, ਵਪਾਰ ਅਤੇ ਵਣਜ, ਖੇਤੀਬਾੜੀ, ਵਿਗਿਆਨ ਅਤੇ ਟੈਕਨੋਲੋਜੀ ਅਤੇ ਸੰਗਠਿਤ ਪ੍ਰਯਤਨਾਂ 'ਤੇ ਕੇਂਦਰਿਤ ਹੈ।
ਤੀਰਥ ਯਾਤਰਾ 1933 ਵਿੱਚ ਮੁੱਠੀ ਭਰ ਸ਼ਰਧਾਲੂਆਂ ਨਾਲ ਸ਼ੁਰੂ ਹੋਈ ਸੀ ਪਰ ਹੁਣ ਇਹ ਦੱਖਣੀ ਭਾਰਤ ਦੀਆਂ ਪ੍ਰਮੁੱਖ ਈਵੈਂਟਸ ਵਿੱਚੋਂ ਇੱਕ ਬਣ ਗਈ ਹੈ। ਹਰ ਵਰ੍ਹੇ, ਜਾਤ, ਨਸਲ, ਧਰਮ ਅਤੇ ਭਾਸ਼ਾ ਦੀ ਪਰਵਾਹ ਕੀਤੇ ਬਿਨਾਂ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਤੀਰਥ ਯਾਤਰਾ ਵਿੱਚ ਹਿੱਸਾ ਲੈਣ ਲਈ ਸ਼ਿਵਗਿਰੀ ਆਉਂਦੇ ਹਨ।
ਸ਼੍ਰੀ ਨਰਾਇਣ ਗੁਰੂ ਨੇ ਸਾਰੇ ਧਰਮਾਂ ਦੇ ਸਿਧਾਂਤਾਂ ਨੂੰ ਸਮਾਨਤਾ ਅਤੇ ਬਰਾਬਰ ਸਤਿਕਾਰ ਨਾਲ ਸਿਖਾਉਣ ਲਈ ਇੱਕ ਅਸਥਾਨ ਦੀ ਕਲਪਨਾ ਕੀਤੀ ਸੀ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਸ਼ਿਵਗਿਰੀ ਦੇ ਬ੍ਰਹਮ ਵਿਦਿਆਲਯ ਦੀ ਸਥਾਪਨਾ ਕੀਤੀ ਗਈ ਸੀ। ਬ੍ਰਹਮ ਵਿਦਿਆਲਯ ਸ਼੍ਰੀ ਨਰਾਇਣ ਗੁਰੂ ਦੀਆਂ ਰਚਨਾਵਾਂ ਅਤੇ ਦੁਨੀਆ ਦੇ ਸਾਰੇ ਮਹੱਤਵਪੂਰਨ ਧਰਮਾਂ ਦੇ ਗ੍ਰੰਥਾਂ ਸਮੇਤ ਭਾਰਤੀ ਫਲਸਫ਼ੇ 'ਤੇ 7-ਸਾਲ ਦਾ ਕੋਰਸ ਪੇਸ਼ ਕਰਦਾ ਹੈ।
************
ਡੀਐੱਸ
(Release ID: 1820216)
Visitor Counter : 175
Read this release in:
Odia
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam
,
Malayalam