ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਲੋਕਤੰਤਰ ਵਿੱਚ ਜਨ ਪ੍ਰਤੀਨਿਧੀਆਂ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੁੰਦੀ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਗਾਂਧੀਨਗਰ ਵਿੱਚ ਗੁਜਰਾਤ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਿਤ ਕੀਤਾ

Posted On: 24 MAR 2022 12:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਲੋਕਤੰਤਰ ਵਿੱਚ ਜਨ ਪ੍ਰਤੀਨਿਧੀਆਂ ਦੀ ਭੂਮਿਕਾ ਅਤਿਅੰਤ ਮਹੱਤਵਪੂਰਨ ਹੁੰਦੀ ਹੈ। ਉਹ ਅੱਜ (24 ਮਾਰਚ, 2022) ਗਾਂਧੀਨਗਰ ਵਿੱਚ ਗੁਜਰਾਤ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰ ਆਪਣੇ ਖੇਤਰਾਂ ਦੇ ਅਤੇ ਰਾਜ ਦੇ ਪ੍ਰਤੀਨਿਧੀ ਹੁੰਦੇ ਹਨ; ਲੇਕਿਨ ਇਸ ਗੱਲ ਦਾ ਮਹੱਤਵ ਅਧਿਕ ਹੈ ਕਿ ਲੋਕ ਉਨ੍ਹਾਂ ਨੂੰ ਆਪਣਾ ਭਾਗ ਵਿਧਾਤਾ ਮੰਨਦੇ ਹਨ। ਲੋਕਾਂ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਉਨ੍ਹਾਂ ਨਾਲ ਜੁੜੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਇਨ੍ਹਾਂ ਆਕਾਂਖਿਆਵਾਂ ਨੂੰ ਪੂਰਾ ਕਰਨਾ ਸਭ ਜਨ ਪ੍ਰਤੀਨਿਧੀਆਂ ਦੇ ਲਈ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਉਸ ਸਮੇਂ ਗੁਜਰਾਤ ਵਿਧਾਨ ਸਭਾ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਹਨ, ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਅਤੇ ਉਸ ਦਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਲਈ ਗੁਜਰਾਤ ਤੋਂ ਬਿਹਤਰ ਸਥਾਨ ਹੋਰ ਕੀ ਹੋ ਸਕਦਾ ਹੈ। ਗੁਜਰਾਤ ਖੇਤਰ ਦੇ ਲੋਕ ਸੁਤੰਤਰ ਭਾਰਤ ਦੀ ਅਲਖ ਜਗਾਉਣ ਵਿੱਚ ਮੋਹਰੀ ਰਹੇ ਹਨ। 19ਵੀਂ ਸ਼ਤਾਬਦੀ ਦੇ ਅੰਤਿਮ ਦਹਾਕੇ ਵਿੱਚ, ਦਾਦਾਭਾਈ ਨੌਰੋਜੀ ਅਤੇ ਫਿਰੋਜ਼ ਸ਼ਾਹ ਮੇਹਤਾ ਜਿਹੀਆਂ ਹਸਤੀਆਂ ਨੇ ਭਾਰਤੀਆਂ ਦੇ ਅਧਿਕਾਰਾਂ ਦੇ ਲਈ ਆਵਾਜ਼ ਉਠਾਈ ਸੀ । ਉਸ ਸੰਘਰਸ਼ ਨੂੰ ਗੁਜਰਾਤ ਦੇ ਲੋਕ ਲਗਾਤਾਰ ਮਜ਼ਬੂਤ ਕਰਦੇ ਰਹੇ, ਜੋ ਫਲਸਰੂਪ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਭਾਰਤ ਦੀ ਸੁਤੰਤਰਤਾ ਦੀ ਪਰਾਕਸ਼ਠਾ ਨੂੰ ਪਹੁੰਚਿਆ।

 ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਨਾ ਕੇਵਲ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਅਗਵਾਈ ਪ੍ਰਦਾਨ ਕੀਤੀ, ਬਲਕਿ ਉਨ੍ਹਾਂ ਨੇ ਪੂਰੀ ਦੁਨੀਆ ਨੂੰ ਨਵਾਂ ਰਾਹ ਵੀ ਦਿਖਾਇਆ, ਨਵੇਂ ਵਿਚਾਰ ਅਤੇ ਨਵਾਂ ਦਰਸ਼ਨ ਦਿੱਤਾ। ਅੱਜ ਵਿਸ਼ਵ ਵਿੱਚ ਜਿੱਥੇ ਵੀ ਕਿਸੇ ਪ੍ਰਕਾਰ ਦੀ ਹਿੰਸਾ ਹੁੰਦੀ ਹੈ, ਤਾਂ ਬਾਪੂ ਦੇ ਮੰਤਰ ‘ਅਹਿੰਸਾ’ ਦਾ ਮਹੱਤਵ ਸਮਝ ਵਿੱਚ ਆਉਣ ਲਗਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਦਾ ਇਤਿਹਾਸ ਅਨੋਖਾ ਹੈ। ਇਹ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਭੂਮੀ ਹੈ ਅਤੇ ਇਸ ਨੂੰ ਸੱਤਿਆਗ੍ਰਹਿ ਦੀ ਭੂਮੀ ਕਿਹਾ ਜਾ ਸਕਦਾ ਹੈ। ਸੱਤਿਆਗ੍ਰਹਿ ਦਾ ਮੰਤਰ ਪੂਰੀ ਦੁਨੀਆ ਵਿੱਚ ਉਪਨਿਵੇਸ਼ ਦੇ ਵਿਰੁੱਧ ਅਚੂਕ ਅਸਤਰ ਦੇ ਰੂਪ ਵਿੱਚ ਸਥਾਪਿਤ ਹੋ ਗਿਆ ਹੈ। ਬਾਰਡੋਲੀ ਸੱਤਿਆਗ੍ਰਹਿ, ਨਮਕ ਅੰਦੋਲਨ ਅਤੇ ਦਾਂਡੀ ਮਾਰਚ ਨੇ ਸਾਡੇ ਸੁਤੰਤਰਤਾ ਸੰਗ੍ਰਾਮ ਨੂੰ ਨਾ ਕੇਵਲ ਨਵਾਂ ਆਕਾਰ ਦਿੱਤਾ , ਬਲਕਿ ਪ੍ਰਤੀਰੋਧ ਦੀ ਅਭਿਵਿਅਕਤੀ ਤੇ ਜਨ ਅੰਦੋਲਨ ਦੀ ਪ੍ਰਣਾਲੀ ਨੂੰ ਨਵੇਂ ਅਯਾਮ ਵੀ ਦਿੱਤੇ।

ਰਾਸ਼ਟਰਪਤੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਸੁਤੰਤਰ ਭਾਰਤ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ਅਤੇ ਪ੍ਰਸ਼ਾਸਨ ਦਾ ਨੀਂਹ ਪੱਥਰ ਰੱਖਿਆ। ਨਰਮਦਾ ਦੇ ਕਿਨਾਰੇ ਸਥਿਤ ਉਨ੍ਹਾਂ ਦੀ ਪ੍ਰਤਿਮਾ 'ਸਟੈਚੂ ਆਵ੍ ਯੂਨਿਟੀ' ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ ਹੈ ਅਤੇ ਉਨ੍ਹਾਂ ਦੀ ਸਮ੍ਰਿਤੀ ਦੇ ਪ੍ਰਤੀ ਇਹ ਕ੍ਰਿਤੱਗ ਰਾਸ਼ਟਰ ਦਾ ਅਕਿੰਚਨ ਉਪਹਾਰ ਹੈ। ਭਾਰਤਵਾਸੀਆਂ ਦੇ ਮਨ ਵਿੱਚ ਉਨ੍ਹਾਂ ਦਾ ਕਦ ਤਾਂ ਇਸ ਤੋਂ ਵੀ ਬੜਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਰਾਜਨੀਤੀ ਤੋਂ ਇਲਾਵਾ, ਗੁਜਰਾਤ ਨੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਧਿਆਤਮਿਕ  ਰੂਪ ਨਾਲ ਦੇਖਿਆ ਜਾਵੇ ਤਾਂ ਨਰਸਿੰਹ ਮਹਿਤਾ ਦੀ ਇਸ ਭੂਮੀ ਦਾ ਬਹੁਤ ਪ੍ਰਭਾਵ ਹੈ। ਉਨ੍ਹਾਂ ਦਾ ਭਜਨ “ਵੈਸ਼ਣਵ ਜਨ ਤੋ ਤੇਨੇ ਕਹਿਯੇ ਜੇ ਪੀਰ ਪਰਾਈ ਜਾਨੇ ਰੇ (वैष्णव जन तो तेने कहिये जे पीर पराई जाने रे ਤਾਂ ਸਾਡੇ ਸੁਤੰਤਰਤਾ ਸੰਘਰਸ਼ ਦਾ ਗਾਨ ਬਣ ਗਿਆ ਸੀ। ਇਸ ਭਜਨ ਨੇ ਭਾਰਤੀ ਸੱਭਿਆਚਾਰ ਦੇ ਮਾਨਵੀ ਪੱਖ ਦਾ ਵੀ ਪ੍ਰਸਾਰ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਦੀ ਉਦਾਰਤਾ, ਭਾਰਤੀ ਸੱਭਿਆਚਾਰ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਸਭ ਵਰਗਾਂ ਅਤੇ ਭਾਈਚਾਰਿਆਂ ਦੇ ਲੋਕ ਪ੍ਰਾਚੀਨ ਕਾਲ ਤੋਂ ਹੀ ਇੱਥੇ ਭਾਈਚਾਰੇ ਦੀ ਭਾਵਨਾ ਦੇ ਨਾਲ ਰਹਿ ਰਹੇ ਹਨ।

ਰਾਸ਼ਟਰਪਤੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਗੁਜਰਾਤ ਨੇ ਆਧੁਨਿਕ ਕਾਲ ਵਿੱਚ ਵਿਗਿਆਨ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਯੋਗਦਾਨ ਕੀਤਾ ਹੈ। ਜਿੱਥੇ ਡਾ. ਹੋਮੀ ਜਹਾਂਗੀਰ ਭਾਭਾ ਨੂੰ ਭਾਰਤੀ ਪ੍ਰਮਾਣੂ ਪ੍ਰੋਗਰਾਮ ਦਾ ਪਿਤਾਕਿਹਾ ਜਾਂਦਾ ਹੈ, ਉੱਥੇ ਭੌਤਿਕ ਖੋਜ ਪ੍ਰਯੋਗਸ਼ਾਲਾ ਦੇ ਸੰਸਥਾਪਕ ਡਾ. ਵਿਕਰਮ ਸਾਰਾਭਾਈ ਨੂੰ ਭਾਰਤੀ ਵਿਗਿਆਨ, ਵਿਸ਼ੇਸ਼ ਕਰਕੇ ਭਾਰਤ ਦੇ ਪੁਲਾੜ ਖੋਜ ਦਾ ਯੁਗਦ੍ਰਿਸ਼ਟਾ ਮੰਨਿਆ ਜਾਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ 1960 ਵਿੱਚ ਜਦੋਂ ਗੁਜਰਾਤ ਹੋਂਦ ਵਿੱਚ ਆਇਆ ਸੀ, ਉਦੋਂ ਤੋਂ ਉਹ ਆਪਣੇ ਉੱਦਮ ਅਤੇ ਅਤੇ ਨਵੀਂ ਸੋਚ ਦੇ ਅਧਾਰ ’ਤੇ ਵਿਕਾਸ ਪਥ ’ਤੇ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ  ਕਿਹਾ ਕਿ ਸ਼ਵੇਤ (ਚਿੱਟੀ) ਕ੍ਰਾਂਤੀ ਗੁਜਰਾਤ ਦੀ ਭੂਮੀ ’ਤੇ ਹੀ ਸ਼ੁਰੂ ਹੋਈ ਸੀ ਅਤੇ ਉਸ ਨੇ ਪੋਸ਼ਣ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕਰ ਦਿੱਤਾ ਹੈ। ਅੱਜ ਭਾਰਤ ਦੁੱਧ ਦੇ ਕੁੱਲ ਉਤਪਾਦਨ ਅਤੇ ਖਪਤ ਵਿੱਚ ਵਿਸ਼ਵ ਵਿੱਚ ਪਹਿਲੇ ਸਥਾਨ ’ਤੇ ਹੈ। ਗੁਜਰਾਤ ਦੀਆਂ ਦੁੱਧ ਸਹਿਕਾਰਤਾ ਸੋਸਾਇਟੀਆਂ ਇਸ ਸਫ਼ਲਤਾ ਦੀਆਂ ਮੋਹਰੀ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਹੈ, ਜਿਸ ਦਾ ਉਦੇਸ਼ ਗੁਜਰਾਤ ਦੀ ਸਫ਼ਲਤਾ ਤੇ ਸਹਿਕਾਰੀ ਸੱਭਿਆਚਾਰ ਦੇ ਲਾਭਾਂ ਦਾ ਦੇਸ਼ ਭਰ ਵਿੱਚ ਵਿਸਤਾਰ ਕਰਨਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਨੇ ਰਾਜ ਦੇ ਸਮੁੱਚੇ ਵਿਕਾਸ ਦੇ ਲਈ ਨਵੇਂ ਕ੍ਰਾਂਤੀਕਾਰੀ ਕਦਮ ਉਠਾਏ ਹਨ। ਗੁਜਰਾਤ ਪੰਚਾਇਤ ਬਿਲ, 1961 ਅਤੇ ਗੁਜਰਾਤ ਜ਼ਰੂਰੀ ਬੁਨਿਆਦੀ ਸਿੱਖਿਆ ਐਕਟ, 1961 ਦੇ ਜ਼ਰੀਏ ਸਥਾਨਕ ਸਵੈ-ਸ਼ਾਸਨ ਅਤੇ ਸਿੱਖਿਆ ਵਿੱਚ ਪ੍ਰਗਤੀਸ਼ੀਲ ਪ੍ਰਣਾਲੀ ਸਥਾਪਿਤ ਕੀਤੀ ਗਈ ਸੀ। ਗੁਜਰਾਤ ਇਕੱਲਾ ਅਜਿਹਾ ਰਾਜ ਹੈ, ਜਿੱਥੇ ਗੁਜਰਾਤ ਬੁਨਿਆਦੀ ਢਾਂਚਾ ਵਿਕਾਸ ਐਕਟ, 1999 ਨੂੰ ਵਿਧਾਨ ਸਭਾ ਨੇ ਪਾਸ ਕੀਤਾ ਸੀ, ਤਾਕਿ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਤੇ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਗੁਜਰਾਤ ਜੈਵਿਕ ਖੇਤੀਬਾੜੀ ਯੂਨੀਵਰਸਿਟੀ ਐਕਟ, 2017 ਨੂੰ ਵਿਧਾਨ ਸਭਾ ਨੇ ਪਾਸ ਕੀਤਾ, ਜੋ ਭਵਿੱਖ ਨੂੰ ਦੇਖਦੇ ਹੋਏ ਕਾਨੂੰਨ ਨੂੰ ਦਿਸ਼ਾ ਦੇਣ ਦੇ ਸੰਦਰਭ ਵਿੱਚ ਮਹੱਤਵਪੂਰਨ ਹੈ। ਉਨ੍ਹਾਂ ਨੇ ਗੁਜਰਾਤ ਦੀ ਵਰਤਮਾਨ ਅਤੇ ਪਹਿਲਾਂ ਦੀਆਂ ਸਰਕਾਰਾਂ ਅਤੇ ਗੁਜਰਾਤ ਵਿਧਾਨ ਸਭਾ ਦੇ ਵਰਤਮਾਨ ਅਤੇ ਸਾਬਕਾ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਸਭ ਨੇ ਗੁਜਰਾਤ ਦੀ ਬਹੁਪੱਖੀ ਪ੍ਰਗਤੀ ਵਿੱਚ ਯੋਗਦਾਨ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਵਿਕਾਸ ਦੇ ਗੁਜਰਾਤ ਮਾਡਲ ਨੂੰ ਮਿਸਾਲੀ ਮੰਨਿਆ ਜਾ ਰਿਹਾ ਹੈ, ਜਿਸ ਨੂੰ ਦੇਸ਼ ਦੇ ਕਿਸੇ ਵੀ ਰਾਜ ਅਤੇ ਖੇਤਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਸਾਬਰਮਤੀ ਰਿਵਰ-ਫ੍ਰੰਟ ਸ਼ਹਿਰੀ ਰੂਪਾਂਤਰਣ ਦੀ ਪ੍ਰਭਾਵਸ਼ਾਲੀ ਉਦਾਹਰਣ ਹੈ। ਸਾਬਰਮਤੀ ਅਤੇ ਉਸ ਦੇ ਰਹਿਣ ਵਾਲਿਆਂ ਦੇ ਦਰਮਿਆਨ ਦੇ ਰਿਸ਼ਤੇ ਨੂੰ ਇੱਕ ਨਵਾਂ ਆਯਾਮ ਮਿਲਿਆ ਹੈ, ਉੱਥੇ ਵਾਤਾਵਰਣ ਵੀ ਸੁਰੱਖਿਅਤ ਹੋ ਗਿਆ ਹੈ। ਇਹ ਦੇਸ਼ ਦੇ ਉਨ੍ਹਾਂ ਸ਼ਹਿਰਾਂ ਦੇ ਲਈ ਵੀ ਅੱਛੀ ਉਦਾਹਰਣ ਬਣ ਸਕਦਾ ਹੈ, ਜੋ ਨਦੀ ਕਿਨਾਰੇ ਆਬਾਦ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਸਾਡਾ ਇਹ ਕਰਤੱਵ ਬਣਦਾ ਹੈ ਕਿ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦੇ ਹੋਏ ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਸਾਰਥਕ ਕਦਮ ਉਠਾਈਏ। ਇਸ ਲਈ 2047 ਵਿੱਚ ਜਦੋਂ ਭਾਰਤ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾ ਰਿਹਾ ਹੋਵੇਗਾ, ਤਾਂ ਉਸ ਸਮੇਂ ਦੀ ਪੀੜ੍ਹੀ ਆਪਣੇ ਦੇਸ਼ ’ਤੇ ਮਾਣ ਕਰੇਗੀ। ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਸਰਕਾਰ, ਰਾਜ ਸਰਕਾਰਾਂ ਅਤੇ ਸਾਰੇ ਦੇਸ਼ਵਾਸੀ ਭਾਰਤ ਦੇ ਸ਼ਤਾਬਦੀ ਸਾਲ ਨੂੰ ਸੁਨਹਿਰੀ ਯੁਗ ਬਣਾਉਣ ਦੇ ਲਈ ਇਕੱਠੇ ਵਿਕਾਸ ਪਥ ’ਤੇ ਅੱਗੇ ਵਧਦੇ ਰਹਿਣਗੇ।

ਰਾਸ਼ਟਰਪਤੀ ਦਾ ਸੰਬੋਧਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ

*****

ਡੀਐੱਸ/ਬੀਐੱਮ


(Release ID: 1809487) Visitor Counter : 179