ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਭਾਰਤੀ ਸੱਭਿਆਚਾਰ ਅਤੇ ਵਿਰਾਸਤ ’ਤੇ ਜ਼ੋਰ ਦੇਣ ਦੇ ਨਾਲ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਦਾ ਸੱਦਾ ਦਿੱਤਾ


ਸਿੱਖਿਆ ਨੂੰ ਇੱਕ ਮਿਸ਼ਨ ਵਜੋਂ ਸਮਝਿਆ ਜਾਣਾ ਚਾਹੀਦਾ ਹੈ ਜੋ ਸਮਾਜਿਕ ਤੌਰ ’ਤੇ ਚੇਤੰਨ ਅਤੇ ਜ਼ਿੰਮੇਵਾਰ ਨਾਗਰਿਕ ਪੈਦਾ ਕਰਦੀ ਹੈ: ਉਪ-ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਸ਼੍ਰੀ ਪਤੀਬੰਦਲਾ ਸੀਤਾਰਮਈਆ ਹਾਈ ਸਕੂਲ ਗੁੰਟੂਰ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ

ਉਪ ਰਾਸ਼ਟਰਪਤੀ ਨੇ ਗੁੰਟੂਰ ਵਿੱਚ ਅੰਨਾਮਈਆ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਪੜ੍ਹਨ ਦੀ ਆਦਤ ਪਾਉਣ ਦਾ ਸੱਦਾ ਦਿੱਤਾ

Posted On: 01 MAR 2022 12:55PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤੀ ਸੱਭਿਆਚਾਰ ਅਤੇ ਵਿਰਾਸਤ ’ਤੇ ਜ਼ੋਰ ਦਿੰਦੇ ਹੋਏ ਬੱਚਿਆਂ ਨੂੰ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ‘ਸਿੱਖਿਆ ਦਾ ਮਤਲਬ ਸਸ਼ਕਤੀਕਰਣ, ਗਿਆਨ ਅਤੇ ਰੋਜ਼ਗਾਰ ਲਈ ਹੈ, ਸਿਰਫ਼ ਡਿਗਰੀਆਂ ਅਤੇ ਸਰਟੀਫਿਕੇਟਾਂ ਦੀ ਪ੍ਰਾਪਤੀ ਲਈ ਨਹੀਂ।’

ਸਿੱਖਿਆ ਦੇ ਵਪਾਰੀਕਰਣ ਦੀ ਨਿੰਦਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੁਰਾਣੇ ਜ਼ਮਾਨੇ ਵਿੱਚ ਸਿੱਖਿਆ ਅਤੇ ਦਵਾਈ ਨੂੰ ਮਿਸ਼ਨ ਸਮਝਿਆ ਜਾਂਦਾ ਸੀ। ਸਿੱਖਿਆ ਤੋਂ ਸਮਾਜਿਕ ਤੌਰ ’ਤੇ ਚੇਤੰਨ ਅਤੇ ਜ਼ਿੰਮੇਵਾਰ ਨਾਗਰਿਕ ਪੈਦਾ ਹੋਣੇ ਚਾਹੀਦੇ ਹਨ ਜੋ ਸਮਾਜ ਅਤੇ ਦੇਸ਼ ਦੇ ਵੱਡੇ ਭਲੇ ਲਈ ਨਿਰਸੁਆਰਥ ਯਤਨ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ, “ਜੇਕਰ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਕੋਈ ਵੀ ਤੁਹਾਨੂੰ ਯਾਦ ਨਹੀਂ ਰੱਖੇਗਾ ਪਰ ਜੇ ਤੁਸੀਂ ਦੂਸਰਿਆਂ ਲਈ ਜੀਓਗੇ, ਤਾਂ ਤੁਸੀਂ ਅਮਰ ਹੋ ਜਾਵੋਗੇ, ਅਤੇ ਤੁਸੀਂ ਦੂਸਰਿਆਂ ਦੀ ਯਾਦ ਵਿੱਚ ਲੰਬੇ ਸਮੇਂ ਤੱਕ ਜਿਊਂਦੇ ਰਹੋਂਗੇ

ਸ਼੍ਰੀ ਨਾਇਡੂ ਗੁੰਟੂਰ ਦੇ ਸ਼੍ਰੀ ਪਤੀਬੰਦਲਾ ਸੀਤਾਰਮਈਆ ਹਾਈ ਸਕੂਲ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਹਿੱਸਾ ਲੈ ਰਹੇ ਸਨ। ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸੰਪੂਰਨ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ। ਸਰੀਰਕ ਤੰਦਰੁਸਤੀ ਅਤੇ ਬਾਗਬਾਨੀ ਜਿਹੀਆਂ ਗਤੀਵਿਧੀਆਂ ਵੱਲ ਵੀ ਬਰਾਬਰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਨੂੰ ਪਹਿਲ ਦੇਣ ਦੀ ਜ਼ਰੂਰਤ ਨੂੰ ਦੁਹਰਾਇਆ। ਦੂਸਰੀਆਂ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਆਪਣੀ ਮਾਤ ਭਾਸ਼ਾ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ।

ਸਮਾਜ ਵਿੱਚ ਡਿੱਗ ਰਹੀਆਂ ਕਦਰਾਂ-ਕੀਮਤਾਂ ’ਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਲੋਕਾਂ ਨੂੰ 4 ਗੁਣਾਂ - ਚਰਿੱਤਰ, ਸਮਰੱਥਾ, ਆਚਰਣ (ਚੰਗਾ) ਅਤੇ ਯੋਗਤਾ ਵਾਲੇ ਜਨਤਕ ਨੁਮਾਇੰਦਿਆਂ ਨੂੰ ਚੁਣਨ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕ ਨੁਮਾਇੰਦਿਆਂ ਨੂੰ ਅਨੁਸ਼ਾਸਨ ਅਤੇ ਲੋਕ ਭਲਾਈ ਲਈ ਵਚਨਬੱਧਤਾ ਰੱਖਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਉਪ-ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਹ ਭਾਰਤ ਨੂੰ ਇੱਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਹਨ, ‘ਜਿੱਥੇ ਭੁੱਖ, ਅਨਪੜ੍ਹਤਾ ਅਤੇ ਵਿਤਕਰਾ ਨਾ ਹੋਵੇ

ਬਾਅਦ ਵਿੱਚ, ਉਪ ਰਾਸ਼ਟਰਪਤੀ ਨੇ ਗੁੰਟੂਰ ਵਿੱਚ ਅੰਨਾਮਈਆ ਲਾਇਬ੍ਰੇਰੀ ਦਾ ਦੌਰਾ ਕੀਤਾ, ਜਿਸ ਵਿੱਚ ਵਿਆਪਕ ਵਿਸ਼ਿਆਂ ’ਤੇ 2 ਲੱਖ ਕਿਤਾਬਾਂ ਦਾ ਭੰਡਾਰ ਹੈ, ਜਿਸ ਵਿੱਚ ਕੁਝ ਦੁਰਲੱਭ ਪੁਸਤਕਾਂ ਵੀ ਸ਼ਾਮਲ ਹਨ। ਸ਼੍ਰੀ ਨਾਇਡੂ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਪੜ੍ਹਨ ਦੀ ਆਦਤ ਪਾਉਣ ਦਾ ਸੱਦਾ ਦਿੱਤਾ।

*****

ਐੱਮਐੱਸ/ਆਰਕੇ


(Release ID: 1802121) Visitor Counter : 153