ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਰਾਸ਼ਟਰੀ ਪੋਲੀਓ ਟੀਕਾਰਕਣ ਮੁਹਿੰਮ 2022 ਲਾਂਚ ਕੀਤੀ



5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਉਣੀਆਂ ਚਾਹੀਦੀਆਂ ਹਨ: ਡਾ. ਮਨਸੁਖ ਮਾਂਡਵੀਯਾ



"ਸਵਸਥ ਬੱਚਿਆਂ ਤੋਂ ਭਾਵ ਹੈ ਸਵਸਥ ਭਾਈਚਾਰੇ ਅਤੇ ਇੱਕ ਸਵਸਥ ਰਾਸ਼ਟਰ "



“ਜਿਵੇਂ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਕਲਪਨਾ ਕੀਤੀ ਹੈ, ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਅਧੀਨ ਇਹ ਪ੍ਰੋਗਰਾਮ ਸਾਡੇ ਦੇਸ਼ ਦੇ ਹਰ ਬੱਚੇ ਤੱਕ ਪਹੁੰਚਣਾ ਚਾਹੀਦਾ ਹੈ”

Posted On: 26 FEB 2022 1:10PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ 2022 ਲਈ ਰਾਸ਼ਟਰੀ ਪੋਲੀਓ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਸੰਬੋਧਨ ਕਰਦੇ ਹੋਏ, ਡਾ. ਮਨਸੁਖ ਮਾਂਡਵੀਯਾ ਨੇ ਕਿਹਾ,“ਪੋਲੀਓ ਵਿਰੁੱਧ ਭਾਰਤ ਦੀ ਨੀਤੀਗਤ ਲੜਾਈ ਵੈਕਸੀਨ ਤੋਂ ਰੋਕਥਾਮਯੋਗ ਬਿਮਾਰੀਆਂ ਵਿਰੁੱਧ ਭਾਰਤ ਦੀ ਜਨਤਕ ਸਿਹਤ ਨੀਤੀ ਦੀ ਸਫ਼ਲ ਕਹਾਣੀ ਹੈ। ਸਾਨੂੰ ਲਗਾਤਾਰ ਚੌਕਸ ਰਹਿਣ ਅਤੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਈਆਂ ਜਾਣ।

 

ਡਾ. ਮਾਂਡਵੀਯਾ ਨੇ ਇਹ ਵੀ ਕਿਹਾ,“ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ, ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਬੱਚਿਆਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਮਾਰੀਆਂ ਤੋਂ ਬਚਾਉਣ ਲਈ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਤੇ ਕਈ ਨਵੇਂ ਟੀਕੇ ਜਿਵੇਂ ਕਿ ਪਿੱਛੇ ਜਿਹੇ ਨਿਮੋਕੋਕਲ ਕੰਨਜੁਗੇਟ ਵੈਕਸੀਨ (ਪੀਸੀਵੀ), ਰੋਟਾਵਾਇਰਸ ਵੈਕਸੀਨ, ਅਤੇ ਮੀਜ਼ਲ-ਰੂਬੈਲਾ ਵੈਕਸੀਨ (ਐੱਮ.ਆਰ.) ਲਿਆਂਦੇ ਗਏ ਹਨ। ਇਸ ਤੋਂ ਇਲਾਵਾ, ਸਾਡੇ ਬੱਚਿਆਂ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰਨ ਲਈ, ਭਾਰਤ ਸਰਕਾਰ ਨੇ ਆਪਣੇ ਰੁਟੀਨ ਟੀਕਾਕਰਣ ਪ੍ਰੋਗਰਾਮ ਵਿੱਚ ਇੰਜੈਕਟੇਬਲ ਇਨਐਕਟੀਵੇਟਿਡ ਪੋਲੀਓ ਵੈਕਸੀਨ ਨੂੰ ਵੀ ਪੇਸ਼ ਕੀਤਾ ਹੈ। ਜਦੋਂ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੋਂ ਬਚਾਉਣ ਲਈ ਉਪਰਾਲੇ ਕਰ ਰਹੇ ਹਾਂ, ਇਹ ਜ਼ਰੂਰੀ ਹੈ ਕਿ ਪ੍ਰੋਗਰਾਮ ਦੇ ਤਹਿਤ ਸਾਰੇ ਟੀਕੇ ਸਾਡੇ ਦੇਸ਼ ਦੇ ਹਰ ਬੱਚੇ ਤੱਕ ਪਹੁੰਚ ਸਕਣ।”

ਰਾਸ਼ਟਰੀ ਟੀਕਾਕਰਣ ਦਿਵਸ ਮਨਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਸਵਸਥ ਭਾਰਤ ਦਾ ਉਦੇਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਬੱਚੇ ਸਿਹਤਮੰਦ ਹੋਣਗੇ। ਮਿਸ਼ਨ ਇੰਦਰਧਨੁਸ਼ ਜਾਂ ਪੋਲੀਓ ਵੈਕਸੀਨੇਸ਼ਨ ਡਰਾਈਵ ਦਾ ਉਦੇਸ਼ ਸਾਡੇ ਬੱਚਿਆਂ ਨੂੰ ਅਜਿਹੀਆਂ ਮਾਰੂ ਬਿਮਾਰੀਆਂ ਤੋਂ ਬਚਾਉਣਾ ਹੈ। ਕਿਉਂਕਿ ਸਾਡੇ ਗੁਆਂਢੀ ਦੇਸ਼ ਹਾਲੇ ਵੀ ਪੋਲੀਓ ਮੁਕਤ ਨਹੀਂ ਹਨ, ਇਸ ਲਈ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਟੀਕਾਕਰਣ ਪ੍ਰੋਗਰਾਮ ਨੂੰ ਜਾਰੀ ਰੱਖਣਾ ਚਾਹੀਦਾ ਹੈ। ਆਉਣ ਵਾਲੇ ਮਹੀਨਿਆਂ ਵਿੱਚ 5 ਸਾਲ ਤੋਂ ਘੱਟ ਉਮਰ ਦੇ 15 ਕਰੋੜ ਤੋਂ ਵੱਧ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ। ਘਰ-ਘਰ ਜਾ ਕੇ ਮਜ਼ਬੂਤ ਮਾਈਕ੍ਰੋ-ਪਲਾਨਿੰਗ ਰਾਹੀਂ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਰਹਿ ਨਾ ਜਾਵੇ। ਮੈਂ ਸਾਰੇ ਹੈਲਥ ਕੇਅਰ ਵਰਕਰਾਂ, ਸਬੰਧਤ ਧਿਰਾਂ ਜਿਵੇਂ ਕਿ WHO, UNICEF, ਰੋਟਰੀ ਕਲੱਬ ਅਤੇ NGO ਨੂੰ ਇਸ ਟੀਕਾਕਰਣ ਪ੍ਰੋਗਰਾਮ ਨੂੰ ਲੋਕ ਭਾਗੀਦਾਰੀ ਅੰਦੋਲਨ ਬਣਾਉਣ ਲਈ ਵਧਾਈ ਦਿੰਦਾ ਹਾਂ ਜਿਵੇਂ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤੀ ਗਈ ਸੀ। ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਰਵਾਉਣ ਲਈ ਅੱਗੇ ਆਉਣ।”

ਕੇਂਦਰੀ ਸਿਹਤ ਸਕੱਤਰ ਨੇ ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਪ੍ਰਾਪਤੀਆਂ ਅਤੇ ਅਗਾਂਹਵਧੂ ਰਾਹਾਂ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਭਾਵੇਂ ਭਾਰਤ ਪੋਲੀਓ ਮੁਕਤ ਹੈ, ਫਿਰ ਵੀ ਚੌਕਸ ਰਹਿਣਾ ਸਾਡੀ ਜ਼ਿੰਮੇਵਾਰੀ ਹੈ। ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਸਾਰੇ ਰਾਜਾਂ ਵਿੱਚ ਟ੍ਰਾਂਜ਼ਿਟ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਅਤੇ, ਸਰਹੱਦਾਂ 'ਤੇ ਲਗਾਤਾਰ ਪਲਸ ਪੋਲੀਓ ਲਾਗੂ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੇ ਗੁਆਂਢੀ ਦੇਸ਼ ਅਜੇ ਵੀ ਪੋਲੀਓ ਦੇ ਕੇਸਾਂ ਦੀ ਰਿਪੋਰਟ ਕਰ ਰਹੇ ਹਨ।

ਪੋਲੀਓ ਰਾਸ਼ਟਰੀ ਟੀਕਾਕਰਣ ਡਰਾਈਵ ਅਤੇ ਪੋਲੀਓ ਰਾਸ਼ਟਰੀ ਟੀਕਾਕਰਣ ਦਿਵਸ 2022 (ਐੱਨਆਈਡੀ) ਬਾਰੇ:

ਪੋਲੀਓ ਰਾਸ਼ਟਰੀ ਟੀਕਾਕਰਣ ਦਿਵਸ 2022 (ਐੱਨਆਈਡੀ) ਐਤਵਾਰ, 27 ਫਰਵਰੀ 2022 ਨੂੰ ਪੂਰੇ ਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤ ਹਰ ਸਾਲ ਪੋਲੀਓ ਲਈ ਇੱਕ ਦੇਸ਼ ਵਿਆਪੀ ਐੱਨਆਈਡੀ ਅਤੇ ਦੋ ਉਪ-ਰਾਸ਼ਟਰੀ ਟੀਕਾਕਰਣ ਦਿਵਸ (ਐੱਸਐੱਨਆਈਡੀ) ਦਾ ਆਯੋਜਨ ਕਰਦਾ ਹੈ ਤਾਂ ਜੋ ਜੰਗਲੀ ਪੋਲੀਓ–ਵਾਇਰਸ ਵਿਰੁੱਧ ਆਬਾਦੀ ਪ੍ਰਤੀਰੋਧਕਤਾ ਬਣਾਈ ਰੱਖੀ ਜਾ ਸਕੇ ਤੇ ਇਸ ਦੀ ਪੋਲੀਓ ਮੁਕਤ ਸਥਿਤੀ ਨੂੰ ਕਾਇਮ ਰੱਖੀ ਜਾ ਸਕੇ। ਪੋਲੀਓ ਐੱਨਆਈਡੀ ਦੌਰਾਨ, 735 ਜ਼ਿਲ੍ਹਿਆਂ ਵਿੱਚ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 15 ਕਰੋੜ ਤੋਂ ਵੱਧ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਦੇਸ਼ ਭਰ ਦੇ 7 ਲੱਖ ਬੂਥਾਂ ਰਾਹੀਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਲਗਭਗ 24 ਲੱਖ ਵਲੰਟੀਅਰਾਂ ਅਤੇ 1.5 ਲੱਖ ਸੁਪਰਵਾਈਜ਼ਰਾਂ ਦੁਆਰਾ ਲਗਭਗ 23.6 ਕਰੋੜ ਘਰਾਂ ਦਾ ਦੌਰਾ ਕੀਤਾ ਜਾਵੇਗਾ। ਮੇਘਾਲਿਆ ਰਾਜ ਪਹਿਲਾਂ ਹੀ 24 ਜਨਵਰੀ 2022 ਨੂੰ ਰਾਜ ਵਿੱਚ ਮੁਹਿੰਮ ਚਲਾ ਚੁੱਕਿਆ ਹੈ ਜਦੋਂ ਕਿ ਮਿਜ਼ੋਰਮ ਨੇ ਸਥਾਨਕ ਕਾਰਨਾਂ ਕਰਕੇ 1 ਮਾਰਚ 2022 ਨੂੰ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ ਹੈ। ਉੱਤਰ ਪ੍ਰਦੇਸ਼ ਅਤੇ ਮਣੀਪੁਰ ਦੇ ਚੋਣ ਪਾਬੰਦੀਆਂ ਵਾਲੇ ਰਾਜਾਂ ਨੇ ਕ੍ਰਮਵਾਰ 20 ਮਾਰਚ ਅਤੇ 24 ਮਾਰਚ 2022 ਨੂੰ ਪੋਲੀਓ ਐੱਨਆਈਡੀ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਹੈ।

ਬੂਥਾਂ 'ਤੇ ਟੀਕਾਕਰਣ ਤੋਂ ਖੁੰਝ ਗਏ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਟੀਕਾਕਰਣ ਕਰਨ ਲਈ ਅਗਲੇ ਦੋ ਤੋਂ ਪੰਜ ਦਿਨਾਂ ਵਿੱਚ ਘਰ-ਘਰ ਜਾ ਕੇ ਬੂਥ ਗਤੀਵਿਧੀਆਂ ਦੀ ਨਿਗਰਾਨੀ (ਮੌਪ-ਅੱਪ ਰਾਊਂਡ) ਕੀਤੀ ਜਾਵੇਗੀ। ਬੱਸ ਟਰਮੀਨਲਾਂ, ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ ਅਤੇ ਫੈਰੀ ਕਰਾਸਿੰਗਾਂ 'ਤੇ ਵੀ ਟੀਕਾਕਰਣ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਜੀਵਨ ਬਚਾਉਣ ਵਾਲੀ ਖੁਰਾਕ ਤੋਂ ਖੁੰਝ ਨਾ ਜਾਵੇ।

13 ਜਨਵਰੀ 2011 ਨੂੰ ਜੰਗਲੀ ਪੋਲੀਓ–ਵਾਇਰਸ ਦੇ ਆਖਰੀ ਕੇਸ ਦੀ ਰਿਪੋਰਟ ਦੇ ਨਾਲ, ਭਾਰਤ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੋਲੀਓ ਮੁਕਤ ਰਿਹਾ ਹੈ। ਹਾਲਾਂਕਿ, ਭਾਰਤ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਗੁਆਂਢੀ ਦੇਸ਼ਾਂ ਤੋਂ ਪੋਲੀਓ–ਵਾਇਰਸ ਦੇ ਦੇਸ਼ ਵਿੱਚ ਮੁੜ ਦਾਖਲੇ ਨੂੰ ਰੋਕਣ ਲਈ ਚੌਕਸ ਰਹਿੰਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਵਾਈਲਡ ਪੋਲੀਓ–ਵਾਇਰਸ ਹਾਲੇ ਬਿਮਾਰੀ ਦਾ ਕਾਰਨ ਬਣਿਆ ਹੋਇਆ ਹੈ।

ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਮਹਾਮਾਰੀ ਦੌਰਾਨ ਸੁਰੱਖਿਆ ਲਈ ਸਾਰੇ ਉਪਾਅ ਸਾਰੇ ਕੋਵਿਡ ਢੁਕਵੇਂ ਵਿਵਹਾਰਾਂ (CAB) ਦੀ ਪਾਲਣਾ ਕਰਕੇ ਦੇਖਿਆ ਜਾਂਦਾ ਹੈ ਜਿਵੇਂ ਕਿ ਬੂਥਾਂ 'ਤੇ ਭੀੜ-ਭੜੱਕੇ ਨੂੰ ਰੋਕਣਾ, ਸਰੀਰਕ ਦੂਰੀ ਬਣਾਈ ਰੱਖਣਾ, ਮਾਸਕ ਪਹਿਨਣਾ, ਹੱਥ ਧੋਣੇ ਅਤੇ ਚੰਗੀ ਤਰ੍ਹਾਂ ਹਵਾਦਾਰ ਸੈਟਿੰਗਾਂ ਵਿੱਚ ਪੋਲੀਓ ਬੂੰਦਾਂ ਪਿਲਾਉਣਾ।

ਮੀਟਿੰਗ ਵਿੱਚ ਸ਼੍ਰੀ ਵਿਕਾਸ ਸ਼ੀਲ, ਏਐੱਸ ਅਤੇ ਐੱਮਡੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਸ਼੍ਰੀ ਅਸ਼ੋਕ ਬਾਬੂ, ਸੰਯੁਕਤ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਵਿੱਚ ਵਿਸ਼ਵ ਸਿਹਾਤ ਸੰਗਠਨ (ਡਬਲਿਊਐੱਚਓ) ਦੇ ਪ੍ਰਤੀਨਿਧੀ ਡਾ. ਰੋਡਰੀਕੋ ਐੱਚ. ਔਫਰਿਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

************

ਐੱਮਵੀ/ਏਐੱਲ



(Release ID: 1801608) Visitor Counter : 193