ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਧਾਰਮਿਕ ਪਰੰਪਰਾਵਾਂ ਅਤੇ ਰੀਤੀ-ਰਿਵਾਜ ਪ੍ਰਚਲਿਤ ਹਨ, ਪਰ ਇਨ੍ਹਾਂ ਦੇ ਪਿੱਛੇ ਇੱਕ ਹੀ ਵਿਸ਼ਵਾਸ ਹੈ ਅਤੇ ਉਹ ਹੈ ਸਮੁੱਚੀ ਮਨੁੱਖਤਾ ਨੂੰ ਇੱਕ ਪਰਿਵਾਰ ਸਮਝਣਾ ਅਤੇ ਸਾਰਿਆਂ ਦੀ ਭਲਾਈ ਲਈ ਕੰਮ ਕਰਨਾ: ਰਾਸ਼ਟਰਪਤੀ ਰਾਮ ਨਾਥ ਕੋਵਿੰਦ


ਰਾਸ਼ਟਰਪਤੀ ਨੇ ਪੁਰੀ ਵਿੱਚ ਗੌੜੀਆ ਮੱਠ ਤੇ ਮਿਸ਼ਨ ਦੇ ਬਾਨੀ ਸ਼੍ਰੀਮਦ ਭਗਤੀ ਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੂਪਾਦ ਦੀ 150ਵੀਂ ਜਯੰਤੀ ਮਨਾਉਣ ਲਈ ਤਿੰਨ ਸਾਲ ਲੰਬੇ ਸਮਾਗਮਾਂ ਦਾ ਉਦਘਾਟਨ ਕੀਤਾ

Posted On: 20 FEB 2022 3:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ,“ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਧਾਰਮਿਕ ਪਰੰਪਰਾਵਾਂ ਅਤੇ ਪ੍ਰਥਾਵਾਂ ਪ੍ਰਚਲਿਤ ਹਨ, ਪਰ ਇੱਥੇ ਇੱਕ ਹੀ ਵਿਸ਼ਵਾਸ ਹੈ ਅਤੇ ਉਹ ਹੈ ਸਮੁੱਚੀ ਮਨੁੱਖਤਾ ਨੂੰ ਇੱਕ ਪਰਿਵਾਰ ਸਮਝਣਾ ਅਤੇ ਸਾਰੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ।" ਉਨ੍ਹਾਂ ਅੱਜ (20 ਫਰਵਰੀ, 2022) ਪੁਰੀ, ਓਡੀਸ਼ਾ ਵਿਖੇ, ਗੌੜੀਆ ਮੱਠ ਅਤੇ ਮਿਸ਼ਨ ਦੇ ਬਾਨੀ ਸ਼੍ਰੀਮਦ ਭਗਤੀ ਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੂਪਾਦ ਦੀ 150ਵੀਂ ਜਯੰਤੀ ਨੂੰ ਮਨਾਉਣ ਲਈ ਤਿੰਨ ਸਾਲਾਂ ਦੇ ਲੰਬੇ ਜਸ਼ਨਾਂ ਦਾ ਉਦਘਾਟਨ ਕੀਤਾ।

ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਨੂੰ ਹਰ ਰੂਪ ਵਿੱਚ ਪੂਜਿਆ ਜਾਂਦਾ ਹੈ ਪਰ ਭਾਰਤ ਵਿੱਚ ਸ਼ਰਧਾ ਨਾਲ ਭਗਵਾਨ ਦੀ ਪੂਜਾ ਕਰਨ ਦੀ ਇੱਕ ਵੱਖਰੀ ਪਰੰਪਰਾ ਰਹੀ ਹੈ। ਕਈ ਮਹਾਂਪੁਰਖਾਂ ਨੇ ਇੱਥੇ ਨਿਸ਼ਕਾਮ ਭਗਤੀ ਕੀਤੀ ਹੈ। ਅਜਿਹੇ ਮਹਾਨ ਰਿਸ਼ੀਆਂ ਵਿੱਚ ਸ੍ਰੀ ਚੈਤਨਯ ਮਹਾਪ੍ਰਭੂ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਅਸਾਧਾਰਣ ਭਗਤੀ ਤੋਂ ਪ੍ਰੇਰਿਤ ਹੋ ਕੇ, ਵੱਡੀ ਗਿਣਤੀ ਵਿਚ ਲੋਕਾਂ ਨੇ ਭਗਤੀ ਦਾ ਮਾਰਗ ਚੁਣਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਚੈਤਨਯ ਮਹਾਪ੍ਰਭੂ ਨੇ ਕਿਹਾ ਸੀ ਕਿ ਮਨੁੱਖ ਨੂੰ ਆਪਣੇ ਆਪ ਨੂੰ ਘਾਹ ਤੋਂ ਵੀ ਛੋਟਾ ਸਮਝਣਾ ਚਾਹੀਦਾ ਹੈ ਅਤੇ ਨਿਮਰ ਭਾਵਨਾ ਨਾਲ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਇੱਕ ਰੁੱਖ ਨਾਲੋਂ ਵੱਧ ਸਹਿਣਸ਼ੀਲ ਹੋਣਾ ਚਾਹੀਦਾ ਹੈ, ਹੰਕਾਰ ਦੀ ਭਾਵਨਾ ਤੋਂ ਰਹਿਤ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਪਰਮਾਤਮਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਭਾਵਨਾ ਭਗਤੀ ਮਾਰਗ ਦੇ ਸਾਰੇ ਪੈਰੋਕਾਰਾਂ ਵਿੱਚ ਪਾਈ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਚੈਤਨਯ ਮਹਾਪ੍ਰਭੂ ਦੀ ਪਰਮਾਤਮਾ ਲਈ ਨਿਰੰਤਰ ਪਿਆਰ ਅਤੇ ਸਮਾਜ ਨੂੰ ਬਰਾਬਰੀ ਦੇ ਧਾਗੇ ਨਾਲ ਜੋੜਨ ਦੀ ਮੁਹਿੰਮ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਤੇ ਇਤਿਹਾਸ ਵਿੱਚ ਵਿਲੱਖਣ ਵੱਕਾਰ ਪ੍ਰਦਾਨ ਕਰਦੀ ਹੈ।

ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਭਗਤੀ-ਮਾਰਗ ਵਾਲੇ ਸੰਤ ਉਸ ਸਮੇਂ ਦੇ ਧਰਮ, ਜਾਤ, ਲਿੰਗ ਅਤੇ ਰੀਤੀ-ਰਿਵਾਜਾਂ ਦੇ ਅਧਾਰ 'ਤੇ ਪ੍ਰਚਲਿਤ ਵਿਤਕਰੇ ਤੋਂ ਉਪਰ ਸਨ। ਇਸ ਕਾਰਨ ਹਰ ਵਰਗ ਦੇ ਲੋਕ ਉਨ੍ਹਾਂ ਤੋਂ ਨਾ ਸਿਰਫ਼ ਪ੍ਰੇਰਿਤ ਹੋਏ, ਬਲਕਿ ਇਸ ਮਾਰਗ ਨੂੰ ਅਪਣਾਇਆ ਵੀ। ਗੁਰੂ ਨਾਨਕ ਦੇਵ ਜੀ ਨੇ ਭਗਤੀ ਦੇ ਮਾਰਗ 'ਤੇ ਚਲ ਕੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਦਾ ਯਤਨ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਪ੍ਰਮਾਤਮਾ ਪ੍ਰਤੀ ਪੂਰਨ ਸਮਰਪਣ ਦੇ ਭਗਤੀ-ਮਾਰਗ ਦੀ ਵਿਸ਼ੇਸ਼ਤਾ ਜੀਵਨ ਦੇ ਅਧਿਆਤਮਿਕ ਖੇਤਰ ਵਿੱਚ ਹੀ ਨਹੀਂ, ਸਗੋਂ ਹਰੇਕ ਵਿਅਕਤੀ ਦੀ ਜੀਵਨ ਸ਼ੈਲੀ ਵਿੱਚ ਵੀ ਦਿਖਾਈ ਦਿੰਦੀ ਹੈ। ਸਾਡੇ ਸੱਭਿਆਚਾਰ ਵਿੱਚ ਲੋੜਵੰਦਾਂ ਦੀ ਸੇਵਾ ਨੂੰ ਸਰਬਉੱਚ ਪਹਿਲ ਦਿੱਤੀ ਗਈ ਹੈ। ਸਾਡੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾ ਦੀ ਇਸ ਭਾਵਨਾ ਦਾ ਪ੍ਰਦਰਸ਼ਨ ਕੀਤਾ। ਉਹ ਵੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ ਪਰ ਅਜਿਹੇ ਗੰਭੀਰ ਹਾਲਾਤ ਵਿੱਚ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਲੋਕਾਂ ਦੇ ਇਲਾਜ ਵਿੱਚ ਜੁਟੇ ਰਹੇ। ਸਾਡੇ ਬਹੁਤ ਸਾਰੇ ਕੋਰੋਨਾ ਵਾਰੀਅਰਸ (ਜੋਧਿਆਂ) ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਉਨ੍ਹਾਂ ਦੇ ਸਾਥੀਆਂ ਦਾ ਸਮਰਪਣ ਅਟੁੱਟ ਰਿਹਾ। ਸਮੁੱਚੀ ਕੌਮ ਅਜਿਹੇ ਯੋਧਿਆਂ ਦੀ ਸਦਾ ਰਿਣੀ ਰਹੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਚੈਤਨਯ ਮਹਾਪ੍ਰਭੂ ਤੋਂ ਇਲਾਵਾ ਭਗਤੀ ਲਹਿਰ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਨੇ ਵੀ ਸਾਡੀ ਸੱਭਿਆਚਾਰਕ ਵਿਭਿੰਨਤਾ ਵਿੱਚ ਏਕਤਾ ਨੂੰ ਮਜ਼ਬੂਤ ਕੀਤਾ ਹੈ। ਭਗਤੀ ਬਰਾਦਰੀ ਦੇ ਸੰਤਾਂ ਨੇ ਇੱਕ–ਦੂਜੇ ਦਾ ਵਿਰੋਧ ਨਹੀਂ ਕੀਤਾ, ਬਲਕਿ ਇੱਕ ਦੂਜੇ ਦੀਆਂ ਰਚਨਾਵਾਂ ਤੋਂ ਪ੍ਰੇਰਨਾ ਲਈ। ਸਵਾਮੀ ਵਿਵੇਕਾਨੰਦ ਨੇ 1893 ’ਚ ਆਪਣੇ ਸ਼ਿਕਾਗੋ ਭਾਸ਼ਣ ਵਿਚ ਵਿਸ਼ਵ ਭਾਈਚਾਰੇ ਨੂੰ ਭਾਰਤ ਦਾ ਅਧਿਆਤਮਕ ਸੰਦੇਸ਼ ਦਿੰਦਿਆਂ ਕਿਹਾ ਸੀ ਕਿ ਜਿਸ ਤਰ੍ਹਾਂ ਵੱਖ-ਵੱਖ ਥਾਵਾਂ ਤੋਂ ਨਿਕਲਣ ਵਾਲੀਆਂ ਨਦੀਆਂ ਅੰਤ ਵਿਚ ਸਮੁੰਦਰ ’ਚ ਮਿਲ ਜਾਂਦੀਆਂ ਹਨ, ਉਸੇ ਤਰ੍ਹਾਂ ਮਨੁੱਖ ਆਪਣੀ ਮਰਜ਼ੀ ਦਾ ਰਸਤਾ ਚੁਣਦਾ ਹੈ। ਇਹ ਰਸਤੇ ਦੇਖਣ ਨੂੰ ਭਾਵੇਂ ਵੱਖੋ-ਵੱਖਰੇ ਜਾਪਦੇ ਹਨ, ਪਰ ਅੰਤ ਵਿੱਚ ਸਭ ਰੱਬ ਕੋਲ ਪਹੁੰਚਦੇ ਹਨ। ਭਾਰਤ ਦੀ ਅਧਿਆਤਮਿਕ ਏਕਤਾ ਦੇ ਇਸ ਸਿਧਾਂਤ ਨੂੰ ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਦੁਆਰਾ ਪ੍ਰਚਾਰਿਆ ਗਿਆ ਸੀ, ਜਿਸ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਵੀ ਅਪਣਾਇਆ ਸੀ।

ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਗੌੜੀਆ ਮਿਸ਼ਨ ਮਾਨਵ ਕਲਿਆਣ ਦੇ ਆਪਣੇ ਉਦੇਸ਼ ਨੂੰ ਸਰਬਉੱਚ ਰੱਖਦਿਆਂ ਸ੍ਰੀ ਚੈਤਨਯ ਮਹਾਪ੍ਰਭੂ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਦੇ ਆਪਣੇ ਸੰਕਲਪ ਵਿੱਚ ਸਫਲ ਹੋਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

****

ਡੀਐੱਸ/ਐੱਸਐੱਚ


(Release ID: 1799923) Visitor Counter : 127