ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਅਕਾਲ ਚਲਾਣਾ


ਭਾਰਤ ਰਤਨ ਲਤਾ ਮੰਗੇਸ਼ਕਰ ਦੇ ਸਨਮਾਨ ਵਿੱਚ ਭਾਰਤ ਸਰਕਾਰ ਨੇ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ

Posted On: 06 FEB 2022 1:47PM by PIB Chandigarh

ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ, 6 ਫਰਵਰੀ, 2022 ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਅਕਾਲ ਚਲਾਣਾ ਹੋ ਗਿਆ। ਸੁਸ਼੍ਰੀ ਲਤਾ ਮੰਗੇਸ਼ਕਰ 92 ਸਾਲ ਦੇ ਸਨ। ਕੋਵਿਡ-19 ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ 8 ਜਨਵਰੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

 

ਭਾਰਤ ਰਤਨ ਲਤਾ ਮੰਗੇਸ਼ਕਰ ਦੇ ਸਨਮਾਨ ਵਿੱਚ ਭਾਰਤ ਸਰਕਾਰ ਨੇ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਸਨਮਾਨ ਵਿੱਚ ਰਾਸ਼ਟਰੀ ਝੰਡਾ ਦੋ ਦਿਨਾਂ ਤੱਕ ਅੱਧਾ ਝੁਕਿਆ ਰਹੇਗਾ। ਸੁਸ਼੍ਰੀ ਲਤਾ ਮੰਗੇਸ਼ਕਰ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਜਾਵੇਗਾ। ਸੰਨ 2001 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

 

 

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਸੰਵੇਦਨਾ ਪ੍ਰਗਟਾਉਂਦੇ ਹੋਏ ਇੱਕ ਟਵੀਟ ਵਿੱਚ ਕਿਹਾ, "ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਤਰ੍ਹਾਂ ਲਤਾ ਜੀ ਦਾ ਅਕਾਲ ਚਲਾਣਾ ਮੇਰੇ ਲਈ ਦੁਖਦਾਈ ਹੈ। ਭਾਰਤ ਰਤਨ ਲਤਾ ਜੀ ਦੀਆਂ ਉਪਲਬਧੀਆਂ ਬੇਮਿਸਾਲ ਰਹਿਣਗੀਆਂ।"

 

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਲਤਾ ਜੀ ਦੇ ਅਕਾਲ ਚਲਾਣੇ ਨਾਲ ਭਾਰਤ ਨੇ ਆਪਣੀ ਆਵਾਜ਼ ਗੁਆ ਦਿੱਤੀ ਹੈ, ਜਿਨ੍ਹਾਂ ਨੇ ਆਪਣੀ ਮਧੁਰ ਅਤੇ ਪ੍ਰਭਾਵਸ਼ਾਲੀ ਆਵਾਜ਼ ਨਾਲ ਕਈ ਦਹਾਕਿਆਂ ਤੱਕ ਭਾਰਤ ਤੇ ਦੁਨੀਆ ਭਰ ਵਿੱਚ ਸੰਗੀਤ ਪ੍ਰੇਮੀਆਂ ਨੂੰ ਮੋਹਿਤ ਕੀਤਾ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਸ਼ਰਧਾਂਜਲੀ ਵਿੱਚ ਕਿਹਾ ਕਿ ਉਨ੍ਹਾਂ ਨੂੰ ਲਤਾ ਦੀਦੀ ਤੋਂ ਹਮੇਸ਼ਾ ਅਪਾਰ ਸਨੇਹ ਮਿਲਿਆ ਹੈ। ਆਪਣੇ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਲਤਾ ਦੀਦੀ ਦੇ ਗੀਤਾਂ ਵਿੱਚ ਭਾਵਨਾਵਾਂ ਦੀ ਵਿਵਿਧਤਾ ਸੀ। ਉਨ੍ਹਾਂ ਨੇ ਦਹਾਕਿਆਂ ਤੱਕ ਭਾਰਤੀ ਫਿਲਮ ਜਗਤ ਦੇ ਵਿਕਾਸ ਨੂੰ ਕਰੀਬ ਤੋਂ ਦੇਖਿਆ।"

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਅਨੁਰਾਗ ਠਾਕੁਰ ਨੇ ਕਿਹਾ ਕਿ ਲਤਾ ਜੀ ਦਾ ਅਕਾਲ ਚਲਾਣਾ ਅਜਿਹਾ ਘਾਟਾ ਹੈ ਜਿਸ ਦੀ ਭਰਪਾਈ ਕਰਨਾ ਅਸੰਭਵ ਹੈ। ਉਨ੍ਹਾਂ ਦਾ ਚਲੇ ਜਾਣਾ ਹਰ ਕਿਸੇ ਦੇ ਲਈ ਵਿਅਕਤੀਗਤ ਨੁਕਸਾਨ ਹੈ।

 

ਹੋਰ ਮੰਤਰੀਆਂ ਅਤੇ ਕਲਾਕਾਰਾਂ ਨੇ ਪ੍ਰਸਿੱਧ ਗਾਇਕਾ ਸ਼੍ਰੀਮਤੀ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਦੁਖ ਅਤੇ ਸੰਵੇਦਨਾਵਾਂ ਪ੍ਰਗਟਾਈਆਂ ਹਨ।

 

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਸਵੇਰੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੱਲ੍ਹ ਹਸਪਤਾਲ ਦਾ ਦੌਰਾ ਕਰਕੇ ਲਤਾ ਮੰਗੇਸ਼ਕਰ ਦੀ ਸਿਹਤ ਦੀ ਜਾਣਕਾਰੀ ਲਈ ਸੀ।

 

ਸੁਸ਼੍ਰੀ ਲਤਾ ਮੰਗੇਸ਼ਕਰ ਦੀ ਮ੍ਰਿਤਕ ਦੇਹ ਮੁੰਬਈ ਦੇ ਸ਼ਿਵਾਜੀ ਪਾਰਕ 'ਚ ਰੱਖੀ ਜਾਵੇਗੀ, ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਸੁਸ਼੍ਰੀ ਲਤਾ ਮੰਗੇਸ਼ਕਰ ਦੇ ਅਕਾਲ ਚਲਾਣੇ 'ਤੇ ਫਿਲਮ ਜਗਤ ਦੇ ਕਲਾਕਾਰਾਂ ਨੇ ਸੋਗ ਪ੍ਰਗਟਾਇਆ ਹੈ। ਸੈਂਟਰਲ ਬੋਰਡ ਆਵ੍ ਫਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ, ਸ਼੍ਰੀ ਪ੍ਰਸੂਨ ਜੋਸ਼ੀ ਨੇ ਟਵਿੱਟਰ 'ਤੇ ਮਰਹੂਮ ਗਾਇਕਾ ਦੇ ਪ੍ਰਤੀ ਸਨਮਾਨ ਵਿਅਕਤ ਕੀਤਾ।

 

ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ, 1929 ਨੂੰ ਮਰਾਠੀ ਅਤੇ ਕੋਂਕਣੀ ਸੰਗੀਤਕਾਰ ਪੰਡਿਤ ਦੀਨਾਨਾਥ ਮੰਗੇਸ਼ਕਰ ਦੇ ਘਰ ਹੋਇਆ ਸੀ। ਉਨ੍ਹਾਂ ਦਾ ਮੂਲ ਨਾਮ ਹੇਮਾ ਸੀ। ਉਹ ਅਨੁਭਵੀ ਗਾਇਕਾ ਆਸ਼ਾ ਭੌਂਸਲੇ ਸਹਿਤ ਪੰਜ ਭਾਈਆਂ-ਭੈਣਾਂ ਵਿੱਚੋਂ ਸਭ ਤੋਂ ਵੱਡੀ ਸਨ। ਉਨ੍ਹਾਂ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਇੱਕ ਕਲਾਸੀਕਲ ਗਾਇਕ ਅਤੇ ਥੀਏਟਰ ਅਦਾਕਾਰ ਸਨ।

 

ਲਤਾ ਮੰਗੇਸ਼ਕਰ ਨੇ 13 ਸਾਲ ਦੀ ਉਮਰ ਵਿੱਚ ਇੱਕ ਮਰਾਠੀ ਫਿਲਮ, 'ਕਿਤੀ ਹਸਾਲ' ਦੇ ਲਈ ਆਪਣਾ ਪਹਿਲਾ ਪਲੇਅਬੈਕ ਗੀਤ ਰਿਕਾਰਡ ਕੀਤਾ, ਅਤੇ ਸਾਲ 1942 ਵਿੱਚ ਇੱਕ ਮਰਾਠੀ ਫਿਲਮ 'ਪਹਿਲੀ ਮੰਗਲਾਗੌਰ' ਵਿੱਚ ਕੰਮ ਵੀ ਕੀਤਾ। ਸਾਲ 1946 ਵਿੱਚ, ਉਨ੍ਹਾਂ ਨੇ ਵਸੰਤ ਜੋਗਲੇਕਰ ਦੁਆਰਾ ਨਿਰਦੇਸ਼ਿਤ 'ਆਪ ਕੀ ਸੇਵਾ ਮੇਂ' ਦੇ ਲਈ ਆਪਣਾ ਪਹਿਲਾ ਹਿੰਦੀ ਫਿਲਮ ਪਲੇਅਬੈਕ ਗੀਤ ਰਿਕਾਰਡ ਕੀਤਾ।

 

ਸੰਨ 1972 ਵਿੱਚ, ਲਤਾ ਮੰਗੇਸ਼ਕਰ ਨੇ ਫਿਲਮ 'ਪਰੀਚੈ' ਦੇ ਲਈ ਸਰਬਸ੍ਰੇਸ਼ਠ ਮਹਿਲਾ ਪਲੇਅਬੈਕ ਗਾਇਕਾ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਜਿੱਤਿਆ। ਪਿਛਲੇ ਕੁਝ ਵਰ੍ਹਿਆਂ ਵਿੱਚ, ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ। ਇਸ ਵਿੱਚ ਵੱਕਾਰੀ ਭਾਰਤ ਰਤਨ, ਆਫਿਸਰ ਆਵ੍ ਫ੍ਰੈਂਚ ਲੀਜਨ ਆਵ੍ ਆਨਰ ਦਾ ਖਿਤਾਬ, ਦਾਦਾਸਾਹੇਬ ਫਾਲਕੇ ਪੁਰਸਕਾਰ, ਤਿੰਨ ਰਾਸ਼ਟਰੀ ਫਿਲਮ ਪੁਰਸਕਾਰ, ਚਾਰ ਫਿਲਮਫੇਅਰ ਬੈਸਟ ਪਲੇਅਬੈਕ ਸਿੰਗਰ ਅਵਾਰਡ, ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਕਈ ਹੋਰ ਪੁਰਸਕਾਰ ਸ਼ਾਮਲ ਹਨ। ਸੰਨ 1984 ਵਿੱਚ, ਮੱਧ ਪ੍ਰਦੇਸ਼ ਦੀ ਰਾਜ ਸਰਕਾਰ ਨੇ ਲਤਾ ਮੰਗੇਸ਼ਕਰ ਪੁਰਸਕਾਰ ਦੀ ਸਥਾਪਨਾ ਕੀਤੀ, ਮਹਾਰਾਸ਼ਟਰ ਸਰਕਾਰ ਨੇ ਵੀ ਗਾਇਕੀ ਦੀ ਪ੍ਰਤਿਭਾ ਨੂੰ ਹੁਲਾਰਾ ਦੇਣ ਦੇ ਲਈ 1992 ਵਿੱਚ ਲਤਾ ਮੰਗੇਸ਼ਕਰ ਪੁਰਸਕਾਰ ਦਾ ਐਲਾਨ ਕੀਤਾ ਸੀ।

 

 *** *** *** ***


ਡੀਜੇਐੱਮ/ਸੀਪੀ/ਸੀਵਾਈ



(Release ID: 1796027) Visitor Counter : 212