ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਕੋਵਿਡ ਮਾਮਲਿਆਂ ਵਿੱਚ ਨਵੇਂ ਉਛਾਲ ਨਾਲ ਨਜਿੱਠਣ ਲਈ ਤਤਪਰਤਾ ਦੀ ਭਾਵਨਾ ਦਾ ਸੱਦਾ ਦਿੱਤਾ
‘ਮਹਾਮਾਰੀ ਦੀਆਂ ਪਿਛਲੀਆਂ ਲਹਿਰਾਂ ਤੋਂ ਸਿੱਖੇ ਗਏ ਸਬਕ ਨੂੰ ਲਾਗੂ ਕਰੋ; ਕੋਵਿਡ ਪ੍ਰੋਟੋਕੋਲ ਦੇ 'ਧਰਮ' ਦੀ ਹਰ ਸਮੇਂ ਪਾਲਣਾ ਕਰੋ'
ਉਪ ਰਾਸ਼ਟਰਪਤੀ ਨੇ 'ਇੰਡੀਅਨ ਵੈਲਿਊ ਸਿਸਟਮਸ ਦੇ ਰਾਜਦੂਤ' ਬਣਨ ਲਈ ਭਾਰਤੀ ਮੂਲ ਦੇ ਡਾਕਟਰਾਂ ਦੀ ਤਾਰੀਫ਼ ਕੀਤੀ
'ਸਿਹਤ ਸਬੰਧੀ ਭਾਰਤ-ਅਮਰੀਕਾ ਸਹਿਯੋਗ ਪੂਰੀ ਦੁਨੀਆ ਨੂੰ ਲਾਭ ਪਹੁੰਚਾ ਸਕਦਾ ਹੈ': ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਸਿਹਤ ਸਬੰਧੀ ਸ਼ਹਿਰੀ-ਗ੍ਰਾਮੀਣ ਪਾੜੇ ਨੂੰ ਦੂਰ ਕਰਨ ਲਈ ਟੈਲੀਹੈਲਥ ਅਤੇ ਹੋਰ ਟੈਕਨੀਕਲ ਸਮਾਧਾਨਾਂ ਦੀ ਖੋਜ ਕਰਨ ਦਾ ਸੁਝਾਅ ਦਿੱਤਾ
ਉਪ ਰਾਸ਼ਟਰਪਤੀ ਨੇ ਨੀਤੀ ਆਯੋਗ ਦੇ ਸਿਹਤ ਸੂਚਕਾਂਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਤੇਲੰਗਾਨਾ ਦੀ ਪ੍ਰਸ਼ੰਸਾ ਕੀਤੀ
ਉਪ ਰਾਸ਼ਟਰਪਤੀ ਨੇ ਅਮਰੀਕਨ ਐਸੋਸੀਏਸ਼ਨ ਆਵ੍ ਫਿਜ਼ੀਸ਼ੀਅਨ ਆਵ੍ ਇੰਡੀਅਨ ਓਰੀਜਨ (ਏਏਪੀਆਈ) ਦੁਆਰਾ ਆਯੋਜਿਤ 15ਵੇਂ ਗਲੋਬਲ ਹੈਲਥ ਸਮਿਟ ਵਿੱਚ ਉਦਘਾਟਨੀ ਸੰਦੇਸ਼ ਦਿੱਤਾ
Posted On:
05 JAN 2022 1:41PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੋਵਿਡ ਦੇ ਮਾਮਲਿਆਂ ਵਿੱਚ ਨਵੇਂ ਉਛਾਲ ਨਾਲ ਨਜਿੱਠਣ ਅਤੇ ਮਹਾਮਾਰੀ ਦੀਆਂ ਪਿਛਲੀਆਂ ਲਹਿਰਾਂ ਦੇ ਸਬਕ ਨੂੰ ਲਾਗੂ ਕਰਨ ਲਈ ਤਤਪਰਤਾ ਦੀ ਭਾਵਨਾ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦਿੱਤਾ “ਸਾਨੂੰ ਹਰ ਸਮੇਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਨੂੰ ਆਪਣਾ ‘ਧਰਮ’ ਅਤੇ ‘ਕਰਤੱਵ’ ਸਮਝਣਾ ਚਾਹੀਦਾ ਹੈ – ਮਾਸਕ ਪਹਿਨਣਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਟੀਕਾਕਰਣ ਕਰਨਾ, ਅਤੇ ਆਪਣੇ-ਆਪ ਨੂੰ ਅਤੇ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।”
15-18 ਸਾਲ ਦੀ ਉਮਰ ਦੇ ਸਮੂਹਾਂ ਲਈ ਟੀਕਾਕਰਣ ਦੇ ਉਪਾਵਾਂ ਦੀ ਮਹੱਤਤਾ ਨੂੰ ਦੇਖਦੇ ਹੋਏ, ਸ਼੍ਰੀ ਨਾਇਡੂ ਨੇ ਨਵੇਂ ਪਾਤਰ ਉਮਰ ਸਮੂਹ ਦੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਜਲਦੀ ਤੋਂ ਜਲਦੀ ਟੀਕਾਕਰਣ ਕਰਵਾਉਣ ਦੀ ਤਾਕੀਦ ਕੀਤੀ। ਉਨ੍ਹਾਂ ਜਨਤਕ ਸੋਚ ਵਾਲੇ ਵਿਅਕਤੀਆਂ, ਸੋਸ਼ਲ ਐਡਵੋਕੇਸੀ ਗਰੁਪਾਂ, ਮੈਡੀਕਲ ਪ੍ਰੋਫੈਸ਼ਨਲਸ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਅਤੇ ਕਿਸੇ ਵੀ ਵੈਕਸੀਨ ਦੀ ਝਿਜਕ ਤੋਂ ਛੁਟਕਾਰਾ ਪਾਉਣ ਲਈ ਕਿਹਾ ਜੋ ਭਾਰਤ ਨੂੰ ਮਹਾਮਾਰੀ ਵਿਰੁੱਧ ਆਪਣੀ ਸਮੂਹਿਕ ਲੜਾਈ ਵਿੱਚ ਰੋਕ ਸਕਦੀ ਹੈ।
ਅਮਰੀਕਨ ਐਸੋਸੀਏਸ਼ਨ ਆਵ੍ ਫਿਜ਼ੀਸ਼ੀਅਨ ਆਵ੍ ਇੰਡੀਅਨ ਓਰੀਜਨ (ਏਏਪੀਆਈ) ਦੁਆਰਾ ਆਯੋਜਿਤ 15ਵੀਂ ਗਲੋਬਲ ਹੈਲਥ ਸਮਿਟ ਲਈ ਇੱਕ ਰਿਕਾਰਡ ਕੀਤੇ ਉਦਘਾਟਨੀ ਸੰਦੇਸ਼ ਵਿੱਚ, ਉਪ ਰਾਸ਼ਟਰਪਤੀ ਨੇ "ਦੁਨੀਆ ਦੇ ਹਰ ਕੋਨੇ ਵਿੱਚ ਆਪਣੀ ਪਹਿਚਾਣ ਬਣਾਉਣ" ਅਤੇ "ਵਸੁਧੈਵ ਕੁਟੁੰਬਕਮ ਦੇ ਸਾਡੇ ਦੇਸ਼ ਦੀ ਸੱਭਿਅਤਾ ਦੇ ਮੁੱਲ ਦਾ ਮੂਰਤ" ਹੋਣ ਲਈ ਭਾਰਤੀ ਮੂਲ ਦੇ ਮੈਡੀਕਲ ਪ੍ਰੋਫੈਸ਼ਨਲਸ ਦੀ ਪ੍ਰਸ਼ੰਸਾ ਕੀਤੀ।
ਸ਼੍ਰੀ ਨਾਇਡੂ ਨੇ ਦੇਖਿਆ ਕਿ ਖ਼ਾਸ ਤੌਰ 'ਤੇ ਅਮਰੀਕਾ ਵਿੱਚ, ਭਾਰਤੀ ਮੂਲ ਦੇ ਡਾਕਟਰਾਂ ਨੇ ਇੱਕ ਜ਼ਬਰਦਸਤ ਨਾਮਣਾ ਖੱਟਿਆ ਹੈ ਅਤੇ ਉਨ੍ਹਾਂ ਵਿੱਚੋਂ ਕਈ ਦੇਸ਼ ਵਿੱਚ ਉੱਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਬਿਰਾਜਮਾਨ ਹਨ। ਉਨ੍ਹਾਂ ਅੱਗੇ ਕਿਹਾ "ਉਹ ਭਾਰਤ ਦੀਆਂ ਮੁੱਲ ਪ੍ਰਣਾਲੀਆਂ ਦੇ ਸਭ ਤੋਂ ਸਫ਼ਲ ਰਾਜਦੂਤਾਂ ਵਿੱਚੋਂ ਇੱਕ ਹਨ।”
ਇਹ ਨੋਟ ਕਰਦੇ ਹੋਏ ਕਿ ਭਾਰਤੀ ਫਰਮਾਂ ਨੇ ਹਾਲ ਹੀ ਵਿੱਚ ਪ੍ਰਵਾਨਿਤ ਵੈਕਸੀਨ - ਕੋਰਬੇਵੈਕਸ ਅਤੇ ਕੋਵੋਵੈਕਸ ਤਿਆਰ ਕਰਨ ਲਈ ਅਮਰੀਕਾ-ਅਧਾਰਿਤ ਸੰਸਥਾਵਾਂ ਨਾਲ ਸਹਿਯੋਗ ਕੀਤਾ ਹੈ, ਉਪ ਰਾਸ਼ਟਰਪਤੀ ਨੇ ਕਿਹਾ, "ਇਹ ਤਜਰਬਾ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਸਿਹਤ ਸੰਭਾਲ਼ ਵਿੱਚ ਭਾਰਤ-ਅਮਰੀਕਾ ਸਹਿਯੋਗ ਨਾ ਸਿਰਫ਼ ਸਾਡੇ ਦੇਸ਼ਾਂ ਲਈ ਬਲਕਿ ਸਾਰੀ ਦੁਨੀਆ ਦੇ ਦੇਸ਼ਾਂ ਲਈ, ਬਹੁਤ ਲਾਭਦਾਇਕ ਹੋ ਸਕਦਾ ਹੈ।”
ਸੰਦੇਸ਼ ਵਿੱਚ, ਉਪ ਰਾਸ਼ਟਰਪਤੀ ਨੇ ਚਿੰਤਾ ਜ਼ਾਹਿਰ ਕੀਤੀ ਕਿ ਜਦਕਿ ਸ਼ਹਿਰੀ ਖੇਤਰਾਂ ਵਿੱਚ ਤੀਸਰੇ ਦਰਜੇ ਦੀ ਦੇਖਭਾਲ ਬਾਰੇ ਟੈਕਨੋਲੋਜੀ ਉਪਲਬਧ ਹੈ ਜੋ ਅੰਤਰਰਾਸ਼ਟਰੀ ਮਰੀਜ਼ਾਂ ਨੂੰ ਆਕਰਸ਼ਿਤ ਕਰਦੀ ਹੈ, ਇਹ ਚਿੰਤਾਜਨਕ ਗੱਲ ਹੈ ਕਿ ਪ੍ਰਾਇਮਰੀ ਕੇਅਰ ਤੱਕ ਦੀ ਸੀਮਿਤ ਪਹੁੰਚ ਵਾਲੇ ਗ੍ਰਾਮੀਣ ਖੇਤਰ ਪਛੜ ਰਹੇ ਹਨ।
ਇਸ ਪਾੜੇ ਨੂੰ ਪੂਰਾ ਕਰਨ ਲਈ, ਹੋਰ ਉਪਾਵਾਂ ਦੇ ਨਾਲ-ਨਾਲ, ਸ਼੍ਰੀ ਨਾਇਡੂ ਨੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਬਿਹਤਰ ਪਹੁੰਚ ਕਰਨ ਲਈ ਟੈਲੀਹੈਲਥ ਅਤੇ ਹੋਰ ਟੈਕਨੀਕਲ ਸਮਾਧਾਨਾਂ ਦੀ ਵਰਤੋਂ ਦੀ ਗੰਭੀਰਤਾ ਨਾਲ ਖੋਜ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ “ਇਹ ਆਖਰੀ ਮੀਲ ਤੱਕ ਪਹੁੰਚਣ ਲਈ ਸਾਡੀ ਸੀਮਿਤ ਮਾਨਵ ਸ਼ਕਤੀ ਅਤੇ ਸਿਹਤ ਬੁਨਿਆਦੀ ਢਾਂਚੇ ਦੀ ਵਰਤੋਂ ਦਾ ਵਿਸਤਾਰ ਕਰੇਗਾ।”
ਇਸ ਸਬੰਧ ਵਿੱਚ, ਉਨ੍ਹਾਂ ਭਾਰਤ ਵਿੱਚ ਬਹੁਤ ਸਾਰੇ ਹੈਲਥ-ਟੈਕਨੀਕਲ ਸਟਾਰਟ-ਅੱਪਸ ਦੇ ਸੁਆਗਤਯੋਗ ਰੁਝਾਨ ਨੂੰ ਨੋਟ ਕੀਤਾ ਅਤੇ ਗ੍ਰਾਮੀਣ ਖੇਤਰਾਂ ਲਈ ਉਨ੍ਹਾਂ ਦੀਆਂ ਸਿਹਤ ਸੰਭਾਲ਼ ਸੇਵਾਵਾਂ ਨੂੰ ਵਧਾਉਣ ਦਾ ਸੁਝਾਅ ਦਿੱਤਾ, ਤਾਂ ਜੋ ਭੂਗੋਲਿਕ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ ਅਤੇ ਆਊਟ ਆਵ੍ ਪੋਕੇਟ ਖ਼ਰਚਿਆਂ ਨੂੰ ਤਰਕਸੰਗਤ ਬਣਾਇਆ ਜਾ ਸਕੇ। ਉਨ੍ਹਾਂ ਦੇਖਿਆ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਮਰੀਜ਼ ਦੀ ਮੈਡੀਕਲ ਹਿਸਟਰੀ ਦੇ ਡਿਜਿਟਲ ਰਿਕਾਰਡ ਦੇ ਨਾਲ, ਇਨ੍ਹਾਂ ਪ੍ਰਯਤਨਾਂ ਨੂੰ ਹੁਲਾਰਾ ਦੇਵੇਗਾ।
ਸ਼੍ਰੀ ਨਾਇਡੂ ਨੇ ਹਾਲ ਹੀ ਵਿੱਚ ਜਾਰੀ ਨੀਤੀ ਆਯੋਗ ਦੇ ਰਾਜ ਸਿਹਤ ਸੂਚਕਾਂਕ ਦੇ ਚੌਥੇ ਸੰਸਕਰਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਤੇਲੰਗਾਨਾ ਰਾਜ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਸੰਨਤਾ ਜ਼ਾਹਿਰ ਕੀਤੀ ਕਿ ਤੇਲੰਗਾਨਾ ਵੀ ਸਿਹਤ ਨਤੀਜਿਆਂ ਵਿੱਚ ਸਾਲ-ਦਰ-ਸਾਲ ਵਾਧੇ ਵਾਲੇ ਪ੍ਰਦਰਸ਼ਨ ਵਿੱਚ ਚੋਟੀ ਦੇ ਤਿੰਨ ਰਾਜਾਂ ਵਿੱਚ ਸ਼ਾਮਲ ਹੈ।
ਉਪ ਰਾਸ਼ਟਰਪਤੀ ਨੇ ਏਏਪੀਆਈ ਦੀਆਂ ਹੋਰ ਪਹਿਲਾਂ ਦੇ ਨਾਲ-ਨਾਲ ਭਾਰਤ ਵਿੱਚ ਇਸ ਦੀਆਂ ਸੇਵਾਵਾਂ - ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ 5 ਮਿਲੀਅਨ ਡਾਲਰ ਜੁਟਾਉਣ, ਇਸ ਦੇ 'ਅਡੌਪਟ ਏ ਵਿਲੇਜ' ਪ੍ਰੋਗਰਾਮ ਲਈ, ਏਏਪੀਆਈ ਦੀ ਸ਼ਲਾਘਾ ਕੀਤੀ।
***********
ਐੱਮਐੱਸ/ਆਰਕੇ
(Release ID: 1787786)
Visitor Counter : 126