ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਲਪਨਾ ਚਾਵਲਾ ਸੈਂਟਰ ਫੌਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ ਦਾ ਉਦਘਾਟਨ ਕੀਤਾ



ਰੱਖਿਆ ਮੰਤਰੀ ਨੇ ਪੁਲਾੜ ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਸ ਨੂੰ ਅਹਿਮ ਕਦਮ ਦੱਸਿਆ



ਸ਼੍ਰੀ ਰਾਜਨਾਥ ਸਿੰਘ ਨੇ ਭਾਰਤ ਨੂੰ ਗਿਆਨ ਅਧਾਰਿਤ ਅਰਥਵਿਵਸਥਾ ਬਣਾਉਣ ਲਈ ਲੰਬੇ ਸਮੇਂ ਦੀ ਜਨਤਕ-ਨਿਜੀ ਭਾਈਵਾਲੀ ਦਾ ਸੱਦਾ ਦਿੱਤਾ



ਸੰਪੂਰਨ ਵਿਕਾਸ ਲਈ ਭਵਿੱਖ ਦੀਆਂ ਤਕਨੀਕਾਂ ਦਾ ਵਿਕਾਸ ਜ਼ਰੂਰੀ ਹੈ: ਰੱਖਿਆ ਮੰਤਰੀ

Posted On: 03 JAN 2022 2:01PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 3 ਜਨਵਰੀ, 2022 ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਲਪਨਾ ਚਾਵਲਾ ਸੈਂਟਰ ਫੌਰ ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ (ਕੇਸੀਸੀਆਰਐੱਸਐੱਸਟੀ) ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਤਿੰਨਾਂ ਸੈਨਾਵਾਂ ਦੇ ਰੱਖਿਆ ਕਰਮਚਾਰੀਆਂ ਦੇ ਬੱਚਿਆਂ ਲਈ 10 ਕਰੋੜ ਰੁਪਏ ਦੀ ਵਜ਼ੀਫ਼ਾ ਯੋਜਨਾ ਵੀ ਸ਼ੁਰੂ ਕੀਤੀ।

ਆਪਣੇ ਸੰਬੋਧਨ ਵਿੱਚ ਸ਼੍ਰੀ ਰਾਜਨਾਥ ਸਿੰਘ ਨੇ ਇਸ ਖੋਜ ਕੇਂਦਰ ਦੀ ਸਥਾਪਨਾ ਨੂੰ ਦੇਸ਼ ਦੇ ਪੁਲਾੜ ਖੇਤਰ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਹੀ ਭਾਰਤ ਭਵਿੱਖ ਦੀਆਂ ਤਕਨੀਕਾਂ ਵਿੱਚ ਮੋਹਰੀ ਬਣ ਸਕਦਾ ਹੈ। ਉਨ੍ਹਾਂ ਕੇਸੀਸੀਆਰਐੱਸਐੱਸਟੀ ਨੂੰ 'ਭਾਰਤ ਦਾ ਮਾਣ' ਕਲਪਨਾ ਚਾਵਲਾ ਦੇ ਸਮਾਨ ਦੱਸਿਆ। ਰੱਖਿਆ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਖੋਜ ਸੁਵਿਧਾ ਗੁਜਰ ਚੁੱਕੇ ਭਾਰਤੀ ਪੁਲਾੜ ਯਾਤਰੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਾਂਗ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰੇਗੀ, ਜਿਸ ਨੇ ਆਪਣੇ ਮੂਲ ਦੇਸ਼ ਨੂੰ ਦੁਨੀਆ ਵਿੱਚ ਪਹਿਚਾਣ ਦਿਵਾਈ।

ਰੱਖਿਆ ਮੰਤਰੀ ਨੇ ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਕਿਹਾ, "21ਵੀਂ ਸਦੀ ਵਿੱਚ ਭਾਰਤ ਦਾ ਭਵਿੱਖ ਤਾਂ ਹੀ ਸੁਰੱਖਿਅਤ ਹੋ ਸਕਦਾ ਹੈ, ਜੇਕਰ ਤੁਹਾਡੀਆਂ ਅੱਖਾਂ ਵਿੱਚ ਤਾਰਿਆਂ ਅਤੇ ਗ੍ਰਹਿਆਂ ਤੱਕ ਪਹੁੰਚਣ ਦੀ ਇੱਕ ਜਯੋਤੀ ਹੋਵੇ। ਜੇਕਰ ਤੁਸੀਂ ਵੱਖ-ਵੱਖ ਗ੍ਰਹਿਆਂ ਅਤੇ ਤਾਰਾਮੰਡਲਾਂ ਨੂੰ ਦੇਖਦੇ ਹੋ, ਤਾਂ ਤੁਹਾਡੇ ਸਾਰਿਆਂ ਵਿੱਚੋਂ ਆਰੀਆਭੱਟ, ਵਿਕਰਮ ਸਾਰਾਭਾਈ, ਸਤੀਸ਼ ਧਵਨ ਅਤੇ ਕਲਪਨਾ ਚਾਵਲਾ ਜਿਹੇ ਹੋਰ ਭਾਰਤੀ ਸਾਹਮਣੇ ਆਉਣਗੇ।" 

ਸ਼੍ਰੀ ਰਾਜਨਾਥ ਸਿੰਘ ਨੇ ਅਜੋਕੇ ਸਮੇਂ ਵਿੱਚ ਪੁਲਾੜ ਖੇਤਰ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਹ ਮੈਪਿੰਗ, ਚਿੱਤਰਣ ਅਤੇ ਸੰਪਰਕ ਸੁਵਿਧਾਵਾਂ ਦੇ ਨਾਲ-ਨਾਲ ਤੇਜ਼ ਆਵਾਜਾਈ, ਮੌਸਮ ਦੀ ਭਵਿੱਖਬਾਣੀ, ਆਪਦਾ ਪ੍ਰਬੰਧਨ ਅਤੇ ਸੀਮਾ ਸੁਰੱਖਿਆ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨੇ ਕੋਵਿਡ-19 ਮਹਾਮਾਰੀ ਦੌਰਾਨ ਟੈਸਟਿੰਗ ਤੋਂ ਲੈ ਕੇ ਡਾਟਾ ਟਰਾਂਸਫਰ ਅਤੇ ਵਿਸ਼ਲੇਸ਼ਣ ਤੱਕ ਪੂਰੀ ਦੁਨੀਆ ਨੂੰ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਪੁਲਾੜ ਖੇਤਰ ਦੀ ਸਮਰੱਥਾ ਨੂੰ ਸਮਝਦੀ ਹੈ। ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਸ ਖੇਤਰ ਵਿੱਚ ਸੁਧਾਰਾਂ ਲਈ ਚਾਰ ਪ੍ਰਮੁੱਖ ਥੰਮ੍ਹਾਂ ਦਾ ਜ਼ਿਕਰ ਕੀਤਾ। ਇਹ ਆਧਾਰ ਹਨ: ਨਿਜੀ ਖੇਤਰ ਲਈ ਨਵੀਨਤਾਕਾਰੀ ਕਰਨ ਦੀ ਸੁਤੰਤਰਤਾ, ਇੱਕ ਸਮਰਥਕ ਵਜੋਂ ਸਰਕਾਰ ਦੀ ਭੂਮਿਕਾ, ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨਾ ਅਤੇ ਪੁਲਾੜ ਖੇਤਰ ਨੂੰ ਤਰੱਕੀ ਲਈ ਇੱਕ ਸਰੋਤ ਵਜੋਂ ਦੇਖਣਾ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਫਾਊਂਡੇਸ਼ਨਾਂ ਦੇ ਤਹਿਤ ਪਹਿਚਾਣੇ ਗਏ ਕਾਰਜ ਪੁਲਾੜ ਖੇਤਰ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣਗੇ ਅਤੇ ਦੇਸ਼ ਦੀ ਤਰੱਕੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ।

ਰੱਖਿਆ ਮੰਤਰੀ ਨੇ ਸਿੱਖਿਆ ਅਤੇ ਵਿਗਿਆਨ ਦੇ ਖੇਤਰਾਂ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਅਤੇ ਭਾਰਤ ਨੂੰ ਗਿਆਨ ਅਧਾਰਿਤ ਆਰਥਿਕਤਾ ਬਣਾਉਣ ਲਈ ਇੱਕ ਸਰਗਰਮ ਅਤੇ ਲੰਬੇ ਸਮੇਂ ਦੀ ਜਨਤਕ-ਨਿਜੀ ਭਾਈਵਾਲੀ ਦਾ ਸੱਦਾ ਦਿੱਤਾ। ਦੇਸ਼ ਦੇ ਸਰਬਪੱਖੀ ਵਿਕਾਸ ਲਈ ਨਿਜੀ ਖੇਤਰ ਨੂੰ ਮਜ਼ਬੂਤ ​​ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ, ''ਅੱਜ ਪ੍ਰਾਈਵੇਟ ਸੈਕਟਰ ਵੱਡੀ ਗਿਣਤੀ 'ਚ ਪੁਲਾੜ ਦੇ ਖੇਤਰ 'ਚ ਮੌਕਿਆਂ ਦੀ ਤਲਾਸ਼ 'ਚ ਹੈ। ਭਾਵੇਂ ਉਹ ਰੱਖਿਆ ਹੋਵੇ ਜਾਂ ਪੁਲਾੜ, ਅਸੀਂ ਪ੍ਰਾਈਵੇਟ ਸੈਕਟਰ ਦਾ ਦਿਲੋਂ ਸੁਆਗਤ ਕਰ ਰਹੇ ਹਾਂ।"

ਨਿਜੀ ਖੇਤਰ ਦੀ ਸਮਰੱਥਾ ਦਾ ਲਾਭ ਉਠਾਉਣ ਦੇ ਉਦੇਸ਼ ਨਾਲ ਕੀਤੇ ਗਏ ਕੁਝ ਉਪਾਵਾਂ ਦੀ ਸੂਚੀ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਟੈਕਨੋਲੋਜੀ ਅਤੇ ਮੁਹਾਰਤ ਨੂੰ ਸਾਂਝਾ ਕਰ ਰਹੀ ਹੈ ਅਤੇ ਉਦਯੋਗ ਲਈ ਆਪਣੀਆਂ ਵੱਖ-ਵੱਖ ਸੁਵਿਧਾਵਾਂ ਖੋਲ੍ਹ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉੱਨਤ ਤਕਨੀਕਾਂ ਦੇ ਤਬਾਦਲੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੰਡੀਅਨ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ (ਇਨ-ਸਪੇਸ) ਦੀ ਸਥਾਪਨਾ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਤੰਤਰ ਏਜੰਸੀ ਪੁਲਾੜ ਖੇਤਰ ਨਾਲ ਸਬੰਧਿਤ ਮਾਮਲਿਆਂ ਲਈ ਸਿੰਗਲ ਵਿੰਡੋ ਵਜੋਂ ਕੰਮ ਕਰੇਗੀ।

ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਖੇਤਰ ਰਾਹੀਂ ਪੁਲਾੜ ਅਧਾਰਿਤ ਐਪਲੀਕੇਸ਼ਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਵਿੱਚ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਲਈ ਜੀਓ-ਟੈਗਿੰਗ ਦੀ ਵਰਤੋਂ, ਸੈਟੇਲਾਈਟ ਇਮੇਜਰੀ ਰਾਹੀਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਕਿਸਾਨਾਂ ਲਈ ਫਸਲਾਂ ਅਤੇ ਖੇਤਾਂ ਨਾਲ ਸਬੰਧਿਤ ਸਮੱਸਿਆਵਾਂ ਦੀ ਪਹਿਚਾਣ ਕਰਨ ਲਈ ਸਰਕਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਦਦ ਮਿਲ ਰਹੀ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰ ਦੇ ਸਰਬਪੱਖੀ ਵਿਕਾਸ ਲਈ ਬਨਾਉਟੀ ਬੁੱਧੀ, ਇੰਟਰਨੈੱਟ ਆਫ ਥਿੰਗਜ਼, ਬਿਗ-ਡੇਟਾ ਅਤੇ ਬਲਾਕ-ਚੇਨ ਜਿਹੀਆਂ ਭਵਿੱਖਮੁਖੀ ਤਕਨੀਕਾਂ ਦੇ ਵਿਕਾਸ ਵੱਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਲਾੜ ਟੈਕਨੋਲੋਜੀ ਵਿੱਚ ਤਰੱਕੀ ਨਾਲ ਦੇਸ਼ ਦੇ ਨੌਜਵਾਨਾਂ ਵਿੱਚ ਵਿਗਿਆਨਕ ਸੋਚ ਦਾ ਵਿਕਾਸ ਹੋਵੇਗਾ ਅਤੇ ਭਾਰਤ ਅਤਿ ਆਧੁਨਿਕ ਤਕਨੀਕਾਂ ਵਿੱਚ ਅੱਗੇ ਵਧੇਗਾ।

ਰੱਖਿਆ ਮੰਤਰੀ ਨੇ ਪਿਛਲੇ ਸਾਲਾਂ ਦੌਰਾਨ ਖੋਜ ਅਤੇ ਨਵੀਨਤਾ ਵਿੱਚ ਸਫ਼ਲਤਾ ਦੇ ਰਿਕਾਰਡ ਕਾਇਮ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਿਜੀ ਖੇਤਰ ਦੀ ਵੱਧ ਰਹੀ ਭਾਗੀਦਾਰੀ ਦਾ ਸੂਚਕ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਦਹਾਕਿਆਂ ਤੋਂ ਸਖ਼ਤ ਮਿਹਨਤ ਅਤੇ ਸੋਚ ਨਾਲ ਵਿਸ਼ਵ ਦੀਆਂ ਚੋਟੀ ਦੀਆਂ ਪੁਲਾੜ ਏਜੰਸੀਆਂ ਵਿੱਚੋਂ ਇੱਕ ਹੋਣ ਲਈ ਵੀ ਸ਼ਲਾਘਾ ਕੀਤੀ।

ਮਰਹੂਮ ਭਾਰਤੀ ਪੁਲਾੜ ਯਾਤਰੀ ਕਲਪਨਾ ਚਾਵਲਾ ਨੂੰ ਯਾਦ ਕਰਦੇ ਹੋਏ, ਸ਼੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਔਰਤਾਂ ਦੇ ਸਸ਼ਕਤੀਕਰਨ ਦਾ ਪ੍ਰਤੀਕ ਦੱਸਿਆ ਜੋ ਕਲਪਨਾ ਤੋਂ ਪਰ੍ਹੇ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਣ ਅਤੇ ਆਪਣੀਆਂ ਧੀਆਂ ਨੂੰ ਅੱਗੇ ਵਧਣ ਅਤੇ ਕਲਪਨਾ ਤੋਂ ਪਰ੍ਹੇ ਅਣਗਿਣਤ ਬੁਲੰਦੀਆਂ ਨੂੰ ਸਰ ਕਰਨ ਲਈ ਪ੍ਰੇਰਿਤ ਕਰਨ। ਇਸ ਤੋਂ ਇਲਾਵਾ ਰੱਖਿਆ ਮੰਤਰੀ ਨੇ ਸਾਰੇ ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਸਰਕਾਰ ਦੇ ਵਿਜ਼ਨ ਦਾ ਵੀ ਜ਼ਿਕਰ ਕੀਤਾ।

ਪੁਲਾੜ ਵਿਗਿਆਨ ਅਤੇ ਉਪਗ੍ਰਹਿ ਵਿਕਾਸ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਪੁਲਾੜ ਖੋਜ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਥਾਪਤ ਕੀਤਾ ਗਿਆ ਅਤਿ-ਆਧੁਨਿਕ ਕੇਸੀਸੀਆਰਐੱਸਐੱਸਟੀ, ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀ ਸੈਟੇਲਾਈਟ (ਸੀਯੂਸੈੱਟ) ਲਈ ਜ਼ਮੀਨੀ ਕੰਟਰੋਲ ਸਟੇਸ਼ਨ ਹੋਵੇਗਾ। ਇਹ ਇੱਕ ਇਨ ਹਾਊਸ ਵਿਕਸਤ ਨੈਨੋ-ਸੈਟੇਲਾਈਟ ਹੈ, ਜੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ ਅਤੇ ਹੋਰ ਪ੍ਰੋਜੈਕਟਾਂ ਵਿੱਚ ਖੋਜ ਲਈ ਇੱਕ ਭੂ-ਸਥਾਨਕ ਕੇਂਦਰ ਹੈ।

ਸੀਯੂਸੈੱਟ 2022 ਵਿੱਚ 75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਪੁਲਾੜ ਵਿੱਚ ਲਾਂਚ ਕੀਤੇ ਜਾਣ ਵਾਲੇ 75 ਵਿਦਿਆਰਥੀਆਂ ਦੁਆਰਾ ਬਣਾਏ ਉਪਗ੍ਰਹਿਾਂ ਵਿੱਚੋਂ ਇੱਕ ਵੀ ਹੋਵੇਗਾ। ਚੰਡੀਗੜ੍ਹ ਯੂਨੀਵਰਸਿਟੀ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ) ਕਾਨਪੁਰ, ਆਈਆਈਟੀ ਬੰਬੇ ਜਿਹੀਆਂ 13 ਸੰਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਨਾਲ ਹੀ, ਇਹ ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਆਪਣਾ ਸੈਟੇਲਾਈਟ ਡਿਜ਼ਾਈਨ ਕੀਤਾ ਅਤੇ ਵਿਕਸਤ ਕੀਤਾ। ਇਸ ਪ੍ਰੋਜੈਕਟ ਲਈ ਯੂਨੀਵਰਸਿਟੀ ਦੇ 75 ਵਿਦਿਆਰਥੀ ਨਾਮਵਰ ਭਾਰਤੀ ਵਿਗਿਆਨੀਆਂ ਦੀ ਅਗਵਾਈ ਹੇਠ ਚੰਡੀਗੜ੍ਹ ਯੂਨੀਵਰਸਿਟੀ ਸਟੂਡੈਂਟਸ ਸੈਟੇਲਾਈਟ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ।

ਸੀਯੂਸੈੱਟ ਦੇ ਲਾਂਚ ਹੋਣ ਨਾਲ, ਪੰਜਾਬ ਪੁਲਾੜ ਵਿੱਚ ਆਪਣਾ ਸੈਟੇਲਾਈਟ ਰੱਖਣ ਵਾਲਾ ਭਾਰਤ ਦਾ ਪਹਿਲਾ ਸਰਹੱਦੀ ਰਾਜ ਬਣ ਜਾਵੇਗਾ। ਇਹ ਸਰਹੱਦ ਪਾਰ ਘੁਸਪੈਠ, ਖੇਤੀਬਾੜੀ, ਮੌਸਮ ਦੀ ਭਵਿੱਖਬਾਣੀ, ਕੁਦਰਤੀ ਆਫ਼ਤ ਦੀ ਭਵਿੱਖਬਾਣੀ ਨਾਲ ਸਬੰਧਿਤ ਅੰਕੜੇ ਇਕੱਠੇ ਕਰੇਗਾ, ਜੋ ਇਨ੍ਹਾਂ ਖੇਤਰਾਂ ਵਿੱਚ ਵੱਖ-ਵੱਖ ਸਮੱਸਿਆਵਾਂ ਦੀ ਖੋਜ ਅਤੇ ਅਧਿਐਨ ਵਿੱਚ ਮਦਦਗਾਰ ਹੋਵੇਗਾ। ਇਸ ਦੇ ਮੱਦੇਨਜ਼ਰ ਯੂਨੀਵਰਸਿਟੀ ਦਾ ਨੈਨੋਸੈਟੇਲਾਈਟ - ਸੀਯੂਸੈੱਟ ਲਾਂਚ ਕਰਨਾ ਦੇਸ਼ ਲਈ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਇਸ ਤੋਂ ਇਲਾਵਾ, ਜੀਸੀਐੱਸ ਸੈਟੇਲਾਈਟ ਖੋਜ ਸੁਵਿਧਾਵਾਂ ਵਿਕਸਿਤ ਕਰਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਸੈਟੇਲਾਈਟ ਲਾਂਚ ਕਰਨ ਵਿੱਚ ਮਦਦ ਕਰੇਗਾ ਜਿਨ੍ਹਾਂ ਕੋਲ ਸੈਟੇਲਾਈਟ ਟੈਕਨੋਲੋਜੀ ਵਿਕਸਿਤ ਨਹੀਂ ਹੈ।

ਕੇਸੀਸੀਆਰਐੱਸਐੱਸਟੀ ਦੇ ਉਦਘਾਟਨ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਸਤਨਾਮ ਸਿੰਘ ਸੰਧੂ, ਵਿਗਿਆਨੀ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

https://static.pib.gov.in/WriteReadData/userfiles/image/PIC19UWJ.jpg

https://static.pib.gov.in/WriteReadData/userfiles/image/PIC83Z3Y.jpg

https://static.pib.gov.in/WriteReadData/userfiles/image/PIC9P4B1.jpg

 

******

 

ਏਬੀਬੀ/ਡੀਕੇ/ਸੈਵੀ 



(Release ID: 1787286) Visitor Counter : 183