ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੈਂਚਰ ਕੈਪੀਟਲ ਅਤੇ ਪ੍ਰਾਈਵੇਟ ਇਕੁਇਟੀ ਫੰਡਸ ਦੇ ਨੁਮਾਇੰਦਿਆਂ ਨਾਲ ਗੋਲਮੇਜ਼ ਵਾਰਤਾ ਦੀ ਮੇਜ਼ਬਾਨੀ ਕੀਤੀ
ਭਾਰਤ ‘ਚ ‘ਕਾਰੋਬਾਰ ਕਰਨਾ ਅਸਾਨ’ ਬਣਾਉਣ ਦੀ ਨਿਰੰਤਰ ਕੋਸ਼ਿਸ਼ ਲਈ ਇਹ ਗੱਲਬਾਤ ਕੀਤੀ ਗਈ
ਪ੍ਰਧਾਨ ਮੰਤਰੀ ਨੇ ਅਗਲੇ ਬਜਟ ਤੋਂ ਪਹਿਲਾਂ ਉਦਯੋਗਿਕ ਲੀਡਰਾਂ ਨਾਲ ਨਿਜੀ ਗੱਲਬਾਤ ਕੀਤੀ
ਫੰਡ ਨੁਮਾਇੰਦਿਆਂ ਨੇ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਨਿਵੇਸ਼ ਦੇ ਮਾਹੌਲ ਨੂੰ ਵੱਡਾ ਹੁਲਾਰਾ ਦੇਣ ਲਈ ਉਹ ਪ੍ਰਮੁੱਖ ਸੰਚਾਲਕ ਸ਼ਕਤੀ ਰਹੇ ਹਨ
‘ਸਟਾਰਟ–ਅੱਪ ਪ੍ਰਧਾਨ ਮੰਤਰੀ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ
Posted On:
17 DEC 2021 8:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ‘ਤੇ ਵੈਂਚਰ ਕੈਪੀਟਲ ਅਤੇ ਪ੍ਰਾਈਵੇਟ ਇਕੁਇਟੀ ਫੰਡਸ ਦੇ ਨੁਮਾਇੰਦਿਆਂ ਨਾਲ ਇੱਕ ਗੋਲਮੇਜ਼ ਵਾਰਤਾ ਦੀ ਮੇਜ਼ਬਾਨੀ ਕੀਤੀ।
ਪ੍ਰਧਾਨ ਮੰਤਰੀ ਦੀ ਦੇਸ਼ ਵਿੱਚ ਨਿਰੰਤਰ ਨਿਵੇਸ਼ ਦੇ ਮਾਹੌਲ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਰਹੀ ਹੈ। ਪਿਛਲੇ ਸੱਤ ਸਾਲਾਂ ਦੌਰਾਨ ਸਰਕਾਰ ਨੇ ਇਸ ਸਬੰਧੀ ਬਹੁਤ ਸਾਰੀਆਂ ਪ੍ਰਮੁੱਖ ਪਹਿਲਾਂ ਕੀਤੀਆਂ ਹਨ। ਇਸ ਬੈਠਕ ਦੌਰਾਨ ਇਸੇ ਤਰਜ਼ ਉੱਤੇ ਵਿਚਾਰ–ਵਟਾਂਦਰਾ ਹੋਇਆ, ਇਸ ਤੋਂ ਇਹ ਵੀ ਪਤਾ ਲਗਦਾ ਸੀ ਕਿ ਪ੍ਰਧਾਨ ਮੰਤਰੀ ਕਿਵੇਂ ਅਗਲੇ ਬਜਟ ਤੋਂ ਪਹਿਲਾਂ ਸੁਝਾਅ ਲੈਣ ਵਾਸਤੇ ਉਦਯੋਗ ਦੇ ਲੀਡਰਾਂ ਨਾਲ ਨਿਜੀ ਤੌਰ ‘ਤੇ ਗੱਲਬਾਤ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕਾਰੋਬਾਰ ਕਰਨ ਦੀ ਅਸਾਨੀ ਨੂੰ ਹੋਰ ਬਿਹਤਰ ਬਣਾਉਣ, ਵਧੇਰੇ ਪੂੰਜੀ ਖਿੱਚਣ ਅਤੇ ਦੇਸ਼ ਵਿੱਚ ਸੁਧਾਰ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸੁਝਾਅ ਮੰਗੇ। ਉਨ੍ਹਾਂ ਨੇ ਨੁਮਾਇੰਦਿਆਂ ਤੋਂ ਪ੍ਰਾਪਤ ਕੀਤੇ ਅਮਲੀ ਸੁਝਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਉਜਾਗਰ ਕੀਤੇ ਮੁੱਦਿਆਂ ਅਤੇ ਚੁਣੌਤੀਆਂ ਦੇ ਹੱਲ ਲਈ ਕੰਮ ਕਰਨ ਵਾਸਤੇ ਪ੍ਰਤੀਬੱਧ ਹੈ। ਉਨ੍ਹਾਂ ਹੋਰ ਸੁਧਾਰ ਲਿਆਉਣ ਲਈ ਸਰਕਾਰ ਦੁਆਰਾ ਕੀਤੀਆਂ ਕੋਸ਼ਿਸ਼ਾਂ, ਪ੍ਰਧਾਨ ਮੰਤਰੀ ਗਤੀ ਸ਼ਕਤੀ ਜਿਹੀਆਂ ਪਹਿਲਾਂ ਦੀ ਭਵਿੱਖ ‘ਚ ਸੰਭਾਵਨਾ, ਅਤੇ ਬੇਲੋੜੇ ਪਾਲਣਾ ਬੋਝ ਨੂੰ ਘਟਾਉਣ ਲਈ ਚੁੱਕੇ ਗਏ ਕਦਮਾਂ ਦੀ ਚਰਚਾ ਕੀਤੀ। ਉਨ੍ਹਾਂ ਜ਼ਮੀਨੀ ਪੱਧਰ 'ਤੇ ਭਾਰਤ ਵਿੱਚ ਹੋ ਰਹੀਆਂ ਨਵੀਨਤਾਵਾਂ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਦਾ ਵੀ ਜ਼ਿਕਰ ਕੀਤਾ।
ਵੈਂਚਰ ਕੈਪੀਟਲ ਅਤੇ ਪ੍ਰਾਈਵੇਟ ਇਕੁਇਟੀ ਫੰਡ ਦੇ ਨੁਮਾਇੰਦਿਆਂ ਨੇ ਪ੍ਰਧਾਨ ਮੰਤਰੀ ਦੀ ਉਨ੍ਹਾਂ ਦੀ ਅਗਵਾਈ ਲਈ ਪ੍ਰਸ਼ੰਸਾ ਕੀਤੀ ਜੋ ਦੇਸ਼ ਵਿੱਚ ਨਿਵੇਸ਼ ਦੇ ਮਾਹੌਲ ਨੂੰ ਵੱਡੇ ਪੱਧਰ 'ਤੇ ਹੁਲਾਰਾ ਦੇਣ ਪਿੱਛੇ ਇੱਕ ਪ੍ਰਮੁੱਖ ਪ੍ਰੇਰਣਾ ਸ਼ਕਤੀ ਰਹੇ ਹਨ। ਦੇਸ਼ ਵਿੱਚ ਸਟਾਰਟ–ਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਕੀਤੀਆਂ ਪਹਿਲਾਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਸਿਦਾਰਥ ਪਾਈ ਨੇ ਪ੍ਰਧਾਨ ਮੰਤਰੀ ਨੂੰ 'ਸਟਾਰਟ–ਅੱਪ ਪ੍ਰਧਾਨ ਮੰਤਰੀ' ਕਰਾਰ ਦਿੱਤਾ।
ਵੈਂਚਰ ਕੈਪੀਟਲ ਅਤੇ ਪ੍ਰਾਈਵੇਟ ਇਕੁਇਟੀ ਫੰਡ ਦੇ ਨੁਮਾਇੰਦਿਆਂ ਨੇ ਦੇਸ਼ ਦੀ ਉੱਦਮੀ ਸੰਭਾਵਨਾ ਬਾਰੇ ਵੀ ਗੱਲ ਕੀਤੀ, ਅਤੇ ਇਸ ਦਾ ਲਾਭ ਕਿਵੇਂ ਲਿਆ ਜਾ ਸਕਦਾ ਹੈ ਤਾਂ ਜੋ ਸਾਡੇ ਸਟਾਰਟਅੱਪ ਵਿਸ਼ਵ ਪੱਧਰ 'ਤੇ ਪਹੁੰਚ ਸਕਣ। ਸ਼੍ਰੀ ਪ੍ਰਸ਼ਾਂਤ ਪ੍ਰਕਾਸ਼ ਨੇ ਐਗਰੀ ਸਟਾਰਟ–ਅੱਪਸ ਵਿੱਚ ਮੌਜੂਦ ਮੌਕਿਆਂ ਬਾਰੇ ਚਾਨਣਾ ਪਾਇਆ। ਸ਼੍ਰੀ ਰਾਜਨ ਆਨੰਦਨ ਨੇ ਟੈਕਨੋਲੋਜੀ ਦਾ ਲਾਭ ਉਠਾ ਕੇ ਭਾਰਤ ਨੂੰ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਧੁਰਾ ਬਣਾਉਣ ਲਈ ਕੰਮ ਕਰਨ ਦਾ ਸੁਝਾਅ ਦਿੱਤਾ। ਸ਼੍ਰੀ ਸ਼ਾਂਤਨੂ ਨਲਾਵਾੜੀ ਨੇ ਪਿਛਲੇ 7 ਸਾਲਾਂ ਵਿੱਚ ਦੇਸ਼ ਦੁਆਰਾ ਕੀਤੇ ਗਏ ਸੁਧਾਰਾਂ ਖਾਸ ਤੌਰ 'ਤੇ ਬੈਂਕਰਪਸੀ ਐਂਡ ਇਨਸੋਲਵੈਂਸੀ ਕੋਡ (ਆਈਬੀਸੀ) ਸਥਾਪਿਤ ਕਰਨ ਦੇ ਕਦਮ ਦੀ ਦੀ ਸ਼ਲਾਘਾ ਕੀਤੀ। ਸ਼੍ਰੀ ਅਮਿਤ ਡਾਲਮੀਆ ਨੇ ਕਿਹਾ ਕਿ ਭਾਰਤ ਵਿਸ਼ਵ ਪੱਧਰ 'ਤੇ ਬਲੈਕਸਟੋਨ (ਫੰਡਾਂ) ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਭੂਗੋਲਾਂ ਵਿੱਚੋਂ ਇੱਕ ਹੈ। ਸ੍ਰੀ ਵਿਪੁਲ ਰੂੰਗਟਾ ਨੇ ਹਾਊਸਿੰਗ ਸੈਕਟਰ ਵਿੱਚ ਖਾਸ ਕਰਕੇ ਕਿਫਾਇਤੀ ਰਿਹਾਇਸ਼ੀ ਖੇਤਰ ਵਿੱਚ ਸਰਕਾਰ ਦੁਆਰਾ ਕੀਤੀਆਂ ਗਈਆਂ ਨੀਤੀਗਤ ਪਹਿਲਾਂ ਦੀ ਸ਼ਲਾਘਾ ਕੀਤੀ। ਨੁਮਾਇੰਦਿਆਂ ਨੇ ਊਰਜਾ ਪਰਿਵਰਤਨ ਦੇ ਖੇਤਰ ਵਿੱਚ ਭਾਰਤ ਦੀਆਂ ਮਿਸਾਲੀ ਜਲਵਾਯੂ ਪ੍ਰਤੀਬੱਧਤਾਵਾਂ ਕਾਰਨ ਉੱਭਰ ਰਹੇ ਮੌਕਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਫਿਨਟੈੱਕ ਅਤੇ ਵਿੱਤੀ ਪ੍ਰਬੰਧਨ, ਸੇਵਾ ਦੇ ਤੌਰ 'ਤੇ ਸੌਫਟਵੇਅਰ (ਸਾਸ) ਆਦਿ ਜਿਹੇ ਖੇਤਰਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤ ਨੂੰ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਦੇ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਦੀ ਵੀ ਸ਼ਲਾਘਾ ਕੀਤੀ।
ਇਸ ਗੱਲਬਾਤ ਦੌਰਾਨ ਐਕਸੈਲ ਦੇ ਸ਼੍ਰੀ ਪ੍ਰਸ਼ਾਂਤ ਪ੍ਰਕਾਸ਼, ਸੇਕੋਈਆ ਤੋਂ ਸ਼੍ਰੀ ਰਾਜਨ ਆਨੰਦਨ, ਟੀਵੀਐੱਸ ਕੈਪੀਟਲਜ਼ ਤੋਂ ਸ਼੍ਰੀ ਗੋਪਾਲ ਸ਼੍ਰੀਨਿਵਾਸਨ, ਮਲਟੀਪਲਜ਼ ਤੋਂ ਸ਼੍ਰੀਮਤੀ ਰੇਣੂਕਾ ਰਾਮਨਾਥ, ਸੌਫਟਬੈਂਕ ਤੋਂ ਸ਼੍ਰੀ ਮੁਨੀਸ਼ ਵਰਮਾ, ਜਨਰਲ ਐਟਲਾਂਟਿਕ ਤੋਂ ਸ਼੍ਰੀ ਸੰਦੀਪ ਨਾਇਕ, ਕੇਦਾਰਾ ਕੈਪੀਟਲ ਤੋਂ ਸ਼੍ਰੀ ਮਨੀਸ਼ ਕੇਜਰੀਵਾਲ, ਕ੍ਰਾਈਸ ਤੋਂ ਸ਼੍ਰੀਮਤੀ ਐਸ਼ਲੇ ਮੇਨੇਜੇਸ, ਕੋਟਕ ਅਲਟਰਨੇਟ ਐਸੇਟਸ ਤੋਂ ਸ਼੍ਰੀਨੀ ਸ਼੍ਰੀਨਿਵਾਸਨ, ਇੰਡੀਆ ਰਿਸਰਜੈਂਟ ਤੋਂ ਸ਼੍ਰੀ ਸ਼ਾਂਤਨੂ ਨਲਾਵਾੜੀ, 3one4 ਤੋਂ ਸ਼੍ਰੀ ਸਿਧਾਰਥ ਪਾਈ, ਆਵਿਸ਼ਕਰ ਤੋਂ ਸ਼੍ਰੀਮਤੀ ਵਿਨੀਤ ਰਾਏ, ਐਡਵੈਂਟ ਤੋਂ ਸ਼੍ਰੀਮਤੀ ਸ਼ਵੇਤਾ ਜਾਲਾਨ, ਬਲੈਕਸਟੋਨ ਤੋਂ ਸ਼੍ਰੀ ਅਮਿਤ ਡਾਲਮੀਆ, ਐੱਚਡੀਐੱਫਸੀ ਤੋਂ ਸ਼੍ਰੀ ਵਿਪੁਲ ਰੂੰਗਟਾ, ਬਰੁਕਫੀਲਡ ਤੋਂ ਸ਼੍ਰੀ ਅੰਕੁਰ ਗੁਪਤਾ, ਐਲੀਵੇਸ਼ਨ ਤੋਂ ਸ਼੍ਰੀ ਮੁਕੁਲ ਅਰੋੜਾ, ਪ੍ਰੋਸੱਸ ਤੋਂ ਸ਼੍ਰੀ ਸਹਿਰਾਜ ਸਿੰਘ, ਗਾਜਾ ਕੈਪੀਟਲ ਤੋਂ ਸ਼੍ਰੀ ਰਣਜੀਤ ਸ਼ਾਹ, ਯੂਅਰਨੈਸਟ ਤੋਂ ਸ਼੍ਰੀ ਸੁਨੀਲ ਗੋਇਲ ਅਤੇ ਐੱਨਆਈਆਈਐੱਫ ਤੋਂ ਸ਼੍ਰੀ ਪਦਮਨਾਭ ਸਿਨਹਾ ਹਾਜ਼ਰ ਸਨ। ਕੇਂਦਰੀ ਵਿੱਤ ਮੰਤਰੀ, ਵਿੱਤ ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿੱਤ ਮੰਤਰਾਲੇ ਦੇ ਅਧਿਕਾਰੀ ਵੀ ਇਸ ਗੱਲਬਾਤ ਵਿੱਚ ਮੌਜੂਦ ਸਨ।
************
ਡੀਐੱਸ/ਏਕੇਜੇ
(Release ID: 1782883)
Visitor Counter : 238
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam