ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਕਾਨਪੁਰ ’ਚ ਚੌਧਰੀ ਹਰਮੋਹਨ ਸਿੰਘ ਯਾਦਵ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੀ ਸ਼ੋਭਾ ਵਧਾਈ

Posted On: 24 NOV 2021 2:09PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (24 ਨਵੰਬਰ, 2021) ਕਾਨਪੁਰ ’ਚ ਚੌਧਰੀ ਹਰਮੋਹਨ ਸਿੰਘ ਯਾਦਵ ਦੇ ਜਨਮ–ਸ਼ਤਾਬਦੀ ਸਮਾਰੋਹਾਂ ਦੀ ਸ਼ੋਭਾ ਵਧਾਈ ਤੇ ਸੰਬੋਧਨ ਕੀਤਾ।

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਚੌਧਰੀ ਹਰਮੋਹਨ ਸਿੰਘ ਯਾਦਵ ਦਾ ਜੀਵਨ ਨਵੀਂ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ। ਉਹ ਜਨ–ਸੇਵਾ ਲਈ ਸਾਦਗੀ ਤੇ ਪ੍ਰੇਰਣਾ ਦੀ ਇੱਕ ਮੁਕੰਮਲ ਮਿਸਾਲ ਸਨ। ਉਨ੍ਹਾਂ ਹਾਸ਼ੀਏ ’ਤੇ ਰਹਿੰਦੇ ਲੋਕਾਂ ਤੇ ਕਿਸਾਨਾਂ ਲਈ ਖ਼ਾਸ ਤੌਰ ’ਤੇ ਲੋਕਾਂ ਦੇ ਜੀਵਨ ਵਿੱਚ ਖ਼ੁਸ਼ੀਆਂ ਲਿਆਉਣ ਲਈ ਅਥਾਹ ਕੋਸ਼ਿਸ਼ਾਂ ਕੀਤੀਆਂ। ਗ੍ਰਾਮ ਸਭਾ ਤੋਂ ਲੈ ਕੇ ਰਾਜ ਸਭਾ ਤੱਕ, ਖੇਤੀਬਾੜੀ ਬਾਰੇ ਉਨ੍ਹਾਂ ਦੇ ਵਿਚਾਰ ਨੀਤੀ–ਘਾੜਿਆਂ ਵੱਲੋਂ ਬਹੁਤ ਗੰਭੀਰਤਾ ਨਾਲ ਸੁਣੇ ਜਾਂਦੇ ਸਨ।

ਰਾਸ਼ਟਰਪਤੀ ਨੇ ਕਿਹਾ ਕਿ ਹਰਮੋਹਨ ਸਿੰਘ ਜੀ ਦੇ ਘਰ ਦੇ ਬੂਹੇ ਸਭ ਲਈ ਸਦਾ ਖੁੱਲ੍ਹੇ ਰਹਿੰਦੇ ਸਨ। ਸਾਲ 1984 ’ਚ, ਉਨ੍ਹਾਂ ਫਿਰਕੂ ਇੱਕਸੁਰਤਾ ਦੀ ਇੰਕ ਸ਼ਾਨਦਾਰ ਮਿਸਾਲ ਕਾਇਮ ਕੀਤੀ, ਜਦੋਂ ਉਨ੍ਹਾਂ ਵੱਡੀ ਗਿਣਤੀ ’ਚ ਲੋਕਾਂ ਦੀਆਂ ਜਾਨਾਂ ਇੱਕ ਹਿੰਸਕ ਭੀੜ ਤੋਂ ਬਚਾਈਆਂ ਸਨ। ਸਾਲ 1991 ’ਚ, ਉਨ੍ਹਾਂ ਆਪਣੀ ਵਿਲੱਖਣ ਵੀਰਤਾ ਤੇ ਨਿਡਰਤਾ ਲਈ ਸ਼ੌਰਯ ਚੱਕਰ ਹਾਸਲ ਕੀਤਾ ਸੀ।

ਰਾਸ਼ਟਰਪਤੀ ਨੇ ਨੋਟ ਕੀਤਾ ਕਿ ਹਰਮਨ ਸਿੰਘ ਜੀ ਦੀਆਂ ਕੋਸ਼ਿਸ਼ਾਂ ਸਦਕਾ ਬਹੁਤ ਸਾਰੇ ਵਿੱਦਿਅਕ ਅਦਾਰੇ ਇਸ ਖੇਤਰ ਵਿੱਚ ਵਿਦਿਅਕ ਜਾਗਰੂਕਤਾ ਪੈਦਾ ਕਰਨ ਲਈ ਸਥਾਪਿਤ ਕੀਤੇ ਗਏ ਸਨ। ਰਾਸ਼ਟਰਪਤੀ ਨੇ ਯਾਦ ਕਰਦਿਆਂ ਦੱਸਿਆ ਕਿ ਉਹ ਸਮਝਦੇ ਸਨ ਕਿ ਸਿੱਖਿਆ ਹੀ ਹਰੇਕ ਪਰਿਵਾਰ ਤੇ ਸਮਾਜ ਦੀ ਪ੍ਰਗਤੀ ਦਾ ਅਧਾਰ ਹੈ। ਅਤੇ ਉਹ ਅਕਸਰ ਆਖਿਆ ਕਰਦੇ ਸਨ ਕਿ ਸਿੱਖਿਆ ਹੀ ਲੋਕਾਂ ਦੇ ਜੀਵਨਾਂ ’ਚ ਸੁਧਾਰ ਲਿਆਉਣ ਤੇ ਸਮਾਜ ਤੇ ਦੇਸ਼ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਬਿਹਤਰੀਨ ਔਜ਼ਾਰ ਹੈ।

ਰਾਸ਼ਟਰਪਤੀ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮੁੱਚੇ ਦੇਸ਼ ਵਿੱਚ ਸਾਡੀ ਆਜ਼ਾਦੀ ਦੇ 75 ਸਾਲਾਂ ਦੇ ਸਮਾਰੋਹਾਂ ਵਜੋਂ ਮਨਾਇਆ ਜਾ ਰਿਹਾ ਹੈ। ਦੋ ਸਾਲ ਲੰਬੇ ਇਸ ਮਹੋਤਸਵ ਦੌਰਾਨ, ਅਸੀਂ ਆਜ਼ਾਦੀ ਸੰਘਰਸ਼ ਦੇ ਉਨ੍ਹਾਂ ਅਣਗੌਲੇ ਨਾਇਕਾਂ ਦੇ ਯੋਗਦਾਨ ਨੂੰ ਯਾਦ ਕਰਾਂਗੇ, ਜਿਨ੍ਹਾਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸੁਤੰਤਰਤਾ ਸੈਨਾਨੀਆਂ ਅਜੀਜਨ ਬਾਈ, ਮੈਨਾਵਤੀ, ਜੈਦੇਵ ਕਪੂਰ, ਸ਼ਿਵ ਵਰਮਾ, ਬਿਜੈ ਕੁਮਾਰ ਸਿਨਹਾ ਤੇ ਡਾ. ਗਯਾ ਪ੍ਰਸਾਦ ਨੂੰ ਇਸ ਮੌਕੇ ਯਾਦ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਜਿਹੇ ਆਜ਼ਾਦੀ ਘੁਲਾਟੀਆਂ ਦੇ ਅਹਿਮ ਯੋਗਦਾਨ ਸਦਕਾ ਆਜ਼ਾਦੀ ਹਾਸਲ ਕਰ ਸਕਿਆ। ਇਸ ਲਈ ਸਾਡਾ ਸਭਨਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਜਿਹੇ ਅਣਗੌਲੇ ਆਜ਼ਾਦੀ ਘੁਲਾਟੀਆਂ ਦਾ ਯੋਗਦਾਨ ਆਮ ਜਨਤਾ ਤੱਕ ਲੈ ਕੇ ਜਾਈਏ।

ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਰਾਸ਼ਟਰ ਦੇ ਭਵਿੱਖ ਨੂੰ ਉਸ ਦੇ ਅਤੀਤ ਦੇ ਅਨੁਭਵ ਅਤੇ ਉਸ ਦੀ ਸਮ੍ਰਿੱਧ ਵਿਰਾਸਤ ਦੁਆਰਾ ਮਾਰਗ–ਦਰਸ਼ਨ ਮਿਲਦਾ ਹੈ। ਸਾਨੂੰ ਸਭ ਨੂੰ ਇੱਕ ਮਜ਼ਬੂਤ, ਸਫ਼ਲ, ਵਿਕਸਿਤ ਤੇ ਖ਼ੁਸ਼ਹਾਲ ਭਾਰਤ ਦੀ ਉਸਾਰੀ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਹਰੇਕ ਹੱਥ ਨੂੰ ਦੇਸ਼ ਦੀ ਪ੍ਰਗਤੀ ਲਈ ਇਕੱਠਿਆਂ ਉੱਠਣਾ ਚਾਹੀਦਾ ਹੈ।

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ

****

ਡੀਐੱਸ/ਬੀਐੱਮ



(Release ID: 1774680) Visitor Counter : 157