ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ‘ਚ ਹਿੱਸਾ ਲਿਆ
ਰਾਣੀ ਲਕਸ਼ਮੀਬਾਹੀ ਤੇ 1857 ਦੇ ਨਾਇਕ ਨਾਇਕਾਵਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ; ਮੇਜਰ ਧਿਆਨ ਚੰਦ ਨੂੰ ਯਾਦ ਕੀਤਾ
ਪ੍ਰਧਾਨ ਮੰਤਰੀ ਨੇ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਰਜਿਸਟਰ ਕੀਤਾ
“ਇੱਕ ਪਾਸੇ, ਸਾਡੇ ਦੇਸ਼ ਦੇ ਬਲਾਂ ਦੀ ਤਾਕਤ ਵਧ ਰਹੀ ਹੈ, ਨਾਲ ਹੀ ਭਵਿੱਖ ‘ਚ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸਮਰੱਥ ਨੌਜਵਾਨਾਂ ਵਾਸਤੇ ਜ਼ਮੀਨ ਵੀ ਤਿਆਰ ਕੀਤੀ ਜਾ ਰਹੀ ਹੈ”
“ਸਰਕਾਰ ਨੇ ਸੈਨਿਕ ਸਕੂਲਾਂ ‘ਚ ਬੇਟੀਆਂ ਦਾ ਦਾਖ਼ਲਾ ਸ਼ੁਰੂ ਕਰ ਦਿੱਤਾ ਹੈ। 33 ਸੈਨਿਕ ਸਕੂਲਾਂ ‘ਚ ਵਿਦਿਆਰਥਣਾਂ ਦਾ ਦਾਖ਼ਲਾ ਪਹਿਲਾਂ ਹੀ ਇਸ ਸੈਸ਼ਨ ਤੋਂ ਅਰੰਭ ਹੋ ਚੁੱਕਾ ਹੈ”
“ਲੰਮੇ ਸਮੇਂ ਤੱਕ ਭਾਰਤ ਵਿਸ਼ਵ ‘ਚ ਹਥਿਆਰਾਂ ਦਾ ਸਭ ਤੋਂ ਵਿਸ਼ਾਲ ਖ਼ਰੀਦਦਾਰ ਰਿਹਾ ਹੈ। ਪਰ ਅੱਜ ਦੇਸ਼ ਦਾ ਮੰਤਰ ਹੈ – ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ”
Posted On:
19 NOV 2021 7:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ‘ਰਾਸ਼ਟਰੀ ਰਕਸ਼ਾ ਸਮਰਪਣ ਪਰਵ’ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਝਾਂਸੀ ਦੇ ਕਿਲੇ ਅੰਦਰ ਆਯੋਜਿਤ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ਦੀ ਇੱਕ ਵਿਸ਼ਾਲ ਰਸਮ ਦੌਰਾਨ ਰੱਖਿਆ ਮੰਤਰਾਲੇ ਦੀਆਂ ਕਈ ਨਵੀਆਂ ਪਹਿਲਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਪ੍ਰੋਜੈਕਟਾਂ ਵਿੱਚ ‘ਐੱਨਸੀਸੀ ਐਲੂਮਨੀ ਐਸੋਸੀਏਸ਼ਨ’, ਪ੍ਰਧਾਨ ਮੰਤਰੀ ਨੂੰ ਇਸ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਰਜਿਸਟਰ ਕੀਤਾ ਗਿਆ; ਐੱਨਸੀਸੀ ਕੈਡੇਟਸ ਲਈ ਨੈਸ਼ਨਲ ਪ੍ਰੋਗਰਾਮ ਆੱਵ੍ ਸਿਮੂਲੇਸ਼ਨ ਟ੍ਰੇਨਿੰਗ ਦੀ ਸ਼ੁਰੂਆਤ; ਰਾਸ਼ਟਰੀ ਜੰਗੀ ਯਾਦਗਾਰ ‘ਚ ਸ਼ਹੀਦ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਿਓਸਕ; ਨੈਸ਼ਨਲ ਵਾਰ ਮੈਮੋਰੀਅਲ ਦੀ ਮੋਬਾਇਲ ਐਪ; ਭਾਰਤੀ ਸਮੁੰਦਰੀ ਫ਼ੌਜ ਲਈ ਡੀਆਰਡੀਓ ਵੱਲੋਂ ਡਿਜ਼ਾਈਨ ਤੇ ਵਿਕਸਿਤ ਕੀਤਾ ‘ਅਡਵਾਂਸਡ ਇਲੈਕਟ੍ਰੌਨਿਕ ਵਾਰਫ਼ੇਅਰ ਸੁਇਟ ‘ਸ਼ਕਤੀ’; ਹਲਕਾ ਜੰਗੀ ਹੈਲੀਕਾਪਟਰ ਤੇ ਡ੍ਰੋਨਜ਼ ਸ਼ਾਮਲ ਹਨ। ਉਨ੍ਹਾਂ ਯੂਪੀ ਡਿਫੈਂਸ ਇੰਡਸਟ੍ਰੀਅਲ ਕੌਰੀਡੋਰ ਦੇ ਝਾਂਸੀ ਨੋਡ ਵਿਖੇ ਭਾਰਤ ਡਾਇਨਾਮਿਕਸ ਲਿਮਿਟਿਡ ਦੇ 400 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀਂਹ–ਪੱਥਰ ਵੀ ਰੱਖਿਆ।
ਪ੍ਰਧਾਨ ਮੰਤਰੀ ਨੇ ਝਾਂਸੀ ਦੇ ਗਰੌਥਾ ਵਿਖੇ 600 ਮੈਗਾਵਾਟ ਦੇ ਅਲਟ੍ਰਾ–ਮੈਗਾ ਸੋਲਰ ਪਾਵਰ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ। ਇਹ 3000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਅਤੇ ਸਸਤੀ ਬਿਜਲੀ ਅਤੇ ਗ੍ਰਿੱਡ ਸਥਿਰਤਾ ਦੇ ਦੋਹਰੇ ਲਾਭ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਝਾਂਸੀ ਵਿੱਚ ਅਟਲ ਏਕਤਾ ਪਾਰਕ ਦਾ ਉਦਘਾਟਨ ਵੀ ਕੀਤਾ। ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਨਾਮ 'ਤੇ, ਪਾਰਕ 11 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ, ਅਤੇ ਲਗਭਗ 40,000 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਇੱਕ ਲਾਇਬ੍ਰੇਰੀ ਦੇ ਨਾਲ-ਨਾਲ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਵੀ ਹੋਵੇਗੀ। ਇਸ ਮੂਰਤੀ ਦਾ ਨਿਰਮਾਣ ਪ੍ਰਸਿੱਧ ਮੂਰਤੀਕਾਰ ਸ਼੍ਰੀ ਰਾਮ ਸੁਤਾਰ ਨੇ ਕੀਤਾ ਹੈ, ਜਿਨ੍ਹਾਂ ‘ਸਟੈਚੂ ਆਵ੍ ਯੂਨਿਟੀ’ ਦੇ ਨਿਰਮਾਣ ‘ਚ ਵੀ ਯੋਗਦਾਨ ਪਾਇਆ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਬਹਾਦਰੀ ਅਤੇ ਸ਼ਕਤੀ ਦੇ ਸਿਖਰ ਰਾਣੀ ਲਕਸ਼ਮੀਬਾਈ ਦੇ ਜਨਮ ਦਿਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਝਾਂਸੀ ਦੀ ਇਹ ਧਰਤੀ ਆਜ਼ਾਦੀ ਦੇ ਮਹਾਨ ਅੰਮ੍ਰਿਤ ਮਹੋਤਸਵ ਦੀ ਗਵਾਹ ਹੈ। ਅਤੇ ਅੱਜ ਇਸ ਧਰਤੀ 'ਤੇ ਇੱਕ ਨਵਾਂ ਮਜ਼ਬੂਤ ਅਤੇ ਸ਼ਕਤੀਸ਼ਾਲੀ ਭਾਰਤ ਆਕਾਰ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਣੀ ਲਕਸ਼ਮੀਬਾਈ ਦੇ ਜਨਮ ਸਥਾਨ ਭਾਵ ਕਾਸ਼ੀ ਦੀ ਨੁਮਾਇੰਦਗੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਕਾਰਤਿਕ ਪੂਰਨਿਮਾ ਅਤੇ ਦੇਵ-ਦੀਪਾਵਲੀ ਲਈ ਵੀ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਬਹਾਦਰੀ ਅਤੇ ਕੁਰਬਾਨੀ ਦੇ ਇਤਿਹਾਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਕਈ ਨਾਇਕਾਂ ਅਤੇ ਹੀਰੋਈਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,“ਇਹ ਧਰਤੀ ਵੀਰਾਂਗਨਾ ਝਲਕਾਰੀ ਬਾਈ ਦੀ ਬਹਾਦਰੀ ਅਤੇ ਫੌਜੀ ਸ਼ਕਤੀ ਦੀ ਗਵਾਹ ਰਹੀ ਹੈ, ਜੋ ਰਾਣੀ ਲਕਸ਼ਮੀਬਾਈ ਦੇ ਅਟੁੱਟ ਸਹਿਯੋਗੀ ਸਨ। ਮੈਂ 1857 ਦੇ ਸੁਤੰਤਰਤਾ ਸੰਗਰਾਮ ਦੀ ਉਸ ਅਮਰ ਨਾਇਕਾ ਦੇ ਚਰਨਾਂ 'ਚ ਵੀ ਪ੍ਰਣਾਮ ਕਰਦਾ ਹਾਂ। ਮੈਂ ਚੰਦੇਲਾਂ-ਬੁੰਦੇਲਾਂ ਨੂੰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਧਰਤੀ ਤੋਂ ਭਾਰਤੀ ਬਹਾਦਰੀ ਅਤੇ ਸੱਭਿਆਚਾਰ ਦੀਆਂ ਅਮਰ ਕਹਾਣੀਆਂ ਲਿਖੀਆਂ, ਜਿਨ੍ਹਾਂ ਨੇ ਭਾਰਤ ਨੂੰ ਮਾਣ ਦਿੱਤਾ! ਮੈਂ ਬੁੰਦੇਲਖੰਡ ਦੇ ਮਾਣ, ਉਨ੍ਹਾਂ ਬਹਾਦਰ ਅਲਹਾ-ਉਦਾਲਾਂ ਨੂੰ ਨਮਨ ਕਰਦਾ ਹਾਂ, ਜੋ ਅੱਜ ਵੀ ਮਾਤ-ਭੂਮੀ ਦੀ ਰਾਖੀ ਲਈ ਬਲੀਦਾਨ ਅਤੇ ਕੁਰਬਾਨੀ ਦਾ ਪ੍ਰਤੀਕ ਹਨ।''
ਪ੍ਰਧਾਨ ਮੰਤਰੀ ਨੇ ਝਾਂਸੀ ਦੇ ਪੁੱਤਰ ਮੇਜਰ ਧਿਆਨ ਚੰਦ ਨੂੰ ਵੀ ਯਾਦ ਕੀਤਾ ਅਤੇ ਹਾਕੀ ਦੇ ਮਹਾਨ ਖਿਡਾਰੀ ਦੇ ਨਾਂ 'ਤੇ ਖੇਡ ਉੱਤਮਤਾ ਦੇ ਸਰਵਉੱਚ ਪੁਰਸਕਾਰ ਦਾ ਨਾਂਅ ਬਦਲਣ ਦੀ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਇਕ ਪਾਸੇ ਸਾਡੀਆਂ ਫ਼ੌਜਾਂ ਦੀ ਤਾਕਤ ਵਧ ਰਹੀ ਹੈ, ਪਰ ਇਸ ਦੇ ਨਾਲ ਹੀ ਭਵਿੱਖ ਵਿਚ ਦੇਸ਼ ਦੀ ਰੱਖਿਆ ਲਈ ਸਮਰੱਥ ਨੌਜਵਾਨਾਂ ਹਿਤ ਜ਼ਮੀਨ ਵੀ ਤਿਆਰ ਕੀਤੀ ਜਾ ਰਹੀ ਹੈ। ਸ਼ੁਰੂ ਹੋ ਰਹੇ 100 ਸੈਨਿਕ ਸਕੂਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਭਵਿੱਖ ਨੂੰ ਸ਼ਕਤੀਸ਼ਾਲੀ ਹੱਥਾਂ ਵਿੱਚ ਦੇਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੈਨਿਕ ਸਕੂਲਾਂ ਵਿੱਚ ਧੀਆਂ ਦੇ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। 33 ਸੈਨਿਕ ਸਕੂਲਾਂ ਵਿੱਚ ਇਸ ਸੈਸ਼ਨ ਤੋਂ ਵਿਦਿਆਰਥਣਾਂ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸੈਨਿਕ ਸਕੂਲਾਂ ਵਿੱਚੋਂ ਰਾਣੀ ਲਕਸ਼ਮੀਬਾਈ ਜਿਹੀਆਂ ਬੇਟੀਆਂ ਵੀ ਪੈਦਾ ਹੋਣਗੀਆਂ, ਜੋ ਦੇਸ਼ ਦੀ ਰੱਖਿਆ, ਸੁਰੱਖਿਆ ਅਤੇ ਵਿਕਾਸ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ‘ਤੇ ਲੈਣਗੀਆਂ।
ਪ੍ਰਧਾਨ ਮੰਤਰੀ, ਜੋ ਐਨਸੀਸੀ ਐਲੂਮਨੀ ਐਸੋਸੀਏਸ਼ਨ ਦੇ ਪਹਿਲੇ ਮੈਂਬਰ ਵਜੋਂ ਰਜਿਸਟਰ ਹੋਏ, ਨੇ ਸਾਥੀ ਸਾਬਕਾ ਵਿਦਿਆਰਥੀਆਂ ਨੂੰ ਰਾਸ਼ਟਰ ਦੀ ਸੇਵਾ ਵਿੱਚ ਅੱਗੇ ਆਉਣ ਅਤੇ ਜੋ ਵੀ ਸੰਭਵ ਹੋ ਸਕੇ, ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਆਪਣੇ ਪਿੱਛੇ ਮੌਜੂਦ ਇਤਿਹਾਸਿਕ ਝਾਂਸੀ ਦੇ ਕਿਲ੍ਹੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਹਾਦਰੀ ਦੀ ਘਾਟ ਕਾਰਨ ਕਦੇ ਵੀ ਕੋਈ ਲੜਾਈ ਨਹੀਂ ਹਾਰਿਆ। ਉਨ੍ਹਾਂ ਕਿਹਾ ਕਿ ਜੇ ਰਾਣੀ ਲਕਸ਼ਮੀਬਾਈ ਕੋਲ ਅੰਗਰੇਜ਼ਾਂ ਦੇ ਬਰਾਬਰ ਸਾਧਨ ਅਤੇ ਆਧੁਨਿਕ ਹਥਿਆਰ ਹੁੰਦੇ, ਤਾਂ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਸ਼ਾਇਦ ਵੱਖਰਾ ਹੁੰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਹਥਿਆਰ ਖਰੀਦਦਾਰ ਦੇਸ਼ਾਂ ਵਿੱਚੋਂ ਇੱਕ ਰਿਹਾ ਹੈ। ਪਰ ਅੱਜ ਦੇਸ਼ ਦਾ ਮੰਤਰ ਹੈ- ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ। ਅੱਜ ਭਾਰਤ ਆਪਣੀਆਂ ਫੌਜਾਂ ਨੂੰ ਆਤਮਨਿਰਭਰ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਝਾਂਸੀ ਇਸ ਉੱਦਮ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰਾਸ਼ਟਰ ਰਕਸ਼ਾ ਸਮਰਪਣ ਪਰਵ’ ਜਿਹੀਆਂ ਘਟਨਾਵਾਂ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦਾ ਮਾਹੌਲ ਸਿਰਜਣ ਵਿੱਚ ਬਹੁਤ ਅੱਗੇ ਵਧਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰਾਸ਼ਟਰੀ ਨਾਇਕਾਂ ਅਤੇ ਨਾਇਕਾਵਾਂ ਦੇ ਜਸ਼ਨ ਇਸੇ ਤਰ੍ਹਾਂ ਸ਼ਾਨਦਾਰ ਢੰਗ ਨਾਲ ਮਨਾਉਣ ਦੀ ਲੋੜ ਹੈ।
https://youtu.be/uKxYJwqw3RM
************
ਡੀਐੱਸ/ਏਕੇ
(Release ID: 1773446)
Visitor Counter : 189
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam