ਮੰਤਰੀ ਮੰਡਲ

ਕੈਬਨਿਟ ਨੇ 15 ਨਵੰਬਰ ਨੂੰ ਜਨਜਾਤੀਯ ਗੌਰਵ ਦਿਵਸ ਵਜੋਂ ਘੋਸ਼ਿਤ ਕਰਨ ਨੂੰ ਪ੍ਰਵਾਨਗੀ ਦਿੱਤੀ


15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦਾ ਜਨਮ ਦਿਨ ਹੈ



ਕਬਾਇਲੀ ਲੋਕਾਂ ਦੇ ਗੌਰਵਮਈ ਇਤਿਹਾਸ, ਸੱਭਿਆਚਾਰ ਅਤੇ ਪ੍ਰਾਪਤੀਆਂ ਨੂੰ ਮਨਾਉਣ ਅਤੇ ਯਾਦ ਕਰਨ ਲਈ 15 ਨਵੰਬਰ ਤੋਂ 22 ਨਵੰਬਰ 2021 ਤੱਕ ਹਫ਼ਤਾ ਭਰ ਚੱਲਣਗੇ ਸਮਾਗਮ

Posted On: 10 NOV 2021 3:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 15 ਨਵੰਬਰ ਨੂੰ ਬਹਾਦਰ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀ ਯਾਦ ਨੂੰ ਸਮਰਪਿਤ ਜਨਜਾਤੀਯ ਗੌਰਵ ਦਿਵਸ ਵਜੋਂ ਘੋਸ਼ਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਪ੍ਰਤੀ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਜਾਣੂ ਹੋ ਸਕਣ। ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਕਬਾਇਲੀ ਭਾਈਚਾਰਿਆਂ ਜਿਵੇਂ ਕਿ ਸੰਥਾਲ, ਤਾਮਰ, ਕੋਲ, ਭੀਲ, ਖਾਸੀ ਅਤੇ ਮਿਜ਼ੋਸ ਦੁਆਰਾ ਕਈ ਅੰਦੋਲਨਾਂ ਦੁਆਰਾ ਮਜ਼ਬੂਤ ਕੀਤਾ ਗਿਆ ਸੀ। ਕਬਾਇਲੀ ਭਾਈਚਾਰਿਆਂ ਦੁਆਰਾ ਚਲਾਈਆਂ ਗਈਆਂ ਇਨਕਲਾਬੀ ਲਹਿਰਾਂ ਅਤੇ ਸੰਘਰਸ਼ਾਂ ਨੂੰ ਉਨ੍ਹਾਂ ਦੀ ਅਥਾਹ ਹਿੰਮਤ ਅਤੇ ਮਹਾਨ ਕੁਰਬਾਨੀ ਦੁਆਰਾ ਦਰਸਾਇਆ ਗਿਆ ਸੀ। ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਚਲੀਆਂ ਕਬਾਇਲੀ ਲਹਿਰਾਂ ਰਾਸ਼ਟਰੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜ ਗਈਆਂ ਅਤੇ ਦੇਸ਼ ਭਰ ਦੇ ਭਾਰਤੀਆਂ ਨੂੰ ਪ੍ਰੇਰਿਤ ਕੀਤਾ। ਹਾਲਾਂਕਿ, ਆਮ ਜਨਤਾ ਇਹਨਾਂ ਕਬਾਇਲੀ ਨਾਇਕਾਂ ਬਾਰੇ ਬਹੁਤੀ ਜਾਗਰੂਕ ਨਹੀਂ ਹੈ।  2016 ਦੇ ਸੁਤੰਤਰਤਾ ਦਿਵਸ 'ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਅਨੁਸਾਰ, ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 10 ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ ਘਰਾਂ ਨੂੰ ਮਨਜ਼ੂਰੀ ਦਿੱਤੀ ਹੈ।

 

 15 ਨਵੰਬਰ ਨੂੰ ਸ਼੍ਰੀ ਬਿਰਸਾ ਮੁੰਡਾ ਦਾ ਜਨਮ ਦਿਨ ਹੈ, ਜਿਨ੍ਹਾਂ ਨੂੰ ਦੇਸ਼ ਭਰ ਦੇ ਆਦਿਵਾਸੀ ਭਾਈਚਾਰਿਆਂ ਦੁਆਰਾ ਭਗਵਾਨ ਵਜੋਂ ਸਤਿਕਾਰਿਆ ਜਾਂਦਾ ਹੈ। ਬਿਰਸਾ ਮੁੰਡਾ ਦੇਸ਼ ਵਿੱਚ ਬ੍ਰਿਟਿਸ਼ ਬਸਤੀਵਾਦੀ ਨਿਜ਼ਾਮ ਦੇ ਸ਼ੋਸ਼ਣਕਾਰੀ ਸਿਸਟਮ ਦੇ ਵਿਰੁੱਧ ਬਹਾਦਰੀ ਨਾਲ ਲੜੇ ਅਤੇ 'ਉਲਗੁਲਾਨ' (ਇਨਕਲਾਬ) ਦਾ ਸੱਦਾ ਦਿੰਦੇ ਹੋਏ ਬ੍ਰਿਟਿਸ਼ ਜ਼ੁਲਮ ਵਿਰੁੱਧ ਅੰਦੋਲਨ ਦੀ ਅਗਵਾਈ ਕੀਤੀ। ਇਹ ਐਲਾਨ ਕਬਾਇਲੀ ਭਾਈਚਾਰਿਆਂ ਦੇ ਸ਼ਾਨਦਾਰ ਇਤਿਹਾਸ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਵੀਕਾਰਦਾ ਹੈ। ਇਹ ਦਿਵਸ ਆਦਿਵਾਸੀਆਂ ਦੇ ਪ੍ਰਯਤਨਾਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਬਹਾਦਰੀ, ਪਰਾਹੁਣਚਾਰੀ ਅਤੇ ਰਾਸ਼ਟਰੀ ਸਵੈਮਾਣ ਦੀਆਂ ਭਾਰਤੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਵਰ੍ਹੇ ਮਨਾਇਆ ਜਾਵੇਗਾ। ਰਾਂਚੀ ਵਿਖੇ ਕਬਾਇਲੀ ਫ੍ਰੀਡਮ ਫਾਈਟਰ ਮਿਊਜ਼ੀਅਮ ਜਿੱਥੇ ਬਿਰਸਾ ਮੁੰਡਾ ਨੇ ਆਖਰੀ ਸਾਹ ਲਿਆ, ਦਾ ਉਦਘਾਟਨ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਵੇਗਾ।

 

 ਭਾਰਤ ਸਰਕਾਰ ਨੇ ਕਬਾਇਲੀ ਲੋਕਾਂ ਦੇ 75 ਵਰ੍ਹਿਆਂ ਦੇ ਸ਼ਾਨਦਾਰ ਇਤਿਹਾਸ, ਸੱਭਿਆਚਾਰ ਅਤੇ ਪ੍ਰਾਪਤੀਆਂ ਨੂੰ ਮਨਾਉਣ ਅਤੇ ਯਾਦ ਕਰਨ ਲਈ 15 ਨਵੰਬਰ ਤੋਂ 22 ਨਵੰਬਰ 2021 ਤੱਕ ਹਫ਼ਤੇ ਭਰ ਦੇ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਹੈ।

 

ਜਸ਼ਨਾਂ ਦੇ ਹਿੱਸੇ ਵਜੋਂ, ਰਾਜ ਸਰਕਾਰਾਂ ਨਾਲ ਸਾਂਝੇ ਤੌਰ 'ਤੇ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ ਅਤੇ ਹਰੇਕ ਗਤੀਵਿਧੀ ਦਾ ਵਿਸ਼ਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਆਦਿਵਾਸੀਆਂ ਦੀਆਂ ਪ੍ਰਾਪਤੀਆਂ, ਸਿੱਖਿਆ, ਸਿਹਤ, ਆਜੀਵਕਾ, ਬੁਨਿਆਦੀ ਢਾਂਚੇ ਅਤੇ ਕੌਸ਼ਲ ਵਿਕਾਸ ਵਿੱਚ ਭਾਰਤ ਸਰਕਾਰ ਦੁਆਰਾ ਕੀਤੇ ਗਏ ਵਿਭਿੰਨ ਕਲਿਆਣਕਾਰੀ ਉਪਾਵਾਂ ਨੂੰ ਦਰਸਾਉਣਾ ਹੈ। ਇਹ ਸਮਾਗਮ ਵਿਲੱਖਣ ਕਬਾਇਲੀ ਸੱਭਿਆਚਾਰਕ ਵਿਰਾਸਤ, ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੇ ਯੋਗਦਾਨ, ਪ੍ਰਥਾਵਾਂ, ਅਧਿਕਾਰਾਂ, ਪਰੰਪਰਾਵਾਂ, ਪਕਵਾਨਾਂ, ਸਿਹਤ, ਸਿੱਖਿਆ ਅਤੇ ਆਜੀਵਕਾ ਨੂੰ ਵੀ ਪ੍ਰਦਰਸ਼ਿਤ ਕਰਨਗੇ।

**********

 

ਡੀਐੱਸ/ਐੱਸਕੇਐੱਸ



(Release ID: 1770778) Visitor Counter : 162