ਰੇਲ ਮੰਤਰਾਲਾ
ਰੇਲ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਰੇਲਵੇ ਦੇ ਪਰਿਸਰਾਂ ਵਿੱਚ ਏਕੀਕ੍ਰਿਤ ਸਿੰਗਲ ਵਿੰਡੋ ਫਿਲਮਾਂਕਣ ਵਿਵਸਥਾ ਸੁਨਿਸ਼ਚਿਤ ਕੀਤੀ
ਫਿਲਮ ਨਿਰਮਾਤਾ ਹੁਣ ਫਿਲਮਾਂਕਣ ਲਈ ਐੱਫਐੱਫਓ ਦੇ ਵੈਬ ਪੋਰਟਲ www.ffo.gov.in ਦੇ ਰਾਹੀਂ ਅਰਜ਼ੀ ਦੇ ਸਕਦੇ ਹਨ
Posted On:
01 NOV 2021 1:38PM by PIB Chandigarh
ਰੇਲਵੇ ਵਿੱਚ ਫਿਲਮਾਂਕਣ ਨੂੰ ਆਸਾਨ ਬਣਾਉਣ ਦੇ ਲਈ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਵਿੱਚ ਸਥਾਪਿਤ ਫਿਲਮ ਸੁਵਿਧਾ ਦਫਤਰ (ਐੱਫਐੱਫਓ) ਅਤੇ ਰੇਲ ਮੰਤਰਾਲੇ ਨੇ ਰੇਲਵੇ ਦੇ ਪਰਿਸਰਾਂ ਵਿੱਚ ਫਿਲਮਾਂਕਣ ਦੀ ਅਨੁਮਤੀ ਲੈਣ ਨੂੰ ਚੰਗੀ ਤਰ੍ਹਾਂ ਸੁਚਾਰੂ ਅਤੇ ਪ੍ਰਭਾਵਕਾਰੀ ਬਣਾਉਣ ਲਈ ਏਕੀਕ੍ਰਿਤ ਸਿੰਗਲ ਵਿੰਡੋ ਫਿਲਮਾਂਕਣ ਵਿਵਸਥਾ ਸੁਨਿਸ਼ਚਿਤ ਕੀਤੀ ਹੈ। ਰੇਲਵੇ ਹਮੇਸ਼ਾ ਹੀ ਭਾਰਤ ਦੇ ਸਿਨੇਮਾ ਸੰਬੰਧੀ ਉਤਕ੍ਰਿਸ਼ਟ ਅਨੁਭਵ ਦਾ ਅਹਿਮ ਹਿੱਸਾ ਰਹੀ ਹੈ। ਕਈ ਫਿਲਮਾਂ ਵਿੱਚ ਭਾਰਤੀ ਰੇਲਵੇ ਨੂੰ ਸੈਲੂਲਾਇਡ ‘ਤੇ ਬੜੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।
ਭਾਰਤ ਵਿੱਚ ਫਿਲਮਾਂਕਣ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਲਈ ਭਾਰਤ ਨੂੰ ਇੱਕ ਪਸੰਦੀਦਾ ਮੰਜ਼ਿਲ ਦੇ ਰੂਪ ਵਿੱਚ ਪੇਸ਼ ਕਰਨ ਲਈ ਹੀ ਐੱਫਐੱਫਓ ਦੀ ਸਥਾਪਨਾ ਕੀਤੀ ਗਈ ਹੈ। ਇਸ ਦਾ ਵੈਬ ਪੋਰਟਲ ਭਾਰਤ ਭਰ ਵਿੱਚ ਫਿਲਮਾਂਕਣ ਦੇ ਲਈ ਸਿੰਗਲ ਵਿੰਡੋ ਸੁਵਿਧਾ ਅਤੇ ਮੰਜ਼ੂਰੀ ਵਿਵਸਥਾ ਦੇ ਨਾਲ-ਨਾਲ ਭਾਰਤ ਵਿੱਚ ਫਿਲਮਾਂਕਣ ਲਈ ਸੂਚਨਾਵਾਂ ਦਾ ਵਨ-ਸਟਾੱਪ ਡਿਜੀਟਲ ਸੰਗ੍ਰਿਹ ਵੀ ਹੈ।
ਹੁਣ ਤੱਕ ਵਿਦੇਸ਼ੀ ਅਤੇ ਭਾਰਤੀ ਫਿਲਮ ਨਿਰਮਾਤਾ (ਅਤੇ /ਜਾਂ ਉਨ੍ਹਾਂ ਦੇ ਪ੍ਰਤਿਨਿਧੀਗਣ) ਰੇਲਵੇ ਵਿੱਚ ਫਿਲਮ ਸ਼ੂਟਿੰਗ ਦੀ ਅਨੁਮਤੀ ਪ੍ਰਾਪਤ ਕਰਨ ਲਈ ਅਰਜ਼ੀ ਜਮ੍ਹਾ ਕਰਨ ਲਈ 17 ਜੋਨਲ ਰੇਲਵੇ ਅਤੇ ਰੇਲਵੇ ਬੋਰਡ (ਨਵੀਂ ਦਿੱਲੀ) ਦੇ ਮੁੱਖ ਜਨ ਸੰਪਰਕ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਗਾਇਆ ਕਰਦੇ ਸਨ। ਹੁਣ ਐੱਫਐੱਫਓ ਵੈਬ ਪੋਰਟਲ www.ffo.gov.in ਨੂੰ ਸਿੰਗਲ ਵਿੰਡੋ ਸੁਵਿਧਾ ਦੇ ਰੂਪ ਵਿੱਚ ਸੁਨਿਸ਼ਚਿਤ ਕਰ ਦੇਣ ਦੇ ਬਾਅਦ ਫਿਲਮ ਨਿਰਮਾਤਾ ਇੱਥੇ ਤੱਕ ਕਿ ਇੱਕ ਤੋਂ ਅਧਿਕ ਜੋਨਲ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਵੱਖ-ਵੱਖ ਰੇਲਵੇ ਸਥਾਨਾਂ ‘ਤੇ ਫਿਲਮਾਂਕਣ ਲਈ ਵੀ ਕੇਂਦ੍ਰੀਕ੍ਰਿਤ ਤਰੀਕੇ ਨਾਲ ਔਨਲਾਈਨ ਅਰਜ਼ੀ ਜਮ੍ਹਾ ਕਰ ਸਕਦੇ ਹਨ।
ਅਰਜ਼ੀ ਜਮ੍ਹਾਂ ਕਰ ਦੇਣ ਦੇ ਬਾਅਦ ਜੌਨਲ ਰੇਲਵੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਏਗਾ ਅਤੇ ਉਹ ਐੱਫਐੱਫਓ ਦੇ ਪੋਰਟਲ ‘ਤੇ ਅਰਜ਼ੀ ਪ੍ਰਾਪਤ ਕਰ ਸਕਦੇ ਹਨ ਅਤੇ ਪ੍ਰਵਾਨਗੀ ਦੀ ਉਚਿਤ ਪ੍ਰਕਿਰਿਆ ਦੇ ਬਾਅਦ ਦਿੱਤੀ ਗਈ ਅਨੁਮਤੀ ਨੂੰ ਅਪਲੋਡ ਕਰ ਸਕਦੇ ਹਨ। ਇਹ ਪੋਰਟਲ ਬਿਨੈਕਾਰ ਦੇ ਨਾਲ-ਨਾਲ ਅਨੁਮਤੀ ਦੇਣ ਵਾਲੇ ਅਧਿਕਾਰੀ ਨੂੰ ਵੀ ਸ਼ੂਟਿੰਗ ਦੀ ਅਨੁਮਤੀ ਸੰਬੰਧੀ ਬੇਨਤੀ ਦੇ ਪਾਰਦਰਸ਼ੀ ਅਤੇ ਸਮੇਂ ‘ਤੇ ਨਿਪਟਾਨ ਲਈ ਅਰਜ਼ੀ ਨਾਲ ਜੁੜਿਆ ਕੋਈ ਵੀ ਪ੍ਰਸ਼ਨ ਕਰਨ ਅਤੇ ਉਸ ਦੇ ਨਿਵਾਰਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਏਕੀਕਰਨ ਦਾ ਉਦੇਸ਼ ਵੱਖ-ਵੱਖ ਸਥਾਨਾਂ ਵਿੱਚ ਫਿਲਮਾਂਕਣ ਲਈ ਅਨੁਮਤੀ ਪ੍ਰਾਪਤ ਕਰਨ ਲਈ ਉਨ੍ਹਾਂ ਵਿੰਡੋਆਂ ਦੀ ਸੰਖਿਆ ਨੂੰ ਘੱਟ ਕਰਨਾ ਹੈ ਜਿੱਥੇ ਫਿਲਮ ਨਿਰਮਾਤਾਵਾਂ ਨੂੰ ਜਾਣਾ ਪੈਂਦਾ ਹੈ। ਇੰਨਾਂ ਹੀ ਨਹੀਂ, ਇਹ ਪੋਰਟਲ ਬਿਨੈਕਾਰ ਦੇ ਨਾਲ-ਨਾਲ ਅਨੁਮਤੀ ਦੇਣ ਵਾਲੇ ਅਧਿਕਾਰੀ ਨੂੰ ਵੀ ਅਰਜ਼ੀ ਨਾਲ ਜੁੜਿਆ ਕੋਈ ਵੀ ਪ੍ਰਸ਼ਨ ਕਰਨ ਅਤੇ ਉਸ ਦੇ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਪਾਰਦਰਸ਼ੀ ਵਿਵਸਥਾ ਨਾਲ ਸ਼ੂਟਿੰਗ ਦੀ ਅਨੁਮਤੀ ਸੰਬੰਧੀ ਬੇਨਤੀ ਦਾ ਸਮਾਂਬੱਧ ਨਿਪਟਾਨ ਸੰਭਵ ਹੋ ਸਕਦਾ ਹੈ।
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸੁਨੀਤ ਸ਼ਰਮਾ ਨੇ ਕਿਹਾ ਭਾਰਤੀ ਰੇਲਵੇ ਦਾ ਭਾਰਤੀ ਸਿਨੇਮਾ ਦੇ ਨਾਲ ਲੰਬਾ ਜੁੜਾਅ ਰਿਹਾ ਹੈ ਅਤੇ ਇਸ ਨੇ ਭਾਰਤੀ ਸਿਨੇਮਾ ਨੂੰ ਵੱਖ-ਵੱਖ ਫਿਲਮਾਂ, ਗੀਤਾਂ ਅਤੇ ਦਸਤਾਵੇਜ਼ੀ ਦੀ ਸ਼ੂਟਿੰਗ ਲਈ ਹਮੇਸ਼ਾ ਲੋੜੀਂਦਾ ਸਹਿਯੋਗ ਦਿੱਤਾ ਹੈ। ਭਾਰਤੀ ਸਿਨੇਮਾ ਨੇ ਵੀ ਰੇਲਵੇ ਨੂੰ ਉਚਿਤ ਅਤੇ ਸੁਹਜ ਪੂਰਨ ਤਰੀਕੇ ਨਾਲ ਪੇਸ਼ ਕਰਕੇ ਆਪਣੇ ਵੱਲੋਂ ਅਹਿਮ ਭੂਮਿਕਾ ਨਿਭਾਈ ਹੈ। ਇਹ ਨਵੀਂ ਵਿਵਸਥਾ ਸਾਰੇ ਭੂਗੋਲਿਕ ਖੇਤਰਾਂ ਵਿੱਚ ਫਿਲਮ ਨਿਰਮਾਤਾਵਾਂ ਦੇ ਕੰਮ ਆਏਗੀ। ਅਸੀਂ ਵੱਖ-ਵੱਖ ਰੇਲਵੇ ਪਰਿਸਰਾਂ ਵਿੱਚ ਫਿਲਮਾਂਕਣ ਲਈ ਔਨਲਾਈਨ ਅਰਜ਼ੀ ਦੇਣ ਲਈ ਫਿਲਮ ਨਿਰਮਾਤਾਵਾਂ ਦਾ ਸੁਆਗਤ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਰੇਲਵੇ ਨੂੰ ਅੱਗੇ ਵੀ ਪਟਕਥਾਵਾਂ ਅਤੇ ਕਥਾਵਾਂ ਵਿੱਚ ਇੱਕ ਜੀਵੰਤ ਕਿਰਦਾਰ ਦੇ ਰੂਪ ਵਿੱਚ ਹੀ ਦਰਸਾਇਆ ਜਾਏਗਾ।
ਇਸ ਸੰਬੰਧ ਵਿੱਚ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਮੁੱਖ ਉਦੇਸ਼ ਰੇਲਵੇ ਜਿਵੇਂ ਵੱਖ-ਵੱਖ ਸਥਾਨਾਂ ਵਿੱਚ ਫਿਲਮਾਂਕਣ ਨੂੰ ਆਸਾਨ ਬਣਾਕੇ ਫਿਲਮ ਨਿਰਮਾਤਾਵਾਂ ਨੂੰ ਸੁਵਿਧਾ ਪ੍ਰਦਾਨ ਕਰਨਾ ਹੈ ਜਿੱਥੇ ਅਜਿਹੇ ਵਿਲੱਖਣ, ਖਾਸ ਸਥਾਨ ਸੁਲਭ ਹੁੰਦੇ ਹਨ ਜੋ ਫਿਲਮਾਂਕਣ ਦੀ ਕਥਾ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ। ਵੱਖ-ਵੱਖ ਹਿਤਧਾਰਕਾਂ ਨਾਲ ਜੁੜਣ ਦਾ ਸਾਡਾ ਯਤਨ ਇਸੇ ਦਿਸ਼ਾ ਵਿੱਚ ਹੈ। ਰੇਲਵੇ ਹਮੇਸ਼ਾ ਤੋਂ ਹੀ ਭਾਰਤ ਦੇ ਸਿਨੇਮਾਈ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ ਅਤੇ ਫਿਲਮ ਨਿਰਮਾਤਾਵਾਂ ਨੂੰ ਇਸ ਨਵ ਨਿਰਮਿਤ ਵਿਵਸਥਾ ਦਾ ਲਾਭ ਚੁੱਕਣਾ ਚਾਹੀਦਾ ਤਾਕਿ ਭਾਰਤ ਦੇ ਵਿਸ਼ਾਲ ਅਤੇ ਅਨੋਖੇ ਰੇਲਵੇ ਨੈਟਵਰਕ ਨੂੰ ਉਨ੍ਹਾਂ ਦੀ ਕਥਾ ਵਿੱਚ ਪਿਰੋਇਆ ਜਾ ਸਕੇ।
ਐੱਫਐੱਫਓ ਦਾ ਪੋਰਟਲ www.ffo.gov.in ਰੇਲਵੇ ਦੇ ਵੱਲੋਂ ਫੀਚਰ ਫਿਲਮਾਂ, ਟੀਵੀ/ਵੈਬ ਸ਼ੋਅ ਅਤੇ ਸੀਰੀਜ ਲਈ ਅਰਜ਼ੀ ਸਵੀਕਾਰ ਕਰੇਗਾ। ਦਸਤਾਵੇਜ਼ੀ/ਸੰਗੀਤ ਵੀਡੀਓ ਅਤੇ ਏਵੀ ਇਸ਼ਤਿਹਾਰ ਲਈ ਨਿਰਮਾਤਾ ਸਿੱਧੇ ਰੇਲਵੇ ਨੂੰ ਅਰਜ਼ੀ ਕਰ ਸਕਦੇ ਹਨ।
*****
ਆਰਕੇਜੇ/ਐੱਮ
(Release ID: 1769018)
Visitor Counter : 237