ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 100 ਕਰੋੜ ਟੀਕੇ ਲਗਾਉਣ ਦੇ ਮੀਲ ਪੱਥਰ ਨੂੰ ਪ੍ਰਾਪਤ ਕਰਨ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ


"100 ਕਰੋੜ ਟੀਕਾਕਰਣ ਸਿਰਫ਼ ਇੱਕ ਅੰਕੜਾ ਨਹੀਂ ਹਨ, ਬਲਕਿ ਦੇਸ਼ ਦੀ ਤਾਕਤ ਦਾ ਪ੍ਰਤੀਬਿੰਬ ਹੈ"

"ਭਾਰਤ ਦੀ ਸਫ਼ਲਤਾ ਅਤੇ ਹਰ ਦੇਸ਼ ਵਾਸੀ ਦੀ ਸਫ਼ਲਤਾ"

"ਜੇ ਬਿਮਾਰੀ ਵਿਤਕਰਾ ਨਹੀਂ ਕਰਦੀ, ਤਾਂ ਟੀਕਾਕਰਣ ਵਿੱਚ ਕੋਈ ਭੇਦਭਾਵ ਨਹੀਂ ਹੋ ਸਕਦਾ। ਇਸ ਲਈ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਟੀਕਾਕਰਣ ਮੁਹਿੰਮ ਵਿੱਚ ਹੱਕਦਾਰੀ ਦਾ ਵੀਆਈਪੀ ਸੱਭਿਆਚਾਰ ਹਾਵੀ ਨਾ ਹੋਵੇ”

“ਫਾਰਮਾ ਹੱਬ ਦੇ ਰੂਪ ਵਿੱਚ ਭਾਰਤ ਨੂੰ ਦੁਨੀਆ ਵਿੱਚ ਜੋ ਸਵੀਕ੍ਰਿਤੀ ਹਾਸਲ ਹੈ, ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ”

"ਸਰਕਾਰ ਨੇ ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ ਵਿੱਚ ਜਨਤਕ ਭਾਗੀਦਾਰੀ ਨੂੰ ਰੱਖਿਆ ਦੀ ਪਹਿਲੀ ਕਤਾਰ ਬਣਾਇਆ"

"ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ ਵਿਗਿਆਨ ਦੁਆਰਾ ਪੈਦਾ ਹੋਇਆ, ਵਿਗਿਆਨ ਦੁਆਰਾ ਚਲਾਇਆ ਗਿਆ ਅਤੇ ਵਿਗਿਆਨ ਅਧਾਰਿਤ ਰਿਹਾ ਹੈ"

"ਅੱਜ ਨਾ ਸਿਰਫ਼ ਭਾਰਤੀ ਕੰਪਨੀਆਂ ਵਿੱਚ ਰਿਕਾਰਡ ਨਿਵੇਸ਼ ਆ ਰਹੇ ਹਨ ਸਗੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਜਾ ਰਹੇ ਹਨ। ਸਟਾਰਟ-ਅੱਪਸ ਵਿੱਚ ਰਿਕਾਰਡ ਨਿਵੇਸ਼ ਦੇ ਨਾਲ, ਯੂਨੀਕੋਰਨ ਉੱਭਰ ਰਹੇ ਹਨ"

"ਜਿਸ ਤਰ੍ਹਾਂ ਸਵੱਛ ਭਾਰਤ ਅਭਿਯਾਨ ਇੱਕ ਜਨ ਅੰਦੋਲਨ ਹੈ, ਉਸੇ ਤਰ੍ਹਾਂ, ਭਾਰਤ ਵਿੱਚ ਬਣੀਆਂ ਚੀਜ਼ਾਂ ਖਰੀਦਣਾ, ਭਾਰਤੀਆਂ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਨੂੰ ਖਰੀਦਣਾ, ਵੋਕਲ ਫਾਰ ਲੋਕਲ ਹੋਣ ਨੂੰ ਅਮਲ ਵ

Posted On: 22 OCT 2021 11:36AM by PIB Chandigarh

 

ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 100 ਕਰੋੜ ਟੀਕਿਆਂ ਦੀ ਖੁਰਾਕ ਦੇਣ ਦੇ ਕਠਿਨ ਪਰ ਕਮਾਲ ਦੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸ ਪ੍ਰਾਪਤੀ ਦਾ ਕ੍ਰੈਡਿਟ 130 ਕਰੋੜ ਦੇਸ਼ਵਾਸੀਆਂ ਦੇ ਸਮਰਪਣ ਨੂੰ ਦਿੱਤਾ ਅਤੇ ਕਿਹਾ ਕਿ ਇਹ ਸਫ਼ਲਤਾ ਭਾਰਤ ਦੀ ਸਫ਼ਲਤਾ ਅਤੇ ਹਰ ਦੇਸ਼ਵਾਸੀ ਦੀ ਸਫ਼ਲਤਾ ਹੈ। ਉਨ੍ਹਾਂ ਕਿਹਾ ਕਿ 100 ਕਰੋੜ ਵੈਕਸੀਨੇਸ਼ਨਸ ਸਿਰਫ਼ ਇੱਕ ਅੰਕੜਾ ਨਹੀਂ, ਬਲਕਿ ਦੇਸ਼ ਦੀ ਤਾਕਤ ਦਾ ਪ੍ਰਤੀਬਿੰਬ ਹੈ, ਇਹ ਇਤਿਹਾਸ ਦੇ ਇੱਕ ਨਵੇਂ ਅਧਿਆਏ ਦੀ ਸਿਰਜਣਾ ਹੈ। ਇਹ ਇੱਕ ਨਵੇਂ ਭਾਰਤ ਦੀ ਤਸਵੀਰ ਹੈ ਜੋ ਕਠਿਨ ਟੀਚੇ ਨਿਰਧਾਰਤ ਕਰਦਾ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਜਾਣਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਭਾਰਤ ਦੇ ਟੀਕਾਕਰਣ ਪ੍ਰੋਗਰਾਮ ਦੀ ਤੁਲਨਾ ਦੁਨੀਆ ਦੇ ਦੂਸਰੇ ਦੇਸ਼ਾਂ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਗਤੀ ਨਾਲ ਭਾਰਤ ਨੇ 100 ਕਰੋੜ, 1 ਬਿਲੀਅਨ ਦਾ ਅੰਕੜਾ ਪਾਰ ਕੀਤਾ, ਇਸ ਗੱਲ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ, ਇਸ ਵਿਸ਼ਲੇਸ਼ਣ ਵਿੱਚ ਭਾਰਤ ਦੀ ਸ਼ੁਰੂਆਤ ਦਾ ਬਿੰਦੂ ਅਕਸਰ ਖੁੰਝ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ਾਂ ਕੋਲ ਟੀਕਿਆਂ ਦੀ ਖੋਜ ਅਤੇ ਵਿਕਾਸ ਵਿੱਚ ਦਹਾਕਿਆਂ ਦੀ ਮੁਹਾਰਿਤ ਹਾਸਲ ਸੀ। ਭਾਰਤ ਜ਼ਿਆਦਾਤਰ ਇਨ੍ਹਾਂ ਦੇਸ਼ਾਂ ਦੁਆਰਾ ਬਣਾਏ ਗਏ ਟੀਕਿਆਂ 'ਤੇ ਨਿਰਭਰ ਕਰਦਾ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਜਦੋਂ ਸਦੀ ਦੀ ਸਭ ਤੋਂ ਵੱਡੀ ਮਹਾਮਾਰੀ ਫੈਲੀ, ਤਾਂ ਵਿਸ਼ਵ-ਪੱਧਰੀ ਮਹਾਮਾਰੀ ਨਾਲ ਲੜਨ ਦੀ ਭਾਰਤ ਦੀ ਯੋਗਤਾ 'ਤੇ ਬਹੁਤ ਸਾਰੇ ਪ੍ਰਸ਼ਨ ਉਠਾਏ ਗਏ। ਅਜਿਹੇ ਪ੍ਰਸ਼ਨ ਕਿ ਦੂਜੇ ਦੇਸ਼ਾਂ ਤੋਂ ਇੰਨੇ ਟੀਕੇ ਖਰੀਦਣ ਲਈ ਭਾਰਤ ਨੂੰ ਪੈਸਾ ਕਿੱਥੋਂ ਮਿਲੇਗਾ? ਭਾਰਤ ਨੂੰ ਵੈਕਸੀਨ ਕਦੋਂ ਮਿਲੇਗੀ? ਕੀ ਭਾਰਤ ਦੇ ਲੋਕਾਂ ਨੂੰ ਵੈਕਸੀਨ ਮਿਲੇਗੀ ਜਾਂ ਨਹੀਂ? ਕੀ ਭਾਰਤ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਲੋਕਾਂ ਨੂੰ ਟੀਕਾ ਲਗਾਉਣ ਦੇ ਯੋਗ ਹੋਵੇਗਾ? 100 ਕਰੋੜ ਟੀਕੇ ਲਗਾਉਣ ਦੇ ਇਸ ਕਾਰਨਾਮੇ ਨੂੰ ਪ੍ਰਾਪਤ ਕਰਕੇ ਅਜਿਹੇ ਪ੍ਰਸ਼ਨਾਂ ਦਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਨਾ ਸਿਰਫ਼ ਆਪਣੇ ਨਾਗਰਿਕਾਂ ਨੂੰ 100 ਕਰੋੜ ਟੀਕੇ ਦੀ ਖੁਰਾਕ ਦਿੱਤੀ ਹੈ ਬਲਕਿ ਇਹ ਮੁਫ਼ਤ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਾਰਮਾ ਹੱਬ ਵਜੋਂ ਭਾਰਤ ਨੂੰ ਵਿਸ਼ਵ ਵਿੱਚ ਜੋ ਸਵੀਕ੍ਰਿਤੀ ਹਾਸਲ ਹੈ, ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿੱਚ, ਲੋਕ ਚਿੰਤਿਤ ਸਨ ਕਿ ਭਾਰਤ ਵਰਗੇ ਲੋਕਤੰਤਰ ਵਿੱਚ ਇਸ ਮਹਾਮਾਰੀ ਨਾਲ ਲੜਨਾ ਬਹੁਤ ਕਠਿਨ ਹੋਵੇਗਾ। ਪ੍ਰਸ਼ਨ ਇਹ ਵੀ ਉਠਾਏ ਗਏ ਕਿ ਕੀ ਇੱਥੇ ਇੰਨਾ ਸੰਜਮ ਅਤੇ ਇੰਨਾ ਅਨੁਸ਼ਾਸਨ ਕੰਮ ਕਰਦਾ ਹੈ? ਉਨ੍ਹਾਂ ਕਿਹਾ ਕਿ ਸਾਡੇ ਲਈ ਲੋਕਤੰਤਰ ਦਾ ਅਰਥ ਹੈ ਸਾਰਿਆਂ ਨੂੰ ਨਾਲ ਲੈ ਕੇ ਚਲਣਾ-ਸਬਕਾ ਸਾਥ। ਦੇਸ਼ ਨੇ 'ਮੁਫ਼ਤ ਵੈਕਸੀਨ ਅਤੇ ਸਭ ਲਈ ਵੈਕਸੀਨ' ਦੀ ਮੁਹਿੰਮ ਸ਼ੁਰੂ ਕੀਤੀ।

 

ਟੀਕਾਕਰਣ ਗ਼ਰੀਬ-ਅਮੀਰ, ਗ੍ਰਾਮੀਣ ਅਤੇ ਸ਼ਹਿਰੀ ਦੋਵਾਂ ਨੂੰ ਬਰਾਬਰ ਦਿੱਤਾ ਗਿਆ। ਉਨ੍ਹਾਂ ਟਿੱਪਣੀ ਕੀਤੀ ਕਿ ਦੇਸ਼ ਦਾ ਇੱਕੋ ਮੰਤਰ ਹੈ ਕਿ ਜੇ ਬਿਮਾਰੀ ਵਿਤਕਰਾ ਨਹੀਂ ਕਰਦੀ, ਤਾਂ ਟੀਕਾਕਰਣ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸੇ ਲਈ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਟੀਕਾਕਰਣ ਮੁਹਿੰਮ ਵਿੱਚ ਅਧਿਕਾਰਾਂ ਦਾ ਵੀਆਈਪੀ ਸੱਭਿਆਚਾਰ ਹਾਵੀ ਨਾ ਹੋਵੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਵਾਲ ਉੱਠ ਰਹੇ ਸਨ ਕਿ ਭਾਰਤ ਦੇ ਬਹੁਤੇ ਲੋਕ ਟੀਕਾਕਰਣ ਕੇਂਦਰ ਵਿੱਚ ਜਾ ਕੇ ਟੀਕਾਕਰਣ ਨਹੀਂ ਕਰਵਾਉਣਗੇ। ਦੁਨੀਆ ਦੇ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਅੱਜ ਵੀ ਵੈਕਸੀਨ ਸੰਕੋਚ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਪਰ ਭਾਰਤ ਦੇ ਲੋਕਾਂ ਨੇ 100 ਕਰੋੜ ਟੀਕੇ ਦੀਆਂ ਖੁਰਾਕਾਂ ਲੈ ਕੇ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮੁਹਿੰਮ 'ਸਬਕਾ ਪ੍ਰਯਾਸ' ਹੁੰਦਾ ਹੈ ਅਤੇ ਜੇਕਰ ਸਾਰਿਆਂ ਦੇ ਪ੍ਰਯਤਨਾਂ ਦਾ ਤਾਲਮੇਲ ਕੀਤਾ ਜਾਵੇ ਤਾਂ ਨਤੀਜੇ ਹੈਰਾਨੀਜਨਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ ਵਿੱਚ ਜਨਤਕ ਭਾਗੀਦਾਰੀ ਨੂੰ ਰੱਖਿਆ ਦੀ ਪਹਿਲੀ ਕਤਾਰ ਬਣਾਇਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ ਵਿਗਿਆਨ ਦੇ ਗਰਭ ਵਿੱਚ ਪੈਦਾ ਹੋਇਆ, ਵਿਗਿਆਨਕ ਅਧਾਰ ਤੇ ਵਿਕਸਿਤ ਹੋਇਆ ਅਤੇ ਵਿਗਿਆਨਕ ਤਰੀਕਿਆਂ ਜ਼ਰੀਏ ਚਾਰੇ ਦਿਸ਼ਾਵਾਂ ਵਿੱਚ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਦਾ ਸਮੁੱਚਾ ਟੀਕਾਕਰਣ ਪ੍ਰੋਗਰਾਮ ਵਿਗਿਆਨ ਦੁਆਰਾ ਪੈਦਾ ਕੀਤਾ ਗਿਆ, ਵਿਗਿਆਨ ਦੁਆਰਾ ਚਲਾਇਆ ਗਿਆ ਅਤੇ ਵਿਗਿਆਨ ਅਧਾਰਿਤ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਤੋਂ ਪਹਿਲਾਂ ਤੋਂ ਲੈ ਕੇ ਅਤੇ ਜਦੋਂ ਤੱਕ ਟੀਕਾ ਨਹੀਂ ਲਗਾਇਆ ਗਿਆ, ਸਾਰੀ ਮੁਹਿੰਮ ਵਿਗਿਆਨਕ ਪਹੁੰਚ 'ਤੇ ਅਧਾਰਿਤ ਰਹੀ। ਉਤਪਾਦਨ ਨੂੰ ਵਧਾਉਣ ਦੀ ਚੁਣੌਤੀ ਵੀ ਸੀ। ਉਸ ਤੋਂ ਬਾਅਦ, ਵਿਭਿੰਨ ਰਾਜਾਂ ਵਿੱਚ ਵੰਡ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਮੇਂ ਸਿਰ ਟੀਕੇ ਦੀ ਸਪੁਰਦਗੀ ਦੀ ਵੀ ਚੁਣੌਤੀ ਸੀ। ਪਰ, ਵਿਗਿਆਨਕ ਤਰੀਕਿਆਂ ਅਤੇ ਨਵੀਆਂ ਕਾਢਾਂ ਦੇ ਨਾਲ, ਦੇਸ਼ ਨੇ ਇਨ੍ਹਾਂ ਚੁਣੌਤੀਆਂ ਦੇ ਸਮਾਧਾਨ ਲੱਭ ਲਏ ਹਨ। ਸੰਸਾਧਨਾਂ ਨੂੰ ਅਸਾਧਾਰਣ ਗਤੀ ਨਾਲ ਵਧਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਣੇ ਕੋਵਿਨ ਪਲੈਟਫਾਰਮ ਨੇ ਨਾ ਸਿਰਫ਼ ਆਮ ਲੋਕਾਂ ਨੂੰ ਸੁਵਿਧਾ ਦਿੱਤੀ ਬਲਕਿ ਸਾਡੇ ਮੈਡੀਕਲ ਸਟਾਫ਼ ਦੇ ਕੰਮ ਨੂੰ ਵੀ ਅਸਾਨ ਬਣਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਤੋਂ ਮਾਹਿਰ ਅਤੇ ਕਈ ਏਜੰਸੀਆਂ ਭਾਰਤ ਦੀ ਅਰਥਵਿਵਸਥਾ ਬਾਰੇ ਬਹੁਤ ਸਕਾਰਾਤਮਕ ਹਨ। ਅੱਜ ਨਾ ਸਿਰਫ਼ ਭਾਰਤੀ ਕੰਪਨੀਆਂ ਵਿੱਚ ਰਿਕਾਰਡ ਨਿਵੇਸ਼ ਆ ਰਹੇ ਹਨ ਬਲਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਕੀਤੇ ਜਾ ਰਹੇ ਹਨ। ਸਟਾਰਟ-ਅੱਪਸ ਵਿੱਚ ਰਿਕਾਰਡ ਨਿਵੇਸ਼ ਦੇ ਨਾਲ, ਯੂਨੀਕੋਰਨ ਬਣਾਏ ਜਾ ਰਹੇ ਹਨ। ਹਾਊਸਿੰਗ ਸੈਕਟਰ ਵਿੱਚ ਵੀ ਨਵੀਂ ਊਰਜਾ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕੀਤੇ ਗਏ ਬਹੁਤ ਸਾਰੇ ਸੁਧਾਰ ਅਤੇ ਪਹਿਲ, ਭਾਰਤ ਦੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਵਿਕਾਸ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰਾਨ, ਖੇਤੀਬਾੜੀ ਸੈਕਟਰ ਨੇ ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ਰੱਖਿਆ ਹੈ। ਅੱਜ ਅਨਾਜ ਦੀ ਸਰਕਾਰੀ ਖਰੀਦ ਰਿਕਾਰਡ ਪੱਧਰ 'ਤੇ ਹੋ ਰਹੀ ਹੈ। ਇਹ ਪੈਸਾ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਉਹ ਹਰ ਛੋਟੀ-ਵੱਡੀ ਚੀਜ਼ ਖਰੀਦਣ 'ਤੇ ਜ਼ੋਰ ਦਿੱਤਾ, ਜੋ ਮੇਡ ਇਨ ਇੰਡੀਆ ਹੈ, ਜਿਸ ਨੂੰ ਇੱਕ ਭਾਰਤੀ ਦੀ ਸਖ਼ਤ ਮਿਹਨਤ ਨਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਦੇ ਪ੍ਰਯਤਨਾਂ ਨਾਲ ਹੀ ਸੰਭਵ ਹੋਵੇਗਾ। ਜਿਵੇਂ ਸਵੱਛ ਭਾਰਤ ਅਭਿਯਾਨ ਇੱਕ ਜਨ ਅੰਦੋਲਨ ਹੈ, ਉਸੇ ਤਰ੍ਹਾਂ, ਭਾਰਤ ਵਿੱਚ ਬਣੀਆਂ ਚੀਜ਼ਾਂ ਖਰੀਦਣਾ, ਭਾਰਤੀਆਂ ਦੁਆਰਾ ਬਣਾਈਆਂ ਚੀਜ਼ਾਂ ਖਰੀਦਣਾ, ਵੋਕਲ ਫਾਰ ਲੋਕਲ ਹੋਣ ਨੂੰ ਅਮਲ ਵਿੱਚ ਲਿਆਉਣਾ ਪਏਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਵੱਡੇ ਟੀਚੇ ਕਿਵੇਂ ਰੱਖਣੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਹਾਸਲ ਕਰਨਾ ਹੈ। ਪਰ, ਇਸਦੇ ਲਈ ਸਾਨੂੰ ਲਗਾਤਾਰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚਾਹੇ ਕਵਚ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਚਾਹੇ ਉਹ ਕਵਚ ਕਿੰਨਾ ਵੀ ਆਧੁਨਿਕ ਕਿਉਂ ਨਾ ਹੋਵੇ, ਭਾਵੇਂ ਕਵਚ ਸੁਰੱਖਿਆ ਦੀ ਪੂਰੀ ਗਰੰਟੀ ਦੇਵੇ, ਲੜਾਈ ਦੇ ਦੌਰਾਨ ਹਥਿਆਰ ਨਹੀਂ ਛੱਡੇ ਜਾਂਦੇ। ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਲਾਪਰਵਾਹੀ ਵਰਤਣ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਾਡੇ ਤਿਉਹਾਰਾਂ ਨੂੰ ਬਹੁਤ ਸਾਵਧਾਨੀ ਨਾਲ ਮਨਾਉਣ।

 

 

 

 

https://youtu.be/gn2ljwgpJD4

 

 

**********

 

ਡੀਐੱਸ/ਏਕੇ(Release ID: 1765746) Visitor Counter : 112