ਉਪ ਰਾਸ਼ਟਰਪਤੀ ਸਕੱਤਰੇਤ
ਜਨਤਕ ਸੰਚਾਰਕ ਦੀ ਭੂਮਿਕਾ ਸਰਕਾਰ ਤੇ ਜਨਤਾ ਨੂੰ ਨੇੜੇ ਲਿਆਉਣਾ ਹੁੰਦੀ ਹੈ – ਉਪ ਰਾਸ਼ਟਰਪਤੀ
ਪ੍ਰਭਾਵਸ਼ਾਲੀ ਸੰਚਾਰ ਹੀ ਚੰਗੇ ਸ਼ਾਸਨ ਤੇ ਪਾਰਦਰਸ਼ਤਾ ਦੀ ਕੁੰਜੀ ਹੈ – ਉਪ ਰਾਸ਼ਟਰਪਤੀ
ਭਾਰਤੀ ਸੂਚਨਾ ਸੇਵਾ ਦੇ ਅਫ਼ਸਰ ਟ੍ਰੇਨੀਜ਼ ਨੇ ਅੱਜ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
ਉਪ ਰਾਸ਼ਟਰਪਤੀ ਵੱਲੋਂ ਪ੍ਰੋਬੇਸ਼ਨਰਸ ਨੂੰ ਚੰਗੇ ਸੰਚਾਰ ਰਾਹੀਂ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਸਲਾਹ
“ਉਦੇਸ਼ ਉੱਚਾ, ਸੁਪਨਾ ਵੱਡਾ, ਸਖ਼ਤ ਮਿਹਨਤ ਤੇ ਅਨੁਸ਼ਾਸਨ ਨੂੰ ਕਾਇਮ ਰੱਖਣਾ – ਜੀਵਨ ’ਚ ਸਫ਼ਲਤਾ ਹਾਸਲ ਕਰਨ ਦਾ ਇਹ ਹੈ ਮੇਰਾ ਮੰਤਰ,” ਸ਼੍ਰੀ ਨਾਇਡੂ ਨੇ ਕਿਹਾ
Posted On:
19 OCT 2021 4:23PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਚੰਗੇ ਸ਼ਾਸਨ ਵਿੱਚ ਪ੍ਰਭਾਵਸ਼ਾਲੀ ਸੰਚਾਰ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਜਨਤਕ ਸੰਚਾਰਕਾਂ ਨੂੰ ਸੱਦਾ ਦਿੱਤਾ ਕਿ ਉਹ ਸਥਾਨਕ ਭਾਸ਼ਾਵਾਂ ਵਿੱਚ ਸਰਕਾਰ ਦੀਆਂ ਨੀਤੀਆਂ ਤੇ ਪਹਿਲਾਂ ਬਾਰੇ ਸਮੇਂ–ਸਿਰ ਜਾਣਕਾਰੀ ਦੇ ਕੇ ਆਮ ਲੋਕਾਂ ਨੂੰ ਸਸ਼ਕਤ ਬਣਾਉਣ।
ਅੱਜ ਹੈਦਰਾਬਾਦ ’ਚ ਆਪਣੀ ਰਿਹਾਇਸ਼ਗਾਹ ’ਤੇ 2020 ਬੈਚ ਦੇ ‘ਭਾਰਤੀ ਸੂਚਨਾ ਸੇਵਾ’ (ਆਈਆਈਐੱਸ – IIS) ਦੇ ਅਫ਼ਸਰ ਟ੍ਰੇਨੀਜ਼ ਦੇ ਸਮੂਹ ਨਾਲ ਗੱਲਬਾਤ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਜਨਤਕ ਸੰਚਾਰਕ ਸਰਕਾਰ ਤੇ ਨਾਗਰਿਕਾਂ ਵਿਚਲੇ ਪਾੜੇ ਨੂੰ ਪੂਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰੋਬੇਸ਼ਨਰਸ ਨੂੰ ਕਿਹਾ,‘ਜੇ ਤੁਸੀਂ ਲੋਕਾਂ ਨੂੰ ਵਿਭਿੰਨ ਯੋਜਨਾਵਾਂ ਬਾਰੇ ਸਾਦੀ ਤੇ ਸਪਸ਼ਟ ਭਾਸ਼ਾ ਵਿੱਚ ਜਾਣਕਾਰੀ ਦਿੰਦੇ ਹੋ, ਤਾਂ ਉਨ੍ਹਾਂ ਨੂੰ ਆਪਣੇ ਹੱਕ ਅਤੇ ਸਰਕਾਰੀ ਪ੍ਰਕਿਰਿਆਵਾਂ ਬਿਹਤਰ ਤਰੀਕੇ ਸਮਝ ਆਉਂਦੀਆਂ ਹਨ। ਇਸ ਨਾਲ ਪਾਰਦਰਸ਼ਤਾ ਆਉਂਦੀ ਹੈ।’
https://twitter.com/VPSecretariat/status/1450371109140910084
ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਸਰਕਾਰੀ ਸੰਚਾਰ ਦੀ ਕੁੰਜੀ ‘ਇਨਫਰਮੇਸ਼ਨ ਵਿਦ ਕਨਫਰਮੇਸ਼ਨ’ (ਪੁਸ਼ਟੀ ਨਾਲ ਜਾਣਕਾਰੀ) ਹੈ ਅਤੇ ਸੂਚਨਾ ਸੇਵਾ ਦੇ ਅਫ਼ਸਰਾਂ ਨੂੰ ਕਿਹਾ ਕਿ ਉਹ ਗ਼ਲਤ ਜਾਣਕਾਰੀ ਤੇ ਝੂਠੀਆਂ ਖ਼ਬਰਾਂ ਦਾ ਟਾਕਰਾ ਕਰਨ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨ। ਸ੍ਰੀ ਨਾਇਡੂ ਨੇ ਉਨ੍ਹਾਂ ਨੂੰ ਸਮਾਜ ਦੇ ਕੁਝ ਵਰਗਾਂ ’ਚੋਂ ਲਿੰਗ ਅਸਮਾਨਤਾ ਤੇ ਵੈਕਸੀਨ ਪ੍ਰਤੀ ਝਿਜਕ ਹਟਾਉਣ ਜਿਹੇ ਸਮਾਜਿਕ ਤੌਰ ’ਤੇ ਉਚਿਤ ਵਿਸ਼ਿਆਂ ਉੱਤੇ ਕੰਮ ਕਰਨ ਲਈ ਕਿਹਾ। ਮੀਡੀਆ ਨੂੰ ਇੱਕ ਸ਼ਕਤੀਸ਼ਾਲੀ ਟੂਲ ਕਰਾਰ ਦਿੰਦਿਆਂ ਉਨ੍ਹਾਂ ਚਾਹਿਆ ਕਿ ਇਸ ਟੂਲ ਦੀ ਵਰਤੋਂ ਜ਼ਿੰਮੇਵਾਰੀ ਨਾਲ ਮਨਚਾਹੇ ਪਰਿਵਰਤਨ ਲਈ ਕਰਨੀ ਹੋਵੇਗੀ। ਉਪ ਰਾਸ਼ਟਰਪਤੀ ਨੇ ਆਪਣੀ ਜਾਣੀ–ਪਛਾਣੀ ਸ਼ੈਲੀ ’ਚ ਕਿਹਾ,‘ਕਨੈਕਟ, ਕਮਿਊਨੀਕੇਟ ਅਤੇ ਚੇਂਜ’ (ਆਪਸ ’ਚ ਜੁੜੋ, ਗੱਲਬਾਤ ਕਰੋ ਤੇ ਤਬਦੀਲੀ ਲਿਆਓ)।
ਭਾਰਤੀ ਸੂਚਨਾ ਸੇਵਾ (ਆਈਆਈਐੱਸ) ਅਫ਼ਸਰ ਟ੍ਰੇਨੀਜ਼ ਪੱਤਰ ਸੂਚਨਾ ਦਫ਼ਤਰ ਦੇ ਖੇਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰ ਮੀਡੀਆ ਇਕਾਈਆਂ ’ਚ ਆਪਣੀ ਟ੍ਰੇਨਿੰਗ ਅਟੈਚਮੈਂਟ ਦੇ ਹਿੱਸੇ ਵਜੋਂ ਹੈਦਰਾਬਾਦ ’ਚ ਹਨ। ਸਿਵਲ ਸਰਵਿਸੇਜ਼ ’ਚ ਉਨ੍ਹਾਂ ਦੀ ਚੋਣ ਲਈ ਨੌਜਵਾਨ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸੂਚਨਾ ਸੇਵਾ ਦੀ ਸਹੀ ਜਾਣਕਾਰੀ ਨਾਲ ਲੋਕਾਂ ਨੂੰ ਸਸ਼ਕਤ ਬਣਾਉਣ ਦੀਆਂ ਮੱਦਾਂ ਵਿੱਚ ਵੱਡੀ ਭੂਮਿਕਾ ਹੈ।
ਇੱਕ ਕਿਸਾਨ ਦੇ ਪੁੱਤਰ ਤੋਂ ਲੈ ਕੇ ਦੇਸ਼ ਦੇ ਉੱਚਤਮ ਅਹੁਦਿਆਂ ਵਿੱਚੋਂ ਇੱਕ ਤੱਕ ਪੁੱਜਣ ਦੀ ਆਪਣੀ ਖ਼ੁਦ ਦੀ ਯਾਤਰਾ ਬਾਰੇ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਪ੍ਰੋਬੇਸ਼ਨਰਸ ਨੂੰ ਸਲਾਹ ਦਿੱਤੀ ਕਿ ਉਹ ਸਫ਼ਲਤਾ ਹਾਸਲ ਕਰਨ ਲਈ ਅਣਵੰਡੇ ਸਮਰਪਣ ਨਾਲ ਕੰਮ ਕਰਨ। ਉਨ੍ਹਾਂ ਨੌਜਵਾਨ ਜਨ–ਸੇਵਕਾਂ ਨੂੰ ਦੱਸਿਆ,‘ਉਦੇਸ਼ ਉੱਚਾ ਰੱਖੋ, ਸੁਪਨਾ ਵੱਡਾ ਲਵੋ, ਸਖ਼ਤ ਮਿਹਨਤ ਕਰੋ ਅਤੇ ਅਨੁਸ਼ਾਸਨ ਕਾਇਮ ਰੱਖੋ – ਜੀਵਨ ’ਚ ਸਫ਼ਲ ਹੋਣ ਦਾ ਇਹੀ ਮੇਰਾ ਮੰਤਰ ਹੈ।’
ਉਪ ਰਾਸ਼ਟਰਪਤੀ ਨੇ ਖੇਡਾਂ ਤੇ ਸਰੀਰਕ ਗਤੀਵਿਧੀਆਂ ’ਚ ਨਿਯਮਿਤ ਤੌਰ ’ਤੇ ਹਿੱਸਾ ਲੈ ਕੇ ਫਿਟ ਰਹਿਣ ਲਈ ਵੀ ਅਫ਼ਸਰ ਟ੍ਰੇਨੀਜ਼ ਨੂੰ ਸਲਾਹ ਦਿੱਤੀ। ਉਨ੍ਹਾਂ ਕਿਹਾ,‘ਇੱਕ ਬਿਹਤਰ ਭਵਿੱਖ ਵੱਲ ਅੱਗੇ ਵਧਣ ਲਈ ਅੱਜ ਕੀਤਾ ਗਿਆ ਕੰਮ ਕੁਦਰਤ ਤੇ ਸੱਭਿਆਚਾਰ ਦੋਹਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ।’
ਇਸ ਤੋਂ ਪਹਿਲਾਂ ਡਾਇਰੈਕਟਰ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਅਤੇ ਰੀਜਨਲ ਆਊਟਰੀਚ ਬਿਊਰੋ(ਆਰਓਬੀ), ਹੈਦਰਾਬਾਦ ਸ਼੍ਰੀਮਤੀ ਸ਼ਰੁਤੀ ਪਾਟਿਲ ਅਤੇ ਡਿਪਟੀ ਡਾਇਰੈਕਟਰ ਸ਼੍ਰੀ ਮਾਨਸ ਕ੍ਰਿਸ਼ਨਕਾਂਤ ਨੇ ਉਪ ਰਾਸ਼ਟਰਪਤੀ ਨੂੰ ਰਾਜ ਵਿੱਚ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ ਦੀ ਖੇਤਰੀ ਅਟੈਚਮੈਂਟ ਬਾਰੇ ਜਾਣਕਾਰੀ ਦਿੱਤੀ। ਉਪ ਰਾਸ਼ਟਰਪਤੀ ਸਕੱਤਰੇਤ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ।
**********
ਐੱਮਐੱਸ/ਆਰਕੇ/ਡੀਪੀ
(Release ID: 1765159)
Visitor Counter : 158