ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੰਡੀਅਨ ਸਪੇਸ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ
ਭਾਰਤ ਰਤਨ ਜੈਪ੍ਰਕਾਸ਼ ਨਾਰਾਇਣ ਅਤੇ ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਸ਼ਰਧਾਂਜਲੀ ਦਿੱਤੀ
“ਭਾਰਤ ਵਿੱਚ ਕਦੇ ਵੀ ਅਜਿਹੀ ਨਿਰਣਾਇਕ ਸਰਕਾਰ ਨਹੀਂ ਰਹੀ, ਸਪੇਸ ਸੈਕਟਰ ਅਤੇ ਸਪੇਸ ਟੈਕਨੋਲੋਜੀ ਵਿੱਚ ਵੱਡੇ ਸੁਧਾਰ ਇਸਦੀ ਇੱਕ ਉਦਾਹਰਣ ਹਨ”
"ਸਪੇਸ ਰਿਫਾਰਮਸ ਲਈ ਸਰਕਾਰ ਦੀ ਪਹੁੰਚ 4 ਥੰਮ੍ਹਾਂ 'ਤੇ ਅਧਾਰਿਤ ਹੈ"
"ਸਪੇਸ ਸੈਕਟਰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਗਤੀ ਦਾ ਮੁੱਖ ਮਾਧਿਅਮ ਹੈ। ਭਾਰਤ ਲਈ, ਸਪੇਸ ਸੈਕਟਰ ਦਾ ਅਰਥ ਆਮ ਲੋਕਾਂ ਲਈ ਬਿਹਤਰ ਮੈਪਿੰਗ, ਇਮੇਜਿੰਗ ਅਤੇ ਕਨੈਕਟੀਵਿਟੀ ਸੁਵਿਧਾਵਾਂ ਹਨ"
"ਆਤਮਨਿਰਭਰ ਭਾਰਤ ਮੁਹਿੰਮ ਨਾ ਸਿਰਫ਼ ਇੱਕ ਵਿਜ਼ਨ ਹੈ ਬਲਕਿ ਇੱਕ ਸੋਚੀ ਸਮਝੀ, ਯੋਜਨਾਬੱਧ, ਏਕੀਕ੍ਰਿਤ ਆਰਥਿਕ ਰਣਨੀਤੀ ਵੀ ਹੈ"
"ਸਰਕਾਰ ਪਬਲਿਕ ਸੈਕਟਰ ਦੇ ਉੱਦਮਾਂ ਦੇ ਸਬੰਧ ਵਿੱਚ ਇੱਕ ਸਪਸ਼ਟ ਨੀਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਕਟਰਾਂ ਨੂੰ ਨਿੱਜੀ ਉੱਦਮਾਂ ਲਈ ਖੋਲ੍ਹ ਰਹੀ ਹੈ ਜਿੱਥੇ ਸਰਕਾਰ ਦੀ ਜ਼ਰੂਰਤ ਨਹੀਂ ਹੈ। ਏਅਰ ਇੰਡੀਆ ਬਾਰੇ ਫ਼ੈਸਲਾ ਸਾਡੀ ਪ੍ਰਤੀਬੱਧਤਾ ਅਤੇ ਗੰਭੀਰਤਾ ਨੂੰ ਸਪਸ਼ਟ ਕਰਦਾ ਹੈ"
"ਪਿਛਲੇ 7 ਵਰ੍ਹਿਆਂ ਦੌਰਾਨ, ਸਪੇਸ ਟੈਕਨੋਲੋਜੀ ਨੂੰ ਆਖਰੀ ਮੀਲ ਦੀ ਸਪੁਰਦਗੀ ਅਤੇ ਲੀਕੇਜ ਮੁਕਤ, ਪਾਰਦਰਸ਼ੀ ਸ਼ਾਸਨ ਦੇ ਇੱਕ ਸਾਧਨ ਵਿੱਚ ਬਦਲ ਦਿੱਤਾ ਗਿਆ ਹੈ"
“ਇੱਕ ਮਜ਼ਬੂਤ ਸਟਾਰਟ
Posted On:
11 OCT 2021 1:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਡੀਅਨ ਸਪੇਸ ਐਸੋਸੀਏਸ਼ਨ (ਆਈਐੱਸਪੀਏ) ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ਪੁਲਾੜ ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਦੇ ਦੋ ਮਹਾਨ ਸਪੂਤਾਂ, ਭਾਰਤ ਰਤਨ ਜੈਪ੍ਰਕਾਸ਼ ਨਾਰਾਇਣ ਅਤੇ ਭਾਰਤ ਰਤਨ ਨਾਨਾਜੀ ਦੇਸ਼ਮੁਖ ਦੀ ਜਯੰਤੀ ਦਾ ਜ਼ਿਕਰ ਕੀਤਾ। ਇਨ੍ਹਾਂ ਦੋ ਮਹਾਨ ਸ਼ਖ਼ਸੀਅਤਾਂ ਨੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਨੂੰ ਦਿਸ਼ਾ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦਿਖਾਇਆ ਕਿ ਕਿਵੇਂ, ਸਾਰਿਆਂ ਨੂੰ ਨਾਲ ਲੈ ਕੇ, ਸਾਰਿਆਂ ਦੇ ਪ੍ਰਯਤਨਾਂ ਨਾਲ, ਵੱਡੀਆਂ ਤਬਦੀਲੀਆਂ ਰਾਸ਼ਟਰ ਲਈ ਹਕੀਕਤ ਬਣ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਦੋਵਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਫ਼ਲਸਫ਼ਾ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਕਦੇ ਵੀ ਅਜਿਹੀ ਨਿਰਣਾਇਕ ਸਰਕਾਰ ਨਹੀਂ ਰਹੀ, ਜਿੰਨੀ ਕਿ ਅੱਜ ਹੈ। ਸਪੇਸ ਸੈਕਟਰ ਅਤੇ ਸਪੇਸ ਟੈਕ ਵਿੱਚ ਅੱਜ ਭਾਰਤ ਵਿੱਚ ਜੋ ਵੱਡੇ ਸੁਧਾਰ ਹੋ ਰਹੇ ਹਨ, ਉਹ ਇਸਦੀ ਉਦਾਹਰਣ ਹਨ। ਉਨ੍ਹਾਂ ਇਸ ਮੌਕੇ ‘ਤੇ ਹਾਜ਼ਰ ਸਾਰੇ ਲੋਕਾਂ ਨੂੰ ਇੰਡੀਅਨ ਸਪੇਸ ਐਸੋਸੀਏਸ਼ਨ (ਆਈਐੱਸਪੀਏ) ਦੇ ਗਠਨ ਲਈ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਸ ਰਿਫਾਰਮਸ ਦੇ ਪ੍ਰਤੀ ਸਰਕਾਰ ਦੀ ਪਹੁੰਚ 4 ਥੰਮ੍ਹਾਂ 'ਤੇ ਅਧਾਰਿਤ ਹੈ। ਪਹਿਲਾ, ਨਿਜੀ ਖੇਤਰ ਨੂੰ ਇਨੋਵੇਸ਼ਨ ਦੀ ਆਜ਼ਾਦੀ। ਦੂਸਰਾ, ਇੱਕ ਸਮਰਥਕ ਵਜੋਂ ਸਰਕਾਰ ਦੀ ਭੂਮਿਕਾ। ਤੀਸਰਾ, ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨਾ। ਅਤੇ ਚੌਥਾ, ਸਪੇਸ ਸੈਕਟਰ ਨੂੰ ਆਮ ਆਦਮੀ ਦੀ ਪ੍ਰਗਤੀ ਦੇ ਸਾਧਨ ਵਜੋਂ ਦੇਖਣਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਸ ਸੈਕਟਰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਗਤੀ ਦਾ ਮੁੱਖ ਮਾਧਿਅਮ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤ ਲਈ ਸਪੇਸ ਸੈਕਟਰ ਦਾ ਮਤਲਬ ਆਮ ਲੋਕਾਂ ਲਈ ਬਿਹਤਰ ਮੈਪਿੰਗ, ਇਮੇਜਿੰਗ ਅਤੇ ਕਨੈਕਟੀਵਿਟੀ ਸੁਵਿਧਾਵਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ, ਸਪੇਸ ਸੈਕਟਰ ਦਾ ਅਰਥ ਹੈ ਉਦਯੋਗਪਤੀਆਂ ਲਈ ਸ਼ਿਪਮੈਂਟ ਤੋਂ ਲੈ ਕੇ ਡਲਿਵਰੀ ਤੱਕ ਬਿਹਤਰ ਗਤੀ; ਇਸ ਦਾ ਇੱਕ ਹੋਰ ਮਤਲਬ, ਮਛੇਰਿਆਂ ਲਈ ਬਿਹਤਰ ਸੁਰੱਖਿਆ ਅਤੇ ਆਮਦਨੀ, ਅਤੇ ਕੁਦਰਤੀ ਆਪਦਾ ਦੀ ਬਿਹਤਰ ਭਵਿੱਖਬਾਣੀ ਵੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਸਿਰਫ਼ ਇੱਕ ਵਿਜ਼ਨ ਨਹੀਂ ਹੈ ਬਲਕਿ ਇੱਕ ਚੰਗੀ ਤਰ੍ਹਾਂ ਸੋਚੀ-ਸਮਝੀ, ਯੋਜਨਾਬੱਧ, ਏਕੀਕ੍ਰਿਤ ਆਰਥਿਕ ਰਣਨੀਤੀ ਵੀ ਹੈ। ਇੱਕ ਰਣਨੀਤੀ ਜੋ ਭਾਰਤ ਦੇ ਉੱਦਮੀਆਂ ਅਤੇ ਭਾਰਤ ਦੇ ਨੌਜਵਾਨਾਂ ਦੀਆਂ ਕੌਸ਼ਲ ਸਮਰੱਥਾਵਾਂ ਨੂੰ ਵਧਾ ਕੇ ਭਾਰਤ ਨੂੰ ਇੱਕ ਵਿਸ਼ਵ ਨਿਰਮਾਣ ਮਹਾਸ਼ਕਤੀ ਬਣਾਏਗੀ। ਇੱਕ ਰਣਨੀਤੀ ਜੋ ਭਾਰਤ ਦੀ ਤਕਨੀਕੀ ਮੁਹਾਰਤ ਦੇ ਅਧਾਰ ‘ਤੇ ਭਾਰਤ ਨੂੰ ਇਨੋਵੇਸ਼ਨਸ ਦਾ ਇੱਕ ਗਲੋਬਲ ਕੇਂਦਰ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਰਣਨੀਤੀ ਹੈ, ਜੋ ਗਲੋਬਲ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਏਗੀ, ਵਿਸ਼ਵ ਪੱਧਰ 'ਤੇ ਭਾਰਤ ਦੇ ਮਾਨਵ ਸੰਸਾਧਨਾਂ ਅਤੇ ਪ੍ਰਤਿਭਾ ਦੀ ਪ੍ਰਤਿਸ਼ਠਾ ਨੂੰ ਵਧਾਏਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪਬਲਿਕ ਸੈਕਟਰ ਦੇ ਉੱਦਮਾਂ ਬਾਰੇ ਸਪਸ਼ਟ ਨੀਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਕਟਰਾਂ, ਜਿੱਥੇ ਸਰਕਾਰ ਦੀ ਲੋੜ ਨਹੀਂ ਹੈ, ਨੂੰ ਨਿੱਜੀ ਉਦਯੋਗਾਂ ਲਈ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਬਾਰੇ ਫ਼ੈਸਲਾ ਸਾਡੀ ਪ੍ਰਤੀਬੱਧਤਾ ਅਤੇ ਗੰਭੀਰਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ਪਿਛਲੇ 7 ਵਰ੍ਹਿਆਂ ਦੌਰਾਨ, ਸਪੇਸ ਟੈਕਨੋਲੋਜੀ ਨੂੰ ਆਖਰੀ ਮੀਲ ਦੀ ਸਪੁਰਦਗੀ ਅਤੇ ਲੀਕੇਜ ਮੁਕਤ, ਪਾਰਦਰਸ਼ੀ ਸ਼ਾਸਨ ਦੇ ਇੱਕ ਸਾਧਨ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਗ਼ਰੀਬਾਂ ਲਈ ਹਾਊਸਿੰਗ ਯੂਨਿਟਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਜੀਓਟੈਗਿੰਗ ਦੀ ਵਰਤੋਂ ਦੀਆਂ ਉਦਾਹਰਣਾਂ ਦਿੱਤੀਆਂ। ਸੈਟੇਲਾਈਟ ਇਮੇਜਿੰਗ ਦੁਆਰਾ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਫ਼ਸਲ ਬੀਮਾ ਯੋਜਨਾ ਦੇ ਦਾਅਵਿਆਂ ਦੇ ਨਿਪਟਾਰੇ ਲਈ ਸਪੇਸ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਐੱਨਏਵੀਆਈਸੀ ਸਿਸਟਮ ਮਛੇਰਿਆਂ ਦੀ ਮਦਦ ਕਰ ਰਿਹਾ ਹੈ, ਇਸ ਟੈਕਨੋਲੋਜੀ ਜ਼ਰੀਏ ਆਫਤ ਪ੍ਰਬੰਧਨ ਦੀ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਟੈਕਨੋਲੋਜੀ ਨੂੰ ਹਰ ਕਿਸੇ ਲਈ ਪਹੁੰਚਯੋਗ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਡਿਜੀਟਲ ਟੈਕਨੋਲੋਜੀ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅੱਜ ਚੋਟੀ ਦੀਆਂ ਡਿਜੀਟਲ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ ਕਿਉਂਕਿ ਅਸੀਂ ਡਾਟਾ ਦੀ ਸ਼ਕਤੀ ਨੂੰ ਸਭ ਤੋਂ ਗ਼ਰੀਬਾਂ ਤੱਕ ਪਹੁੰਚਯੋਗ ਬਣਾ ਸਕਦੇ ਹਾਂ।
ਨੌਜਵਾਨ ਉੱਦਮੀਆਂ ਅਤੇ ਸਟਾਰਟਅੱਪਸ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਦਯੋਗ, ਨੌਜਵਾਨ ਇਨੋਵੇਟਰਸ ਅਤੇ ਸਟਾਰਟਅੱਪਸ ਨੂੰ ਹਰ ਪੱਧਰ 'ਤੇ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਵਿਸਤਾਰ ਨਾਲ ਦੱਸਿਆ ਕਿ ਇੱਕ ਮਜ਼ਬੂਤ ਸਟਾਰਟਅੱਪ ਈਕੋਸਿਸਟਮ ਵਿਕਸਿਤ ਕਰਨ ਲਈ, ਇੱਕ ਪਲੈਟਫਾਰਮ ਪਹੁੰਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਪਲੈਟਫਾਰਮ ਸਿਸਟਮ ਨੂੰ ਪਰਿਭਾਸ਼ਿਤ ਕੀਤਾ “ਇੱਕ ਅਜਿਹੀ ਪਹੁੰਚ ਜਿੱਥੇ ਸਰਕਾਰ ਖੁੱਲ੍ਹੀ ਪਹੁੰਚ ਵਾਲੇ ਪਬਲਿਕ ਕੰਟਰੋਲਡ ਪਲੈਟਫਾਰਮ ਤਿਆਰ ਕਰਦੀ ਹੈ ਅਤੇ ਇਸ ਨੂੰ ਉਦਯੋਗ ਅਤੇ ਉੱਦਮਾਂ ਲਈ ਉਪਲਬਧ ਕਰਵਾਉਂਦੀ ਹੈ। ਉੱਦਮੀ ਇਸ ਬੁਨਿਆਦੀ ਪਲੈਟਫਾਰਮ 'ਤੇ ਨਵੇਂ ਹੱਲ ਤਿਆਰ ਕਰਦੇ ਹਨ।"
ਪ੍ਰਧਾਨ ਮੰਤਰੀ ਨੇ ਇਸ ਨੂੰ ਯੂਪੀਆਈ ਦੇ ਪਲੈਟਫਾਰਮ ਦੀ ਉਦਾਹਰਣ ਨਾਲ ਸਪਸ਼ਟ ਕੀਤਾ ਜੋ ਇੱਕ ਮਜ਼ਬੂਤ ਫਿਨਟੈੱਕ ਨੈੱਟਵਰਕ ਦਾ ਅਧਾਰ ਬਣ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੇ ਪਲੈਟਫਾਰਮਾਂ ਨੂੰ ਪੁਲਾੜ, ਭੂ-ਸਥਾਨਿਕ ਖੇਤਰਾਂ ਅਤੇ ਵਿਭਿੰਨ ਖੇਤਰਾਂ ਵਿੱਚ ਡ੍ਰੋਨਾਂ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਅੱਜ ਮੌਜੂਦ ਲੋਕਾਂ ਦੇ ਸੁਝਾਵਾਂ ਅਤੇ ਹਿਤਧਾਰਕਾਂ ਦੀ ਸਰਗਰਮ ਸ਼ਮੂਲੀਅਤ ਜ਼ਰੀਏ ਇੱਕ ਬਿਹਤਰ ਸਪੇਸਕੌਮ ਪਾਲਿਸੀ ਅਤੇ ਰਿਮੋਟ ਸੈਂਸਿੰਗ ਪਾਲਿਸੀ ਬਹੁਤ ਛੇਤੀ ਸਾਹਮਣੇ ਆਵੇਗੀ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ 20ਵੀਂ ਸਦੀ ਵਿੱਚ ਪੁਲਾੜ ਅਤੇ ਸਪੇਸ ਸੈਕਟਰ ਉੱਤੇ ਰਾਜ ਕਰਨ ਦੀ ਕੋਸ਼ਿਸ਼ ਕਰਨ ਦੀ ਪ੍ਰਵਿਰਤੀ ਨੇ ਦੁਨੀਆ ਦੇ ਦੇਸ਼ਾਂ ਨੂੰ ਕਿਵੇਂ ਵੰਡਿਆ। ਉਨ੍ਹਾਂ ਇਹ ਕਹਿ ਕੇ ਸਮਾਪਤੀ ਕੀਤੀ ਕਿ ਹੁਣ 21ਵੀਂ ਸਦੀ ਵਿੱਚ, ਭਾਰਤ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਪੁਲਾੜ ਵਿਸ਼ਵ ਨੂੰ ਇਕਜੁੱਟ ਕਰਨ ਅਤੇ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇ।
*********
ਡੀਐੱਸ/ਏਕੇ
(Release ID: 1763065)
Visitor Counter : 249
Read this release in:
Hindi
,
English
,
Urdu
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam