ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨਵੇਂ ਉੱਭਰਦੇ ਭਾਰਤ ਦੇ ਨਿਰਮਾਣ ਲਈ ਜਨਸੰਖਿਆ ਸਬੰਧੀ ਸਮਰੱਥਾ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਾਂ ਬੋਲੀ ਵਿੱਚ ਨਿਪੁੰਣ ਬਣੋ, ਗੁਰੂਆਂ ਅਤੇ ਮਾਪਿਆਂ ਦਾ ਸਤਿਕਾਰ ਕਰੋ



ਭਾਰਤ ਨੂੰ ਸਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ ਆਪਣੀ ਸੰਸਦ ਅਤੇ ਵਿਧਾਨ ਸਭਾਵਾਂ ਜ਼ਰੀਏ ਦੂਸਰਿਆਂ ਲਈ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ



ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ 'ਸ਼ਿਸ਼ਟਾਚਾਰ, ਮਰਯਾਦਾ ਅਤੇ ਗੌਰਵ' ਦੀ ਲਕਸ਼ਮਣ ਰੇਖਾ ਨੂੰ ਕਦੇ ਵੀ ਪਾਰ ਨਹੀਂ ਕਰਨਾ ਚਾਹੀਦਾ: ਉਪ ਰਾਸ਼ਟਰਪਤੀ



ਕਾਰਜਹੀਣ (ਅਕ੍ਰਿਆਸ਼ੀਲ) ਵਿਧਾਨ ਸਭਾਵਾਂ ਸੰਸਦੀ ਲੋਕਤੰਤਰ ਦੀਆਂ ਜੜ੍ਹਾਂ ‘ਤੇ ਸੱਟ ਮਾਰਦੀਆਂ ਹਨ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਕਦਰਾਂ ਕੀਮਤਾਂ ਦੇ ਪਤਨ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਉੱਚ ਨੈਤਿਕ ਮਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਦਿੱਲੀ ਸਥਿਤ ਉਪ ਰਾਸ਼ਟਰਪਤੀ ਨਿਵਾਸ 'ਤੇ ‘ਦ ਮਹਾਰਾਜਾ ਸਯਾਜੀਰਾਵ ਯੂਨੀਵਰਸਿਟੀ ਆਵ੍ ਬੜੌਦਾ' ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

Posted On: 20 SEP 2021 2:05PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿੱਚ, ਭਾਰਤ ਦੀ ਸੰਸਦ ਅਤੇ ਵਿਧਾਨ ਸਭਾਵਾਂ ਨੂੰ ਦੂਸਰਿਆਂ ਲਈ ਇੱਕ ਉਦਾਹਰਣ ਕਾਇਮ ਕਰਨੀ ਚਾਹੀਦੀ ਹੈ।

 

ਦਿੱਲੀ ਦੇ ਉਪ ਰਾਸ਼ਟਰਪਤੀ ਨਿਵਾਸ ਵਿਖੇ 'ਦ ਮਹਾਰਾਜਾ ਸਯਾਜੀਰਾਵ ਯੂਨੀਵਰਸਿਟੀ ਆਵ੍ ਬੜੌਦਾ' ਤੋਂ ਪੋਲੀਟੀਕਲ ਲੀਡਰਸ਼ਿਪ ਐਂਡ ਗਵਰਨੈਂਸ ਵਿੱਚ ਇੱਕ ਵਰ੍ਹੇ ਦਾ ਡਿਪਲੋਮਾ ਕੋਰਸ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਸੰਸਦੀ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਸੁਸ਼ਾਸਨ ਦੀਆਂ ਪ੍ਰਕਿਰਿਆਵਾਂ ਨੂੰ ਹੋਰ ਗਹਿਰਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਜਦੋਂ ਦੇਸ਼ ਸਾਡੀ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ।

 

ਉਪ ਰਾਸ਼ਟਰਪਤੀ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, ਨੇ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਵਾਰ-ਵਾਰ ਵਿਘਨ ਪੈਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਜਹੀਣ ਵਿਧਾਨ ਸਭਾਵਾਂ ਸੰਸਦੀ ਲੋਕਤੰਤਰ ਦੇ ਸਿਧਾਂਤ ਦੀ ਜੜ੍ਹ 'ਤੇ ਵਾਰ ਕਰਦੀਆਂ ਹਨ।

 

ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ, ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਕੋਈ ਮੁੱਦਾ ਉਠਾਉਂਦੇ ਹੋਏ ਸ਼ਿਸ਼ਟਾਚਾਰ, ਮਰਯਾਦਾ ਅਤੇ ਗੌਰਵ' ਦੀ ਲਕਸ਼ਮਣ ਰੇਖਾ ਨੂੰ ਕਦੇ ਵੀ ਪਾਰ ਨਹੀਂ ਕਰਨਾ ਚਾਹੀਦਾ।

 

ਉਨ੍ਹਾਂ ਦੁਹਰਾਇਆ ਕਿ ਲੋਕਾਂ ਨੂੰ ਆਪਣੇ ਨੁਮਾਇੰਦਿਆਂ ਦੀ ਚੋਣ ਚਾਰ ਸਭ ਤੋਂ ਮਹੱਤਵਪੂਰਨ ਗੁਣਾਂ ਜਾਂ ਸੀਜ਼ (Cs) - ਚਰਿੱਤਰ, ਵਿਵਹਾਰ, ਲਿਆਕਤ ਅਤੇ ਸਮਰੱਥਾ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, "ਬਦਕਿਸਮਤੀ ਨਾਲ, ਸਾਡੀ ਚੋਣ ਪ੍ਰਣਾਲੀ ਇਨ੍ਹਾਂ 4 ਸੀਜ਼ ਦੀ ਥਾਂ ਹੋਰ ਅਣਚਾਹੇ 4 ਸੀਜ਼ਜਾਤੀ, ਭਾਈਚਾਰੇ, ਨਕਦੀ ਅਤੇ ਅਪਰਾਧਿਕਤਾ ਦੇ ਨਾਲ ਵਿਗੜ ਰਹੀ ਹੈ।"

 

 

ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਇਹ ਇੱਛਾ ਪ੍ਰਗਟਾਈ ਹੈ ਕਿ ਨੌਜਵਾਨ ਨਾ ਸਿਰਫ਼ ਰਾਜਨੀਤੀ ਵਿੱਚ ਸਰਗਰਮ ਦਿਲਚਸਪੀ ਲੈਣ, ਬਲਕਿ ਉਤਸ਼ਾਹ ਨਾਲ ਰਾਜਨੀਤੀ ਵਿੱਚ ਸ਼ਾਮਲ ਹੋਣ ਅਤੇ ਇਮਾਨਦਾਰੀ, ਅਨੁਸ਼ਾਸਨ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਦਰਸ਼ ਵਿਵਹਾਰ ਵਿਚਾਰਧਾਰਾ ਨਾਲੋਂ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ਬਦਕਿਸਮਤੀ ਨਾਲ, ਰਾਜਨੀਤੀ ਸਮੇਤ ਸਾਰੇ ਖੇਤਰਾਂ ਵਿੱਚ ਵਰ੍ਹਿਆਂ ਤੋਂ ਕਦਰਾਂ-ਕੀਮਤਾਂ ਅਤੇ ਮਿਆਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਹੁਣ ਸਮਾਂ ਆ ਗਿਆ ਹੈ ਕਿ ਵਿਭਿੰਨ ਬਿਮਾਰੀਆਂ ਨਾਲ ਗ੍ਰਸਤ ਪ੍ਰਣਾਲੀ ਨੂੰ ਸ਼ੁੱਧ ਕੀਤਾ ਜਾਵੇ ਜੋ ਕਿ ਸਿਸਟਮ ਨੂੰ ਢਾਹ ਲਗਾ ਰਹੀਆਂ ਹਨ, ਅਤੇ ਜੀਵਨ ਦੇ ਹਰ ਖੇਤਰ ਵਿੱਚ ਉੱਚ ਨੈਤਿਕ ਅਤੇ ਸਦਾਚਾਰਕ ਮਿਆਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ।

 

ਲੋਕਾਂ ਨੂੰ ਲੁਭਾਉਣ ਵਾਲੀਆਂ ਨੀਤੀਆਂ ਦੇ ਵਿਰੁੱਧ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਹਾਸ਼ੀਏ ਤੇ ਰਹਿ ਰਹੇ ਅਤੇ ਲੋੜਵੰਦ ਵਰਗਾਂ ਨੂੰ ਸਿੱਖਿਆ, ਕੌਸ਼ਲ ਅਤੇ ਆਜੀਵਕਾ ਦੇ ਅਵਸਰਾਂ ਦੁਆਰਾ ਸਸ਼ਕਤ ਬਣਾਇਆ ਜਾਣਾ ਚਾਹੀਦਾ ਹੈ।

 

35 ਵਰ੍ਹੇ ਤੋਂ ਘੱਟ ਉਮਰ ਦੀ, ਦੇਸ਼ ਦੀ 65 ਪ੍ਰਤੀਸ਼ਤ ਆਬਾਦੀ ਦੇ ਨਾਲ, ਭਾਰਤ ਦੇ ਜਨਸੰਖਿਆ ਲਾਭ ਦਾ ਜ਼ਿਕਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਅਤੇ ਨਵੇਂ ਭਾਰਤ ਦੇ ਨਿਰਮਾਣ ਲਈ ਨੌਜਵਾਨ ਰਾਸ਼ਟਰ ਦੀ ਸਮਰੱਥਾ ਦਾ ਪੂਰਾ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਭਾਰਤ ਲਈ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਉੱਚੀਆਂ ਬੁਲੰਦੀਆਂ ਹਾਸਲ ਕਰਨ ਲਈ ਹਰ ਖੇਤਰ ਵਿੱਚ ਪ੍ਰਭਾਵੀ ਲੀਡਰਸ਼ਿਪ ਇੱਕ ਲਾਜ਼ਮੀ ਲੋੜ ਹੈ।

 

ਵਿਦਿਆਰਥੀਆਂ ਨੂੰ ਯਥਾ-ਸਥਿਤੀ ਤੋਂ ਸੰਤੁਸ਼ਟ ਨਾ ਹੋਣ ਦੀ ਸਲਾਹ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਟੀਚਿਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਤਨਦੇਹੀ ਨਾਲ ਕੰਮ ਕਰਨ। ਇਹ ਦੇਖਦਿਆਂ ਕਿ ਉੱਤਮਤਾ ਪ੍ਰਾਪਤ ਕਰਨ ਲਈ ਮਾਪਦੰਡਾਂ ਨੂੰ ਉੱਚਾ ਰੱਖਣਾ ਮਹੱਤਵਪੂਰਨ ਹੈ, ਉਨ੍ਹਾਂ ਸਵਾਮੀ ਵਿਵੇਕਾਨੰਦ ਦੇ ਮਸ਼ਹੂਰ ਹਵਾਲੇ ਦਾ ਜ਼ਿਕਰ ਕੀਤਾ: ਉੱਠੋ! ਜਾਗਰੂਕ ਬਣੋ! ਅਤੇ ਜਦੋਂ ਤੱਕ ਟੀਚਾ ਪ੍ਰਾਪਤ ਨਹੀਂ ਹੁੰਦਾ ਉਦੋਂ ਤੱਕ ਨਾ ਰੁਕੋ।

 

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਨੇਕ ਮਾਰਗ 'ਤੇ ਚਲਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਵਿਆਪਕ ਸਮਾਜਿਕ ਪਰਿਵਰਤਨ ਦੇ ਦੂਤ ਵਜੋਂ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ, "ਤੁਹਾਨੂੰ ਸਮਾਜਿਕ ਬੁਰਾਈਆਂ ਜਿਵੇਂ ਕਿ ਲਿੰਗ ਭੇਦਭਾਵ, ਜਾਤੀਵਾਦ, ਭ੍ਰਿਸ਼ਟਾਚਾਰ, ਮਹਿਲਾਵਾਂ 'ਤੇ ਅੱਤਿਆਚਾਰ ਅਤੇ ਅਨਪੜ੍ਹਤਾ ਸਮੇਤ ਹੋਰਾਂ ਦੇ ਖਾਤਮੇ ਲਈ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ।"

 

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਵਸਥ ਜੀਵਨ ਸ਼ੈਲੀ ਵਿਕਸਿਤ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਸਰੀਰਕ ਤੰਦਰੁਸਤੀ ਬਣਾਈ ਰੱਖਣ ਅਤੇ ਭਾਰਤੀ ਮੌਸਮ ਦੇ ਅਨੁਕੂਲ ਸਵਸਥ ਖਾਣ ਦੀਆਂ ਆਦਤਾਂ ਦੀ ਪਾਲਣਾ ਕਰਨ ਲਈ ਕਿਹਾ।

 

ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਵਿੱਚ ਨਿਪੁੰਣ ਹੋਣ, ਆਪਣੇ ਗੁਰੂਆਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਦੂਸਰਿਆਂ, ਖਾਸ ਕਰਕੇ ਲੋੜਵੰਦਾਂ ਅਤੇ ਕਮਜ਼ੋਰ ਲੋਕਾਂ ਪ੍ਰਤੀ ਹਮੇਸ਼ਾ ਹਮਦਰਦੀ ਰੱਖਣ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਸਾਡੀ ਸੱਭਿਅਤਾ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਵਿੱਚੋਂ ਇੱਕ ਹੈ ਅਤੇ ਸਾਂਝ ਅਤੇ ਦੇਖਭਾਲ਼ ਦਾ ਦਰਸ਼ਨ (ਫ਼ਲਸਫ਼ਾ) ਭਾਰਤੀ ਸੰਸਕ੍ਰਿਤੀ ਦਾ ਕੇਂਦਰ ਹੈ।

 

 

**********

 

ਐੱਮਐੱਸ/ਆਰਕੇ



(Release ID: 1756566) Visitor Counter : 235