ਰਾਸ਼ਟਰਪਤੀ ਸਕੱਤਰੇਤ
‘ਇੰਡੀਅਨ ਨੇਵਲ ਏਵੀਏਸ਼ਨ’ ਨੂੰ ਰਾਸ਼ਟਰਪਤੀ ਦਾ ਝੰਡਾ ਪ੍ਰਦਾਨ ਕੀਤੇ ਜਾਣ ਦੇ ਅਵਸਰ ‘ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ
Posted On:
06 SEP 2021 3:52PM by PIB Chandigarh
ਅੱਜ ‘ਇੰਡੀਅਨ ਨੇਵਲ ਏਵੀਏਸ਼ਨ’ ਨੂੰ ਰਾਸ਼ਟਰਪਤੀ ਦਾ ਝੰਡਾ ਪ੍ਰਦਾਨ ਕਰਨ ਸਮੇਂ ਆਪ ਸਭ ਦੇ ਦਰਮਿਆਨ ਖਲੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਸੱਚਮੁਚ ਸਮੁੰਦਰੀ ਹਵਾਬਾਜ਼ੀ ਦੇ ਇਤਿਹਾਸ ਵਿੱਚ ਇੱਕ ਇਤਿਹਾਸਿਕ ਘਟਨਾ ਹੈ ਕਿਉਂਕਿ ਇਸ ਨੇ ਰਾਸ਼ਟਰ ਦੀ ਸੇਵਾ ਕਰਦਿਆਂ ਸ਼ਾਨਦਾਰ ਮਾਣਮੱਤੇ 68 ਵਰ੍ਹੇ ਮੁਕੰਮਲ ਕਰ ਲਏ ਹਨ।
ਮੈਂ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਅਤੀਤ ਤੇ ਵਰਤਮਾਨ ਦੇ ਸਾਰੇ ਅਧਿਕਾਰੀਆਂ ਤੇ ਮੱਲਾਹਾਂ ਨੂੰ ਵਧਾਈ ਦੇਣੀ ਚਾਹੁੰਦਾ ਹਾਂ। ਅੱਜ ਪੇਸ਼ ਕੀਤਾ ਗਿਆ ਕਲਰ ਸ਼ਾਂਤੀ ਤੇ ਜੰਗ ਵਿੱਚ ਰਾਸ਼ਟਰ ਨੂੰ ਦਿੱਤੀ ਗਈ ਅਸਾਧਾਰਣ ਸੇਵਾ ਦੀ ਮਾਨਤਾ ਹੈ। ਨੇਵਲ ਏਵੀਏਸ਼ਨ ਕੋਲ ਪੇਸ਼ੇਵਰ ਸਰਬੋਤਮਤਾ ਦਾ ਇੱਕ ਅਸਾਧਾਰਣ ਰਿਕਾਰਡ ਹੈ ਤੇ ਉਸ ਨੇ ਸਨਮਾਨ ਤੇ ਵਿਸ਼ਿਸ਼ਟਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਜਲ ਸੈਨਾ ਹਵਾਬਾਜ਼ੀ ਭਾਈਚਾਰੇ ਦੇ ਹਰੇਕ ਮੈਂਬਰ ਨੂੰ ਮੇਰੀਆਂ ਸ਼ੁਭਕਾਮਨਾਵਾਂ।
ਇੰਡੀਅਨ ਨੇਵਲ ਏਵੀਏਸ਼ਨ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਇੱਕ ਨਿਰੰਤਰ ਯਾਤਰਾ ਕੀਤੀ ਹੈ। ਇਸ ਦੀ ਸ਼ੁਰੂਆਤ 11 ਮਈ, 1953 ਨੂੰ ਪਹਿਲੇ ਭਾਰਤੀ ਜਲ ਸੈਨਾ ਵਾਯੂ ਸਟੇਸ਼ਨ, ਆਈਐੱਨਐੱਸ ਗਰੁੜ ਦੀ ਕਮਿਸ਼ਨਿੰਗ ਨਾਲ ਹੋਈ ਸੀ। ਤਦ ਤੋਂ ਜਲ ਸੈਨਾ ਦੀ ਹਵਾਬਾਜ਼ੀ ਸ਼ਾਖਾ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। 1961 ‘ਚ ਕਮਿਸ਼ਨ ਕੀਤੇ ਗਏ ਏਅਰਕ੍ਰਾਫ਼ਟ ਲਈ ਕੈਰੀਅਰ ਆਈਐੱਨਐੱਸ ਵਿਕ੍ਰਾਂਤ ਨੇ ਭਾਰਤੀ ਜਲ ਸੈਨਾ ਨੂੰ ਸ਼ਕਤੀ ਤੇ ਗੌਰਵ ਪ੍ਰਦਾਨ ਕੀਤਾ ਤੇ ਗੋਆ ਦੀ ਮੁਕਤੀ ਦੌਰਾਨ ਅਹਿਮ ਭੂਮਿਕਾ ਨਿਭਾਈ। ਅਸੀਂ ਪਿਛਲੇ ਸਾਲ ‘ਗੋਆ ਐਟ 60’ ਮਨਾਇਆ ਸੀ।
ਨੇਵਲ ਏਵੀਏਸ਼ਨ ਨੇ 1962 ਅਤੇ 1965 ਦੀਆਂ ਲੜਾਈਆਂ ਵਿੱਚ ਹਿੱਸਾ ਲਿਆ। ਆਈਐੱਨਐੱਸ ਵਿਕ੍ਰਾਂਤ ਨੇ 1971 ਦੇ ਯੁੱਧ ਵਿੱਚ ਆਪਣੇ ਇੰਟੈਗਰਲ ਜਹਾਜ਼ਾਂ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਦੀ ਤਾਪ ਸਾਡੀ ਯਾਦ ਵਿੱਚ ਸਦਾ ਰਹੇਗੀ। ਮੈਨੂੰ ਦੱਸਿਆ ਗਿਆ ਹੈ ਕਿ ਨੇਵਲ ਏਵੀਏਸ਼ਨ ਨੇ 1999 ਦੇ ਕਾਰਗਿਲ ਸੰਘਰਸ਼ ਦੇ ਸੰਦਰਭ ਵਿੱਚ ਵੀ ਆਪਣੀ ਭੂਮਿਕਾ ਨਿਭਾਈ ਸੀ। ਇਸ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਚੌਕਸ ਨਿਗਰਾਨੀ ਵੀ ਰੱਖੀ ਹੈ।
1980 ਦੇ ਦਹਾਕੇ ਵਿੱਚ ਆਈਐੱਨਐੱਸ ਵਿਰਾਟ ਅਤੇ 2013 ਵਿੱਚ ਆਈਐੱਨਐੱਸ ਵਿਕਰਮਾਦਿੱਤਯਾ ਦੀ ਸ਼ਮੂਲੀਅਤ ਨੇ ਸਾਡੇ ਬੇੜੇ ਨੂੰ ਸਮੁੰਦਰ ਵਿੱਚ ਵਧੇਰੇ ਤਾਕਤ ਦਿੱਤੀ ਹੈ। ਭਾਰਤੀ ਜਲ ਸੈਨਾ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਵਦੇਸ਼ੀ ਤੌਰ 'ਤੇ ਬਣਾਇਆ ਗਿਆ ਏਅਰਕ੍ਰਾਫਟ ਕੈਰੀਅਰ ਨਵੇਂ ਵਿਕਰਾਂਤ ਨੇ ਸਮੁੰਦਰੀ ਅਜ਼ਮਾਇਸ਼ਾਂ ਸ਼ੁਰੂ ਕੀਤੀਆਂ ਹਨ। ਇਹ ਭਾਰਤੀ ਜਲ ਸੈਨਾ ਨੂੰ ਇਸ ਖੇਤਰ ਦੀ ਇਕਲੌਤੀ ਜਲ ਸੈਨਾ ਬਣਾਉਂਦਾ ਹੈ ਅਤੇ ਲਗਭਗ ਸੱਤ ਦਹਾਕਿਆਂ ਤੋਂ ਨਿਰੰਤਰ ਕੈਰੀਅਰ ਸੰਚਾਲਨ ਨੂੰ ਕਾਇਮ ਰੱਖਣ ਲਈ ਵਿਸ਼ਵ ਦੀਆਂ ਤਿੰਨ ਸਮੁੰਦਰੀ ਫੌਜਾਂ ਵਿੱਚੋਂ ਇੱਕ ਹੈ। ਇਸ ਦਾ ਇੱਕ ਸ਼ਾਨਦਾਰ ਅਪਰੇਟਿੰਗ ਰਿਕਾਰਡ ਹੈ।
ਨੇਵਲ ਏਵੀਏਸ਼ਨ ਨੇ ਬਹੁਤ ਸਾਰੀ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਇਆ ਹੈ, ਜਿਸ ਦੌਰਾਨ ਇਸ ਨੇ ਦੇਸ਼ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ, ਜਿਵੇਂ ਕਿ ਮਈ 2021 ਵਿੱਚ ਚੱਕਰਵਾਤੀ ਤੁਫਾਨ ਤੌਕੇ ਦੌਰਾਨ ਮੁੰਬਈ ਵਿੱਚ ਪਿੱਛੇ ਜਿਹੇ ਕੀਤਾ ਗਿਆ ਬਚਾਅ ਕਾਰਜ। ਇਸ ਨੇ ਹਿੰਦ ਮਹਾਸਾਗਰ ਖੇਤਰ ਦੇ ਬਹੁਤ ਸਾਰੇ ਗੁਆਂਢੀ ਦੇਸ਼ਾਂ ਅਤੇ ਰਾਸ਼ਟਰਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ।
ਭਾਰਤੀ ਜਲ ਸੈਨਾ ਨੇ ਸਾਰੀਆਂ ਖੇਤਰੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਅਤੇ ਹਿੰਦ–ਪ੍ਰਸ਼ਾਂਤ ਵਿੱਚ ਮਿੱਤਰਾਂ ਅਤੇ ਭਾਈਵਾਲਾਂ ਨਾਲ ਸਾਡੇ ਕੂਟਨੀਤਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਯਤਨ ਕੀਤੇ ਹਨ। ਅਪਰੇਸ਼ਨ 'ਸਮੁਦਰ ਸੇਤੂ' ਅਤੇ 'ਮਿਸ਼ਨ ਸਾਗਰ' ਜਿਹੇ ਮਿਸ਼ਨਾਂ ਨਾਲ, ਜਲ ਸੈਨਾ ਭਾਰਤ ਦੀ ਕੋਵਿਡ ਆਊਟਰੀਚ ਦਾ ਇੱਕ ਪ੍ਰਮੁੱਖ ਸਾਧਨ ਸੀ, ਜੋ ਸਾਡੇ ਸਮੁੰਦਰੀ ਗੁਆਂਢੀਆਂ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਭਾਈਵਾਲਾਂ ਨੂੰ ਸਹਾਇਤਾ ਅਤੇ ਸਮਰਥਨ ਪ੍ਰਦਾਨ ਕਰਦੀ ਸੀ। ਸੰਕਟ ਸਮੇਂ ਭਾਰਤੀ ਜਲ ਸੈਨਾ ਦੀ ਤਤਕਾਲ ਅਤੇ ਪ੍ਰਭਾਵੀ ਤਾਇਨਾਤੀ ਨੇ ਹਿੰਦ ਮਹਾਸਾਗਰ ਖੇਤਰ ਵਿੱਚ 'ਤਰਜੀਹੀ ਸੁਰੱਖਿਆ ਭਾਈਵਾਲ' ਅਤੇ 'ਪਹਿਲਾ ਜਵਾਬ ਦੇਣ ਵਾਲਾ' ਬਣਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ ਹੈ।
ਸਾਡੀਆਂ ਸਮੁੰਦਰੀ ਸਰਹੱਦਾਂ ਦੀ ਸੁਰੱਖਿਆ ਤੋਂ ਇਲਾਵਾ, ਭਾਰਤੀ ਜਲ ਸੈਨਾ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ ਜਿਸਨੂੰ ਮੈਂ ਉਜਾਗਰ ਕਰਨਾ ਚਾਹਾਂਗਾ। ਮੈਨੂੰ ਦੱਸਿਆ ਗਿਆ ਹੈ ਕਿ ਭਾਰਤੀ ਜਲ ਸੈਨਾ ਸਰਗਰਮੀ ਨਾਲ ਸਵਦੇਸ਼ੀਕਰਨ ਵਿੱਚ ਲਗੀ ਹੋਈ ਹੈ। ਇਹ ਜਲ ਸੈਨਾ ਦੀਆਂ ਮੌਜੂਦਾ ਅਤੇ ਭਵਿੱਖ ਦੀ ਪ੍ਰਾਪਤੀ ਯੋਜਨਾਵਾਂ ਵਿੱਚ ਚੰਗੀ ਤਰ੍ਹਾਂ ਝਲਕਦਾ ਹੈ, ਜੋ ਸਵਦੇਸ਼ੀਕਰਨ ਦੁਆਰਾ ਸੰਚਾਲਿਤ ਹਨ। ਭਾਰਤ ਸਰਕਾਰ ਦੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਅਨੁਸਾਰ ‘ਮੇਕ ਇਨ ਇੰਡੀਆ’ ਮੁਹਿੰਮ ਮੁਤਾਬਕ ਅਨੁਸਾਰ ਇੰਡੀਅਨ ਨੇਵਲ ਏਵੀਏਸ਼ਨ ਨੇ ਵੀ ਨਿਰੰਤਰ ਤਰੱਕੀ ਕੀਤੀ ਹੈ। ਹਵਾਬਾਜ਼ੀ ਟੈਕਨੋਲੋਜੀ ਵਿੱਚ ਜ਼ਬਰਦਸਤ ਤਰੱਕੀ ਨਾਲ, ਅੱਜ ਸਮੁੰਦਰੀ ਜਹਾਜ਼ਾਂ ਨੂੰ ਆਧੁਨਿਕ, ਅਤਿ–ਆਧੁਨਿਕ ਸਵਦੇਸ਼ੀ, ਹਥਿਆਰ, ਸੈਂਸਰ ਅਤੇ ਡਾਟਾ ਲਿੰਕ ਸੂਟ ਨਾਲ ਲੈਸ ਕੀਤਾ ਜਾ ਰਿਹਾ ਹੈ। ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ ਵੱਲੋਂ ਸਵਦੇਸ਼ੀ ਤੌਰ 'ਤੇ ਤਿਆਰ ਕੀਤੇ ਅਗਾਂਹਵਧੂ ਹਲਕੇ ਹੈਲੀਕੌਪਟਰਾਂ ਨਾਲ ਡੌਰਨੀਅਰ ਅਤੇ ਚੇਤਕ ਜਹਾਜ਼ਾਂ ਦੀ ਹਾਲੀਆ ਸ਼ਮੂਲੀਅਤ ਰੱਖਿਆ ਖੇਤਰ ਵਿੱਚ 'ਆਤਮਨਿਰਭਰਤਾ' ਵੱਲ ਸਾਡੀ ਚਾਲ ਨੂੰ ਉਜਾਗਰ ਕਰਦੀ ਹੈ।
ਨੇਵਲ ਏਵੀਏਸ਼ਨ ਦੀ ਸ਼ੁਰੂਆਤ ਤੋਂ ਹੀ ਪ੍ਰਭਾਵਸ਼ਾਲੀ ਉਡਾਣ ਦੇ ਅੰਕੜੇ ਸੱਚਮੁੱਚ ਇੱਕ ਬਹੁਤ ਪ੍ਰੇਰਿਤ ਟੀਮ ਦੇ ਅਣਥੱਕ ਯਤਨਾਂ ਨੂੰ ਦਰਸਾਉਂਦੇ ਹਨ। ਨੇਵਲ ਏਵੀਏਸ਼ਨ ਮਹਿਲਾਵਾਂ ਨੂੰ ਸ਼ਾਮਲ ਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਨੇਵਲ ਏਵੀਏਸ਼ਨ ਦੇ ਲਗਭਗ 150 ਏਅਰ ਟ੍ਰੈਫਿਕ ਕੰਟਰੋਲ ਅਫਸਰਾਂ ਵਿੱਚੋਂ 84 ਦੇ ਕਰੀਬ ਭਾਵ 50 ਪ੍ਰਤੀਸ਼ਤ ਤੋਂ ਵੱਧ ਮਹਿਲਾਵਾਂ ਹਨ ਅਤੇ 400 ਆਬਜ਼ਰਵਰਾਂ ਵਿੱਚੋਂ 75 ਮਹਿਲਾਵਾਂ ਹਨ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਨੇਵਲ ਏਵੀਏਸ਼ਨ ਵਿੱਚ ਮਹਿਲਾ ਪਾਇਲਟਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਇੱਕ ਸਿਹਤਮੰਦ ਰੁਝਾਨ ਹੈ ਅਤੇ ਇਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਇਸ ਵਿਸ਼ੇਸ਼ ਮੌਕੇ 'ਤੇ, ਮੈਂ ਨੇਵਲ ਏਵੀਏਸ਼ਨ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਸੀਂ ਹਮੇਸ਼ਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਰਿਣੀ ਰਹਾਂਗੇ।
ਮੈਂ ਇੱਕ ਵਾਰ ਫਿਰ ਸਾਰੇ ਸਾਬਕਾ ਸੈਨਿਕਾਂ ਅਤੇ ਜਲ ਸੈਨਾ ਦੇ ਏਵੀਏਟਰਸ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਰਾਸ਼ਟਰ ਦੀ ਅਣਥੱਕ ਸੇਵਾ ਲਈ ਵਧਾਈ ਦਿੰਦਾ ਹਾਂ। ਮੈਂ ਸਾਰੇ ਮਰਦਾਂ ਅਤੇ ਮਹਿਲਾਵਾਂ ਨੂੰ ਆਪਣੀ ਨਿਸ਼ਕਾਮ ਅਤੇ ਸਮਰਪਿਤ ਸੇਵਾ ਜਾਰੀ ਰੱਖਣ ਦੀ ਅਪੀਲ ਕਰਦਾ ਹਾਂ। ਤੁਹਾਡੇ ਭਵਿੱਖ ਦੇ ਯਤਨਾਂ ਵਿੱਚ ਸਫ਼ਲਤਾ ਲਈ ਮੇਰੀਆਂ ਸ਼ੁਭਕਾਮਨਾਵਾਂ।
ਧੰਨਵਾਦ,
ਜੈ ਹਿੰਦ!
*****
ਡੀਐੱਸ/ਬੀਐੱਮ
(Release ID: 1752691)
Visitor Counter : 162