ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕਸ ਲਈ ਜਾਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨਾਲ ਗੱਲਬਾਤ ਕੀਤੀ


ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗ਼ੈਰ–ਰਸਮੀ, ਸਹਿਜ–ਸੁਭਾਵਿਕ ਸੈਸ਼ਨ ਸਾਂਝਾ ਕੀਤਾ

135 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਆਪ ਸਾਰਿਆਂ ਲਈ ਦੇਸ਼ ਦਾ ਅਸ਼ੀਰਵਾਦ ਹਨ: ਪ੍ਰਧਾਨ ਮੰਤਰੀ

ਖਿਡਾਰੀਆਂ ਨੂੰ ਬਿਹਤਰ ਟ੍ਰੇਨਿੰਗ ਕੈਂਪ, ਉਪਕਰਣ, ਅੰਤਰਰਾਸ਼ਟਰੀ ਐਕਸਪੋਜ਼ਰ ਮੁਹੱਈਆ ਕਰਵਾਏ ਗਏ ਹਨ: ਪ੍ਰਧਾਨ ਮੰਤਰੀ

ਐਥਲੀਟ ਇਹ ਦੇਖ ਰਹੇ ਹਨ ਕਿ ਦੇਸ਼ ਅੱਜ ਕਿਵੇਂ ਇੱਕ ਨਵੀਂ ਸੋਚਣੀ ਤੇ ਇੱਕ ਨਵੀਂ ਪਹੁੰਚ ਨਾਲ ਹਰੇਕ ਖਿਡਾਰੀ ਨਾਲ ਖੜ੍ਹਾ ਹੈ: ਪ੍ਰਧਾਨ ਮੰਤਰੀ

ਪਹਿਲੀ ਵਾਰ ਓਲੰਪਿਕਸ ਲਈ ਅਤੇ ਇੰਨੀਆਂ ਜ਼ਿਆਦਾ ਖੇਡਾਂ ਵਿੱਚ ਇੰਨੇ ਜ਼ਿਆਦਾ ਖਿਡਾਰੀ ਕੁਆਲੀਫਾਈ ਹੋਏ ਹਨ: ਪ੍ਰਧਾਨ ਮੰਤਰੀ

ਕਈ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਵਿੱਚ ਭਾਰਤ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ: ਪ੍ਰਧਾਨ ਮੰਤਰੀ

‘#Cheer4India’ ਲਈ ਜ਼ਿੰਮੇਵਾਰੀ ਦੇਸ਼ਵਾਸੀਆਂ ਦੀ ਹੈ: ਪ੍ਰਧਾਨ ਮੰਤਰੀ

Posted On: 13 JUL 2021 6:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਟੋਕੀਓ ਓਲੰਪਿਕਸ ਜਾਣ ਵਾਲੇ ਭਾਰਤੀ ਐਥਲੀਟਾਂ ਦੇ ਦਲ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੁਆਰਾ ਐਥਲੀਟਾਂ ਨਾਲ ਇਹ ਗੱਲਬਾਤ ਉਨ੍ਹਾਂ ਦੇ ਖੇਡਾਂ ਵਿੱਚ ਹਿੱਸਾ ਲੈਣ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਇੱਕ ਕੋਸ਼ਿਸ਼ ਹੈ। ਇਸ ਮੌਕੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ; ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਕਾਨੂੰਨ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਮੌਜੂਦ ਸਨ।

 

ਇੱਕ ਗ਼ੈਰ–ਰਸਮੀ ਤੇ ਸਹਿਜ–ਸੁਭਾਵਿਕ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਲੀਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਦੀਪਿਕਾ ਕੁਮਾਰੀ (ਤੀਰਅੰਦਾਜ਼ੀ) ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਤੀਰ–ਅੰਦਾਜ਼ੀ ਨਾਲ ਅੰਬ ਤੋੜਨ ਨਾਲ ਸ਼ੁਰੂ ਹੋਈ ਸੀ ਤੇ ਉਨ੍ਹਾਂ ਤੋਂ ਇੱਕ ਖਿਡਾਰਨ ਵਜੋਂ ਉਨ੍ਹਾਂ ਦੀ ਯਾਤਰਾ ਬਾਰੇ ਸੁਆਲ ਪੁੱਛੇ। ਪ੍ਰਧਾਨ ਮੰਤਰੀ ਨੇ ਔਖੇ ਹਾਲਾਤ ਦੇ ਬਾਵਜੂਦ ਪਥ ਉੱਤੇ ਟਿਕੇ ਰਹਿਣ ਲਈ ਪ੍ਰਵੀਨ ਜਾਧਵ (ਤੀਰਅੰਦਾਜ਼ੀ) ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਦੀਆ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਇਸ ਪਰਿਵਾਰ ਨਾਲ ਮਰਾਠੀ ਭਾਸ਼ਾ ’ਚ ਗੱਲ ਕੀਤੀ।

 

ਐਥਲੀਟ ਨੀਰਜ ਚੋਪੜਾ (ਜੈਵਲਿਨ ਥ੍ਰੋਅ – ਨੇਜ਼ਾ ਸੁੱਟਣਾ) ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤੀ ਥਲ–ਸੈਨਾ ਨਾਲ ਉਨ੍ਹਾਂ ਦੇ ਅਨੁਭਵ ਦੇ ਨਾਲ–ਨਾਲ ਉਨ੍ਹਾਂ ਦੇ ਸੱਟ ਤੋਂ ਠੀਕ ਹੋਣ ਬਾਰੇ ਪੁੱਛਿਆ। ਸ਼੍ਰੀ ਮੋਦੀ ਨੇ ਐਥਲੀਟ ਨੂੰ ਕਿਹਾ ਕਿ ਉਹ ਹੋਰਨਾਂ ਦੀਆਂ ਹੱਦੋਂ ਵੱਧ ਆਸਾਂ ਦੀ ਪਰਵਾਹ ਕੀਤੇ ਬਿਨਾ ਆਪਣੀ ਸਰਬੋਤਮ ਕਾਰਗੁਜ਼ਾਰੀ ਵਿਖਾਉਣ। ਸ਼੍ਰੀ ਮੋਦੀ ਨੇ ਦੁੱਤੀ ਚੰਦ (ਦੌੜ) ਨਾਲ ਗੱਲਬਾਤ ਉਨ੍ਹਾਂ ਦੇ ਨਾਂਅ ਦੇ ਅਰਥ ‘ਚਮਕ’ ਤੋਂ ਸ਼ੁਰੂ ਕੀਤੀ ਅਤੇ ਆਪਣੇ ਖੇਡ–ਹੁਨਰਾਂ ਰਾਹੀਂ ਰੋਸ਼ਨੀ ਫੈਲਾਉਣ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨਿਧੜਕ ਹੋ ਕੇ ਅੱਗੇ ਵਧਣ ਲਈ ਕਿਹਾ ਕਿਉਂਕਿ ਸਮੁੱਚਾ ਭਾਰਤ ਐਥਲੀਟਾਂ ਦੇ ਪਿੱਛੇ ਹੈ। ਪ੍ਰਧਾਨ ਮੰਤਰੀ ਨੇ ਆਸ਼ੀਸ਼ ਕੁਮਾਰ (ਮੁੱਕੇਬਾਜ਼ੀ) ਤੋਂ ਪੁੱਛਿਆ ਕਿ ਉਨ੍ਹਾਂ ਬੌਕਸਿੰਗ ਨੂੰ ਕਿਉਂ ਚੁਣਿਆ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਨ੍ਹਾਂ ਕੋਵਿਡ–19 ਨਾਲ ਜੂਝਣ ਦੇ ਨਾਲ–ਨਾਲ ਆਪਣੀ ਟ੍ਰੇਨਿੰਗ ਨੂੰ ਕਿਵੇਂ ਜਾਰੀ ਰੱਖਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਇਸ ਲਈ ਵੀ ਸ਼ਲਾਘਾ ਕੀਤੀ ਕਿਉਂਕਿ ਉਹ ਆਪਣੇ ਪਿਤਾ ਦੇ ਅਕਾਲ–ਚਲਾਣੇ ਦੇ ਬਾਵਜੂਦ ਆਪਣੇ ਟੀਚੇ ਤੋਂ ਇੱਧਰ–ਉੱਧਰ ਨਹੀਂ ਹੋਏ। ਐਥਲੀਟ ਨੇ ਦੱਸਿਆ ਕਿ ਉਨ੍ਹਾਂ ਦੇ ਠੀਕ ਹੋਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਦੇ ਨੈੱਟਵਰਕ ਦੀ ਮਦਦ ਮਿਲੀ। ਸ਼੍ਰੀ ਮੋਦੀ ਨੇ ਉਸ ਮੌਕੇ ਨੂੰ ਚੇਤੇ ਕੀਤਾ, ਜਦੋਂ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਬਿਲਕੁਲ ਅਜਿਹੇ ਹਾਲਾਤ ਵਿੱਚ ਆਪਣੇ ਪਿਤਾ ਨੂੰ ਗੁਆ ਲਿਆ ਸੀ ਤੇ ਉਨ੍ਹਾਂ ਆਪਣੀ ਖੇਡ ਜ਼ਰੀਏ ਕਿਵ਼ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਸੀ।

 

ਪ੍ਰਧਾਨ ਮੰਤਰੀ ਨੇ ਮੈਰੀ ਕੌਮ (ਮੁੱਕੇਬਾਜ਼ੀ) ਦੀ ਇਸ ਸ਼ਲਾਘਾ ਕੀਤੀ ਕਿਉਂਕਿ ਉਹ ਬਹੁਤ ਸਾਰੇ ਐਥਲੀਟਾਂ ਲਈ ਇੱਕ ਆਦਰਸ਼ ਹਨ। ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਤੋਂ ਜਾਣਲਾ ਚਾਹਿਆ ਕਿ ਉਹ ਆਪਣੀ ਖੇਡ ਜਾਰੀ ਰੱਖਣ ਦੇ ਨਾਲ–ਨਾਲ, ਖ਼ਾਸ ਕਰਕੇ ਮਹਾਮਾਰੀ ਦੌਰਾਨ, ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦੇ ਕਿਵੇਂ ਯੋਗ ਹੋਏ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਮਨਪਸੰਦ ਪੰਚ ਤੇ ਉਨ੍ਹਾਂ ਦੇ ਮਨਪਸੰਦ ਖਿਡਾਰੀ ਬਾਰੇ ਪੁੱਛਿਆ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੀਵੀ ਸਿੰਧੂ (ਬੈਡਮਿੰਟਨ) ਤੋਂ ਪ੍ਰਧਾਨ ਮੰਤਰੀ ਨੇ ਕਾਚੀਬਾਓਲੀ, ਹੈਦਰਾਬਾਦ ’ਚ ਉਨ੍ਹਾਂ ਦੇ ਅਭਿਆਸ ਬਾਰੇ ਪੁੱਛਿਆ। ਉਨ੍ਹਾਂ ਨੇ ਉਨ੍ਹਾਂ ਦੀ ਟ੍ਰੇਨਿੰਗ ਵਿੱਚ ਖ਼ੁਰਾਕ ਦੇ ਮਹੱਤਵ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮਾਪਿਆਂ ਤੋਂ ਅਜਿਹੀ ਸਲਾਹ ਤੇ ਨੁਕਤੇ ਪੁੱਛੇ, ਜਿਹੜੇ ਉਨ੍ਹਾਂ ਮਾਪਿਆਂ ਨੂੰ ਦੇਣੇ ਚਾਹੀਦੇ ਹਨ, ਜੋ ਆਪਣੇ ਬੱਚਿਆਂ ਨੂੰ ਇੱਕ ਖਿਡਾਰੀ ਬਣਾਉਣਾ ਚਾਹੁੰਦੇ ਹਨ। ਓਲੰਪਿਕਸ ਵਿੱਚ ਇਸ ਐਥਲੀਟ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵੀ ਉਨ੍ਹਾਂ ਨਾਲ ਆਈਸ ਕ੍ਰੀਮ ਖਾਣਗੇ, ਜਦੋਂ ਉਹ ਐਥਲੀਟਾਂ ਦੀ ਵਾਪਸੀ ’ਤੇ ਉਨ੍ਹਾਂ ਦਾ ਸੁਆਗਤ ਕਰਨਗੇ।

 

ਪ੍ਰਧਾਨ ਮੰਤਰੀ ਨੇ ਏਲਾਵੇਨਿਲ ਵਲਾਰੀਵਨ (ਨਿਸ਼ਾਨੇਬਾਜ਼ੀ) ਤੋਂ ਪੁੱਛਿਆ ਕਿ ਉਨ੍ਹਾਂ ਦੀ ਖੇਡ ਵਿੱਚ ਦਿਲਚਸਪੀ ਕਿਵੇਂ ਬਣੀ। ਸ਼੍ਰੀ ਮੋਦੀ ਨੇ ਇਸ ਨਿਸ਼ਾਨੇਬਾਜ਼, ਜਿਨ੍ਹਾਂ ਦਾ ਪਾਲਣ–ਪੋਸ਼ਣ ਅਹਿਮਦਾਬਾਦ ’ਚ ਹੋਇਆ, ਨਾਲ ਨਿਜੀ ਤੌਰ ਉੱਤੇ ਗੁਜਰਾਤੀ ਭਾਸ਼ਾ ਵਿੱਚ ਤੇ ਉਨ੍ਹਾਂ ਦੇ ਮਾਪਿਆਂ ਨਾਲ ਤਮਿਲ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਆਪਣੇ ਮੁਢਲੇ ਸਾਲ ਚੇਤੇ ਕੀਤੇ, ਜਦੋਂ ਉਹ ਏਲਾਵੇਨਿਲ ਵਲਾਰੀਵਨ ਦੇ ਇਲਾਕੇ ਮਨੀ ਨਗਰ ਤੋਂ ਵਿਧਾਇਕ ਹੁੰਦੇ ਸਨ। ਉਨ੍ਹਾਂ ਜਾਣਨਾ ਚਾਹਿਆ ਕਿ ਉਹ ਆਪਣੀ ਪੜ੍ਹਾਈ ਤੇ ਖੇਡ ਦੀ ਟ੍ਰੇਨਿੰਗ ਦੋਵਾਂ ਵਿਚਾਲੇ ਕਿਵੇਂ ਸੰਤੁਲਨ ਬਣਾ ਕੇ ਰੱਖਦੇ ਹਨ।

 

ਪ੍ਰਧਾਨ ਮੰਤਰੀ ਨੇ ਸੌਰਭ ਚੌਧਰੀ (ਨਿਸ਼ਾਨੇਬਾਜ਼ੀ) ਨਾਲ ਉਨ੍ਹਾਂ ਦੀ ਇਕਾਗਰਤਾ ਤੇ ਮਾਨਸਿਕ ਸ਼ਾਂਤੀ ਵਿੱਚ ਸੁਧਾਰ ਲਿਆਉਣ ’ਚ ਯੋਗ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਸੀਨੀਅਰ ਖਿਡਾਰੀ ਸ਼ਰਤ ਕਮਲ (ਟੇਬਲ ਟੈਨਿਸ) ਤੋਂ ਪਿਛਲੇ ਤੇ ਇਸ ਉਲੰਪਿਕ ਵਿਚਲੇ ਫ਼ਰਕ ਬਾਰੇ ਪੁੱਛਿਆ ਤੇ ਇਸ ਮੌਕੇ ਪਏ ਮਹਾਮਾਰੀ ਦੇ ਅਸਰ ਬਾਰੇ ਜਾਣਿਆ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਾਲ ਤਜਰਬਾ ਸਮੁੱਚੇ ਸਮੂਹ ਦੀ ਮਦਦ ਕਰੇਗਾ। ਟੇਬਲ ਟੈਨਿਸ ਦੇ ਇੱਕ ਹੋਰ ਉੱਘੀ ਖਿਡਾਰਣ ਮਣਿਕਾ ਬਤਰਾ (ਟੇਬਲ ਟੈਨਿਸ) ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਗ਼ਰੀਬ ਬੱਚਿਆਂ ਨੂੰ ਖੇਡ ਟ੍ਰੇਨਿੰਗ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖੇਡਦੇ ਸਮੇਂ ਆਪਣੇ ਹੱਥ ਵਿੱਚ ਤਿਰੰਗਾ ਪਹਿਨਣ ਦੇ ਉਨ੍ਹਾਂ ਦੇ ਅਭਿਆਸ ਦਾ ਜ਼ਿਕਰ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਨਾਚ ਲਈ ਉਨ੍ਹਾਂ ਦਾ ਜਨੂਨ ਖੇਡ ਵਿੱਚ ਉਨ੍ਹਾਂ ਨੂੰ ਤਣਾਅ–ਮੁਕਤ ਕਰਦਾ ਹੈ।

 

ਪ੍ਰਧਾਨ ਮੰਤਰੀ ਨੇ ਵਿਨੇਸ਼ ਫ਼ੋਗਾਟ (ਕੁਸ਼ਤੀ) ਤੋਂ ਪੁੱਛਿਆ ਕਿ ਉਨ੍ਹਾਂ ਦੀ ਪਰਿਵਾਰਕ ਵਿਰਾਸਤ ਕਾਰਣ ਲੋਕਾਂ ਦੀਆਂ ਉਨ੍ਹਾਂ ਤੋਂ ਵਧੇਰੇ ਆਸਾਂ ਨਾਲ ਉਹ ਕਿਵੇਂ ਨਿਪਟਦੇ ਹਨ। ਉਨ੍ਹਾਂ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਇਸ ਸਭ ਨਾਲ ਕਿਵੇਂ ਨਿਪਟਦੇ ਹਨ। ਸ਼੍ਰੀ ਮੋਦੀ ਨੇ ਉਨ੍ਹਾਂ ਦੇ ਪਿਤਾ ਨਾਲ ਗੱਲਬਾਤ ਦੌਰਾਨ ਅਜਿਹੀਆਂ ਹੋਣਹਾਰ ਧੀਆਂ ਦੀ ਪਰਵਰਿਸ਼ ਕਰਨ ਦੇ ਤਰੀਕਿਆਂ ਬਾਰੇ ਪੁੱਛਿਆ। ਉਨ੍ਹਾਂ ਸਾਜਨ ਪ੍ਰਕਾਸ਼ (ਤੈਰਾਕੀ) ਤੋਂ ਉਨ੍ਹਾਂ ਨੂੰ ਲੱਗੀ ਗੰਭੀਰ ਸੱਟ ਅਤੇ ਉਸ ਤੋਂ ਠੀਕ ਹੋਣ ਬਾਰੇ ਪੁੱਛਿਆ।

 

ਮਨਪ੍ਰੀਤ ਸਿੰਘ (ਹਾਕੀ) ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਆਦਿ ਵਰਗੇ ਹਾਕੀ ਦੇ ਉੱਘੇ ਖਿਡਾਰੀ ਯਾਦ ਆ ਰਹੇ ਹਨ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਟੀਮ ਉਸ ਵਿਰਾਸਤ ਨੂੰ ਕਾਇਮ ਰੱਖੇਗੀ।

 

ਸਾਨੀਆ ਮਿਰਜ਼ਾ (ਟੈਨਿਸ) ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਨਿਸ ਖੇਡ ਦੀ ਮਕਬੂਲੀਅਤ ਵਧਦੀ ਜਾ ਰਹੀ ਹੈ ਅਤੇ ਸੀਨੀਅਰ ਖਿਡਾਰਨ ਤੋਂ ਪੁੱਛਿਆ ਕਿ ਉਹ ਨਵੇਂ ਖ਼ਾਹਿਸ਼ੀ ਨੌਜਵਾਨਾਂ ਨੂੰ ਆਪਣੇ ਵੱਲੋਂ ਕੀ ਸਲਾਹ ਦੇਣੀ ਚਾਹੁਣਗੇ। ਉਨ੍ਹਾਂ ਟੈਨਿਸ ਵਿੱਚ ਉਨ੍ਹਾਂ ਦੇ ਸਹਿਯੋਗੀ ਖਿਡਾਰੀ ਨਾਲ ਉਨ੍ਹਾਂ ਦੀ ਸਮੀਕਰਣ ਬਾਰੇ ਵੀ ਪੁੱਛਿਆ। ਉਨ੍ਹਾਂ ਪੁੱਛਿਆ ਕਿ ਪਿਛਲੇ ਪੰਜ–ਛੇ ਸਾਲਾਂ ਦੌਰਾਨ ਉਹ ਖੇਡਾਂ ਵਿੱਚ ਕਿਹੜੀ ਤਬਦੀਲੀ ਵੇਖਦੇ ਹਨ। ਸਾਨੀਆ ਮਿਰਜ਼ਾ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਭਾਰਤ ਵਿੱਚ ਆਤਮਵਿਸ਼ਵਾਸ ਵਧਿਆ ਹੈ ਤੇ ਇਹ ਕਾਰਗੁਜ਼ਾਰੀ ਵਿੱਚ ਪ੍ਰਤੀਬਿੰਬਤ ਹੋਵੇਗਾ।

 

ਭਾਰਤੀ ਐਥਲੀਟਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਉਹ ਮਾਰੀ ਕਾਰਣ ਐਥਲੀਟਾਂ ਦੀ ਮੇਜ਼ਬਾਨੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਉਨ੍ਹਾਂ ਦੇ ਅਭਿਆਸ ਹੀ ਨਹੀਂ, ਬਲਕਿ ਓਲੰਪਿਕਸ ਦੇ ਸਾਲ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਆਪਣੇ ‘ਮਨ ਕੀ ਬਾਤ’ ਨੂੰ ਚੇਤੇ ਕੀਤਾ, ਜਦੋਂ ਉਨ੍ਹਾਂ ਨਾਗਰਿਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਓਲੰਪਿਕਸ ਵਿੱਚ ਆਪਣੇ ਖਿਡਾਰੀਆਂ ਦਾ ਹੌਸਲਾ ਵਧਾਉਣ। ਉਨ੍ਹਾਂ #Cheer4India ਦੀ ਮਕਬੂਲੀਅਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਉਨ੍ਹਾਂ ਦੇ ਪਿੱਛੇ ਹੈ ਅਤੇ ਸਮੂਹ ਦੇਸ਼ਵਾਸੀਆਂ ਦਾ ਅਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਦੱਸਿਆ ਕਿ ਲੋਕ NaMo (ਨਮੋ) ਐਪੀ ਨੂੰ ਲੌਗ–ਇਨ ਕਰ ਕੇ ਆਪਣੇ ਖਿਡਾਰੀਆਂ ਦਾ ਹੌਸਲਾ ਵਧਾ ਸਕਦੇ ਹਨ, ਜਿੱਥੇ ਇਸ ਮੰਤਵ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ,‘ 135 ਕਰੋੜ ਭਾਰਤੀਆਂ ਦੀਆਂ ਇਹ ਸ਼ੁਭਕਾਮਨਾਵਾਂ ਤੁਹਾਡੇ ਸਭਨਾਂ ਲਈ ਖੇਡਾਂ ਦੇ ਖੇਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਦੇਸ਼ ਦਾ ਅਸ਼ੀਰਵਾਦ ਹਨ।’

 

 

ਪ੍ਰਧਾਨ ਮੰਤਰੀ ਨੇ ਐਥਲੀਟਾਂ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਭਾਵ ‘ਦਲੇਰ, ਆਤਮਵਿਸ਼ਵਾਸੀ ਤੇ ਸਕਾਰਾਤਮਕ’ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਐਥਲੀਟਾਂ ਵਿੱਚ ਸਾਂਝੇ ਤੱਤ ਅਨੁਸ਼ਾਸਨ, ਸਮਰਪਣ ਤੇ ਦ੍ਰਿੜ੍ਹ ਇਰਾਦਾ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਵਿੱਚ ਪ੍ਰਤੀਬੱਧਤਾ ਤੇ ਮੁਕਾਬਲੇਯੋਗਤਾ ਦੋਵੇਂ ਗੁਣਾਂ ਦਾ ਜ਼ਿਕਰ ਕੀਤਾ। ਇਹੋ ਗੁਣ ‘ਨਵਭਾਰਤ’ ਵਿੱਚ ਪਾਏ ਜਾਂਦੇ ਹਨ। ਐਥਲੀਟ ਨਵੇਂ ਭਾਰਤ ਨੂੰ ਪ੍ਰਤੀਬਿੰਬਤ ਕਰਦੇ ਹਨ ਤੇ ਰਾਸ਼ਟਰ ਦੇ ਭਵਿੱਖ ਦੇ ਪ੍ਰਤੀਕ ਹਨ।

 

 

ਉਨ੍ਹਾਂ ਕਿਹਾ ਕਿ ਸਾਰੇ ਐਥਲੀਟ ਇਸ ਤੱਥ ਦਾ ਪ੍ਰਮਾਣ ਹਨ ਕਿ ਦੇਸ਼ ਅੱਜ ਕਿਵੇਂ ਇੱਕ ਨਵੀਂ ਸੋਚ ਤੇ ਨਵੀਂ ਪਹੁੰਚ ਨਾਲ ਆਪਣੇ ਹਰੇਕ ਖਿਡਾਰੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਐਥਲੀਟਾਂ ਨੂੰ ਇਸ ਗੱਲ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ ਕਿ ਉਹ ਆਜ਼ਾਦਾਨਾ ਢੰਗ ਨਾਲ ਆਪਣੀ ਪੂਰੀ ਸਮਰੱਥਾ ਨਾਲ ਖੇਡਣ ਅਤੇ ਆਪਣੀ ਖੇਡ ਤੇ ਤਕਨੀਕ ਵਿੱਚ ਸੁਧਾਰ ਲਿਆਉਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤਬਦੀਲੀਆਂ ਦਾ ਜ਼ਿਕਰ ਕੀਤਾ, ਜਿਹੜੀਆਂ ਖਿਡਾਰੀਆਂ ਦੀ ਮਦਦ ਲਈ ਹਾਲੀਆ ਸਾਲਾਂ ਦੌਰਾਨ ਲਿਆਂਦੀਆਂ ਗਈਆਂ ਹਨ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਟ੍ਰੇਨਿੰਗ ਕੈਂਪ ਤੇ ਬਿਹਤਰ ਉਪਕਰਣ ਮੁਹੱਈਆ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਅੱਜ ਖਿਡਾਰੀਆਂ ਨੂੰ ਵਧੇਰੇ ਅੰਤਰਰਾਸ਼ਟਰੀ ਐਕਸਪੋਜ਼ਰ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਜਿਹੇ ਸਮੇਂ ਦੌਰਾਨ ਇੰਨੀਆਂ ਜ਼ਿਆਦਾ ਤਬਦੀਲੀਆਂ ਵਾਪਰ ਗਈਆਂ ਹਨ ਕਿਉਂਕਿ ਖੇਡਾਂ ਨਾਲ ਸਬੰਧਿਤ ਸੰਸਥਾਨਾਂ ਨੇ ਖਿਡਾਰੀਆਂ ਦੇ ਸੁਝਾਵਾਂ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਇਸ ਲਈ ਖ਼ੁਸ਼ੀ ਵੀ ਪ੍ਰਗਟਾਈ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਖਿਡਾਰੀ ਓਲੰਪਿਕਸ ਲਈ ਕੁਆਲੀਫਾਈ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ‘ਫਿਟ ਇੰਡੀਆ’ ਅਤੇ ‘ਖੇਲੋ ਇੰਡੀਆ’ ਜਿਹੀਆਂ ਮੁਹਿੰਮਾਂ ਨੇ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਰਤ ਦੇ ਖਿਡਾਰੀਆਂ ਇੰਨੀਆਂ ਜ਼ਿਆਦਾ ਖੇਡਾਂ ਵਿੱਚ ਭਾਗ ਲੈ ਰਹੇ ਹਨ। ਇਸ ਵਾਰ ਬਹੁਤ ਸਾਰੀਆਂ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਵਿੱਚ ਭਾਰਤ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ।

 

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁਵਾ ਭਾਰਤ ਦਾ ਆਤਮ–ਵਿਸ਼ਵਾਸ ਤੇ ਊਰਜਾ ਵੇਖ ਕੇ ਉਹ ਇਸ ਮਾਮਲੇ ’ਚ ਆਸਵੰਦ ਹਨ ਕਿ ਉਹ ਦਿਨ ਦੂਰ ਨਹੀਂ, ਜਦੋਂ ਸਿਰਫ਼ ਜਿੱਤ ਹੀ ਨਵ–ਭਾਰਤ ਦੀ ਆਦਤ ਬਣ ਜਾਵੇਗੀ। ਉਨ੍ਹਾਂ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਬਿਹਤਰੀਨ ਕਾਰਗੁਜ਼ਾਰੀ ਦੇਣ ਤੇ ਉਨ੍ਹਾਂ ਦੇਸ਼ਵਾਸੀਆਂ ਨੂੰ “Cheer4India” ਲਈ ਆਖਿਆ।

 

 

*********

 

ਡੀਐੱਸ/ਏਕੇ



(Release ID: 1735233) Visitor Counter : 206