ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਸੜਕਾਂ ਦੀ ਉਸਾਰੀ ਵਿੱਚ ਗੁਣਵਤਾ ਵਿੱਚ ਕੋਈ ਕਮੀ ਕੀਤੇ ਬਗੈਰ ਇਨੋਵੇਸ਼ਨ ਅਤੇ ਖੋਜ ਦੁਆਰਾ ਸਟੀਲ ਅਤੇ ਸੀਮਿੰਟ ਦੀ ਵਰਤੋਂ ਨੂੰ ਘਟਾਉਣ ਲਈ ਕਿਹਾ

Posted On: 09 JUL 2021 1:22PM by PIB Chandigarh

 ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਗੁਣਵਤਾ ਵਿੱਚ ਕੋਈ ਕਮੀ ਕੀਤੇ ਬਿਨਾਂ ਨਵੀਨਤਾ ਅਤੇ ਖੋਜ ਦੁਆਰਾ ਸੜਕ ਨਿਰਮਾਣ ਵਿੱਚ ਸਟੀਲ ਅਤੇ ਸੀਮੇਂਟ ਦੀ ਵਰਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ। “ਭਾਰਤ ਵਿੱਚ ਸੜਕਾਂ ਦਾ ਵਿਕਾਸ” ਬਾਰੇ 16ਵੀਂ ਸਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੜਕ ਉਪਕਰਣਾਂ ਦੀ ਮਸ਼ੀਨਰੀ ਲਈ ਸੀਐੱਨਜੀ, ਐੱਲਐੱਨਜੀ ਅਤੇ ਈਥਨੌਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਮੰਤਰੀ ਨੇ ਆਯਾਤ ਵਿਕਲਪ, ਲਾਗਤ ਪ੍ਰਭਾਵੀ, ਪ੍ਰਦੂਸ਼ਣ ਮੁਕਤ ਅਤੇ ਸਵਦੇਸ਼ੀ ਤਰੀਕਿਆਂ ਅਤੇ ਵਿਕਲਪਿਕ ਈਂਧਣ ਦੇ ਵਿਕਾਸ ‘ਤੇ ਜ਼ੋਰ ਦਿੱਤਾ।


 


 

ਸ਼੍ਰੀ ਗਡਕਰੀ ਨੇ ਕਿਹਾ ਕਿ ਤਕਰੀਬਨ 63 ਲੱਖ ਕਿਲੋਮੀਟਰ ਰੋਡ ਨੈੱਟਵਰਕ ਵਾਲਾ ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ। ਉਨ੍ਹਾਂ ਕਿਹਾ ਕਿ ਸੜਕੀ ਢਾਂਚਾ ਅਰਥਵਿਵਸਥਾ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਕਿਉਂਕਿ 70% ਵਸਤਾਂ ਅਤੇ ਤਕਰੀਬਨ 90% ਯਾਤਰੀ ਆਵਾਜਾਈ ਲਈ ਸੜਕਾਂ ਦੀ ਵਰਤੋਂ ਕਰਦੇ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਗਲੇ ਪੰਜ ਸਾਲਾਂ ਵਿੱਚ ਭਾਰਤ ਲਈ 5 ਖਰਬ ਡਾਲਰ ਦੀ ਅਰਥਵਿਵਸਥਾ ਬਣਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪ ਲਾਈਨ ਜ਼ਰੀਏ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 1.4 ਟ੍ਰਿਲੀਅਨ ਡਾਲਰ ਯਾਨੀ 111 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਇਸ ਤੋਂ ਇਲਾਵਾ ਇਸ ਸਾਲ, ਸਰਕਾਰ ਨੇ ਸਾਲ-ਦਰ-ਸਾਲ ਇਨਫ੍ਰਾਸਟ੍ਰਕਚਰ ਕੈਪੇਕਸ ਵਿੱਚ 34% ਵਾਧਾ ਕਰ ਕੇ 5.54 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਵੱਧ ਰਹੇ ਨਿਵੇਸ਼ ਨਾਲ ਕੋਵਿਡ ਮਹਾਮਾਰੀ ਦੌਰਾਨ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ 40 ਕਿਲੋਮੀਟਰ ਪ੍ਰਤੀ ਦਿਨ ਦੀ ਦਰ ਨਾਲ 60,000 ਕਿਲੋਮੀਟਰ ਵਿਸ਼ਵ ਪੱਧਰ ਦੇ ਰਾਜਮਾਰਗਾਂ ਦਾ ਨਿਰਮਾਣ ਕਰਨਾ ਹੈ।

ਈਵੈਂਟ ਦਾ ਪੂਰਾ ਲਿੰਕ:  https://youtu.be/xYxobHaKGQg

 

****

 

ਐੱਮਜੇਪੀਐੱਸ(Release ID: 1734238) Visitor Counter : 171