ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਮਾਜਿਕ ਬਦਲਾਅ ਲਈ ਵਿਕਾਸ ਸੰਚਾਰ, ਇੱਥੇ ਜਾਣੋ ਕਿ 8ਵੇਂ ਕਮਿਊਨਿਟੀ ਰੇਡੀਓ ਸਟੇਸ਼ਨਸ ਅਵਾਰਡ ‘ਚ ਅਜਿਹਾ ਕਿਵੇਂ ਹੋਇਆ
ਉੱਤਰ ਪ੍ਰਦੇਸ਼ ਦੇ ਚਾਰ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਮਿਲੇ ਇਹ ਅਵਾਰਡ
ਮਹਾਰਾਸ਼ਟਰ ਦੇ ‘ਰੇਡੀਓ ਵਿਸ਼ਵਾਸ’ ਨੇ ਜਿੱਤਿਆ ਟਿਕਾਊਯੋਗਤਾ ਮਾਡਲ ਅਵਾਰਡਸ ਦਾ ਪਹਿਲਾ ਇਨਾਮ
ਬਿਹਾਰ ਤੋਂ ਰਿਮਝਿਮ ਰੇਡੀਓ 90.4 ਐੱਫਐੱਮ ਲਈ ਭਾਈਚਾਰੇ ਦੀ ਸਭ ਤੋਂ ਵੱਧ ਸਿਰਜਣਾਤਮਕ/ਨਵੀਨ ਗਤੀਵਿਧੀ ‘ਚ ‘ਜਨ ਸੁਨਵਾਈ’ ਨੇ ਜਿੱਤਿਆ ਪਹਿਲਾ ਇਨਾਮ
ਓਡੀਸ਼ਾ ਦੇ ਪੂਰੀ ਤਰ੍ਹਾਂ ਵਲੰਟੀਅਰ ਰੇਡੀਓ ਗੁੰਜਨ ਨੇ ਜਿੱਤਿਆ ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾਣ ਵਾਲੇ ਪੁਰਸਕਾਰ ਦਾ ਪਹਿਲਾ ਇਨਾਮ
ਵਾਇਨਾਡ, ਕੇਰਲ ਦੇ ‘ਰੇਡੀਓ ਮੱਟੋਲੀ’ ਨੇ ਆਪਣੇ ਪ੍ਰੋਗਰਾਮ ‘ਰਿਤੂਬੇਧਾਮ’ ਲਈ ਜਿੱਤਿਆ ਥੀਮੈਟਿਕ ਵਰਗ ਦੇ ਪੁਰਸਕਾਰਾਂ ਦਾ ਪਹਿਲਾ ਇਨਾਮ
Posted On:
30 JUN 2021 5:18PM by PIB Chandigarh
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ‘ਰਾਸ਼ਟਰੀ ਕਮਿਊਨਿਟੀ ਰੇਡੀਓ ਪੁਰਸਕਾਰਾਂ’ ਦੇ 8ਵੇਂ ਸੰਸਕਰਣ ਦੇ ਜੇਤੂਆਂ ਦੀਆਂ ਵਿਲੱਖਣ ਕੋਸ਼ਿਸ਼ਾਂ ਉਜਾਗਰ ਕਰਨ ‘ਚ ਬੇਹੱਦ ਪ੍ਰਸੰਨਤਾ ਹੋ ਰਹੀ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ‘ਰਾਸ਼ਟਰੀ ਕਮਿਊਨਿਟੀ ਰੇਡੀਓ’ (CR) ਪੁਰਸਕਾਰ ਸਾਲ 2011–12 ਤੋਂ ਦੇਣੇ ਸ਼ੁਰੂ ਕੀਤੇ ਸਨ ਕਿ ਤਾਂ ਜੋ ਕਮਿਊਨਿਟੀ ਰੇਡੀ ਸਟੇਸ਼ਨਾਂ (CRSs) ਵਿਚਾਲੇ ਨਵੀਨ ਖੋਜੀ ਰੁਚੀਆਂ ਵਾਲੇ ਤੇ ਉਸਾਰੂ ਮੁਕਾਬਲੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਕਿਉਕਿ ਇਹ ਕਮਿਊਨਿਟੀ ਰੇਡੀਓ ਸਟੇਸ਼ਨ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਬਾਰੇ ਆਪਣੇ ਸਰੋਤਿਆਂ ਵਿੱਚ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਜਾਗਰੂਕਤਾ ਫੈਲਾਉਣ ਲਈ ਬਹੁਤ ਲਾਹੇਵੰਦ ਹਨ।
ਪਿਛਲੇ ਸਾਲਾਂ ਦੌਰਾਨ ‘ਕਮਿਊਨਿਟੀ ਰੇਡੀਓ ਲਹਿਰ’ ਭਾਰਤ ‘ਚ ਮਜ਼ਬੂਤੀ ਨਾਲ ਉੱਭਰੀ ਹੈ। ਅੱਜ ਤੱਕ ਵਿਭਿੰਨ ਰਾਜਾਂ ਵਿੱਚ 326 ਕਮਿਊਨਿਟੀ ਰੇਡੀਓ ਸਟੇਸ਼ਨ ਚਲ ਰਹੇ ਹਨ। ਕਮਿਊਨਿਟੀ ਰੇਡੀਓਜ਼ ‘ਲੋਕਾਂ ਦੁਆਰਾ, ਲੋਕਾਂ ਦਾ, ਲੋਕਾਂ ਲਈ’ ਦੇ ਸਿਧਾਂਤ ਦੀ ਮਿਸਾਲ ਪੇਸ਼ ਕਰਦੇ ਹਨ। ਕਮਿਊਨਿਟੀ ਰੇਡੀਓ ਸਟੇਸ਼ਨ 10–15 ਕਿਲੋਮੀਟਰ ਦੇ ਘੇਰੇ ਵਿੱਚ ਸਥਾਨਕ ਭਾਈਚਾਰੇ ਦੇ ਫ਼ਾਇਦੇ ਲਈ ਸਥਾਨਕ ਮੁੱਦਿਆਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਅਜਿਹੇ ਜ਼ਿਆਦਾਤਰ ਸਟੇਸ਼ਨ ਸਥਾਨਕ ਲੋਕਾਂ ਵੱਲੋਂ ਹੀ ਚਲਾਏ ਜਾਂਦੇ ਹਨ, ਜੋ ਟੌਕ ਸ਼ੋਅਜ਼ ਦੀ ਮੇਜ਼ਬਾਨੀ ਕਰਦੇ ਹਨ, ਸਥਾਨਕ ਸੰਗੀਤ ਵਜਾਉਂਦੇ ਤੇ ਸਥਾਨਕ ਗੀਤ ਗਾਉਂਦੇ ਹਨ। ਸਥਾਨਕ ਪੰਧਰ ਦੇ ਮੋਹਤਬਰ ਲੋਕ ਸਥਾਨਕ ਭਾਈਚਾਰਿਆਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਸਬੰਧਿਤ ਅਹਿਮ ਸੰਦੇਸ਼ ਪ੍ਰਸਾਰਿਤ ਕਰਦੇ ਹਨ। ਇਸ ਲਈ, ਆਪਣੀ ਕਮਿਊਨਿਟੀ ਉੱਤੇ ਕੇਂਦ੍ਰਿਤ ਹੋਣ ਕਾਰਨ ਉਨ੍ਹਾਂ ਦਾ ਆਮ ਜਨਤਾ ਦੇ ਮਨਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੇ ਕੋਵਿਡ–19 ਮਹਾਮਾਰੀ ਦੌਰਾਨ ਸੰਦੇਸ਼ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਰਾਸ਼ਟਰੀ ਕਮਿਊਨਿਟੀ ਰੇਡੀਓ ਪੁਰਸਕਾਰਾਂ ਦਾ 8ਵਾਂ ਸੰਸਕਰਣ
ਰਾਸ਼ਟਰੀ ਕਮਿਊਨਿਟੀ ਰੇਡੀਓ ਪੁਰਸਕਾਰ ਆਮ ਤੌਰ ‘ਤੇ ਹਰ ਸਾਲ ਦਿੱਤੇ ਜਾਂਦੇ ਹਨ। ਹੁਣ ਤੱਕ, ਰਾਸ਼ਟਰੀ ਕਮਿਊਨਿਟੀ ਰੇਡੀਓ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਸਾਲ 2020–21 ਦੌਰਾਨ, 8ਵੇਂ ਰਾਸ਼ਟਰੀ ਕਮਿਊਨਿਟੀ ਰੇਡੀਓ ਪੁਰਸਕਾਰ ਦਿੱਤੇ ਗਏ ਸਨ।। ਇਹ ਨਿਮਨਲਿਖਤ ਚਾਰ ਵਰਗਾਂ ਵਿੱਚ ਦਿੱਤੇ ਗਏ ਸਨ:
i) ਥੀਮੈਟਿਕ ਅਵਾਰਡ (ਵਿਸ਼ਾਗਤ ਪੁਰਸਕਾਰ)
ii) ਮੋਸਟ ਇਨੋਵੇਟਿਵ ਕਮਿਊਨਿਟੀ ਇੰਗੇਜਮੈਂਟ ਅਵਾਰਡ (ਸਭ ਤੋਂ ਵੱਧ ਨਿਵੇਕਲੇ ਢੰਗ ਨਾਲ ਸਥਾਨਕ ਭਾਈਚਾਰਿਆਂ ਨੂੰ ਗਤੀਵਿਧੀਆਂ ‘ਚ ਸ਼ਾਮਲ ਰੱਖਣ ਲਈ ਦਿੱਤਾ ਜਾਣ ਵਾਲਾ ਪੁਰਸਕਾਰ)
iii) ਪ੍ਰੋਮੋਟਿੰਗ ਲੋਕਲ ਕਲਚਰ ਅਵਾਰਡ (ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੁਰਸਕਾਰ)
iv) ਸਸਟੇਨੇਬਿਲਿਟੀ ਮਾਡਲ ਅਵਾਰਡ (ਟਿਕਾਊਯੋਗਤਾ ਲਈ ਆਦਰਸ਼ ਪੁਰਸਕਾਰ)
1. ਥੀਮੈਟਿਕ ਵਰਗ ਦੇ ਪੁਰਸਕਾਰਾਂ ਵਿੱਚ ਪਹਿਲਾ ਇਨਾਮ
ਰੇਡੀਓ ਮੱਤੋਲੀ, ਵਾਇਨਾਡ ਸੋਸ਼ਲ ਸਰਵਿਸ ਸੁਸਾਇਟੀ, ਵਾਇਨਾਡ, ਕੇਰਲ; ਨੂੰ ਉਸ ਦੇ ਪ੍ਰੋਗਰਾਮ ‘ਰਿਤੂਬੇਧਾਮ’ ਲਈ
ਵਾਇਨਾਡ ਜ਼ਿਲ੍ਹੇ ਦਾ ਕਮਿਊਨਿਟੀ ‘ਰੇਡੀਓ ਮੱਤੋਲੀ 90.4 ਐੱਫਐੱਮ’ ਸਾਲ 2009 ‘ਚ ਆਪਣੇ ਅਰੰਭ ਤੋਂ ਹੀ ਵਿਕਾਸ ਸੰਚਾਰ ਤੇ ਸਮਾਜਿਕ ਬਦਲਾਅ ਦਾ ਅਹਿਮ ਸਰੋਤ ਬਣਿਆ ਰਿਹਾ ਹੈ। ‘ਰੇਡੀਓ ਮੱਤੋਲੀ’ ਵਾਇਨਾਡ ਦੇ ਲੋਕਾਂ, ਖ਼ਾਸ ਕਰਕੇ ਕਬਾਇਲੀ ਜਨਤਾ ਲਈ ਆਪਣੇ ਵਿਭਿੰਨ ਰੇਡੀਓ ਪ੍ਰੋਗਰਾਮਾਂ ਰਾਹੀਂ ਲਈ ਜ਼ਰੂਰੀ ਜਾਣਕਾਰੀ ਉੱਤੇ ਕੇਂਦ੍ਰਿਤ ਰਹਿੰਦਾ ਹੈ। ਇਸ ਸਟੇਸ਼ਨ ਦਾ ਪ੍ਰਸਾਰਣ 24 ਘੰਟੇ ਚਲਦਾ ਹੈ।
“ਰਿਤੂਬੇਧਾਮ” ਦਰਅਸਲ, ‘ਰੇਡੀਓ ਮੱਤੋਲੀ’ ਵੱਲੋਂ ਤਿਆਰ ਤੇ ਪ੍ਰਸਾਰਿਤ ਕੀਤੀਆਂ ਰੇਡੀਓ ਟੌਕਸ ਦੀ ਇੱਕ ਲੜੀ ਹੈ। ਇਸ ਪ੍ਰੋਗਰਾਮ ਦਾ ਉਦੇਸ਼; ਟਿਕਾਊ ਵਾਤਾਵਰਣ ਨਾਲ ਸੰਭਾਵੀ ਖੇਤੀ ਉਤਪਾਦਨ ਵਿੱਚ ਸੁਧਾਰ ਲਿਆਉਣ ਲਈ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਜਲਵਾਯੂ ਅਨੁਕੂਲਣ ਮਾਡਲਾਂ ਨੂੰ ਉਤਸ਼ਾਹਿਤ ਕਰਨਾ ਹੈ; ਜਿਸ ਦਾ ਮਨੁੱਖੀ ਤੇ ਸਮਾਜਿਕ ਕਦਰਾਂ–ਕੀਮਤਾਂ, ਖੇਤੀਬਾਡੀ, ਅਨਾਜ ਸੁਰੱਖਿਆ, ਪਸ਼ੂਆਂ, ਸਿਹਤ, ਲਿੰਗ, ਜੈਵਿਕ–ਵਿਵਿਧਤਾ, ਗ੍ਰਾਮੀਣ ਬੁਨਿਆਦੀ ਢਾਂਚਾ ਤੇ ਅਰਥਵਿਵਸਥਾ ਉੱਤੇ ਸਕਾਰਾਤਮਕ ਅਸਰ ਪੈਂਦਾ ਹੈ। ਇਹ ਪ੍ਰੋਗਰਾਮ ਟਿਕਾਊ ਵਿਕਾਸ ਤੇ ਤੰਦਰੁਸਤੀ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ।
ਇਸ ਵਿੱਚ ਰੇਡੀਓ ਦਸਤਾਵੇਜ਼ੀ ਰੀਲਾਂ, ਨਾਟਕ, ਸਿੱਧੇ ਫ਼ੋਨ–ਇਨ ਪ੍ਰੋਗਰਾਮ, ਪੈਨਲ ਵਿਚਾਰ–ਵਟਾਂਦਰੇ ਤੇ ਜਨ–ਸੇਵਾ ਐਲਾਨ ਆਦਿ ਜਿਹੇ ਵਿਭਿੰਨ ਰੇਡੀਓ ਪ੍ਰੋਗਰਾਮ ਸ਼ਾਮਲ ਹੁੰਦੇ ਹਨ।
2. ਥੀਮੈਟਿਕ ਵਰਗ ਦੇ ਪੁਰਸਕਾਰਾਂ ਵਿੱਚ ਦੂਜਾ ਇਨਾਮ
‘ਰੇਡੀਓ ਵਿਸ਼ਵਾਸ’, ਵਿਸ਼ਵਾਸ ਧਿਆਨ ਪ੍ਰਬੋਧਿਨੀ ਐਂਡ ਰਿਸਰਚ ਇੰਸਟੀਟਿਊਟ, ਨਾਸ਼ਿਕ, ਮਹਾਰਾਸ਼ਟਰ ਨੂੰ, ਉਸ ਦੇ ਪ੍ਰੋਗਰਾਮ ‘ਸ਼ਿਖ਼ਸ਼ਣ ਸਰਵਸਾਥੀ’ ਲਈ
‘ਰੇਡੀਓ ਵਿਸ਼ਵਾਸ 90.8 ਐੱਫਐੱਮ’ ਕਮਿਊਨਿਟੀ ਰੇਡੀਓ ਸਟੇਸ਼ਨ ਮਹਾਰਾਸ਼ਟਰ ਦੇ ਨਾਸ਼ਿਕ ਵਿਖੇ ਸਥਿਤ ਹੈ। ਇਹ ਰੇਡੀਓ ਇਸ ਖੇਤਰ ਵਿੱਚ ਵਿਭਿੰਨ ਭਾਈਚਾਰਿਆਂ ਨਾਲ ਸਬੰਧਿਤ ਵਿਭਿੰਨ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਇਹ ਸਟੇਸ਼ਨ ਹਰ ਰੋਜ਼ 14 ਘੰਟੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ।
‘ਸ਼ਿਖ਼ਸ਼ਣ ਸਰਵਸਾਥੀ’ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਗ਼ਰੀਬ ਅਤੇ ਵਾਂਝੇ ਰਹੇ ਬੱਚੇ ਕਿਤੇ ਆਪਣੇ ਪਿਛੋਕੜ ਕਾਰਨ ਸਿੱਖਿਆ ਤੱਕ ਪਹੁੰਚ ਤੋਂ ਵਿਰਵੇ ਨਾ ਰਹਿ ਜਾਣ। ਇਹ ਖ਼ਾਸ ਤੌਰ ਉੱਤੇ ਮਿਉਂਸਪਲ ਸਕੂਲਾਂ ਦੇ ਬੱਚਿਆਂ ਲਈ ਹੈ, ਜਿਨ੍ਹਾਂ ਦੇ ਮਾਪੇ ਪ੍ਰਵਾਸੀ ਮਜ਼ਦੂਰ ਹਨ। ਕੋਵਿਡ–19 ਲੌਕਡਾਊਨ ਦੌਰਾਨ, ਰਸਮੀ ਸਿੱਖਿਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਇਨ੍ਹਾਂ ਬੱਚਿਆਂ ਲਈ ਸਭ ਤੋਂ ਵੱਡੀ ਚੁਣੌਤੀ ਔਨਲਾਈਨ ਸਿੱਖਿਆ ਤੱਕ ਪਹੁੰਚ ਸੀ। ਇਸ ਸਮੱਸਿਆ ਦੇ ਹੱਲ ਲਈ, ਕਮਿਊਨਿਟੀ ਰੇਡੀਓ ਰਾਹੀਂ ਲੈਕਚਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਪ੍ਰੋਗਰਾਮ ਨਾਸ਼ਿਕ ਦੇ 150 ਸਕੂਲ ਅਧਿਆਪਕਾਂ ਦੀ ਸਹਾਇਤਾ ਨਾਲ ਚਲਾਇਆ ਗਿਆ ਸੀ। ਅਧਿਆਪਕਾਂ ਨੂੰ ਉਨ੍ਹਾਂ ਦੀ ਮੁਹਾਰਤ ਦੇ ਅਧਾਰ ਉੱਤੇ ਵਿਸ਼ੇ ਦਿੱਤੇ ਗਏ ਸਨ।
ਸਾਰੀਆਂ ਡਿਵੀਜ਼ਨਾਂ ਦੇ ਵਿਦਿਆਰਥੀਆਂ ਲਈ ਵਿਸ਼ਾ–ਵਸਤੂ ਵਿਕਸਿਤ ਕੀਤਾ ਗਿਆ ਸੀ। ਇਹ ਪ੍ਰੋਗਰਾਮ ਹਿੰਦੀ, ਅੰਗਰੇਜ਼ੀ, ਮਰਾਠੀ, ਸੰਸਕ੍ਰਿਤ ਜਿਹੀਆਂ ਵਿਭਿੰਨ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਟੀਚਾਗਤ ਭਾਈਚਾਰੇ ਤੋਂ ਵੱਡਾ ਹੁੰਗਾਰਾ ਮਿਲਿਆ ਸੀ।
3. ਥੀਮੈਟਿਕ ਵਰਗ ਦੇ ਪੁਰਸਕਾਰਾਂ ਵਿੱਚ ਤੀਜਾ ਇਨਾਮ
‘ਕਿਸਾਨ ਰੇਡੀਓ’, ਕਿਸਾਨ ਸੇਵਾ ਸੰਸਥਾਨ, ਬਸਤੀ, ਉੱਤਰ ਪ੍ਰਦੇਸ਼ ਨੂੰ ਉਸ ਦੇ ਪ੍ਰੋਗਰਾਮ ‘ਸੁਪਰ ਬ੍ਰੇਨ ਆਵ੍ ਦ ਵੀਕ’ (ਹਫ਼ਤੇ ਦਾ ਮਹਾਨ ਦਿਮਾਗ਼) ਲਈ
‘ਕਿਸਾਨ ਰੇਡੀਓ 90.4 ਐੱਫਐੱਮ’ ਸਾਲ 2012 ਤੋਂ ਬਸਤੀ ਵਿਖੇ ਚਲ ਰਿਹਾ ਹੈ। ਹੁਣ ਤੱਕ ਇਸ ਜ਼ਿਲ੍ਹੇ ਵਿੱਚ ਚਲਣ ਵਾਲਾ ਇਹ ਇਕਲੌਤਾ ਸਟੇਸ਼ਨ ਹੈ। ਲੋਕਾਂ ਦੀ ਸ਼ਮੂਲੀਅਤ ਵਾਲੇ ਵਿਸ਼ਾ–ਵਸਤੂਆਂ ਨਾਲ ਇਸ ਦੇ ਨਿਰੰਤਰ ਪ੍ਰਸਾਰਣਾਂ ਰਾਹੀਂ, ਇਹ ਸਥਾਨਕ ਭਾਈਚਾਰੇ ‘ਚ ਬਹੁਤ ਮਕਬੂਲ ਹੋ ਚੁੱਕਾ ਹੈ। ਇਸ ਦੇ ਜ਼ਿਆਦਾਤਰ ਪ੍ਰੋਗਰਾਮ ਸਥਾਨਕ ਭਾਈਚਾਰੇ ਤੇ ਉਸ ਦੀ ਜ਼ਰੂਰਤ ਉੱਤੇ ਹੀ ਕੇਂਦ੍ਰਿਤ ਹਨ।
‘ਸੁਪਰ ਬ੍ਰੇਨ ਆਵ੍ ਦ ਵੀਕ’ ਪ੍ਰੋਗਰਾਮ ਨੂੰ ਕਮਿਊਨਿਟੀ ਰੇਡੀਓ ਰਾਹੀਂ ਵਿਦਿਆਰਥੀਆਂ ‘ਚ ਦਿਲਚਸਪ ਤਰੀਕੇ ਨਾਲ ਸਿੱਖਣਾ ਵਿਕਸਿਤ ਕਰਨ ਵਾਸਤੇ ਚੁਣਿਆ ਗਿਆ ਸੀ। ਇਸ ਪ੍ਰੋਗਰਾਮ ਦਾ ਮੁੱਖ ਧਿਆਨ ਖ਼ਾਸ ਤੌਰ ਉੱਤੇ ਯੋਗ ਬੱਚਿਆਂ ਵਿੱਚ ਆਤਮ–ਵਿਸ਼ਵਾਸ ਭਰਨ ਉੱਤੇ ਕੇਂਦ੍ਰਿਤ ਰੱਖਿਆ ਗਿਆ ਸੀ; ਤਾਂ ਜੋ ਉਹ ਸਮਾਜ ਤੇ ਪਰਿਵਾਰ ਵਿੱਚ ਹੋਰਨਾਂ ਵਾਂਗ ਹੀ ਆਪਣਾ ਯੋਗਦਾਨ ਪਾ ਸਕਣ। ਰੇਡੀਓ ਦੇ ਮਾਧਿਅਮ ਰਾਹੀਂ, ਉਨ੍ਹਾਂ ਨੂੰ ਇੱਕ ਅਜਿਹਾ ਮੰਚ ਮਿਲਿਆ, ਜਿੱਥੇ ਉਹ ਮੀਡੀਆ ਤੇ ਸੰਚਾਰ ਤੱਕ ਅਸਾਨ ਪਹੁੰਚ ਬਣਾ ਸਕਦੇ ਸਨ ਤੇ ਆਪਣੀਆਂ ਯੋਗਤਾਵਾਂ ਜ਼ਾਹਿਰ ਕਰ ਸਕਦੇ ਸਨ।
ਇਹ ਪ੍ਰੋਗਰਾਮ ਚਲਾਉਣ ਲਈ ਵਿਭਿੰਨ ਸਕੂਲਾਂ ਤੱਕ ਪਹੁੰਚ ਕੀਤੀ ਗਈ ਸੀ, ਜਿੱਥੋਂ ਦੇ ਨਾ ਸਿਰਫ਼ ਵਿਦਿਆਰਥੀਆਂ ਨੇ, ਸਗੋਂ ਅਧਿਆਪਕਾਂ ਤੇ ਪ੍ਰਿੰਸੀਪਲਾਂ ਤੱਕ ਨੇ ਭਾਗ ਲਿਆ। ਵਿਦਿਆਰਥੀ ਨਰਸਰੀ ਪੱਧਰ ਤੋਂ ਲੈ ਕੇ 5ਵੀਂ ਜਮਾਤ ਦੇ ਪੱਧਰ ਤੱਕ ਤੋਂ ਚੁਣ ਗਏ ਸਨ। ਇਸ ਪ੍ਰੋਗਰਾਮ ਦਾ ਅਸਰ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਵਿੱਚ ਪ੍ਰਤੱਖ ਦਿਸਿਆ ਸੀ। ਸਥਾਨਕ ਪ੍ਰਸ਼ਾਸਨ ਅਜਿਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਸੀ ਤੇ ਰੇਡੀਓ ਰਾਹੀਂ ਇਸ ਕਿਸਮ ਦੇ ਪ੍ਰੋਗਰਾਮਾਂ ਨੂੰ ਮਕਬੂਲ ਬਣਾਉਣ ਦੀ ਬੇਨਤੀ ਕੀਤੀ ਸੀ।
4. ਮੋਸਟ ਕ੍ਰੀਏਟਿਵ/ਇਨੋਵੇਟਿਵ ਕਮਿਊਨਿਟੀ ਇੰਗੇਜਮੈਂਟ ਪੁਰਸਕਾਰਾਂ ਵਿੱਚ ਪਹਿਲਾ ਇਨਾਮ
ਕਮਿਊਨਿਟੀ ਰੇਡੀਓ ਸਟੇਸ਼ਨ, ‘ਰਿਮਝਿਮ ਰੇਡੀਓ 90.4 ਐੱਫਐੱਮ’, ਅਯੁੱਧਿਆ ਲਾਲ ਕਲਿਆਣ ਨਿਕੇਤਨ, ਗੋਪਾਲਗੰਜ, ਬਿਹਾਰ ਨੂੰ ਇਸ ਦੇ ਪ੍ਰੋਗਰਾਮ ‘ਜਨ ਸੁਨਵਾਈ’ ਲਈ
‘ਰਿਮਝਿਮ ਰੇਡੀਓ’ ਸਾਲ 2009 ਤੋਂ ਗੋਪਾਲਗੰਜ ‘ਚ ਚਲ ਰਿਹਾ ਹੈ। ‘ਜਨ ਸੁਨਵਾਈ’ ਪ੍ਰੋਗਰਾਮ ਰਾਹੀਂ ਗੋਪਾਲਗੰਜ ਦੇ ਸਬ–ਡਿਵੀਜ਼ਨਲ ਮੈਜਿਸਟ੍ਰੇਟ ਨੇ ਸਥਾਨਕ ਭਾਈਚਾਰਿਆਂ ਦੀਆਂ ਸ਼ਿਕਾਇਤਾਂ ਲਈਆਂ ਤੇ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰਨ ਲਈ ਜ਼ਰੂਰ ਕਦਮ ਚੁੱਕੇ। ਉਹ ਸ਼ਿਕਾਇਤਾਂ ਲੋੜੀਂਦੀ ਕਾਰਵਾਈ ਲਈ ਐੱਸਡੀਐੱਮ ਦੇ ਦਫ਼ਤਰ ਵਿੱਚ ਵੀ ਰਿਕਾਰਡ ਕੀਤੀਆਂ ਗਈਆਂ ਸਨ। ਉਂਝ ‘ਟਾਕ ਸ਼ੋਅ’ ਵਿੱਚ ਅਜਿਹੀਆਂ ਸ਼ਿਕਾਇਤਾਂ ਕਰਨ ਵਾਲਿਆਂ ਦੇ ਨਾਂਅ ਗੁਪਤ ਰੱਖੇ ਜਾਂਦੇ ਸਨ। ਇੰਝ ਲੋਕ ਆਪਣੀਆਂ ਸ਼ਿਕਾਇਤਾਂ ਸਿੱਧੇ ਰੇਡੀਓ ਜਾਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭੇਜਣ ਲਈ ਪ੍ਰੇਰਿਤ ਹੁੰਦੇ ਸਨ।
ਸਰੋਤਿਆਂ, ਭਾਈਚਾਰੇ ਦੇ ਮੈਂਬਰਾਂ ਨੂੰ ਚਿਰ–ਸਥਾਈ ਤਰੀਕੇ ਨਾਲ ਜੋੜ ਕੇ ਰੱਖਣ ਲਈ ਆਪਣੀਆਂ ਸਮੱਆਵਾਂ ਚਿੱਠੀਆਂ, ਐੱਸਐੱਮਐੱਸ, ਵ੍ਹਟਸਐਪ, ਈਮੇਲ ਅਤੇ ਫ਼ੋਨ–ਕਾੱਲ ਦੁਆਰਾ ਭੇਜਣ ਦੀ ਬੇਨਤੀ ਕੀਤੀ ਗਈ ਸੀ। ਇਹ ਲੋਕਾਂ ਲਈ ਆਪਣੀਆਂ ਸਮੱਸਿਆਵਾਂ/ਮਸਲਿਆਂ ਲਈ ਆਪਣੀ ਆਵਾਜ਼ ਬੁਲੰਦ ਕਰਨ ਦਾ ਸੌਖਾ ਢੰਗ ਸੀ ਤੇ ਇਸ ਲਈ ਉਨ੍ਹਾਂ ਨੂੰ ਵੱਖੋ–ਵੱਖਰੇ ਦਫ਼ਤਰਾਂ ‘ਚ ਵੀ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਇਸੇ ਲਈ, ਲੋਕਾਂ ਨੇ ਆਪਣੇ ਮੁੱਦੇ ਉਜਾਗਰ ਕਰਨ ਲਈ ਇਸ ਮਾਧਿਅਮ ਦੀ ਵਰਤੋਂ ਕੀਤੀ।
ਪਹਿਲੀ ਵਾਰ, ਲੋਕਾਂ ਨੇ ਪਾਇਆ ਕਿ ਪੈਨਸ਼ਨਾਂ, ਜ਼ਮੀਨ ਦੀਆਂ ਸਮੱਸਿਆਵਾਂ, ਸੜਕ ਦੇ ਮਸਲੇ, ਖੰਡ ਫ਼ੈਕਟਰੀ ਦੇ ਮਾਮਲੇ, ਸਰਕਾਰੀ ਯੋਜਨਾਵਾਂ ਤੇ ਆਪਣੇ ਜੀਵਨਾਂ ਨਾਲ ਸਬੰਧਿਤ ਹੋਰ ਕਈ ਮਾਮਲਿਆਂ ਨਾਲ ਸਬੰਧਿਤ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣਾ ਅਸਾਨ ਹੈ।
5. ਮੋਸਟ ਕ੍ਰੀਏਟਿਵ/ਇਨੋਵੇਟਿਵ ਕਮਿਊਨਿਟੀ ਇੰਗੇਜਮੈਂਟ ਪੁਰਸਕਾਰਾਂ ਵਿੱਚ ਦੂਜਾ ਇਨਾਮ
‘ਰੇਡੀਓ ਮਨ’, ਸਮੱਗਰ ਸ਼ਿਖ਼ਸ਼ਣ ਏਵਮ ਜਨ ਕਲਿਆਣ ਸੰਸਥਾਨ, ਵਿਦਿਸ਼ਾ, ਮੱਧ ਪ੍ਰਦੇਸ਼ ਨੂੰ ਉਸ ਦੇ ਪ੍ਰੋਗਰਾਮ ‘ਜੀਨੀਅਸ ਆਵ੍ ਵਿਦਿਸ਼ਾ’ ਲਈ
ਕਮਿਊਨਿਟੀ ਰੇਡੀਓ ਸਟੇਸ਼ਨ ‘ਰੇਡੀਓ ਮਨ 90.8 ਐੱਫਐੱਮ’ ਸਾਲ 2015 ਤੋਂ ਵਿਦਿਸ਼ਾ ਵਿੱਚ ਚਲ ਰਿਹਾ ਹੈ। ਇਹ ਰੇਡੀਓ ਪ੍ਰਵਾਸੀਆਂ ਸਮੇਤ ਵਿਭਿੰਨ ਭਾਈਚਾਰਿਆਂ ਦੇ ਹਿਤਾਂ ਲਈ ਸੇਧਤ ਹੈ। ਕੋਵਿਡ–19 ਲੌਕਡਾਊਨ ਦੌਰਾਨ ਸਰਕਾਰ ਤੇ ਭਾਈਚਾਰੇ ਸਾਹਮਣੇ ਆਰਥਿਕ ਟਿਕਾਊਯੋਗਤਾ ਨੂੰ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਸੀ।
ਇਸ ਰੇਡੀਓ ਸਟੇਸ਼ਨ ਨੇ ‘ਪੀਐੱਮ ਕੇਅਰਸ ਫੰਡ’ ਦੇ ਮਹੱਤਵ ਨੂੰ ਉਜਾਗਰ ਕੀਤਾ ਤੇ ਕ੍ਰਾਊਡ ਸੋਰਸਿੰਗ ਤੇ ਲੋਕਾਂ ਨੂੰ ਸਕਾਰਾਤਮਕ ਤਰੀਕੇ ਨਾਲ ਜੋੜ ਕੇ ਰੱਖਣ ਲਈ ਫੰਡ ਇਕੱਠੇ ਕਰਨੇ ਸ਼ੁਰੂ ਕੀਤੇ। ਇਸ ਰੇਡੀਓ ਨੇ ‘ਜੀਨੀਅਸ ਆਵ੍ ਦ ਵੀਕ’ ਨਾਮ ਦੇ ਇੱਕ ਵਿਲੱਖਣ ਪ੍ਰੋਗਰਾਮ ਦੀ ਸ਼ਨਾਖ਼ਤ ਕੀਤੀ। ਭਾਗੀਦਾਰ 101 ਰੁਪਏ ਦੀ ਘੱਟ ਤੋਂ ਘੱਟ ਰਜਿਸਟ੍ਰੇਸ਼ਨ ਫ਼ੀਸ ਨਾਲ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਸਨ ਅਤੇ ਇਹ ਫ਼ੀਸ ਵੀ ‘ਪੀਐੱਮ ਕੇਅਰਸ ਦਾਨ ਫੰਡ’ ਵਿੱਚ ਦੇ ਦਿੱਤੀ ਜਾਂਦੀ ਸੀ। ਜਿਹੜਾ ਭਾਗੀਦਾਰ ‘ਹਫ਼ਤੇ ਦਾ ਜੀਨੀਅਸ’ ਬਣਦਾ ਸੀ, ਉਸ ਨੂੰ ਦਾਨ ਵਿੱਚ ਦਿੱਤੀ ਰਕਮ ਦਾ ਦੁੱਗਣਾ ਮਿਲ ਜਾਂਦਾ ਸੀ। ਇਸ ਪ੍ਰੋਗਰਾਮ ਵਿੱਚ ਹਰੇਕ ਉਮਰ ਵਰਗਾਂ ਦੇ ਲੋਕਾਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਵਿੱਚ ਕੁੱਲ 3,152 ਵਿਅਕਤੀਆਂ ਨੇ ਭਾਗ ਲਿਆ ਅਤੇ ਇਸ ਪ੍ਰੋਗਰਾਮ ਰਾਹੀਂ ਇਕੱਠੇ ਹੋਏ 4,15,300 ਰੁਪਏ ਦੀ ਰਾਸ਼ੀ ਰੇਡੀਓ ਵੱਲੋਂ ‘ਪੀਐੱਮ ਕੇਅਰਸ ਫੰਡ’ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ।
6. ਮੋਸਟ ਕ੍ਰੀਏਟਿਵ/ਇਨੋਵੇਟਿਵ ਕਮਿਊਨਿਟੀ ਇੰਗੇਜਮੈਂਟ ਪੁਰਸਕਾਰਾਂ ਵਿੱਚ ਤੀਜਾ ਇਨਾਮ
ਕਮਿਊਨਿਟੀ ਰੇਡੀਓ ਸਟੇਸ਼ਨ, ‘ਰੇਡੀਓ ਦਸਤਕ 90.4 ਐੱਫਐੱਮ’ ਸ੍ਰੀ ਕ੍ਰਿਸ਼ਨ ਸ਼ਿਖ਼ਸ਼ਣ ਲੋਕ ਪਰਮਾਰਥ ਸਮਿਤੀ, ਉੱਜੈਨ, ਮੱਧ ਪ੍ਰਦੇਸ਼ ਨੂੰ ਉਸ ਦੇ ਪ੍ਰੋਗਰਾਮ ‘ਦਸਤਕ ਕਾਵਯਾ ਗੋਸ਼ਠੀ’ ਲਈ
‘ਰੇਡੀਓ ਦਸਤਕ’ ਸਾਲ 2019 ਤੋਂ ਚਲ ਰਿਹਾ ਹੈ। ਉੱਜੈਨ ਕਿਉਂਕਿ ਇੱਕ ਅਜਿਹਾ ਅਹਿਮ ਟਿਕਾਣਾ ਹੈ, ਜਿੱਥੇ ਸਮੁੱਚੇ ਭਾਰਤ ‘ਚੋਂ ਲੋਕ ਆਉਂਦੇ ਹਨ ਤੇ ਕੁਝ ਦਿਨ ਠਹਿਰਦੇ ਹਨ। ਇਸ ਪ੍ਰੋਗਰਾਮ ‘ਕਾਵਯ ਗੋਸ਼ਠੀ’ ਰਾਹੀਂ ਇਹ ਰੇਡੀਓ ਨਵੇਂ ਸਥਾਨਕ ਕਵੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਦਿੰਦਾ ਹੈ। ਮਹਿਲਾ ਮੈਂਬਰਾਂ ਦੀਆਂ ਪ੍ਰਤਿਭਾਵਾਂ ਵੀ ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਦੀਆਂ ਕਈ ਕਿਸ਼ਤਾਂ ਦਾ ਪ੍ਰਸਾਰਣ ਕਰਨ ਨਾਲ ਇਸ ਖੇਤਰ ਵਿੱਚ ਵਰਚੁਅਲ ਕਵਿਤਾ ਬਹੁਤ ਹਰਮਨਪਿਆਰੀ ਹੋ ਗਈ ਹੈ।
ਲੌਕਡਾਊਨ ਦੌਰਾਨ ਅਜਿਹੇ ਪ੍ਰੋਗਰਾਮਾਂ ਦੀ ਪ੍ਰੋਮੋਸ਼ਨ ਨਾਲ ਸਿਰਫ਼ ਸਥਾਨਕ ਪ੍ਰਤਿਭਾਵਾਂ ਨਿੱਖਰ ਕੇ ਸਾਹਮਣੇ ਆਈਆਂ, ਸਗੋਂ ਇਨ੍ਹਾਂ ਨਾਲ ਲੋਕਾਂ ਦੀ ਮਾਨਸਿਕ ਤੇ ਭਾਵਨਾਤਮਕ ਸਿਹਤ ਵਿੱਚ ਵੀ ਵੱਡਾ ਯੋਗਦਾਨ ਪਿਆ। ਸੋਸ਼ਲ ਮੀਡੀਆ ਦੇ ਕਈ ਮੰਚਾਂ ਦੀ ਵਰਤੋਂ ਇਸ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ। ਇੱਕ–ਦੂਜੇ ਦੀ ਕਵਿਤਾ ਨੂੰ ਮਾਨਤਾ ਦੇਣ ਤੇ ਸਾਂਝੀ ਕਰਨ ਦੀ ਖ਼ੁਸ਼ੀ ਇਸ ਪ੍ਰੋਗਰਾਮ ਦਾ ਮੁੱਖ ਪੱਖ ਰਿਹਾ। ਇਸ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਆਪਣੇ ਉਦੇਸ਼ਾਂ ਦੀ ਪੂਰਤੀ ਕਰ ਲਈ ਸੀ।
7. ਪ੍ਰੋਮੋਟਿੰਗ ਲੋਕਲ ਕਲਚਰ ਪੁਰਸਕਾਰ ਵਿੱਚ ਪਹਿਲਾ ਇਨਾਮ
‘ਰੇਡੀਓ ਗੁੰਜਨ,’ ਇਨਸਪਾਇਰ, ਬਾਰਗੜ੍ਹ, ਓਡੀਸ਼ਾ ਨੂੰ ਉਸ ਦੇ ਪ੍ਰੋਗਰਾਮ ‘ਕਾਕਲੀਚੰਦਾ’ ਲਈ
ਓਡੀਸ਼ਾ ਦੇ ਬਾਰਗੜ੍ਹ ‘ਚ ਸਥਿਤ ਕਮਿਊਨਿਟੀ ਰੇਡੀਓ ਸਟੇਸ਼ਨ ‘ਰੇਡੀਓ ਗੁੰਜਨ 90.4 ਐੱਫਐੱਮ’ ਸਾਲ 2018 ਤੋਂ ਚਲ ਰਿਹਾ ਇਸ ਖੇਤਰ ਦਾ ਪਹਿਲਾ ਕਮਿਊਨਿਟੀ ਰੇਡੀਓ ਸਟੇਸ਼ਨ ਹੈ। ਇਹ ਸਟੇਸ਼ਨ ਪੂਰੀ ਤਰ੍ਹਾਂ ਕਮਿਊਨਿਟੀ ਦੇ ਵਲੰਟੀਅਰਾਂ (ਭਾਈਚਾਰੇ ਦੇ ਸਰੋਤਿਆਂ ਦੇ 70 ਸਮੂਹ) ਉੱਤੇ ਨਿਰਭਰ ਹੈ।
‘ਕਾਕਲੀਚੰਦਾ’ ‘ਰੇਡੀਓ ਗੁੰਜਨ’ ਦਾ ਇੱਕ ਨਿਵੇਕਲਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਗਰਾਮ ਰਾਹੀਂ ਰੇਡੀਓ ਸਟੇਸ਼ਨ ਸਥਾਨਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ। ‘ਕਰਮਾ’ ਪੱਛਮੀ ਓਡੀਸ਼ਾ ਦੇ ਕਬਾਇਲੀ ਤੇ ਗ਼ੈਰ–ਕਬਾਇਲੀ ਸਮੂਹਾਂ ਵੱਲੋਂ ਕੀਤੇ ਜਾਣ ਵਾਲੇ ਨਾਚ ਦੀ ਇੱਕ ਖ਼ਾਸ ਕਿਸਮ ਹੈ। ਸੰਗੀਤ ‘ਕਰਮਾ’ਦਾ ਦਿਲ ਹੈ। ਇਹ ਵਿਸ਼ਾ ਕਿਸਾਨ ਭਾਈਚਾਰੇ ‘ਚ ਬਹੁਤ ਮਕਬੂਲ ਹੋਇਆ।
ਇਸ ਪ੍ਰੋਗਰਾਮ ਵਿੱਚ ਚਲਣ ਵਾਲੇ ਨਾਚ ਤੇ ਸੰਗੀਤ ਕੁਝ ਧਾਰਮਿਕ ਰੀਤਾਂ ਉੱਤੇ ਕੇਂਦ੍ਰਿਤ ਹਨ। ਇਸ ਨੇ ਬਹੁਤ ਸਾਰੀਆਂ ਸਥਾਨਕ ਪ੍ਰਤਿਭਾਵਾਂ ਨੂੰ ਸਾਹਮਣੇ ਆ ਕੇ ਇਸ ਨਿਵੇਕਲੇ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਖਿੱਚ ਪਾਈ।
8. ਪ੍ਰੋਮੋਟਿੰਗ ਲੋਕਲ ਕਲਚਰ ਪੁਰਸਕਾਰ ਦਾ ਦੂਜਾ ਇਨਾਮ
‘ਰੇਡੀਓ ਐੱਸਡੀ’, ਐੱਸਡੀ ਕਾਲੇਜ ਆਵ੍ ਫ਼ਾਰਮੇਸੀ ਐਂਡ ਵੋਕੇਸ਼ਨਲ ਸਟਡੀਜ਼, ਮੁਜ਼ੱਫ਼ਰਨਗਰ, ਉੱਤਰ ਪ੍ਰਦੇਸ਼ ਨੂੰ ਉਸ ਦੇ ਪ੍ਰੋਗਰਾਮ ‘ਗੁੜ ਮਹੋਤਸਵ’ ਲਈ
ਕਮਿਊਨਿਟੀ ਰੇਡੀਓ ਸਟੇਸ਼ਨ ‘ਰੇਡੀਓ ਐੱਸਡੀ 90.8 ਐੱਫਐੱਮ’ ਸਾਲ 2015 ਤੋਂ ਚਲ ਰਿਹਾ ਹੈ। ਇਹ ਮੁਜ਼ੱਫ਼ਰਨਗਰ ਜ਼ਿਲ੍ਹੇ ਦਾ ਇਕਲੌਤਾ ਕਮਿਊਨਿਟੀ ਰੇਲਵੇ ਸਟੇਸ਼ਨ ਹੈ। ਇਹ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਨਕ ਭਾਈਚਾਰੇ ਲਈ ਵਾਜਬ ਵਿਭਿੰਨ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ।
ਮੁਜ਼ੱਫ਼ਰਨਗਰ ਗੰਨੇ ਦੀ ਭਰਪੂਰ ਫ਼ਸਲ ਪੈਦਾ ਕਰਨ ਵਾਲਾ ਸ਼ਹਿਰ ਹੈ ਤੇ ਇੱਥੇ ਇਸ ਖੇਤਰ ਵਿੱਚ ਗੁੜ ਦੀ ਸਭ ਤੋਂ ਵੱਡੀ ਮੰਡੀ ਹੈ। ਇਹ ਪ੍ਰੋਗਰਾਮ ਨਾ ਸਿਰਫ਼ ਆਰਥਿਕ ਫ਼ਾਇਦੇ ਲਈ, ਸਗੋਂ ਸਿਹਤ ਲਈ ਲਾਹੇਵੰਦ ਹੋਣ ਦੇ ਦ੍ਰਿਸ਼ਟੀਕੋਣ ਤੋਂ ਵੀ ਗੁੜ ਦੀ ਵਰਤੋਂ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ। ਰਵਾਇਤੀ ਗੁੜ ਨੂੰ ਬਚਾਉਣ ਤੇ ਉਸ ਨੂੰ ਉਤਸ਼ਾਹਿਤ ਕਰਨ ਲਈ ਇਹ ਅਹਿਮ ਹੈ ਕਿ ਲੋਕਾਂ ਨੂੰ ਗੁੜ ਬਣਾਉਣ ਦੀਆਂ ਵੱਖੋ–ਵੱਖਰੀਆਂ ਵਿਧੀਆਂ ਬਾਰੇ ਜਾਣਕਾਰੀ ਮੀਲੇ। ਇਸ ਪ੍ਰੋਗਰਾਮ ਨੇ ਇਸ ਮਿੱਠੇ ਪਦਾਰਥ ਦੀ ਨਾ ਕੇਵਲ ਆਰਥਿਕ ਮਹੱਤਤਾ ਉੱਤੇ ਧਿਆਨ ਕੇਂਦ੍ਰਿਤ ਕੀਤਾ, ਸਗੋਂ ਸਥਾਨਕ ਤੇ ਰਾਸ਼ਟਰੀ ਮੰਡੀਆਂ ਵਿੱਚ ਮੰਗ ਦੀਆਂ ਸਥਿਤੀਆਂ ਵੀ ਪੈਦਾ ਕੀਤੀਆਂ।
ਗੁੜ ਬਣਾਉਣ ਵਾਲਿਆਂ ਨੂੰ ਲਾਮਬੰਦ ਕਰਕੇ ਇਸ ਸਟੇਸ਼ਨ ਨੇ ਵੱਖੋ–ਵੱਖਰੇ ਸਥਾਨਾਂ ਉੱਤੇ ਗੁੜ ਦੀਆਂ ਵਿਭਿੰਨ ਕਿਸਮਾਂ ਦੇ ਸਟਾਲ ਲਗਵਾਏ ਤੇ ਸਾਰੇ ਪੱਧਰਾਂ ਉੱਤੇ ਇਸ ਸਥਾਨਕ ਖ਼ੁਰਾਕੀ–ਵਸਤੂ ਨੂੰ ਪ੍ਰੋਮੋਟ ਕੀਤਾ। ਹੁਣ ਗੁੜ ਤਿਆਰ ਕਰਨ ਵਾਲੇ ਕੁਝ ਵਿਅਕਤੀਆਂ ਨੇ ਗੁੜ ਦਾ ਔਨਲਾਈਨ ਕਾਰੋਬਾਰ ਵੀ ਸ਼ੁਰੂ ਕਰ ਦਿੱਤਾ ਹੈ।
9. ਪ੍ਰੋਮੋਟਿੰਗ ਲੋਕਲ ਕਲਚਰ ਪੁਰਸਕਾਰ ਦਾ ਤੀਜਾ ਇਨਾਮ
ਰੇਡੀਓ ‘ਸਲਾਮ ਨਮਸਤੇ’, ਇੰਸਟੀਟਿਊਟ ਆਵ੍ ਮੈਨੇਜਮੈਂਟ ਸਟਡੀਜ਼, ਨੌਇਡਾ, ਉੱਤਰ ਪ੍ਰਦੇਸ਼ ਨੂੰ ਇਸ ਦੇ ਪ੍ਰੋਗਰਾਮ ‘ਆਰਟ ਮੰਥਨ’ ਲਈ
ਕਮਿਊਨਿਟੀ ਰੇਡੀਓ ਸਟੇਸ਼ਨ ‘ਸਲਾਮ ਨਮਸਤੇ’ ਸਾਲ 2008 ਤੋਂ ਚਲ ਰਿਹਾ ਹੈ। ਪ੍ਰੋਗਰਾਮ ਤਿਆਰ ਕਰਦੇ ਸਮੇਂ ਇਸ ਰੇਡੀਓ ਸਟੇਸ਼ਨ ਨੇ ਲੋਕਾਂ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਪਹੁੰਚ ਅਪਣਾਈ ਹੈ ਅਤੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਸਥਾਨਕ ਨਿਵਾਸੀਆਂ ਨੂੰ ਸ਼ਾਮਲ ਕੀਤਾ।
‘ਆਰਟ ਮੰਥਨ’ ਪ੍ਰੋਗਰਾਮ ਦਾ ਧਿਆਨ ਸਥਾਨਕ ਭਾਈਚਾਰੇ ਵਿੱਚੋਂ ਕਾਰੀਗਰ ਲਿਆ ਕੇ ਭਾਰਤੀ ਕਲਾ ਦੀਆਂ ਕਿਸਮਾਂ ਨੂੰ ਮਕਬੂਲ ਬਣਾਉਣ ਉੱਤੇ ਕੇਂਦ੍ਰਿਤ ਹੈ। ਇਸ ਪ੍ਰੋਗਰਾਮ ਨੂੰ ਮਕਬੂਲ ਬਣਾਉਣ ਲਈ ਰੇਡੀਓ ਨੇ ਵਿਭਿੰਨ ਸਥਾਨਾਂ ਉੱਤੇ ਕਈ ਵਰਕਸ਼ਾਪਸ ਤੇ ਪ੍ਰਦਰਸ਼ਨੀਆਂ ਲਗਾਉਣ ਦੀ ਪਹਿਲਕਦਮੀ ਕੀਤੀ। ਕਾਰੀਗਰ ਭਾਈਚਾਰੇ ਨੂੰ ਵੀ ਇਨ੍ਹਾਂ ਸਮਾਰੋਹਾਂ ‘ਚ ਭਾਗ ਲੈਣ ਲਈ ਸੱਦਿਆ ਜਾਂਦਾ ਸੀ। ਭਾਰਤੀ ਕਲਾ ਉੱਤੇ ਅਧਾਰਿਤ ਮੁਕਾਬਲੇ ਵੀ ਵਿਭਿੰਨ ਸਕੂਲਾਂ ਤੇ ਕਾਲਜਾਂ ਵਿੱਚ ਕਰਵਾਏ ਜਾਂਦੇ ਸਨ। ਪ੍ਰੋਗਰਾਮਾਂ ਦੀ ਇੱਕ ਲੜੀ ਸਦਕਾ ਹੁਣ ਸਥਾਨਕ ਨਿਵਾਸੀਆਂ ਨੂੰ ਕਲਾ ਦੀਆਂ ਵਿਭਿੰਨ ਕਿਸਮਾਂ; ਜਿਵੇਂ ਕਿ ਮਧੂਬਨੀ, ਬਿਹਾਰ, ਵਾਰਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਦੀ ਕਲਮਕਾਰੀ ਅਤੇ ਕੋਲਕਾਤਾ ਦੀ ਕਾਲੀਘਾਟ ਕਲਾ ਬਾਰੇ ਪੂਰੀ ਜਾਣਕਾਰੀ ਹੈ। ਇਸ ਪ੍ਰੋਗਰਾਮ ਦਾ ਇੱਕ ਹੋਰ ਉਦੇਸ਼ ਇਸ ਨੂੰ ਸਥਾਨਕ ਪਾਈਚਾਰੇ ਦੇ ਵਾਂਝੇ ਰਹੇ ਕਾਰੀਗਰਾਂ ਨੂੰ ਲਿਆਉਣ ਦੀ ਇੱਕ ਫ਼ੋਰਮ ਵਜੋਂ ਪੇਸ਼ ਕਰਨਾ ਸੀ ਤੇ ਉਸ ਵਿੱਚ ਵਿਭਿੰਨ ਸਕੂਲਾਂ ਦੇ ਕਲਾ–ਅਧਿਆਪਕ ਵੀ ਆਉਂਦੇ ਸਨ।
10. ਸਸਟੇਨੇਬਿਲਿਟੀ ਮਾਡਲ ਪੁਰਸਕਾਰਾਂ ਵਿੱਚ ਪਹਿਲਾ ਇਨਾਮ
‘ਰੇਡੀਓ ਵਿਸ਼ਵਾਸ’, ਵਿਸ਼ਵਾਸ ਧਿਆਨ ਪ੍ਰਬੋਧਿਨੀ ਐਂਡ ਰਿਸਰਚ ਇੰਸਟੀਟਿਊਟ, ਨਾਸ਼ਿਕ, ਮਹਾਰਾਸ਼ਟਰ
‘ਰੇਡੀਓ ਵਿਸ਼ਵਾਸ 90.8’ ਕਮਿਊਨਿਟੀ ਰੇਡੀਓ ਸਟੇਸ਼ਨ ਨਾਸ਼ਿਕ ‘ਚ ਸਥਿਤ ਹੈ, ਜੋ ਸਥਾਨਕ ਭਾਈਚਾਰਿਆਂ ਲਈ ਵਿਭਿੰਨ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਇਹ ਸਟੇਸ਼ਨ ਰੋਜ਼ਾਨਾ 14 ਘੰਟੇ ਪ੍ਰਸਾਰਣ ਕਰਦਾ ਹੈ। ਇਸ ਰੇਡੀਓ ਨੇ ਆਪਣੇ ਕੰਮ ਲਈ ਟਿਕਾਊਯੋਗਤਾ ਦਾ ਨਵੀਨ ਮਾਡਲ ਅਪਣਾਇਆ ਹੈ।
‘ਰੇਡੀਓ ਵਿਸ਼ਵਾਸ’ ਦੇ ਹੌਲ਼ੀ–ਹੌਲ਼ੀ ਵਿਕਾਸ ਨੇ ਇਸ ਰੇਡੀਓ ਸਟੇਸ਼ਨ ਨੂੰ ਚਾਰ ਪ੍ਰਮੁੱਖ ਖੇਤਰਾਂ ਵਿੱਚ ਟਿਕਾਊ ਬਣਾਇਆ: ਵਿੱਤੀ, ਮਾਨਵੀ, ਤਕਨੀਕੀ ਤੇ ਵਿਸ਼ਾ–ਵਸਤੂ ਦੀ ਟਿਕਾਊਯੋਗਤਾ
ਪਾਰਦਰਸ਼ਤਾ ਅਤੇ ਖਾਤਿਆਂ ਦੀ ਵਾਜਬ ਆਡਿਟਿੰਗ ਨੂੰ ਕਾਇਮ ਰੱਖਣ ਲਈ ਰੇਡੀਓ ਸਟੇਸ਼ਨ ਨੇ ਆਪਣੀ ਮੁਢਲੀ ਇਕਾਈ ਦੇ ਖਾਤੇ ਤੋਂ ਇਲਾਵਾ ਆਪਣਾ ਇੱਕ ਵੱਖਰਾ ਬੈਂਕ ਖਾਤਾ ਖੁਲ੍ਹਵਾਇਆ। ਇਸ ਸਟੇਸ਼ਨ ਨੇ ਕੌਮਾਂਤਰੀ ਏਜੰਸੀਆਂ ਤੇ ਸਰਕਾਰੀ ਵਿਭਾਗਾਂ ਦੀ ਮਦਦ ਨਾਲ ਵਿਭਿੰਨ ਪ੍ਰੋਜੈਕਟ ਲਾਗੂ ਕੀਤੇ। ਇਸ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਚੰਗੀ ਸਟਾਫ਼ ਬਣਤਰ ਨੂੰ ਕਾਇਮ ਰੱਖਿਆ। ਆਮਦਨ ਪੈਦਾ ਕਰਨ ਦੇ ਪ੍ਰਮੁੱਖ ਸਰੋਤਾਂ ਵਿੱਚ ਇਹ ਸ਼ਾਮਲ ਹਨ: ਸਥਾਨਕ ਇਸ਼ਤਿਹਾਰ, ਸਰਕਾਰ ਤੇ ਕੌਮਾਂਤਰੀ ਏਜੰਸੀਆਂ ਤੋਂ ਮਿਲਣ ਵਾਲੇ ਫੰਡ। ਸਾਲ 2019–20 ਦੌਰਾਨ ਇਹ ਰੇਡੀਓ ਸਟੇਸ਼ਨ 50 ਨਵੇਂ ਪ੍ਰੋਗਰਾਮ ਪ੍ਰਸਾਰਿਤ ਕਰ ਸਕਿਆ। 10 ਸਾਲਾਂ ਦੇ ਸਮੇਂ ਦੌਰਾਨ ਇਹ ਸਟੇਸ਼ਨ ਆਪਣੇ ਨਾਲ 3 ਲੱਖ ਸਰੋਤਿਆਂ ਦਾ ਵੱਡਾ ਅਧਾਰ ਵਿਕਸਿਤ ਕਰਨ ਦੇ ਯੋਗ ਹੋਇਆ ਹੈ।
11. ਸਸਟੇਨੇਬਿਲਿਟੀ ਮਾਡਲ ਪੁਰਸਕਾਰਾਂ ਵਿੱਚ ਦੂਜਾ ਇਨਾਮ
ਅਲਫ਼ਾਜ਼–ਏ–ਮੇਵਾਤ, ਐੰਸ.ਐੱਮ. ਸਹਿਗਲ ਫ਼ਾਊਂਡੇਸ਼ਨ, ਮੇਵਾਤ, ਨੂਹ, ਹਰਿਆਣਾ
ਕਮਿਊਨਿਟੀ ਰੇਡੀਓ ‘ਅਲਫ਼ਾਜ਼–ਏ–ਮੇਵਾਤ ਐੱਫਐੱਮ 107.8’ ਦੀ ਸਥਾਪਨਾ ਸਾਲ 2012 ‘ਚ ਹੋਈ ਸੀ ਤੇ ਇਹ ਹਰਿਆਣਾ ਦੇ ਜ਼ਿਲਾ ਨੂਹ ਦੇ 220 ਪਿੰਡਾਂ ਦੇ 2 ਲੱਖ ਤੋਂ ਵੀ ਵੱਧ ਲੋਕਾਂ ਤੱਕ ਪੁੱਜ ਰਿਹਾ ਹੈ। ਇਹ ਸਟੇਸ਼ਨ ਰੋਜ਼ਾਨਾ 13 ਘੰਟੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ।
ਪਿਛਲੇ ਸਾਲਾਂ ਦੌਰਾਨ, ਇਹ ਸਟੇਸ਼ਨ 630 ਪ੍ਰੋਗਰਾਮ ਤਿਆਰ ਕਰਨ ਦੇ ਯੋਗ ਹੋਇਆ ਹੈ। ਵਿੱਤੀ ਟਿਕਾਊਯੋਗਤਾ ਦੇ ਮੋਰਚੇ ‘ਤੇ ਇਹ ਸਟੇਸ਼ਨ ਬਾਹਰੀ ਭਾਈਵਾਲ ਏਜੰਸੀਆਂ ਅਤੇ ਸਥਾਨਕ ਇਸ਼ਤਿਹਾਰਾਂ ਦੇ ਨਾਲ–ਨਾਲ ਡੀਏਵੀਪੀ ਰਾਹੀਂ ਫੰਡ ਇਕੱਠੇ ਕਰਨ ‘ਚ ਯੋਗ ਹੋਇਆ ਹੈ। ਇਸ ਰੇਡੀਓ ਸਟੇਸ਼ਨ ਦੇ ਜ਼ਿਆਦਾਤਰ ਸਟਾਫ਼ ਮੈਂਬਰ ਸਥਾਨਕ ਭਾਈਚਾਰੇ ਤੋਂ ਭਰਤੀ ਕੀਤੇ ਗਏ ਹਨ। ਇਹ ਸਟੇਸ਼ਨ ਤਕਨੀਕੀ ਤੌਰ ‘ਤੇ ਵਧੀਆ ਉਪਕਰਣਾਂ ਨਾਲ ਲੈਸ ਹੈ ਤੇ ਇਸ ਦੇ ਸਟਾਫ਼ ਮੈਂਬਰ ਪ੍ਰਸਾਰਣ ਦੌਰਾਨ ਸਾਹਮਣੇ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਤਕਨੀਕੀ ਮਸਲੇ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਿੱਖਿਅਤ ਹਨ। ਵਿਸ਼ਾ–ਵਸਤੂ ਦੇ ਮਾਮਲੇ ‘ਤੇ ਇਸ ਸਟੇਸ਼ਨ ਨੇ ਸਥਾਨਕ ਨਿਵਾਸੀਆਂ ਤੋਂ ਫ਼ੀਡਬੈਕ ਦਾ ਇੱਕ ਪ੍ਰਬੰਧ ਵਿਕਸਿਤ ਕੀਤਾ ਹੈ, ਉਸ ਦੇ ਅਧਾਰ ਉੱਤੇ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ।
ਇਹ ਸਟੇਸ਼ਨ ਸਥਾਨਕ ਪ੍ਰਸ਼ਾਸਨ ਦੀਆਂ ਗਤੀਵਿਧੀਆਂ, ਖ਼ਾਸ ਕਰਕੇ ਕਿਸੇ ਹੰਗਾਮੀ ਹਾਲਾਤ ਵਿੱਚ ਮਦਦ ਕਰਦਾ ਹੈ। ਕੋਵਿਡ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਸਟੇਸ਼ਨ ਵੱਲੋਂ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਤੇ ਮੁਹਿੰਮਾਂ ਚਲਾਈਆਂ ਗਈਆਂ ਸਨ।
12. ਸਸਟੇਨੇਬਿਲਿਟੀ ਮਾਡਲ ਪੁਰਸਕਾਰਾਂ ਵਿੱਚ ਤੀਜਾ ਇਨਾਮ
ਕਿਸਾਨ ਰੇਡੀਓ, ਕਿਸਾਨ ਸੇਵਾ ਸੰਸਥਾਨ, ਬਸਤੀ, ਉੱਤਰ ਪ੍ਰਦੇਸ਼
ਕਿਸਾਨ ਰੇਡੀਓ 90.4 ਐੱਫਐੱਮ ਸਾਲ 2012 ਤੋਂ ਚਲ ਰਿਹਾ ਹੈ। ਇਹ ਰੋਜ਼ਾਨਾ 15 ਘੰਟੇ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਹੁਣ ਤੱਕ ਇਹ ਇਸ ਜ਼ਿਲ੍ਹੇ ਦਾ ਪਹਿਲਾ ਤੇ ਇਕਲੌਤਾ ਰੇਡੀਓ ਸਟੇਸ਼ਨ ਹੈ। ਆਮ ਸਥਾਨਕ ਲੋਕਾਂ ਦੀ ਸ਼ਮੂਲੀਅਤ ਦੀ ਵਿਸ਼ਾ–ਵਸਤੂ ਵਾਲੇ ਆਪਣੇ ਨਿਰੰਤਰ ਪ੍ਰਸਾਰਣਾਂ ਰਾਹੀਂ ਇਹ ਸਥਾਨਕ ਭਾਈਚਾਰੇ ਵਿੱਚ ਬੇਹੱਦ ਮਕਬੂਲ ਬਣ ਗਿਆ ਹੈ। ਇਸ ਦੇ ਜ਼ਿਆਦਾਤਰ ਪ੍ਰੋਗਰਾਮ ਸਥਾਨਕ ਭਾਈਚਾਰੇ ਤੇ ਉਨ੍ਹਾਂ ਦੀ ਜ਼ਰੂਰਤ ‘ਤੇ ਕੇਂਦ੍ਰਿਤ ਹਨ।
ਇਸ ਸਟੇਸ਼ਨ ਦੀ ਫ਼ੰਡਿੰਗ ਦੇ ਮੁੱਖ ਸਰੋਤ ਇਹ ਹਨ: ਸਥਾਨਕ ਇਸ਼ਤਿਹਾਰ, ਮੈਂਬਰਸ਼ਿਪ ਫ਼ੀਸ, ਸਥਾਨਕ ਪ੍ਰਸ਼ਾਸਨ ਤੋਂ ਇਸ਼ਤਿਹਾਰ ਅਤੇ ਸਥਾਨਕ ਉਤਪਾਦਾਂ ਦੀ ਮਾਰਕਿਟਿੰਗ ਆਦਿ। ਇਸ ਨੂੰ ਵਿਸ਼ੇਸ਼ ਪ੍ਰੋਜੈਕਟ ਚਲਾਉਣ ਲਈ ਸਰਕਾਰੀ ਏਜੰਸੀਆਂ ਤੋਂ ਮਦਦ ਮਿਲੀ ਹੈ। ਇਹ ਸਟੇਸ਼ਨ ਸਥਾਨਕ ਪੱਧਰ ਉੱਤੇ ਆਪਣੀ ਮਕਬੂਲੀਅਤ ਵਧਾਉਣ ਲਈ ਅਨੇਕ ਪ੍ਰੋਗਰਾਮ ਪ੍ਰਸਾਰਿਤ ਕਰਨ ਦੇ ਯੋਗ ਰਿਹਾ ਹੈ। ਇਹ ਆਫ਼ਤਾਂ ਸਮੇਂ ਅਤੇ ਆਵਾਜਾਈ ਪ੍ਰਬੰਧ ਵਿੱਚ ਖ਼ਾਸ ਤੌਰ ਉੱਤੇ ਸਥਾਨਕ ਪ੍ਰਸ਼ਾਸਨ ਦਾ ਮਦਦਗਾਰ ਬਣਿਆ ਰਿਹਾ ਹੈ। ਇਸ ਸਟੇਸ਼ਨ ਦੀ ਵਿਵਹਾਰਕਤਾ ਇਸ ਦੇ ਚਾਰ ਥੰਮ੍ਹਾਂ – ਵਿਸ਼ਾ–ਵਸਤੂ, ਮਨੁੱਖੀ ਸਰੋਤ, ਤਕਨੀਕੀ ਤੇ ਵਿੱਤੀ ਸਥਿਰਤਾ ‘ਚ ਹੈ।
*****
ਸੌਰਭ ਸਿੰਘ
(Release ID: 1731762)
Visitor Counter : 208