ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ ਵੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ 'ਤੇ ਸ਼ਰਧਾਂਜਲੀ ਭੇਟ ਕੀਤੀ
ਸ਼੍ਰੀ ਰਾਓ ਇੱਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਰਥਿਕ ਸੁਧਾਰਾਂ ਦੀ ਪਹਿਲ ਕੀਤੀ ਸੀ: ਉਪ-ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸ਼੍ਰੀ ਰਾਓ ਨੂੰ ਇੱਕ ਬਹੁਪੱਖੀ ਸ਼ਖ਼ਸੀਅਤ ਦੱਸਦਿਆਂ ਭਾਸ਼ਾਵਾਂ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਯਾਦ ਕੀਤਾ
ਉਪ ਰਾਸ਼ਟਰਪਤੀ ਨੇ ਇਸ ਗੱਲ ‘ਤੇ ਨਿਰਾਸ਼ਾ ਜ਼ਾਹਰ ਕੀਤੀ ਕਿ ਸ਼੍ਰੀ ਰਾਓ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ
ਕੋਈ ਵੀ ਦੇਸ਼ ਆਪਣੇ ਸੱਭਿਆਚਾਰ, ਵਿਰਾਸਤ ਅਤੇ ਮਹਾਨ ਨੇਤਾਵਾਂ ਦੇ ਯੋਗਦਾਨ ਨੂੰ ਭੁੱਲ ਕੇ ਅੱਗੇ ਨਹੀਂ ਵੱਧ ਸਕਦਾ: ਉਪ ਰਾਸ਼ਟਰਪਤੀ
Posted On:
28 JUN 2021 2:08PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਪੀ ਵੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ 'ਤੇ ਭਰਪੂਰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਇੱਕ 'ਮਹਾਨ ਸ਼ਖ਼ਸੀਅਤ' ਦੱਸਿਆ ਜਿਸ ਨੇ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ।
ਸਾਬਕਾ ਪ੍ਰਧਾਨ ਮੰਤਰੀ ਨੂੰ ਇੱਕ ਬਹੁਪੱਖੀ ਸ਼ਖ਼ਸੀਅਤ- ਇੱਕ ਵਿਲੱਖਣ ਵਿਦਵਾਨ, ਸੂਝਵਾਨ ਪ੍ਰਸ਼ਾਸਕ, ਪ੍ਰਸਿੱਧ ਅਤੇ ਬਹੁ-ਭਾਸ਼ਾਈ-ਸਾਹਿਤਕਾਰ ਦਸਦਿਆਂ, ਉਨ੍ਹਾਂ ਕਿਹਾ ਕਿ ਸ਼੍ਰੀ ਰਾਓ ਨੇ ਆਪਣੀ ਆਪਸੀ ਸਹਿਮਤੀ ਵਾਲੀ ਲੀਡਰਸ਼ਿਪ ਦੀ ਕਲਾ ਅਤੇ ਦੂਰਦਰਸ਼ੀ ਸੋਚ ਨਾਲ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਿਆ ਸੀ। ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਨੇ ਵਿਸ਼ਾਖਾਪਟਨਮ ਦੇ ਸਰਕਟ ਹਾਊਸ ਜੰਕਸ਼ਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਦੀ ਪ੍ਰਤਿਮਾ ‘ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਨ੍ਹਾਂ ਕਿਹਾ, ਸ਼੍ਰੀ ਰਾਓ ਦੁਆਰਾ ਸ਼ੁਰੂ ਕੀਤੇ ਗਏ ਸਾਹਸਿਕ ਸੁਧਾਰਾਂ ਨੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਸ਼੍ਰੀ ਨਰਸਿਮਹਾ ਰਾਓ ਦੁਆਰਾ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਅੱਖਰ-ਅੱਖਰ ਲਾਗੂ ਕੀਤਾ ਸੀ, ਜਦੋਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਧਾਰਾਂ ਨੂੰ ਤੇਜ਼ ਕੀਤਾ ਹੈ। ਉਨ੍ਹਾਂ ਅੱਗੇ ਕਿਹਾ “ਸੁਧਾਰ ਸਮੇਂ ਦੀ ਜ਼ਰੂਰਤ ਹਨ ਅਤੇ ਸਾਨੂੰ ਬਿਹਤਰੀਨ ਪਿਰਤਾਂ ਨੂੰ ਅਪਣਾਉਣਾ ਚਾਹੀਦਾ ਹੈ।”
ਸ਼੍ਰੀ ਰਾਓ ਨੂੰ ਦੇਸ਼ ਵਿੱਚ ਲਾਇਸੈਂਸ ਰਾਜ ਖਤਮ ਕਰਨ ਦਾ ਸਿਹਰਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ ਦੇ ਆਰਥਿਕ ਉਦਾਰੀਕਰਨ ਦੇ ਆਰਕੀਟੈਕਟ ਸਨ। ਉਨ੍ਹਾਂ ਦੱਸਿਆ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸ਼੍ਰੀ ਰਾਓ ਹੀ ਸਨ ਜਿਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਿੱਚ ਭਾਰਤ ਦੇ ਪ੍ਰਵੇਸ਼ ਦੀ ਸੁਵਿਧਾ ਦਿੱਤੀ ਸੀ।”
ਉਪ ਰਾਸ਼ਟਰਪਤੀ ਨੇ ਕਿਹਾ, ਸਾਬਕਾ ਪ੍ਰਧਾਨ ਮੰਤਰੀ ਨੇ ਗਲੋਬਲ ਸਟੇਜ 'ਤੇ ਦੇਸ਼ ਦੇ ਹਿਤਾਂ ਦੀ ਅਸਰਦਾਰ ਢੰਗ ਨਾਲ ਰਾਖੀ ਕੀਤੀ ਸੀ, ਹਾਲਾਂਕਿ ਉਨ੍ਹਾਂ ਨੇ ਕਠਨ ਸਮੇਂ ਅਤੇ ਕਠਨ ਬਾਹਰੀ ਰਣਨੀਤਕ ਵਾਤਾਵਰਣ ਵਿੱਚ ਰਾਸ਼ਟਰ ਦੀ ਅਗਵਾਈ ਸੰਭਾਲ਼ੀ ਸੀ।
ਇਹ ਯਾਦ ਕਰਦੇ ਹੋਏ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਭਾਸ਼ਾਵਾਂ ਪ੍ਰਤੀ ਬਹੁਤ ਪਿਆਰ ਸੀ, ਸ਼੍ਰੀ ਨਾਇਡੂ ਨੇ ਕਿਹਾ, ਉਨ੍ਹਾਂ ਆਪਣੇ ਬਹੁਤ ਸਾਰੇ ਕੰਮਾਂ ਵਿੱਚੋਂ, ਮਹਾਕਾਵਿ ਤੇਲੁਗੂ ਨਾਵਲ 'ਵੇਈ ਪਦਗਲੁ' ਦਾ 'ਸਹਸਰਾ ਫਾਨ' ਸਿਰਲੇਖ ਹੇਠ ਹਿੰਦੀ ਵਿੱਚ ਅਨੁਵਾਦ ਕੀਤਾ ਅਤੇ ਇੱਕ ਮਸ਼ਹੂਰ ਮਰਾਠੀ ਨਾਵਲ, “ਪਾਨ ਲਕਸ਼ਤ ਕੌਨ ਘੇਤੋ” ਦਾ ਤੇਲੁਗੂ ਅਨੁਵਾਦ ‘ਅਬਲਾ ਜੀਵਿਤਮ' ਵੀ ਪ੍ਰਕਾਸ਼ਤ ਕੀਤਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਨਰਸਿਮਹਾ ਰਾਓ ਨੇ ਹਮੇਸ਼ਾ ਸਕੂਲਾਂ ਵਿੱਚ ਮਾਂ ਬੋਲੀ ਵਿੱਚ ਸਿੱਖਿਆ ਦੇਣ ਦਾ ਪੁਰਜ਼ੋਰ ਸਮਰਥਨ ਕੀਤਾ। ਉਨ੍ਹਾਂ ਅੱਗੇ ਕਿਹਾ "ਮੈਂ ਵੀ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਹਾਈ ਸਕੂਲ ਪੱਧਰ ਤੱਕ ਪੜਾਈ ਦਾ ਮਾਧਿਅਮ ਬੱਚੇ ਦੀ ਮਾਂ-ਬੋਲੀ ਹੋਣਾ ਚਾਹੀਦਾ ਹੈ।"
ਇਹ ਦੱਸਦੇ ਹੋਏ ਕਿ ਸ਼੍ਰੀ ਨਰਸਿਮਹਾ ਰਾਓ ਨੇ ਸਦੀਵੀ ਵਿਰਾਸਤ ਛੱਡੀ ਹੈ, ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਸ਼੍ਰੀ ਅਬਦੁੱਲ ਕਲਾਮ ਨੇ ਉਨ੍ਹਾਂ ਨੂੰ “ਦੇਸ਼ਭਗਤ ਰਾਜਨੇਤਾ” ਕਿਹਾ ਸੀ ਜੋ ਮੰਨਦੇ ਸਨ ਕਿ ਦੇਸ਼ ਰਾਜਨੀਤਕ ਵਿਵਸਥਾ ਨਾਲੋਂ ਵੱਡਾ ਹੈ।” ਸ਼੍ਰੀ ਨਾਇਡੂ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਰਾਸ਼ਟਰੀ ਹਿਤ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ।
ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿ ਸ਼੍ਰੀ ਨਰਸਿਮਹਾ ਰਾਓ ਜਿਹੇ ਮਹਾਨ ਨੇਤਾ ਨੂੰ ਉਹ ਮਾਨਤਾ ਪ੍ਰਾਪਤ ਨਹੀਂ ਹੋਈ ਜਿਸਦੀ ਕਿ ਉਹ ਹੱਕਦਾਰ ਸਨ, ਉਪ ਰਾਸ਼ਟਰਪਤੀ ਨੇ ਕਿਹਾ, “ਆਓ ਅਸੀਂ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹ ਮੌਕੇ ਰਾਸ਼ਟਰ ਨਿਰਮਾਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰੀਏ।”
ਸ਼੍ਰੀ ਨਾਇਡੂ ਨੇ ਕਿਹਾ ਕਿ ਕੋਈ ਵੀ ਰਾਸ਼ਟਰ ਆਪਣੇ ਸੱਭਿਆਚਾਰ, ਵਿਰਾਸਤ ਅਤੇ ਰਾਸ਼ਟਰ ਨਿਰਮਾਣ ਵਿੱਚ ਮਹਾਨ ਨੇਤਾਵਾਂ ਦੇ ਬੇਮਿਸਾਲ ਯੋਗਦਾਨ ਨੂੰ ਭੁੱਲ ਕੇ ਅੱਗੇ ਨਹੀਂ ਵਧ ਸਕੇਗਾ। ਮਹਾਪੁਰਖਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ।
********
ਐੱਮਐੱਸ/ਆਰਕੇ/ਡੀਪੀ
(Release ID: 1731002)