ਉਪ ਰਾਸ਼ਟਰਪਤੀ ਸਕੱਤਰੇਤ
ਸਾਡੀਆਂ ਭਾਸ਼ਾਵਾਂ ਨੂੰ ਸੰਭਾਲ਼ਣ ਲਈ ਲੋਕ ਲਹਿਰ ਦੀ ਜ਼ਰੂਰਤ: ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ
ਉਪ–ਰਾਸ਼ਟਰਪਤੀ ਨੇ ਕਿਹਾ ਕਿ ਆਓ ਇਕਜੁੱਟ ਹੋ ਕੇ ਭਾਰਤੀ ਭਾਸ਼ਾਵਾਂ, ਸੱਭਿਆਚਾਰਾਂ ਤੇ ਪਰੰਪਰਾਵਾਂ ਦਾ ਪ੍ਰਚਾਰ ਕਰਦਿਆਂ ਅੱਗੇ ਵਧੀਏ
ਉਪ ਰਾਸ਼ਟਰਪਤੀ ਦੀ ਅਪੀਲ – ‘ਰਾਸ਼ਟਰੀ ਸਿੱਖਿਆ ਨੀਤੀ 2020’ ਦੀ ਭਾਵਨਾ ਅਨੁਸਾਰ ਪ੍ਰਾਇਮਰੀ ਸਿੱਖਿਆ ਮਾਂ–ਬੋਲੀ ’ਚ ਹੋਵੇ
ਸ਼੍ਰੀ ਨਾਇਡੂ ਨੇ ਤੇਲੁਗੂ ਸਾਹਿਤਕ ਕ੍ਰਿਤਾਂ ਹੋਰ ਭਾਰਤੀ ਭਾਸ਼ਾਵਾਂ ’ਚ ਅਨੁਵਾਦ ਕਰਨ ਦੇ ਉੱਦਮ ਤੇਜ਼ ਹੋਣ; ਟੈਕਨੋਲੋਜੀ ਨਾਲ ਸੰਗਠਨ ਉੱਤੇ ਜ਼ੋਰ
ਉਪ ਰਾਸ਼ਟਰਪਤੀ ਨੇ ‘ਰਾਸ਼ਟਰੇਤਾਰਾ ਤੇਲੁਗੂ ਸਮਾਖਿਆ’ ਦੀ 6ਵੀਂ ਵਰ੍ਹੇਗੰਢ ਮੌਕੇ ਸੰਬੋਧਨ ਕੀਤਾ
Posted On:
27 JUN 2021 1:08PM by PIB Chandigarh
ਅੱਜ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਸਾਡੀਆਂ ਭਾਸ਼ਾਈ ਪਰੰਪਰਾਵਾਂ ਦੇ ਲਾਭ ਭਵਿੱਖ ਦੀਆਂ ਪੀੜ੍ਹੀਆਂ ਨੂੰ ਦੇਣ ਲਈ ਭਾਸ਼ਾਵਾਂ ਸੰਭਾਲ਼ਣ ਲਈ ਲੋਕ ਲਹਿਰ ਅਰੰਭਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਤੇ ਨਾਲ ਹੀ ਉਨ੍ਹਾਂ ਇਸ ਦਿਸ਼ਾ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ।
ਪੀੜ੍ਹੀ–ਦਰ–ਪੀੜ੍ਹੀ ਤੇ ਭੂਗੋਲਿਕ ਸਥਾਨਾਂ ਉੱਤੇ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਭਾਸ਼ਾ ਦੀ ਤਾਕਤ ਨੂੰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਨੇ ਸਾਡੀਆਂ ਭਾਸ਼ਾਵਾਂ, ਸੱਭਿਆਚਾਰਾਂ ਤੇ ਪਰੰਪਰਾਵਾਂ ਨੂੰ ਸੰਭਾਲ਼ਣ, ਹੋਰ ਅਮੀਰ ਬਣਾਉਣ ਤੇ ਉਨ੍ਹਾਂ ਦਾ ਪਸਾਰ ਕਰਨ ਲਈ ਇਕਜੁੱਟ ਕੋਸ਼ਿਸ਼ ਦਾ ਸੱਦਾ ਦਿੱਤਾ।
6ਵੀਂ ਰਾਸ਼ਟਰੀ ‘ਰਾਸ਼ਟਰਤਾਰਾ ਤੇਲੁਗੂ ਸਮਾਖਿਆ’ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਤੇਲੁਗੂ ਜਨਤਾ ਨੂੰ ਤੇਲੁਗੂ ਭਾਸ਼ਾ ਦੀ ਭਲਾਈ ਅਤੇ ਸਾਡੀਆਂ ਸਥਾਨਕ ਪਰੰਪਰਾਵਾਂ ਵਿੱਚ ਨਵੀਂ ਰੂਹ ਫੂਕਣ ਲਈ ਇਕਜੁੱਟ ਹੋਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭਾਸ਼ਾ ਨੂੰ ਅੱਖੋਂ ਪ੍ਰੋਖੇ ਕਰਨ ਨਾਲ ਉਸ ਦਾ ਨਿਘਾਰ ਸ਼ੁਰੂ ਹੋ ਜਾਂਦਾ ਹੈ; ਇਸੇ ਲਈ ਹਰੇਕ ਵਿਅਕਤੀ ਦਾ ਇਹ ਫ਼ਰਜ਼ ਹੈ ਕਿ ਉਹ ਆਪਣੀ ਮਾਤ–ਭਾਸ਼ਾ ਦੀ ਸੰਭਾਲ਼ ਕਰੇ ਤੇ ਉਸ ਨੂੰ ਪ੍ਰਚਾਰਿਤ ਤੇ ਪ੍ਰਸਾਰਿਤ ਕਰੇ ਤੇ ਇਸ ਦੌਰਾਨ ਉਹ ਹੋਰ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਛੁਟਿਆਉਣ ਦੀ ਕੋਸ਼ਿਸ਼ ਵੀ ਨਾ ਕਰੇ।
ਸ਼੍ਰੀ ਨਾਇਡੂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਉਸ ਦੀ ਆਪਣੀ ਮਾਤ–ਭਾਸ਼ਾ ਵਿੱਚ ਹੀ ਮਿਲਣੀ ਚਾਹੀਦੀ ਹੈ, ਜਿਵੇਂ ਕਿ ‘ਰਾਸ਼ਟਰੀ ਸਿੱਖਿਆ ਨੀਤੀ 2020’ ਵਿੱਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਭਾਰਤ ਦੇ ਚੀਫ਼ ਜਸਟਿਸ ਜਿਹੇ ਜਿਹੜੇ ਵਿਅਕਤੀ ਦੇਸ਼ ਦੇ ਉੱਚ ਸੰਵਿਧਾਨਕ ਅਹੁਦਿਆਂ ਉੱਤੇ ਤਾਇਨਾਤ ਹਨ; ਉਨ੍ਹਾਂ ਸਭ ਨੇ ਆਪੋ–ਆਪਣੀ ਪ੍ਰਾਇਮਰੀ ਸਿੱਖਿਆ ਆਪਣੀ ਮਾਤ–ਭਾਸ਼ਾ ਵਿੱਚ ਹੀ ਹਾਸਲ ਕੀਤੀ ਸੀ। ਉਨ੍ਹਾਂ ਕਿਹਾ, ‘ਲੋਕਾਂ ’ਚ ਅਜਿਹਾ ਕੋਈ ਵਿਚਾਰ ਨਹੀਂ ਹੋਣਾ ਚਾਹੀਦਾ ਕਿ ਕੋਈ ਆਪਣੀ ਮਾਤ–ਭਾਸ਼ਾ ਵਿੱਚ ਕੁਝ ਸਿੱਖ ਕੇ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦਾ। ਅਜਿਹੀ ਧਾਰਨਾ ਨੂੰ ਗ਼ਲਤ ਸਿੱਧ ਕਰਨ ਲਈ ਪਹਿਲਾਂ ਦੀਆਂ ਤੇ ਮੌਜੂਦਾ ਬੇਸ਼ੁਮਾਰ ਉਦਾਹਰਣਾਂ ਹਨ।’
ਉਪ ਰਾਸ਼ਟਰਪਤੀ ਨੇ ਤੇਲੁਗੂ ਸਾਹਿਤ ਨੂੱ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਹੋਰ ਪਹਿਲਕਦਮੀਆਂ ਕਰਨ ਦਾ ਵੀ ਸੱਦਾ ਦਿੱਤਾ; ਤਾਂ ਜੋ ਹਰੇਕ ਭਾਸ਼ਾ ਦੀ ਪਰੰਪਰਾ ਦੀ ਅਮੀਰੀ ਦਾ ਪਸਾਰ ਹੋ ਸਕੇ। ਸ਼੍ਰੀ ਨਾਇਡੂ ਨੇ ਉਨ੍ਹਾਂ ਅਜਿਹੀਆਂ ਸੱਭਿਆਚਾਰਕ ਜੱਥੇਬੰਦੀਆਂ ਦੀ ਸ਼ਲਾਘਾ ਕੀਤੀ, ਜੋ ਇਸ ਮਹਾਮਾਰੀ ਦੌਰਾਨ ਵੀ ਆਪਣਾ ਕੰਮ ਔਨਲਾਈਨ ਜਾਰੀ ਰੱਖ ਰਹੀਆਂ ਹਨ ਤੇ ਨਾਲ ਹੀ ਉਨ੍ਹਾਂ ਸੁਝਾਅ ਦਿੱਤਾ ਕਿ ਇਸੇ ਭਾਵਨਾ ਨਾਲ ਭਾਸ਼ਾ ਤੇ ਟੈਕਨੋਲੋਜੀ ਨੂੰ ਤੇਜ਼ੀ ਨਾਲ ਸੰਗਠਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਇਸ ਤੱਥ ਨੂੰ ਨੋਟ ਕਰਦਿਆਂ ਕਿ ਤੇਲੁਗੂ ਰਾਜਾਂ ਤੋਂ ਬਾਹਰ ਇੱਕ ਹਜ਼ਾਰ ਤੋਂ ਵੀ ਵੱਧ ਜੱਥੇਬੰਦੀਆਂ ਤੇਲੁਗੂ ਭਾਸ਼ਾ ਨੂੰ ਸੰਭਾਲ਼ਣ ਤੇ ਪ੍ਰਚਾਰ–ਪਸਾਰ ਵਿੱਚ ਲੱਗੀਆਂ ਹੋਈਆਂ ਹਨ; ਉਪ ਰਾਸ਼ਟਰਪਤੀ ਨੇ ਪ੍ਰਬੰਧਕਾਂ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ, ਜੋ ‘ਰਾਸ਼ਟਰਤਾਰਾ ਤੇਲੁਗੂ ਸਮਾਖਿਆ’ ਨਾਂਅ ਦੇ ਸਾਂਝੇ ਮੰਚ ਉੱਤੇ ਇਕਜੁੱਟ ਹੋਏ। ਉਨ੍ਹਾਂ ਨੇ ਉਨ੍ਹਾਂ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸ਼੍ਰੀ ਬੰਦਾਰੂ ਦੱਤਾਤਰੱਈਆ, ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ, ਡਾ. ਸ਼ਸ਼ੀ ਪਾਂਜਾ, ਮਹਿਲਾ ਤੇ ਬਾਲ ਵਿਕਾਸ ਅਤੇ ਸਮਾਜ ਭਲਾਈ ਮੰਤਰੀ, ਪੱਛਮੀ ਬੰਗਾਲ ਸਰਕਾਰ, ਸ਼੍ਰੀ ਮੰਡਾਲੀ ਬੁੱਧਾ ਪ੍ਰਸਾਦ, ਆਂਧਰਾ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ, ਡਾ. ਸੀ.ਐੱਮ.ਕੇ. ਰੈੱਡ, ਆਲ ਇੰਡੀਆ ਤੇਲੁਗੂ ਫ਼ੈਡਰੇਸ਼ਨ ਦੇ ਪ੍ਰਧਾਨ, ਸ਼੍ਰੀ ਸੁੰਦਰ ਰਾਓ, ਪ੍ਰਧਾਨ ਰਾਸ਼ਟਰਤਾਰਾ ਤੇਲੁਗੂ ਸਮਾਖਿਆ ਤੇ ਹੋਰ ਸ਼ਖ਼ਸੀਅਤਾਂ ਵੀ ਇਸ ਵਰਚੁਅਲ ਸਮਾਰੋਹ ਦੌਰਾਨ ਮੌਜੂਦ ਸਨ।
*****
ਐੱਮਐੱਸ/ਆਰਕੇ/ਡੀਪੀ
(Release ID: 1730710)
Visitor Counter : 191