ਰੇਲ ਮੰਤਰਾਲਾ
‘ਰੇਲਵੇ ਸੁਰੱਖਿਆ ਬਲ’ (RPF)ਵੱਲੋਂ ਯਾਤਰੀਆਂ ਦੀ ਸਲਾਮਤੀ ਤੇ ਸੁਰੱਖਿਆ ’ਚ ਵਾਧਾ ਕਰਨ ਅਤੇ ਰੇਲਵੇ ਦੇ ਹੋਰ ਆਪਰੇਸ਼ਨਜ਼ ਲਈ ਵਰਤੀਆਂ ਜਾ ਰਹੀਆਂ ਨਵੀਂਆਂ ਤਕਨਾਲੋਜੀਆਂ
RPF ਵੱਲੋਂ ਕੋਵਿਡ ਕਾਰਣ ਯਤੀਮ ਹੋਏ ਬੱਚਿਆਂ ਦੀ ਸੁਰੱਖਿਆ ਲਈ ਇੱਕ ਖ਼ਾਸ ਯੋਜਨਾ ਤਿਆਰ
RPF ਅਜਿਹਾ ਕੇਂਦਰੀ ਬਲ ਹੈ, ਜਿਸ ਦੇ ਕਰਮਚਾਰੀਆਂ ਵਿੱਚ ਔਰਤਾਂ ਦਾ ਹਿੱਸਾ ਸਭ ਤੋਂ ਵੱਧ
RPF ਵਿੱਚ ਔਰਤਾਂ ਦੀ ਪ੍ਰਤੀਸ਼ਤਤਾ ਹੈ 9% (6242)
RPF ਨੇ 3 ਸਾਲਾਂ ’ਚ 56,000 ਤੋਂ ਵੱਧ ਬੱਚਿਆਂ ਨੂੰ ਬਚਾਇਆ
ਪਿਛਲੇ ਤਿੰਨ ਸਾਲਾਂ ’ਚ RPF ਨੇ ਤਸਕਰਾਂ ਤੋਂ ਬਚਾਏ 976 ਬੱਚੇ
ਪਿਛਲੇ ਦੋ ਸਾਲਾਂ ’ਚ ਪਿੱਛੇ ਰਹਿ ਗਏ ਸਾਮਾਨ ਦੇ ਕੁੱਲ 22,835 ਮਾਮਲਿਆਂ ’ਚ 37.13 ਕਰੋੜ ਰੁਪਏ ਮੁੱਲ ਦੀਆਂ ਵਸਤਾਂ ਸਹੀ ਮਾਲਕਾਂ ਤੱਕ ਪਹੁੰਚਾਈਆਂ
Posted On:
25 JUN 2021 4:54PM by PIB Chandigarh
ਭਾਰਤੀ ਰੇਲਵੇਜ਼ ਲਈ ਸਲਾਮਤੀ ਤੇ ਸੁਰੱਖਿਆ ਤਰਜੀਹੀ ਖੇਤਰਾਂ ਵਿੱਚੋਂ ਇੱਕ ਹੈ। ਯਾਤਰੀਆਂ ਦੀ ਸਲਾਮਤੀ ਤੇ ਸੁਰੱਖਿਆ ਤੋਂ ਇਲਾਵਾ ‘ਰੇਲਵੇ ਸੁਰੱਖਿਆ ਬਲ’ (RPF) ਨੇ ਭਾਰਤੀ ਰੇਲਵੇਜ਼ ਨੇ ਕੋਵਿਡ–19 ਦੌਰਾਨ ਇਸ ਵਾਇਰਸ ਵਿਰੁੱਧ ਜੰਗ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਮਹਾਮਾਰੀ ਦੌਰਾਨ RPF ਸਦਾ ਭਾਰਤੀ ਰੇਲਵੇ ਦੀਆਂ ਪਾਰਕ ਕੀਤੇ ਰੋਲਿੰਗ ਸਟੌਕ ਦੀ ਸੁਰੱਖਿਆ, ਜ਼ਰੂਰਤਮੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ, ਸਾਰੀਆਂ ਸ਼੍ਰਮਿਕ ਸਪੈਸ਼ਲ ਰੇਲ–ਗੱਡੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ, ਸ਼੍ਰਮਿਕ ਸਪੈਸ਼ਲ ਰੇਲ–ਗੱਡੀਆਂ ਵਿੱਚ 45 ਡਿਲੀਵਰੀਜ਼ ਅਤੇ 34 ਮੈਡੀਕਲ ਐਮਰਜੈਂਸੀ ਡਿਲੀਵਰੀਜ਼ ਜਿਹੀਆਂ ਕੋਸ਼ਿਸ਼ਾਂ ਵਿੱਚ ਵੀ ਸਦਾ ਮੋਹਰੀ ਰਿਹਾ ਹੈ।
RPF ਨੇ ਕੋਵਿਡ ਕਾਰਣ ਯਤੀਮ ਹੋਏ ਬੱਚਿਆਂ ਦੀ ਸੁਰੱਖਿਆ ਲਈ ਇੱਕ ਵਿਸ਼ੇਸ਼ ਯੋਜਨਾ ‘ਰੀਚ ਆਊਟ, ਸਕਿਓਰ ਐਂਡ ਰੀਹੈਬਿਲੀਟੇਟ’ (ਉਨ੍ਹਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਬਣਾਉਣਾ ਤੇ ਫਿਰ ਉਨ੍ਹਾਂ ਦਾ ਮੁੜ–ਵਸੇਬਾ ਕਰਨਾ) ਤਿਆਰ ਕੀਤੀ ਹੈ। RPF ਨੇ ਸਟੇਸ਼ਨਾਂ ’ਤੇ/ਰੇਲ–ਗੱਡੀਆਂ ਵਿੱਚ ਜਾਂ ਲਾਗਲੇ ਕਸਬਿਆਂ / ਪਿੰਡਾਂ / ਹਸਪਤਾਲਾਂ ਵਿੱਚ ਕੋਵਿਡ ਕਾਰਣ ਯਤੀਮ ਹੋਏ ਦੁਖੀ ਬੱਚਿਆਂ ਦੀ ਸ਼ਨਾਖ਼ਤ ਲਈ ਇੰਕ ਸ਼ੁਰੂ ਕੀਤੀ ਹੈ। ਸਟਾਫ਼ ਮੈਂਬਰਾਂ ਨੂੰ ਕੋਵਿਡ–19 ਮਹਾਮਾਰੀ ਫੈਲਣ ਕਾਰਣ ਬੱਚਿਆਂ ਉੱਤੇ ਪਏ ਅਸਰ ਦਾ ਖ਼ਾਸ ਧਿਆਨ ਰੱਖਣ ਲਈ ਸੰਵੇਦਨਸ਼ੀਲ ਬਣਾਇਆ ਗਿਆ ਹੈ। ਨੇੜਲੇ ਇਲਾਕਿਆਂ ਦੇ ਲੋਕਾਂ ਅਤੇ ਸਟੇਸ਼ਨਾਂ ਉੱਤੇ ਆਉਣ ਵਾਲੇ ਯਾਤਰੀਆਂ ਨੂੰ ਲਾਗਲੇ ਇਲਾਕਿਆਂ ’ਚ ਦੁਖੀ ਸਥਿਤੀਆਂ ਵਿੱਚ ਮੌਜੂਦ ਬੱਚਿਆਂ ਲਈ ਉਪਲਬਧ ਸੇਵਾਵਾਂ ਤੇ ਸੁਵਿਧਾਵਾਂ ਬਾਰੇ ਸੰਵੇਦਨਸ਼ੀਲ ਬਣਾਇਆ ਜਾਂਦਾ ਹੈ। ਹਰੇਕ ਬੱਚੇ ਲਈ ਇੱਕ ਨੋਡਲ RPF ਜਵਾਨ ਉਸ ਬੱਚੇ ਨੂੰ ਸੁਰੱਖਿਅਤ ਬਣਾਉਣ ਤੋਂ ਲੈ ਕੇ ਉਸ ਦੇ ਮੁੜ–ਵਸੇਬੇ ਦੇ ਸਮੇਂ ਤੱਕ ਜ਼ਿੰਮੇਵਾਰ ਹੁੰਦਾ ਹੈ।
ਸਟੇਸ਼ਨਾਂ ਉੱਤੇ ਕੀਮਤੀ ਜਾਨਾਂ ਬਚਾਉਂਦੇ ਸਮੇਂ RPF ਦੇ ਜਵਾਨਾਂ ਦੀਆਂ ਆਪਣੀਆਂ ਖ਼ੁਦ ਦੀਆਂ ਜਾਨਾਂ ਖ਼ਤਰੇ ਵਿੱਚ ਪੈਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਸਾਲ 2018 ਤੋਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ RPF ਦੇ ਜਵਾਨਾਂ ਨੂੰ ਜਾਨਾਂ ਬਚਾਉਣ ਬਦਲੇ 9 ਜੀਵਨ ਰਖਸ਼ਾ ਮੈਡਲ ਅਤੇ 01 ਵੀਰਤਾ ਮੈਡਲ ਭੇਟ ਕੀਤੇ ਜਾ ਚੁੱਕੇ ਹਨ।
RPF ’ਚ ਵੱਡੀ ਗਿਣਤੀ ’ਚ ਮਹਿਲਾਵਾਂ ਦੀ ਭਰਤੀ ਨੇ ਭਾਰਤੀ ਰੇਲਵੇਜ਼ ਦੀਆਂ ਮਹਿਲਾਵਾਂ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਬਖ਼ਸ਼ਿਆ ਹੈ। ਸਾਲ 2019 ਦੌਰਾਨ RPF ’ਚ 10,568 ਖ਼ਾਲੀ ਆਸਾਮੀਆਂ ਲਈ ਭਰਤੀ ਮੁਕੰਮਲ ਕੀਤੀ ਗਈ ਸੀ। CBT, PET/PMT, ਦਸਤਾਵੇਜ਼ਾਂ ਦੀ ਪੁਸ਼ਟੀ, ਮੈਡੀਕਲ ਨਿਰੀਖਣ ਤੇ ਪੁਲਿਸ ਦੀ ਪੁਸ਼ਟੀ ਤੋਂ ਬਾਅਦ ਭਰਤੀ ਕੀਤੀ ਗਈ ਸੀ। ਇਸ ਭਰਤੀ ਤੋਂ ਪਹਿਲਾਂ RPF ਵਿੱਚ ਔਰਤ ਕਰਮਚਾਰੀਆਂ ਦੀ ਪ੍ਰਤੀਸ਼ਤਤਾ 3% (2312) ਸੀ ਅਤੇ ਇਸ ਭਰਤੀ ਤੋਂ ਬਾਅਦ ਇਹ ਵਧ ਕੇ 9% (6242) ਹੋ ਗਈ ਸੀ। RPF ਅਜਿਹਾ ਕੇਂਦਰੀ ਬਲ ਹੈ, ਜਿਸ ਵਿੱਚ ਮਹਿਲਾ ਕਰਮਚਾਰੀਆਂ ਦਾ ਹਿੱਸਾ ਸਭ ਤੋਂ ਵੱਧ ਹੈ।
17 ਅਕਤੂਬਰ, 2020 ਤੋਂ ਸਾਰੇ ਜ਼ੋਨਜ਼ ਵਿੱਚ RPF ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਸਹੇਲੀ’ ਪਹਿਲਕਦਮੀ ਰਾਹੀਂ ਲੰਮੀ ਦੂਰੀ ਤੱਕ ਜਾਣ ਵਾਲੀਆਂ ਰੇਲ–ਗੱਡੀਆਂ ਵਿੱਚ ਇਕੱਲੀਆਂ ਯਾਤਰਾ ਕਰਨ ਵਾਲੀਆਂ ਔਰਤਾਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਰੇਲ–ਗੱਡੀ ਚੱਲਣ ਵਾਲੇ ਸਥਾਨ ’ਤੇ ਪਹਿਲਾਂ RPF ਦੀਆਂ ਨੌਜਵਾਨ ਮੁਲਾਜ਼ਮ ਕੁੜੀਆਂ ਦੀ ਇੱਕ ਟੀਮ ਅਜਿਹੀਆਂ ਮਹਿਲਾ ਸਵਾਰੀਆਂ ਨਾਲ ਗੱਲਬਾਤ ਕਰਦੀ ਹੈ, ਫਿਰ ਰਾਹ ਵਿੱਚ ਵੀ ਗੱਲ ਕੀਤੀ ਜਾਂਦੀ ਹੈ ਅਤੇ ਜਿਸ ਸਟੇਸ਼ਨ ਉੱਤੇ ਉਨ੍ਹਾਂ ਉੱਤਰਨਾ ਹੁੰਦਾ ਹੈ, ਉੱਥੇ ਵੀ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ।
RPF ਨੇ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਅਪਗ੍ਰੇਡ ਕੀਤਾ ਹੈ ਤੇ ਇਸ ਲਈ ‘ਭੈਰਵੀ,’ ‘ਵੀਰਾਂਗਨਾ’, ‘ਸ਼ਕਤੀ’ ਜਿਹੇ ਵਿਸ਼ੇਸ਼ ਲੇਡੀ ਸਕੁਐਡ ਕਾਇਮ ਕੀਤੇ ਗਏ ਹਨ। ਮੈਟਰੋ ਸ਼ਹਿਰਾਂ ਵਿੱਚ ਸਿਰਫ਼ ਮਹਿਲਾਵਾਂ ਲਈ ਚੱਲਣ ਵਾਲੀਆਂ ਵਿਸ਼ੇਸ਼ ਰੇਲ–ਗੱਡੀਆਂ ਅਤੇ ਲੋਕਲ ਟ੍ਰੇਨਾਂ ਦੀ ਸੁਰੱਖਿਆ CRPF ਵੱਲੋਂ ਯਕੀਨੀ ਬਣਾਈ ਜਾ ਰਹੀ ਹੈ। ਦੇਰ ਰਾਤ ਨੂੰ ਤੇ ਸਵੇਰੇ ਜਲਦੀ ਚੱਲਣ ਵਾਲੀਆਂ ਲੋਕਲ ਟ੍ਰੇਨਾਂ ਵਿੱਚ ਖ਼ਾਸ ਸੁਰੱਖਿਆ ਇੰਤਜ਼ਾਮ ਕੀਤੇ ਜਾਂਦੇ ਹਨ। ਲਿੰਗ ਪ੍ਰਤੀ ਸੰਵੇਦਨਸ਼ੀਲਤਾ / ਯਾਤਰੀ ਜਾਗਰੂਕਤਾ ਪ੍ਰੋਗਰਾਮ ਨਿਯਮਤ ਤੌਰ ਉੱਤੇ ਕੀਤੇ ਜਾਂਦੇ ਹਨ। ਨਿਯਮਾਂ ਦੀ ਉਲੰਘਣਾ ਕਰ ਕੇ ਲੇਡੀਜ਼ ਕੋਚਜ਼ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਵਿਰੁੱਧ ਨਿਰੰਤਰ ਮੁਹਿੰਮਾਂ ਚਲਾਉਣਾ ਹੁਣ RPF ਦੇ ਜਵਾਨਾਂ ਦਾ ਇੱਕ ਨਿਯਮਤ ਅਭਿਆਸ ਬਣ ਗਿਆ ਹੈ। ਲੇਡੀਜ਼ ਕੋਚਜ਼ ਵਿੱਚ ਯਾਤਰਾ ਕਰਨ ਵਾਲੇ ਲਗਭਗ 12,9500 ਮਰਦ ਯਾਤਰੀਆਂ ਨੂੰ (2019 ਤੋਂ ਲੈ ਕੇ ਮਈ 2021 ਤੱਕ) ਰੇਲਵੇ ਕਾਨੂੰਨ ਦੀ ਧਾਰਾ 162 ਅਧੀਨ RPF ਵੱਲੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਸੀ।
RPF ਨੇ ਬੱਚਿਆਂ ਨੂੰ ਬਚਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ। ਮਹਿਲਾਵਾਂ ਤੇ ਬਾਲ ਵਿਕਾਸ ਮੰਤਰਾਲੇ ਦੀ ਸਲਾਹ ਨਾਲ ‘ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ’ (ਐੱਸਓਪੀ) ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਸਾਲ 2020 ਤੱਕ 132 ਸਟੇਸ਼ਨਾਂ ਉੱਤੇ ਨਾਮਜ਼ਦ ਗ਼ੈਰ–ਸਰਕਾਰੀ ਸੰਗਠਨਾਂ ਵੱਲੋਂ ‘ਚਾਈਲਡ ਹੈਲਪ ਡੈਸਕ’ (ਬੱਚਿਆਂ ਦੀ ਸਹਾਇਤਾ ਲਈ ਡੈਸਕ) ਕਾਇਮ ਕੀਤੇ ਗਏ ਹਨ। ਸਾਲ 2017 ਤੋਂ ਲੈ ਕੇ ਮਈ 2021 ਤੱਕ ਕੁੱਲ 56,318 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ। ਸਾਲ 2018 ਤੋਂ ਲੈ ਕੇ ਮਈ 2021 ਤੱਕ ਕੁੱਲ 976 ਬੱਚਿਆਂ ਨੂੰ ਤਸਕਰਾਂ ਤੋਂ ਬਚਾਇਆ ਗਿਆ ਹੈ।
RPF ਲਗਾਤਾਰ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਉਨ੍ਹਾਂ ਦੀ ਮਦਦ ਕਰਦੀ ਹੈ। ਸ਼ਿਕਾਇਤ ਨਿਵਾਰਣ, ਛੱਡੇ ਸਾਮਾਨ ਦੀ ਰੀਕਵਰੀ ਅਤੇ ਸੁਰੱਖਿਆ ਨਾਲ ਸਬੰਧਤ ਕਾੱਲਜ਼ ਕੁਝ ਅਜਿਹੇ ਪ੍ਰਮੁੱਖ ਖੇਤਰ ਹਨ, ਜਿੱਥੇ RPF ਨੇ ਇੱਕ ਸਰਗਰਮ ਭੂਮਿਕਾ ਨਿਭਾਈ ਹੈ।
ਸਾਮਾਨ ਪਿੱਛੇ ਛੱਡਣ ਦੇ ਕੁੱਲ 22,835 ਮਾਮਲਿਆਂ (2019 ਤੋਂ ਲੈ ਕੇ ਮਈ 2021 ਤੱਕ) ਵਿੱਚ ਮੌਜੂਦ 37.13 ਕਰੋੜ ਰੁਪਏ ਕੀਮਤ ਦੀਆਂ ਵਸਤਾਂ ਉਨ੍ਹਾਂ ਦੇ ਸਹੀ ਮਾਲਕਾਂ ਤੱਕ ਵਾਪਸ ਪਹੁੰਚਾਈਆਂ ਗਈਆਂ ਹਨ। ਪਿਛਲੇ ਦੋ ਸਾਲਾਂ (2019–20) ਦੌਰਾਨ ਸੁਰੱਖਿਆ ਨਾਲ ਸਬੰਧਤ ਕੁੱਲ 37,275 ਸਹੀ ਕਾੱਲਜ਼ ਆੱਲ ਇੰਡੀਆ ਰੇਲਵੇ ਸਕਿਓਰਿਟੀ ਹੈਲਪਲਾਈਨ ਨੰਬਰ 182 ਉੱਤੇ ਪ੍ਰਾਪਤ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਦਾ ਹੱਲ ਕੀਤਾ ਗਿਆ ਸੀ। ਪਹਿਲੀ ਅਪ੍ਰੈਲ, 2021 ਤੋਂ ਇਸ ਹੈਲਪਲਾਈਨ 182 ਨੂੰ ‘ਰੇਲ ਮਦਦ’ 139 ਵਿੱਚ ਰਲਾ ਦਿੱਤਾ ਗਿਆ ਸੀ। ਅਪ੍ਰੈਲ ਅਤੇ ਮਈ 2021 ਦੌਰਾਨ 8258 ਸੁਰੱਖਿਆ ਨਾਲ ਸਬੰਧਤ 139 ਕਾੱਲਜ਼ ਦਾ ਨਿਬੇੜਾ ਕੀਤਾ ਗਿਆ ਸੀ।
RPF ਦੀ ਆਫ਼ਤ ਰਾਹਤ ਪਹਿਲਕਦਮੀ – ‘ਰੇਲਵੇ ਹੜ੍ਹ ਰਾਹਤ ਟੀਮ’ (RFRT) ਦੀ ਸ਼ੁਰੂਆਤ ਹੜ੍ਹਾਂ ਕਾਰਣ ਰੇਲ–ਗੱਡੀਆਂ ਵਿੱਚ ਫਸੇ ਯਾਤਰੀਆਂ ਤੱਕ ਪੁੱਜਣ ਤੇ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਲਈ ਕੀਤੀ ਗਈ ਹੈ। ਇਹ ਟੀਮ ਪਾਣੀ, ਭੋਜਨ, ਦਵਾਈਆਂ ਆਦਿ ਲਿਜਾ ਸਕਦੀ ਹੈ। ਇਹ ਹੋਰ ਬਚਾਅ ਤੇ ਰਾਹਤ ਏਜੰਸੀਆਂ ਦੇ ਤਾਲਮੇਲ ਨਾਲ SOP ਉੱਤੇ ਕੰਮ ਕਰਦੀ ਹੈ। NDRF ਵੱਲੋਂ RPF ਦੇ 15 ਮਰਦ/ਮਹਿਲਾ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ 75 ਹੋਰਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸੁਰੱਖਿਆ ਉਪਕਰਣਾਂ ਨਾਲ ਲੈਸ ਹਵਾ ਭਰਨ ਤੋਂ ਬਾਅਦ ਮੋਟਰ ਨਾਲ ਚੱਲਣ ਵਾਲੀਆਂ 05 ਕਿਸ਼ਤੀਆਂ ਖ਼ਰੀਦੀਆਂ ਗਈਆਂ ਹਨ ਤੇ ਉਨ੍ਹਾਂ ਨੂੰ 05 ਅਸੁਰੱਖਿਅਤ ਸਥਾਨਾਂ ਉੱਤੇ ਰੱਖਿਆ ਗਿਆ ਹੈ। ਇਹ ਟੀਮ ਅਜਿਹੇ ਆਪਰੇਸ਼ਨਜ਼ ਲਈ ਰੇਲਵੇਜ਼ ਤੋਂ ਬਾਹਰ ਵੀ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਾਇਮ ਕਰ ਸਕਦੀ ਹੈ।
******
ਡੀਜੇਐੱਨ/ਐੱਮਕੇਵੀ
(Release ID: 1730465)
Visitor Counter : 171