ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵੀਸ਼ੀਲਡ ਦੀਆਂ ਖੁਰਾਕਾਂ ਦਰਮਿਆਨ ਗੈਪ ਵਧਾਉਣ ਦਾ ਫੈਸਲਾ ਪਾਰਦਰਸ਼ੀ ਅਤੇ ਵਿਗਿਆਨਕ ਸਬੂਤਾਂ ਤੇ ਆਧਾਰਤ - ਐਨਟੀਏਜੀਆਈ ਮੁੱਖੀ ਡਾ. ਐਨ ਕੇ ਅਰੋੜਾ
"ਫੈਸਲੇ ਤੇ ਐਨਟੀਏਜੀਆਈ ਮੈਂਬਰਾਂ ਵਿਚ ਕੋਈ ਮਤਭੇਦ ਨਹੀਂ"
“India has a robust mechanism to look at other ongoing scientific evidence”
"ਭਾਰਤ ਕੋਲ ਹੋਰ ਵਿਗਿਆਨਕ ਸਬੂਤਾਂ ਤੇ ਧਿਆਨ ਦੇਣ ਦੀ ਠੋਸ ਪ੍ਰਣਾਲੀ ਮੌਜੂਦ"
ਫੈਸਲਾ ਵਿਗਿਆਨਕ ਆਧਾਰ ਤੇ, ਸਿਹਤ ਅਤੇ ਲੋਕਾਂ ਦੀ ਸੁਰੱਖਿਆ ਨੂੰ ਸਰਵਉੱਚ ਮਹੱਤਵ ਵੇਖਦਿਆਂ ਲਿਆ- ਡਾ. ਐਨ ਕੇ ਅਰੋੜਾ
Posted On:
16 JUN 2021 8:29AM by PIB Chandigarh
ਕੋਵਿਡ-19 ਵਰਕਿੰਗ ਗਰੁੱਪ ਆਫ ਦਿ ਨੈਸ਼ਨਲ ਟੈਕਨਿਕਲ ਐਡਵਾਇਜ਼ਰੀ ਗਰੁੱਪ ਔਨ ਇਮਿਊਨਾਈਜ਼ੇਸ਼ਨ (ਐਨਟੀਏਜੀਆਈ) ਯਾਨੀਕਿ ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ ਦੇ ਮੁੱਖੀ ਡਾ. ਐਨ ਕੇ ਅਰੋੜਾ ਨੇ ਭਾਰਤ ਵਿਚ ਕੋਵਿਡ-19 ਟੀਕਾਕਰਨ ਮੁਹਿੰਮ ਤੇ ਦੂਰਦਰਸ਼ਨ ਨਾਲ ਗੱਲਬਾਤ ਕੀਤੀ।
ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ ਵਕਫਾ ਵਧਾਉਣਾ ਵਿਗਿਆਨਕ ਸਬੂਤਾਂ ਤੇ ਆਧਾਰਤ
ਡਾ. ਐਨ ਕੇ ਅਰੋੜਾ ਨੇ ਦੱਸਿਆ ਕਿ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ 4-6 ਹਫਤਿਆਂ ਤੋਂ 12-16 ਹਫਤਿਆਂ ਦਾ ਵਕਫਾ ਵਧਾਉਣ ਦਾ ਫੈਸਲਾ ਵਿਗਿਆਨਕ ਕਾਰਣਾਂ ਤੇ ਆਧਾਰਤ ਹੈ। ਉਨ੍ਹਾ ਦੱਸਿਆ ਕਿ "ਅਪ੍ਰੈਲ, 2021 ਦੇ ਆਖਰੀ ਹਫਤੇ ਵਿਚ ਇੰਗਲੈਂਡ ਦੇ 'ਜਨ ਸਿਹਤ' ਦੇ ਅੰਕੜੇ ਜਾਰੀ ਕੀਤੇ ਗਏ ਸਨ। ਇਹ ਸੰਸਥਾ ਸਿਹਤ ਵਿਭਾਗ ਦੀ ਅਧਿਕਾਰਤ ਏਜੰਸੀ ਹੈ। ਇਨ੍ਹਾੰ ਅੰਕੜਿਆਂ ਤੋਂ ਪਤਾ ਲੱਗਾ ਕਿ ਜੇਕਰ ਦੋ ਖੁਰਾਕਾਂ ਦਰਮਿਆਨ ਵਕਫਾ 12 ਹਫਤੇ ਕਰ ਦਿੱਤਾ ਜਾਵੇ ਤਾਂ ਟੀਕੇ ਦਾ ਅਸਰ 65 ਤੋਂ 88 ਪ੍ਰਤੀਸ਼ਤ ਹੋ ਜਾਂਦਾ ਹੈ। ਇਸੇ ਅਧਾਰ ਤੇ ਉਨ੍ਹਾਂ ਲੋਕਾਂ ਨੇ ਐਲਫਾ ਵੇਰੀਐਂਟ ਕਾਰਣ ਫੈਲੀ ਮਹਾਮਾਰੀ ਨੂੰ ਕੰਟਰੋਲ ਵਿਚ ਕੀਤਾ। ਯੂਕੇ ਮਹਾਮਾਰੀ ਤੋਂ ਬਾਹਰ ਨਿਕਲਣ ਵਿਚ ਇਹ ਇਸ ਲਈ ਕਾਮਯਾਬ ਹੋਇਆ ਕਿਉਂਕਿ ਉਸਨੇ ਦੋ ਖੁਰਾਕਾਂ ਦਰਮਿਆਨ ਵਕਫਾ ਬਰਕਰਾਰ ਰੱਖਿਆ ਸੀ। ਅਸੀਂ ਵੀ ਸੋਚਿਆ ਕਿ ਸਾਡੇ ਕੋਲ ਉਚਿਤ ਬੁਨਿਆਦੀ ਵਿਗਿਆਨਕ ਕਾਰਣ ਮੌਜੂਦ ਸਨ ਜੋ ਦੱਸਦੇ ਸਨ ਕਿ ਜਦੋਂ ਗੈਪ ਵਧਾਇਆ ਜਾਵੇ ਤਾਂ ਐਡਿਨੋਵੈਕਟਰ ਟੀਕਾ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਲਿਹਾਜ਼ਾ ਦੋ ਖੁਰਾਕਾਂ ਦਰਮਿਆਨ ਵਕਫਾ 12-16 ਹਫਤੇ ਕਰਨ ਦਾ ਫੈਸਲਾ 13 ਮਈ ਤੋਂ ਲਿਆ ਗਿਆ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਿਚ ਲੋਕਾਂ ਲਈ ਗੁੰਜਾਇਸ਼ ਵੀ ਰੱਖੀ ਗਈ ਹੈ, ਕਿਉਂਕਿ ਹਰ ਵਿਅਕਤੀ ਠੀਕ 12 ਹਫਤਿਆਂ ਤੇ ਹੀ ਦੂਜੀ ਖੁਰਾਕ ਲਈ ਨਹੀਂ ਆ ਸਕਦਾ।
ਡਾ. ਅਰੋੜਾ ਨੇ ਇਸ ਹਕੀਕਤ ਤੇ ਜ਼ੋਰ ਦੇਂਦੇ ਹੋਏ ਕਿਹਾ ਕਿ ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ ਵਕਫਾ ਵਧਾਉਣ ਦਾ ਫੈਸਲਾ ਵਿਗਿਆਨਕ ਸਬੂਤਾਂ ਦੇ ਆਧਾਰ ਤੇ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ, "ਸਾਡੇ ਇਥੇ ਬਹੁਤ ਖੁਲ੍ਹੀ ਅਤੇ ਪਾਰਦਰਸ਼ੀ ਪ੍ਰਣਾਲੀ ਕੰਮ ਕਰਦੀ ਹੈ, ਜਿਥੇ ਵਿਗਿਆਨਕ ਅਧਾਰ ਤੇ ਫੈਸਲੇ ਕੀਤੇ ਜਾਂਦੇ ਹਨ। ਕੋਵਿਡ ਕਾਰਜ ਸਮੂਹ ਨੇ ਇਹ ਫੈਸਲਾ ਇਕਜੁਟਤਾ ਨਾਲ ਲਿਆ ਹੈ। ਇਸ ਵਿਚ ਕੋਈ ਮਤਭੇਦ ਨਹੀਂ ਹੈ। ਇਸ ਤੋਂ ਬਾਅਦ ਐਨਟੀਆਈਜੀਆਈ ਦੀ ਮੀਟਿੰਗ ਵਿਚ ਇਸ ਮੁੱਦੇ ਦੀ ਹਰ ਬਾਰੀਕੀ ਤੇ ਚਰਚਾ ਕੀਤੀ ਗਈ। ਇਥੇ ਵੀ ਕੋਈ ਮਤਭੇਦ ਨਹੀਂ ਸੀ ਅਤੇ ਇਸ ਤੋ ਬਾਅਦ ਸਿਫਾਰਸ਼ ਕੀਤੀ ਗਈ ਕਿ ਟੀਕੇ ਦੀਆਂ ਦੋ ਖੁਰਾਕਾਂ ਦਰਮਿਆਨ ਵਕਫਾ 12-16 ਹਫਤੇ ਕਰ ਦਿੱਤਾ ਜਾਣਾ ਚਾਹੀਦਾ ਹੈ।"
ਡਾ. ਅਰੋੜਾ ਨੇ ਕਿਹਾ ਕਿ ਪਹਿਲਾਂ ਜੋ ਚਾਰ ਹਫਤਿਆਂ ਵਾਲਾ ਫੇਸਲਾ ਕੀਤਾ ਗਿਆ ਸੀ, ਉਹ ਉਸ ਸਮੇਂ ਉਪਲਬਧ ਟ੍ਰਾਇਲ ਅੰਕਡ਼ਿਆਂ ਤੇ ਆਧਾਰਤ ਸੀ। ਉਨ੍ਹਾਂ ਨੇ ਉਦਾਹਰਣ ਦੇਂਦੇ ਹੋਏ ਕਿਹਾ ਕਿ ਦੋ ਖੁਰਾਕਾਂ ਦਰਮਿਆਨ ਗੈਪ ਵਧਾਉਣ ਦਾ ਫੈਸਲਾ ਉਨ੍ਹਾਂ ਅਧਿਅਨਾਂ ਦੇ ਆਧਾਰਤ ਹੈ, ਜੋ ਦੱਸਦੇ ਹਨ ਕਿ ਗੈਪ ਵਧਾਉਣ ਨਾਲ ਟੀਕੇ ਦਾ ਅਸਰ ਵਧ ਜਾਂਦਾ ਹੈ। ਉਨ੍ਹਾਂ ਨੇ ਕਿਹਾ, "ਕੋਵੀਸ਼ੀਲਡ ਤੇ ਸ਼ੁਰੂਆਤੀ ਅਧਿਅਨ ਦਾ ਨਤੀਜਾ ਬਹੁਤ ਮਿਲਿਆ ਜੁਲਿਆ ਸੀ। ਕੋਵੀਸ਼ੀਲਡ ਟੀਕਾ ਜਦੋਂ ਦਸੰਬਰ, 2020 ਵਿਚ ਸਾਹਮਣੇ ਆਇਆ, ਤਾਂ ਇੰਗਲੈਂਡ ਵਰਗੇ ਕਈ ਦੇਸ਼ਾਂ ਨੇ ਖੁਰਾਕਾਂ ਦਰਮਿਆਨ 12 ਹਫਤਿਆਂ ਦਾ ਵਕਫਾ ਰੱਖਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਅੰਕੜਿਆਂ ਤੱਕ ਸਾਡੀ ਪਹੁੰਚ ਸੀ। ਜਦੋਂ ਅਸੀਂ ਗੈਪ ਬਾਰੇ ਫੈਸਲਾ ਕਰਨਾ ਸੀ ਤਾਂ ਅਸੀਂ ਬ੍ਰਿਜਿੰਗ ਟ੍ਰਾਇਲ (ਜਿਸ ਵਿਚ ਨਸਲ ਵਿਸ਼ੇਸ਼ ਦੀ ਜੀਨੈਟਿਕ ਸੰਰਚਨਾ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ) ਦੇ ਆਧਾਰ ਤੇ ਗੈਪ ਨੂੰ ਚਾਰ ਹਫਤੇ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਕੁਝ ਚੰਗੇ ਨਤੀਜੇ ਨਿਕਲੇ। ਅੱਗੇ ਜਾ ਕੇ ਸਾਨੂੰ ਹੋਰ ਵਿਗਿਆਨਕ ਅਤੇ ਪ੍ਰਯੋਗ ਸੰਬੰਧੀ ਅੰਕੜੇ ਮਿਲੇ। ਇਹ ਅੰਕੜੇ ਦੱਸਦੇ ਸਨ ਕਿ 6 ਹਫਤਿਆਂ ਬਾਅਦ ਟੀਕੇ ਦੀ ਤਾਕਤ ਹੋਰ ਵਧ ਜਾਂਦੀ ਹੈ। ਫਿਰ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਗੈਪ 4 ਹਫਤਿਆਂ ਤੋਂ ਵਧਾ ਕੇ 6 ਹਫਤੇ ਕਰ ਦਿੱਤਾ ਜਾਣਾ ਚਾਹੀਦਾ ਹੈ। ਉਸ ਦੌਰਾਨ ਅੰਕੜੇ ਦੱਸਦੇ ਸਨ ਕਿ ਗੈਪ ਜਦੋਂ 4 ਹਫਤਿਆਂ ਦਾ ਹੁੰਦਾ ਹੈ ਤਾਂ ਅਸਰ ਤਕਰੀਬਨ 57 ਪ੍ਰਤੀਸ਼ਤ ਅਤੇ 8 ਹਫਤਿਆਂ ਬਾਅਦ 60 ਪ੍ਰਤੀਸ਼ਤ ਹੋ ਜਾਂਦਾ ਹੈ।"
ਇਹ ਪੁੱਛੇ ਜਾਣ ਤੇ ਕਿ ਐਨਟੀਏਜੀਆਈ ਨੇ ਪਹਿਲਾਂ ਹੀ ਗੈਪ 12 ਹਫਤੇ ਕਿਉਂ ਨਹੀਂ ਕਰ ਦਿੱਤਾ, ਤਾਂ ਡਾ. ਅਰੋੜਾ ਨੇ ਦੱਸਿਆ, "ਅਸੀਂ ਫੈਸਲਾ ਕੀਤਾ ਕਿ ਸਾਨੂੰ ਇੰਗਲੈਂਡ (ਐਸਟ੍ਰਾ-ਜੈਨਿਕਾ ਵੈਕਸਿਨ ਦਾ ਦੂਜਾ ਸਭ ਤੋਂ ਵੱਡਾ ਉਪਯੋਗਕਰਤਾ) ਤੋਂ ਬੁਨਿਆਦੀ ਅੰਕੜਿਆਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਨੇਡਾ, ਸ਼੍ਰੀਲੰਕਾ ਅਤੇ ਕੁਝ ਹੋਰ ਦੂਜੇ ਦੇਸ਼ਾਂ ਵਿਚ ਵੀ ਮਿਸਾਲ ਮੌਜੂਦ ਹੈ, ਜੋ ਐਸਟ੍ਰਾ-ਜੈਨਿਕਾ ਵੈਕਸਿਨ ਦੀਆਂ ਦੋ ਖੁਰਾਕਾਂ 12-16 ਹਫਤਿਆਂ ਦੇ ਗੈਪ ਵਿਚ ਲਗਾ ਰਹੇ ਹਨ। ਐਸਟ੍ਰਾ-ਜੈਨਿਕਾ ਹੀ ਭਾਰਤ ਵਿਚ ਕੋਵੀਸ਼ੀਲਡ ਹੈ।
ਸਿੰਗਲ ਡੋਜ਼ ਬਨਾਮ ਦੋ ਖੁਰਾਕਾਂ ਵਿਚ ਸੁਰੱਖਿਆ
ਡਾ. ਅਰੋੜਾ ਨੇ ਦੱਸਿਆ ਕਿ ਟੀਕੇ ਦੀ ਸਿਰਫ ਇਕ ਖੁਰਾਕ ਨਾਲ ਅਤੇ ਦੋ ਖੁਰਾਕਾਂ ਲੈਣ ਤੇ ਕਿੰਨਾ ਅਸਰ ਹੁੰਦਾ ਹੈ, ਇਸ ਬਾਰੇ ਸਬੂਤ ਅਤੇ ਰਿਪੋਰਟਾਂ ਆ ਰਹੀਆਂ ਸਨ। ਇਸ ਮੁੱਦੇ ਤੇ ਵੀ ਐਨਟੀਏਜੀਆਈ ਧਿਆਨ ਦੇ ਰਿਹਾ ਸੀ। ਉਨ੍ਹਾਂ ਨੇ ਕਿਹਾ, "ਖੁਰਾਕਾਂ ਦਰਮਿਆਨ ਗੈਪ ਵਧਾਉਣ ਦਾ ਜਦੋਂ ਅਸੀਂ ਫੈਸਲਾ ਕੀਤਾ ਤਾਂ ਉਸ ਤੋਂ ਦੋ ਦਿਨਾਂ ਬਾਅਦ ਇੰਗਲੈਂਡ ਤੋਂ ਕੁਝ ਰਿਪੋਰਟਾਂ ਮਿਲੀਆਂ ਕਿ ਐਸਟ੍ਰਾ-ਜੈਨਿਕਾ ਦੀ ਸਿਰਫ ਇਕ ਖੁਰਾਕ ਨਾਲ 33 ਪ੍ਰਤੀਸ਼ਤ ਸੁਰੱਖਿਆ ਮਿਲ ਜਾਂਦੀ ਹੈ। ਜਦੋਂ ਦੋ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸੁਰੱਖਿਆ 60 ਪ੍ਰਤੀਸ਼ਤ ਹੋ ਜਾਂਦੀ ਹੈ। ਮੱਧ ਮਈ ਤੋਂ ਹੀ ਇਸ ਮੁੱਦੇ ਤੇ ਵਿਚਾਰ ਚਰਚਾ ਹੁੰਦੀ ਰਹੀ ਕਿ ਕੀ ਭਾਰਤ ਨੂੰ 4-8 ਹਫਤਿਆਂ ਦੇ ਗੈਪ ਨੂੰ ਦੁਬਾਰਾ ਲਾਗੂ ਕਰ ਦੇਣਾ ਚਾਹੀਦਾ ਹੈ ਕਿ ਨਹੀਂ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇਕ ਟ੍ਰੈਕਿੰਗ ਪਲੇਟਫਾਰਮ ਬਣਾਉਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਨੇ ਕਿਹਾ, "ਜਦੋਂ ਐਨਟੀਏਜੀਆਈ ਨੇ ਇਹ ਫੈਸਲਾ ਕੀਤਾ ਤਾਂ ਅਸੀਂ ਇਹ ਵੀ ਤੈਅ ਕਰ ਲਿਆ ਕਿ ਭਾਰਤ ਵੈਕਸਿਨ ਟ੍ਰੈਕਿੰਗ ਪਲੇਟਫਾਰਮ ਬਣਾਏਗਾ ਤਾਕਿ ਸਿਰਫ ਟੀਕਾਕਰਨ ਪ੍ਰੋਗਰਾਮ ਦੇ ਪ੍ਰਭਾਵ ਦਾ ਮੁਲਾਂਕਣ ਹੀ ਨਹੀਂ ਬਲਕਿ ਵੈਕਸਿਨ ਦੀ ਕਿਸਮ ਅਤੇ ਖੁਰਾਕਾਂ ਦਰਮਿਆਨ ਗੈਪ ਅਤੇ ਸੰਪੂਰਨ ਤੌਰ ਤੇ ਜਾਂ ਅੰਸ਼ਕ ਰੂਪ ਤੇ ਟੀਕਾ ਲਗਵਾਉਣ ਵਾਲੇ ਲੋਕਾਂ ਤੇ ਕੀ ਅਸਰ ਹੁੰਦਾ ਹੈ, ਇਸਦਾ ਮੁਲਾਂਕਣ ਵੀ ਕੀਤਾ ਜਾ ਸਕੇ। ਭਾਰਤ ਵਿਚ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਇਥੇ ਤਕਰੀਬਨ 17-18 ਕਰੋੜ ਲੋਕਾਂ ਨੇ ਹੁਣ ਟੀਕੇ ਦੀ ਇਕ ਹੀ ਖੁਰਾਕ ਲਈ ਹੈ ਜਦਕਿ ਤਕਰੀਬਨ 4 ਕਰੋਡ਼ ਲੋਕਾਂ ਨੂੰ ਦੋ ਖੁਰਾਕਾਂ ਮਿਲ ਚੁੱਕੀਆਂ ਹਨ।"
ਡਾ. ਅਰੋੜਾ ਨੇ ਪੀਜੀਆਈ, ਚੰਡੀਗਡ਼੍ਹ ਦੇ ਇਕ ਅਧਿਅਨ ਦਾ ਉਲੇਖ ਕੀਤਾ। ਇਸ ਵਿਚ ਅੰਸ਼ਕ ਅਤੇ ਪੂਰਨ ਟੀਕਾਕਰਨ ਦੇ ਅਸਰ ਦਾ ਤੁਲਨਾਤਮਕ ਅਧਿਅਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, "ਪੀਜੀਆਈ, ਚੰਡੀਗਡ਼੍ਹ ਦਾ ਅਧਿਅਨ ਬਿਲਕੁਲ ਸਾਫ ਤੌਰ ਤੇ ਦੱਸਦਾ ਹੈ ਕਿ ਜਦੋਂ ਵੈਕਸਿਨ ਦੀ ਇਕ ਖੁਰਾਕ ਅਤੇ ਦੋ ਖੁਰਾਕਾਂ ਲਗਾਈਆਂ ਗਈਆਂ ਤਾਂ ਦੋਹਾਂ ਮਾਮਲਿਆਂ ਵਿਚ ਟੀਕਾ 75 ਪ੍ਰਤੀਸ਼ਤ ਕਾਰਗਰ ਰਿਹਾ। ਇਸ ਤਰ੍ਹਾਂ ਪਤਾ ਲੱਗਾ ਕਿ ਘੱਟ ਤੋਂ ਘੱਟ ਛੋਟੇ ਗੈਪ ਵਿਚ ਟੀਕੇ ਦਾ ਅਸਰ ਬਰਾਬਰ ਹੁੰਦਾ ਹੈ, ਚਾਹੇ ਉਸ ਦੀ ਇਕ ਖੁਰਾਕ ਲੱਗੀ ਹੋਵੇ ਜਾਂ ਦੋਵੇਂ। ਇਹ ਅਧਿਅਨ ਅਲਫਾ ਵੈਰਿਐਂਟ ਦੇ ਹਵਾਲੇ ਨਾਲ ਸੀ ਜਿਸ ਨੇ ਪੰਜਾਬ, ਉੱਤਰ ਭਾਰਤ ਵਿਚ ਕਹਿਰ ਵਰਤਾਉਣ ਤੋਂ ਬਾਅਦ ਦਿੱਲੀ ਦਾ ਰੁਖ ਕੀਤਾ ਸੀ। ਇਸਦਾ ਇਹ ਮਤਲਬ ਸੀ ਕਿ ਭਾਵੇਂ ਤੁਹਾਨੂੰ ਇਕ ਹੀ ਖੁਰਾਕ ਲੱਗੀ ਹੋਵੇ, ਤਾਂ ਵੀ ਤੁਸੀਂ ਸੁਰੱਖਿਅਤ ਹੋ।"
ਸੀਐਮਸੀ ਵੇਲੋਰ ਦੇ ਅਧਿਅਨ ਨਾਲ ਵੀ ਇਹ ਹੀ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ, "ਕੁਝ ਦਿਨ ਪਹਿਲਾਂ, ਇਕ ਹੋਰ ਬਹੁਤ ਅਹਿਮ ਅਧਿਅਨ ਸੀਐਮਸੀ ਵੇਲੋਰ, ਤਾਮਿਲਨਾਡੂ ਵਿਚ ਕੀਤਾ ਗਿਆ ਸੀ। ਇਸ ਵਿਚ ਭਾਰਤ ਵਿਚ ਮਹਾਮਾਰੀ ਦੀ ਦੂਜੀ ਲਹਿਰ ਤੇ ਅਧਿਅਨ ਕੀਤਾ ਗਿਆ, ਜੋ ਅਪ੍ਰੈਲ ਅਤੇ ਮਈ, 2021 ਵਿਚ ਆਈ ਸੀ। ਅਧਿਅਨ ਤੋਂ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਕੋਵੀਸ਼ੀਲਡ ਦੀ ਇਕ ਹੀ ਖੁਰਾਕ ਲਈ ਹੈ, ਉਨ੍ਹਾਂ ਦੇ ਮਾਮਲੇ ਵਿਚ ਟੀਕੇ ਦਾ ਅਸਰ 61 ਪ੍ਰਤੀਸ਼ਤ ਰਿਹਾ ਅਤੇ ਜਿਨ੍ਹਾਂ ਨੇ ਦੋ ਖੁਰਾਕਾਂ ਲਈਆਂ ਉਨ੍ਹਾਂ ਦੇ ਮਾਮਲੇ ਵਿਚ ਇਨ੍ਹਾਂ ਦਾ ਅਸਰ 65 ਪ੍ਰਤੀਸ਼ਤ ਵੇਖਿਆ ਗਿਆ। ਦੋਹਾਂ ਦਰਮਿਆਨ ਬਹੁਤ ਘੱਟ ਫਰਕ ਹੈ, ਖਾਸ ਤੌਰ ਤੇ ਉਦੋਂ ਜਦੋਂ ਇਸ ਅਧਿਅਨ ਦੇ ਨਤੀਜੇ ਥੋੜਾ ਬਹੁਤ ਉੱਪਰ-ਥੱਲੇ ਹੋਣ ਦੀ ਸੰਭਾਵਨਾ ਰੱਖਦੇ ਹੋਣ।"
ਵੈਕਸਿਨ ਦੀ ਤਾਕਤ ਤੇ ਹੋਣ ਵਾਲਾ ਅਧਿਅਨ ਅਤੇ ਨਿਗਰਾਨੀ
ਡਾ. ਅਰੋੜਾ ਨੇ ਕਿਹਾ ਕਿ ਪੀਜੀਆਈ, ਚੰਡੀਗਡ਼੍ਹ ਅਤੇ ਸੀਐਮਸੀ ਵੇਲੋਰ ਦੇ ਅਧਿਐਨਾਂ ਤੋਂ ਇਲਾਵਾ ਦਿੱਲੀ ਦੇ ਦੋ ਹੋਰ ਵੱਖ-ਵੱਖ ਸੰਗਠਨਾਂ ਦੇ ਦੋ ਅਧਿਅਨ ਵੀ ਆ ਰਹੇ ਹਨ। ਉਨ੍ਹਾਂ ਨੇ ਕਿਹਾ, "ਅਤੇ ਇਹ ਦੋਵੇਂ ਅਧਿਅਨ ਦੱਸਦੇ ਹਨ ਕਿ ਇਕ ਖੁਰਾਕ ਲੈਣ ਤੇ 4 ਪ੍ਰਤੀਸ਼ਤ ਅਤੇ ਦੋ ਖੁਰਾਕਾਂ ਲੈਣ ਤੇ ਦੁਬਾਰਾ ਇਨਫੈਕਸ਼ਨ ਹੋਣ ਦੀ ਦਰ 5 ਪ੍ਰਤੀਸ਼ਤ ਹੈ। ਦੋਹਾਂ ਵਿਚ ਕੋਈ ਖਾਸ ਫਰਕ ਨਹੀਂ ਹੈ। ਹੋਰ ਅਧਿਅਨ ਵੀ ਦੱਸਦੇ ਹਨ ਕਿ ਦੁਬਾਰਾ ਇਨਫੈਕਸ਼ਨ ਹੋਣ ਦੀ ਦਰ 1.5 ਤੋਂ 2 ਪ੍ਰਤੀਸ਼ਤ ਦਰਮਿਆਨ ਹੈ।"
ਵੱਖ-ਵੱਖ ਸੋਮਿਆਂ ਤੋਂ ਮਿਲਣ ਵਾਲੇ ਅੰਕੜਿਆਂ ਨੂੰ ਜਮ੍ਹਾਂ ਕਰਕੇ ਟੀਕਾਕਰਨ ਦੇ ਵੱਖ-ਵੱਖ ਪਹਿਲੂਆਂ ਦੇ ਹਵਾਲੇ ਨਾਲ ਉਨ੍ਹਾਂ ਦਾ ਮੁਲਾਂਕਣ ਅਤੇ ਟੀਕਾਕਰਨ ਦੇ ਅਸਰ ਦਾ ਅਧਿਅਨ ਕੀਤਾ ਜਾਵੇਗਾ।
ਕੋਵੀਸ਼ੀਲਡ ਦੀਆਂ ਖੁਰਾਕਾਂ ਦਰਮਿਆਨ ਗੈਪ ਨੂੰ ਵਧਾਉਣ ਦਾ ਕੋਈ ਪ੍ਰਸਤਾਵ?
ਇਸ ਸਵਾਲ ਦੇ ਜਵਾਬ ਵਿਚ ਡਾ. ਅਰੋੜਾ ਨੇ ਕਿਹਾ ਕਿ ਫੈਸਲੇ ਵਿਗਿਆਨਕ ਆਧਾਰ ਤੇ ਲਏ ਜਾਣਗੇ ਅਤੇ ਸਿਹਤ ਅਤੇ ਲੋਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, "ਕੋਵਿਡ-19 ਅਤੇ ਟੀਕਾਕਰਨ ਬਹੁਤ ਜਟਿਲ ਹਨ। ਕਲ੍ਹ, ਜੇਕਰ ਵੈਕਸਿਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਪਤਾ ਲਗਦਾ ਹੈ ਕਿ ਖੁਰਾਕਾਂ ਦਰਮਿਆਨ ਗੈਪ ਘੱਟ ਕਰਨਾ ਲੋਕਾਂ ਦੀ ਬਿਹਤਰੀ ਲਈ ਹੈ, ਚਾਹੇ ਉਸਦੇ ਫਾਇਦੇ 5 ਜਾਂ 10 ਪ੍ਰਤੀਸ਼ਤ ਹੀ ਕਿਉਂ ਨਾ ਹੋਣ, ਕਮੇਟੀ ਗੁਣ-ਦੋਸ਼ ਅਤੇ ਤਰਕ ਦੇ ਆਧਾਰ ਤੇ ਫੈਸਲਾ ਲਵੇਗੀ। ਦੂਜੇ ਪਾਸੇ, ਜੇਕਰ ਪਤਾ ਲਗਦਾ ਹੈ ਕਿ ਮੌਜੂਦਾ ਫੈਸਲਾ ਸਹੀ ਹੈ, ਤਾਂ ਅਸੀਂ ਉਸ ਨੂੰ ਜਾਰੀ ਰੱਖਾਂਗੇ।" ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਖਿਰ ਵਿਚ ਸਿਹਤ ਅਤੇ ਸਾਡੇ ਲੋਕਾਂ ਦੀ ਸੁਰੱਖਿਆ ਹੀ ਅਹਿਮ ਹੈ। ਉਨ੍ਹਾਂ ਨੇ ਕਿਹਾ, "ਇਹ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ, ਜਿਸ ਨੂੰ ਧਿਆਨ ਵਿਚ ਰੱਖ ਕੇ ਹੀ ਅਸੀਂ ਚਰਚਾ ਕਰਦੇ ਹਾਂ, ਨਵੇਂ ਵਿਗਿਆਨਕ ਸਬੂਤਾਂ ਤੇ ਗੌਰ ਕਰਦੇ ਹਾਂ ਅਤੇ ਫਿਰ ਜਾ ਕੇ ਕਿਤੇ ਫੈਸਲਾ ਕਰਦੇ ਹਾਂ।"
-------------------------
ਐਮਵੀ / ਡੀਜੇ
(Release ID: 1727631)
Visitor Counter : 253